ਮਾਤਾ- ਭਾਸ਼ਾ ਹੀ ਸਾਡੀ ਪਛਾਣ
ਮਾਤਾ ਭਾਸ਼ਾ ਹੀ ਸਾਡੀ ਪਛਾਣ ਹੈ ਤੇ ਇਹ ਸਾਡੀ ਹੋਂਦ ਤੇ ਸਾਡੇ ਜਿਉਂਦੇ ਰਹਿਣ ਦੀ ਗਵਾਹੀ ਭਰਦੀ ਹੈ। ਇਸ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਤੇ ਇਹ ਸਾਡੇ ਜਨਮ ਤੋਂ ਲੈ ਕੇ ਮੌਤ ਤਕ ਸਾਡੇ ਨਾਲ ਵਿਚਰਦੀ ਹੈ। ਦੁਨੀਆ ਭਰ ਦੀਆਂ ਖੋਜਾਂ ਦਰਸਾਉਂਦੀਆਂ ਹਨ ਕਿ ਹਰ ਇਨਸਾਨ ਨੂੰ ਆਪਣੀ ਮਾਤਾ-ਭਾਸਾ਼ ਨਾਲ ਬਹੁਤ ਲਗਾਓ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਜਜ਼ਬਾਤ, ਵਲਵਲਿਆਂ ਤੇ ਅਹਿਸਾਸਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਖੁੱਲ੍ਹ ਕੇ ਪ੍ਰਗਟ ਕਰ ਸਕਦੇ ਹਾਂ। ਅਜੋਕੇ ਆਧੁਨਿਕ, ਪੂੰਜੀਵਾਦੀ ਤੇ ਤਕਨੀਕੀ ਯੁੱਗ ’ਚ ਸਾਨੂੰ ਆਪਣੇ ਗਿਆਨ, ਚਿੰਤਨ ਤੇ ਸੋਚ ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰਨ ਲਈ ਭਾਵੇਂ ਦੂਜੀਆਂ ਭਾਸ਼ਾਵਾਂ ਵੀ ਸਿੱਖਣ ਤੋਂ ਕਦੇ ਗੁਰੇਜ਼ ਨਹੀਂ ਕਰਨਾ ਚਾਹੀਦਾ ਪਰ ਉਨਾਂ ਦੀ ਵਰਤੋਂ ਆਪਣੀ ਮਾਤਾ- ਭਾਸ਼ਾ ਨੂੰ ਵਿਸਾਰ ਕੇ ਜਾ ਛੁਟਿਆ ਕੇ ਨਹੀਂ ਹੋਣੀ ਚਾਹੀਦੀ।
ਦੁਨੀਆ ਭਰ ਦੀਆਂ ਸਭ ਭਾਸ਼ਾਵਾਂ ਵੀ ਆਪੋ- ਆਪਣੇ ਲੋਕ ਸਮੂਹਾਂ ਦੀਆਂ ਮਾਂ-ਬੋਲੀਆਂ ਹਨ ਜੋ ਬਰਾਬਰ ਸਤਿਕਾਰ ਤੇ ਪਿਆਰ ਦੀਆਂ ਪਾਤਰ ਹਨ। ਅਸੀਂ ਜਿੰਨੀਆਂ ਵੱਧ ਭਾਸ਼ਾਵਾਂ ਦੇ ਜਾਣਕਾਰ ਹੋਵਾਂਗੇ, ਅਸੀਂ ਓਨੇ ਹੀ ਵੱਧ ਗਿਆਨਵਾਨ ਤੇ ਸੂਝਵਾਨ ਹੋਵਾਂਗੇ ਪਰ ਭਾਸ਼ਾ ਮਾਹਿਰਾਂ ਅਤੇ ਮਨੋਵਿਗਿਆਨਕਾਂ ਮੁਤਾਬਿਕ ਅਸੀਂ ਦੂਸਰੀਆਂ ਭਾਸ਼ਾਵਾਂ ਵੀ ਬਿਹਤਰ ਤਰੀਕੇ ਨਾਲ ਉਦੋਂ ਹੀ ਸਿੱਖ ਸਕਦੇ ਹਾਂ ਜਦੋਂ ਸਾਨੂੰ ਪਹਿਲਾਂ ਆਪਣੀ ਮਾਤਾ ਭਾਸ਼ਾ ’ਚ ਚੰਗੀ ਮੁਹਾਰਤ ਹਾਸਲ ਹੋਵੇ। ਇਸ ਲਈ ਮਾਤਾ ਭਾਸ਼ਾ ਬੋਲਦੇ ਇਲਾਕਿਆਂ ਦੀਆਂ ਸਭ ਸਰਕਾਰੀ ਜਾਂ ਗ਼ੈਰ- ਸਰਕਾਰੀ ਵਿੱਦਿਅਕ ਸੰਸਥਾਵਾਂ ’ਚ ਮਾਤਾ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਫਿਰ ਬਾਕੀ ਭਾਸ਼ਾਵਾਂ ਦੀ ਵਰਤੋਂ ਵੀ ਬਿਨਾਂ ਕਿਸੇ ਭੇਦਭਾਵ ਤੋਂ ਕਰਨੀ ਚਾਹੀਦੀ ਹੈ। ਅਧਿਆਪਕਾਂ ਵੱਲੋਂ ਵੀ ਆਪਣੀ ਜਮਾਤ ’ਚ ਵੱਖ-ਵੱਖ ਭਾਸ਼ਾਵਾਂ ਦਾ ਉਪਯੋਗ ਵਿਦਿਆਰਥੀਆਂ ਦੀ ਸਮਝ, ਜ਼ਰੂਰਤ ਅਤੇ ਦਿਲਚਸਪੀ ਅਨੁਸਾਰ ਕਰਨਾ ਚਾਹੀਦਾ ਹੈ। ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ- ਬੋਲੀ ਦੀ ਪਹਿਲਤਾ ਦੇ ਆਧਾਰ ਉੱਤੇ ਸੰਭਾਲ ਕਰੀਏ ਅਤੇ ਬਾਕੀ ਭਾਸ਼ਾਵਾਂ ਨੂੰ ਵੀ ਬਰਾਬਰ ਸਤਿਕਾਰ ਪ੍ਰਦਾਨ ਕਰੀਏ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.