ਮੋਹਾਲੀ ਮੈਂ ਉਹਦੇ ਕੋਲ ਤਿੰਨ-ਚਾਰ ਦਿਨ ਰਿਹਾ,ਖੂਬ ਰੌਣਕ ਲਗਦੀ ਰਹੀ ਸਾਡੀ। ਕੁਛ ਹੋਰ ਦੋਸਤ ਵੀ ਆ ਜਾਂਦੇ ਸੀ। ਰਾਤ ਨੂੰ ਭਾਵੇਂ ਉਹ ਕਿੰਨਾ ਲੇਟ ਵੀ ਸੌਂਦਾ ਪਰ ਸਵੇਰੇ ਸਦੇਹਾਂ ਉਠਕੇ ਜਿੰਮ ਨੂੰ ਚੱਲ ਪੈਂਦਾ। ਮੈਨੂੰ ਵੀ ਹੁੱਝ ਮਾਰਦਾ,"ਚੱਲ ਚੱਲ--- ਮਿੰਟ ਲਾ, ਉਠਜਾ ਹੁਣ---ਨੇਸਤੀ ਨਾ ਹੋਵੇ ਤਾਂ--ਗੋਡੇ ਗੋਡੇ ਆਲਸੀ ਸਾਡਾ ਘੁੱਗੂ।" ਅੱਖਾਂ ਮਲ, ਮੂੰਹ ਹੱਥ ਧੋ ਤੇ ਸੂਰਜ ਦੀ ਬਣਾਈ ਚਾਹ ਪੀਕੇ ਮੈਂ ਵੀ ਤੁਰ ਪੈਂਦਾ।
ਜਿੰਮ 'ਚ ਬੈਠਾ ਮੈਂ ਕੋਈ ਕਿਤਾਬ ਪੜਨ ਲਗਦਾ।
ਮੈਂ ਵੇਖਿਆ ਕਿ ਬਾਈ ਦਾ ਖਾਣ ਪੀਣ ਵੱਲ ਧਿਆਨ ਘੱਟ ਹੀ ਤੇ ਸਿਹਤ ਵੱਲ ਬਹੁਤਾ ਧਿਆਨ ਹੈ। ਆਥਣੇ ਅਸੀਂ ਵੇਲੇ ਨਾਲ ਈ ਰੋਟੀ ਖਾ ਕੇ ਮਾੜੀ-ਮੋਟੀ ਸੈਰ ਵੀ ਕਰਦੇ। ਮੈਂ ਇਹ ਵੀ ਦੇਖਿਆ ਕਿ ਬਾਈ ਹਰਭਜਨ ਨੂੰ ਮਿਲਣ ਕੋਈ ਟਾਵਾਂ-ਟੱਲਾ ਹੀ ਆਉਂਦਾ ਹੈ ਤੇ ਇਹ ਛੇਤੀ ਕੀਤੇ ਕਿਸੇ ਨੂੰ ਘਰੇ ਵੀ ਨਹੀ ਵਾੜਦਾ ਹੈ। ਇੱਕ ਆਥਣ ਦੀ ਸੈਰ ਸਮੇਂ ਹਰਭਜਨ ਬੋਲ ਰਿਹਾ ਸੀ, "ਜੀਵਨ ਲਈ ਅਰਾਮ ਵੀ ਜਰੂਰੀ ਐ ਨਿੰਦਰਾ, ਤੇ ਸਭ ਤੋਂ ਜਰੂਰੀ ਐ ਇਕਾਗਰਤਾ,ਭੀੜ ਤੋਂ ਪਰੇ ਹੋਕੇ ਦੇਖੋ, ਕਦੇ ਆਪਣੇ ਆਪ ਨਾਲ ਗੱਲਾਂ ਕਰੋ, ਚੌਵੀ ਘੰਟਿਆਂ 'ਚੋਂ ਆਪਣੇ ਵਾਸਤੇ ਚੌਵੀ ਮਿੰਟ ਈ ਕੱਢਲੋ, ਰਿਲੈਕਸ ਫੀਲ ਕਰੋਂਗੇ, ਮੇਰੇ ਆਖੇ ਲਗਕੇ ਤੂੰ ਵੀ ਕੁਛ ਕਰਿਆ ਕਰ---ਤੇਰਾ ਆਪਣੀ ਸਿਹਤ ਵੱਲ ਧਿਆਨ ਹੈਨੀ ਕੰਜਰਾ, ਚੌਵੀ ਘੰਟੇ ਕਿਤਾਬਾਂ ਈ ਨਾ ਲਿਖੀ ਜਾਇਆ ਕਰ, ਅੱਖਾਂ ਗਾਲ ਲਵੇਂਗਾ ਤੂੰ, ਤੇੰ ਤੂੰ ਦੇਖਦਾ ਆਂ ਨਾ, ਮੈਂ ਆਪਣੇ ਪ੍ਰਸ਼ੰਸਕਾਂ-ਚਹੇਤਿਆਂ ਨੂੰ ਕਿੰਨਾ ਕਿੰਨਾ ਚਿਰ ਮਿਲਦਾ ਆਂ, ਕਿਸੇ ਦਾ ਦਿਲ ਨੀ ਤੋੜਦਾ ਮੈਂ, ਘਰ ਵੀ ਤੇ ਬਾਹਰ ਵੀ, ਹਰੇਕ ਵਾਸਤੇ ਬਾਹਵਾਂ ਖੁੱਲੀਆਂ ਨੇ, ਇਨਾਂ ਸਰੋਤਿਆਂ ਦੇ ਸਿਰ ਉਤੇ ਈ ਉਡੇ ਫਿਰਦੇ ਆਂ, ਤੂੰ ਦੱਸ ਕਿ ਲੰਮੇ ਸਫਰ 'ਚੋਂ ਆਇਆ ਬੰਦਾ ਆਪਣੇ ਫੈਨਜ ਨੂੰ ਕਿੰਨਾ ਕੁ ਮਿਲ ਲੂ? ਕਾਹਲ 'ਚ ਮਿਲੋਂਗੇ ਤਾਂ ਪ੍ਰਭਾਵ ਮਾੜਾ ਪਊ ਥੋਡਾ।"
ਹਰਭਜਨ ਆਪਣੀ ਨਿਤਾ-ਪ੍ਰਤੀ ਬਾਰੇ ਗੱਲਾਂ ਕਰ ਰਿਹਾ ਸੀ ਤੇ ਮੈਨੂੰ ਵੀ ਸਮਝੌਤੀਆਂ ਦੇ ਰਿਹਾ ਸੀ ਵੱਡਾ ਭਾਈ। ਮੈਂ ਹੈਰਾਨ ਹੋ ਰਿਹਾ ਸੀ ਉਹਦੇ ਨਾਲ ਨਾਲ ਤੁਰਦਿਆਂ- ਤੁਰਦਿਆਂ।
*
ਆਪਣਾ ਹਰਮੋਨੀਅਮ ਉਹਨੇ ਆਪਣੇ ਬੈੱਡਰੂਮ 'ਚ ਇਉਂ ਰੱਖ ਰੱਖਿਆ ਜਿਵੇਂ ਕਿਸੇ ਵੈਦ ਨੇ ਦੱਸਿਆ ਹੁੰਦਾ ਕਿ ਕਮਰਿਓਂ ਬਾਹਰ ਨੀ ਕੱਢਣਾ ਏਹ ਵਾਜਾ ਤੈਂ। ਮੈਨੂੰ ਲਗਦਾ ਕਿ ਉਹ ਕਿਸੇ ਵੈਦ ਦੇ ਬੋਲ ਪੁਗਾ ਰਿਹਾ ਹੈ। ਇਕ ਦਿਨ ਮੈਂ ਆਖ ਬੈਠਾ ਕਿ ਇਹਨੂੰ ਸੌਣ ਵੇਲੇ ਪਰੇ ਰੱਖ ਦਿਆ ਕਰ ਤਾਇਆ। ਉਹ ਬੋਲਿਆ ਕਿ ਜੇਕਰ ਫੌਜੀ ਕੋਲ ਰੈਫਲ ਈ ਨਾ ਹੋਵੇ ਤਾਂ ਜੰਗ ਸੁਆਹ ਲੜੂਗਾ? ਏਹ ਮੇਰੀ 'ਸੁਰੀਲੀ ਰੈਫਲ' ਆ ਨਿੰਦਰੇ ਵੀਰੇ। ਏਹ ਨੀ ਪਾਸੇ ਕਰਨੀ ਮੈਂ, ਮੇਰਾ ਵਾਜਾ, ਮੇਰੀ ਜਾਨ,ਵੈਰੀ ਸੌਰੀ ਆ, ਏਹ ਮੇਰਾ ਮਾਣ।
**
"ਬਾਈ ਯਾਰ, ਓਦਣ ਤੂੰ ਸਾਦਿਕੋਂ ਸਿੱਧਾ ਲੰਘ ਗਿਆ ਮਰਾੜੀਂ, ਖੜਿਆ ਨੀ ਮੇਰੇ ਕੋਲੇ ਤੂੰ?" ਮੈਂ ਆਖਦਾਂ।
"ਤੇ ਤੂੰ ਵੀ ਤਾਂ ਸਿੱਧਾ ਲੰਘਿਆ ਐਂ ਏਥੋਂ ਦੀ, ਰਾਏ ਜੱਜ ਸਾਹਬ ਦੇ ਘਰ ਨੂੰ? ਤੇਰੀਆਂ ਅੱਖਾਂ ਵੀ ਮੀਚੀਆਂ ਹੋਈਆਂ ਸੀ ਓਦਣ, ਆਵਦੇ ਵਾਰੀ ਤੈਨੂੰ ਮਿਰਚਾਂ ਲਗਦੀਆਂ ਹੁੰਦੀਐਂ?" ਉਹ ਨੇ ਮੂੰਹ ਉਤੇ ਮਾਰੀ।
ਹਾਂ, ਮੈਨੂੰ ਯਾਦ ਆਇਆ ਕਿ ਮੈਂ ਬਾਈ ਦੀ ਕੋਠੀ ਮੂਹਰਿਓਂ ਲੰਘਿਆ ਸੀ ਰਾਏ ਸਾਹਿਬ ਵੱਲ, ਸੋਚਿਆ ਕਿ ਆਪ ਤਾਂ ਉਹ ਬੰਬੇ ਫਿਰਦਾ ਰਿਕਾਰਡਿੰਗ ਕਰਦਾ, ਕੀ ਜਾਣਾ ਐਂ ਘਰੇ। ਪਰ ਉਹ ਘਰ ਹੀ ਸੀ ਤੇ ਕੋਠੀ ਮੂਹਰੇ ਬੈਠੇ ਗੰਨਮੈਨ ਨੇ ਮੈਨੂੰ ਵੇਖ ਲਿਆ ਸੀ, ਤੇ ਬਾਈ ਨੂੰ ਜਾ ਦੱਸਿਆ ਸੀ ਕਿ ਨਿੰਦਰ,ਜੱਜ ਸਾਹਿਬ ਦੇ ਘਰ ਨੂੰ ਗਿਆ ਐ ਬਾਈ ਜੀ। ਖੈਰ, ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਸੀ ਤੇ ਜਾਪਿਆ ਸੀ ਕਿ ਬੜੇ ਜ਼ਰੂਰੀ ਨੇ ਦੋਸਤੀਆਂ ਦੇ ਦਾਇਰੇ ਵਿਚ ਮਾੜੀ ਮੋਟੀ ਨੋਕ ਝੋਕ, ਤੇ ਨਿੱਕੇ ਨਿੱਕੇ ਗਿਲੇ ਸ਼ਿਕਵੇ, ਇਹੋ ਦੋਪਾਸੀਂ ਅਪਣੱਤ ਨੂੰ ਜੀਂਦੀ ਤੇ ਸਾਵੀਂ ਰੱਖਣ ਵਿਚ ਅਹਿਮ ਰੋਲ ਨਿਭਾਉਂਦੇ ਨੇ।
*
ਹੁਣ ਮੋਹਾਲੀ ਤੋਂ ਪਟਿਆਲੇ ਚੱਲੀਏ, ਪਿਛਾਂਹ ਪਰਤੀਏ। ਹਰਭਜਨ ਬਾਈ ਨੇ 1997 ਵਿਚ ਜਿਹੜੀ ਕੋਠੀ ਪਟਿਆਲੇ ਬਣਾਈ, ਸਰਹਿੰਦ ਰੋਡ ਉਤੇ, ਘੁੰਮਣ ਨਗਰ, ਸ਼ਾਇਦ ਕੋਠੀ 7 ਨੰਬਰ ਸੀ ਤੇ ਫਰੰਟ ਉਤੇ ਸੀ ਤੇ ਰੰਗ ਫਿੱਕਾ ਗੁਲਾਬੀ। ਮੈਂ ਬੱਸ ਵਿਚ ਦੀ ਪਟਿਆਲੇ ਤੋਂ ਲੁਧਿਆਣੇ ਲੰਘਿਆ ਕਰਾਂ, ਤਾਂ ਕਾਲਜੀਏਟ ਮੁੰਡੇ ਕੁੜੀਆਂ ਉਂਗਲਾਂ ਬਾਹਰ ਕੱਢ ਕੱਢ ਕੇ ਆਖਿਆ ਕਰਨ, "ਅਹੁ ਐ ਹਰਭਜਨ ਮਾਨ ਦੀ ਕੋਠੀ, ਅਹੁ ਵੇਖੋ, ਕਿੰਨੀ ਸੋਹਣੀ ਐਂ ਹਰਭਜਨ ਮਾਨ ਦੀ ਕੋਠੀ।" ਮੈਂ ਸੁਣਕੇ ਸੋਚਣਾ ਕਿ ਕਦੇ ਮੈਂ ਵੀ ਆਵਾਂਗਾ ਹਰਭਜਨ ਮਾਨ ਨੂੰ ਮਿਲਣ ਏਸ ਕੋਠੀ ਵਿਚ! ਉਹ ਦਿਨ ਆ ਹੀ ਗਏ। ਇਸ ਕੋਠੀ ਵਿਚ ਬਹੁਤ ਮਹਿਫਲਾਂ ਫੱਬੀਆਂ। ਮੈਂ ਆਣ ਕੇ ਰਹਿੰਦਾ ਹੁੰਦਾ। ਬੜੇ ਬੜੇ ਬੰਦੇ ਆਏ ਏਸ ਕੋਠੀ। ਕਦੇ ਕਿਸੇ ਮਹਿਫਿਲ ਦਾ ਹੀਰੋ ਬਾਬੂ ਸਿੰਘ ਮਾਨ ਹੁੰਦਾ, ਕਦੇ ਐਸ ਐਸ ਪੀ (ਉਦੋਂ) ਹਰਿੰਦਰ ਸਿੰਘ ਚਾਹਲ ਹੁੰਦੇ। ਇਥੇ ਹੀ ਗੁਲਸ਼ਨ ਕੁਮਾਰ (ਟੀ ਸੀਰੀਜ) ਵਾਲੇ ਦਾ ਭਰਾ ਦਰਸ਼ਨ ਕੁਮਾਰ ਹਰਭਜਨ ਨੇ ਮੈਨੂੰ ਮਿਲਵਾਇਆ ਸੀ ਤੇ ਉਹਦੇ ਨਾਲ ਉਹਦੀ ਕਾਰ ਵਿਚ ਦਿੱਲੀ ਤੱਕ ਭੇਜਿਆ ਸੀ। ਮੈਂ ਗੁਲਸ਼ਨ ਕੁਮਾਰ ਦੇ ਨੋਇਡਾ ਗੈਸਟ ਹਾਊਸ ਠਹਿਰਿਆ ਸੀ, ਜਿਥੇ ਵੱਡੇ ਵੱਡੇ ਕਲਾਕਾਰ (ਟੀ ਸੀਰੀਜ) ਰਿਕਾਰਡਿੰਗ ਕਰਵਾਉਣ ਆਏ ਠਹਿਰਦੇ ਸਨ। ਕਿਹਦਾ ਕਿਹਦਾ ਨਾਂ ਲਿਖਾਂ, ਤੇ ਕਿਹਦਾ ਨਾਂ ਛੱਡਾਂ, ਸਾਰੇ ਹੀ ਵੱਡੇ ਤੋਂ ਵੱਡੇ ਨਾਂ ਨੇ।
**
ਪਟਿਆਲੇ ਹੁੰਦੇ, ਬਾਈ ਹਰਭਜਨ ਭੱਜਣ ਜਾਂਦਾ ਸਵੇਰੇ ਸਵੇਰੇ ਐਨ ਆਈ ਐਸ ਨੂੰ। ਰੋਜ ਵਾਂਗ ਗੁਲਜ਼ਾਰ ਚਹਿਲ ਹੁੰਦਾ ਨਾਲ (ਹਰਿੰਦਰ ਸਿੰਘ ਚਾਹਲ) ਦਾ ਬੇਟਾ, ਕਦੇ ਗੀਤਕਾਰ ਗਿੱਲ ਸੁਰਜੀਤ ਦਾ ਬੇਟਾ ਲਾਲੀ,(ਅੱਜਕਲ ਆਸਟ੍ਰੇਲੀਆ ਵੱਸਿਆ ਹੋਇਆ, ਤੇ ਇਹਦਾ ਰਿਸ਼ਤਾ ਵੀ ਹਰਭਜਨ ਬਾਈ ਨੇ ਆਪਣੇ ਦੋਸਤ ਸਵਰਨ ਸਿੰਘ ਦੀ ਬੇਟੀ ਨਾਲ ਕਰਵਾਇਆ ਸੀ), ਬਹੁਤਾ ਨਾਲ ਹੁੰਦੇ ਗੁਰਮੁੱਖ ਭਲਵਾਨ ਭਾਜੀ ਹੁਰੀਂ ਤੇ ਉਨ੍ਹਾਂ ਦੇ ਭਰਾ ਹਰਜੀਤ ਹੁਰੀਂ। ਐਨ ਆਈ ਐਸ ਤੋਂ ਆਕੇ ਭਲਵਾਨ ਭਰਾਵਾਂ ਦੇ ਘਰ ਜਲੇਬੀਆਂ ਖਾਂਦੇ। ਇਕ ਦੂਸਰੇ ਨੂੰ ਮਖੌਲ ਕਰ ਕਰ ਹਸਦੇ। ਵੱਡੀਆਂ ਦੁਖਣ ਲਗਦੀਆਂ ਹੱਸ ਹੱਸ ਤਾਂ ਫਿਰ ਘਰਾਂ ਨੂੰ ਤੁਰਦੇ!
ਬੜੇ ਪਿਆਰੇ ਦਿਨ ਸਨ ਉਹ।
ਨਹੀਂਓ ਲੱਭਣੇ ਓਹ ਦਿਨ!!
(ਬਾਕੀ ਅਗਲੇ ਹਫਤੇ)
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.