ਧਰਮ ਅਤੇ ਰਾਜਨੀਤੀ ਵਿਚਕਾਰ ਗੂੜ੍ਹਾ ਸਬੰਧ ਹੈ। ਜਿਸ ਤਰ੍ਹਾਂ ਧਰਮ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹੈ, ਉਸੇ ਤਰ੍ਹਾਂ ਹੀ ਧਰਮ ਰਾਜਨੀਤੀ ਨਾਲ ਵੀ ਸਬੰਧਿਤ ਹੈ। ਮਹਾਤਮਾ ਗਾਂਧੀ ਜੀ ਦਾ ਵਿਚਾਰ ਹੈ ਕਿ ਰਾਜਨੀਤੀ ਨੂੰ ਧਰਮ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਪਰ ਗਾਂਧੀ ਜੀ ਦਾ ਧਰਮ ਕਿਸੇ ਇੱਕ ਵਿਸ਼ੇਸ਼ ਧਰਮ ਦੇ ਸਿਧਾਂਤਾਂ ਦੀ ਚਾਰ-ਦੀਵਾਰੀ ਵਿੱਚ ਸੀਮਤ ਨਹੀਂ ਸੀ। ਉਹ ਇੱਕ ਵਿਸ਼ਵ ਵਿਆਪੀ ਧਰਮ ਦੇ ਪੈਰੋਕਾਰ ਸਨ, ਜਿਸ ਵਿੱਚ ਸਾਰੇ ਧਰਮਾਂ ਦੇ ਚੰਗੇ ਗੁਣ ਸ਼ਾਮਿਲ ਸਨ।
ਪਰ ਵਰਤਮਾਨ ਸਮੇਂ ਦੌਰਾਨ ਰਾਜਨੀਤੀ ਕਿਸੇ ਵਿਸ਼ੇਸ਼ ਧਰਮ ਤੇ ਆਧਾਰਿਤ ਹੋ ਕੇ ਹੀ ਰਹਿ ਗਈ ਹੈ। ਹਰੇਕ ਰਾਜਨੀਤਿਕ ਪਾਰਟੀ ਆਪਣੇ ਸੁਆਰਥੀ ਹਿੱਤਾਂ ਦੀ ਪੂਰਤੀ ਕਰਨ ਲਈ ਭਾਵ ਸੱਤਾ ਪ੍ਰਾਪਤ ਕਰਨ ਲਈ ਕਿਸੇ ਇੱਕ ਵਿਸ਼ੇਸ਼ ਬਹੁਗਿਣਤੀ ਧਰਮ ਦੇ ਲੋਕਾਂ ਨੂੰ ਆਪਣਾ ਆਧਾਰ ਬਣਾਉਂਦੀ ਹੈ। ਉਹ ਰਾਜਨੀਤਿਕ ਪਾਰਟੀ ਉਸ ਧਰਮ ਦੇ ਲੋਕਾਂ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਨ ਲਈ ਹਰ ਤਰ੍ਹਾਂ ਦੇ ਸਬਜ਼ ਬਾਗ਼ ਦਿਖਾਉਂਦੀ ਹੈ। ਉਹ ਕਿਸੇ ਖੇਤਰ ਵਿੱਚ ਬਹੁਤ ਗਿਣਤੀ ਧਾਰਮਿਕ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰਕੇ ਉਸ ਧਰਮ ਦੇ ਲੋਕਾਂ ਨੂੰ ਇਹ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ, ਕਿ ਉਨ੍ਹਾਂ ਦੇ ਧਰਮ ਨੂੰ ਕਿਸੇ ਦੂਜੇ ਧਰਮ ਤੋਂ ਖ਼ਤਰਾ ਹੈ। ਤੇ ਉਨ੍ਹਾਂ ਦੀ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਉਨ੍ਹਾਂ ਦੇ ਧਰਮ ਅਤੇ ਓਹਨਾਂ ਦੀ ਰੱਖਿਆ ਕਰ ਸਕਦੀ ਹੈ।
ਪਰ ਇਹ ਸਭ ਲੋਕਾਂ ਦੇ ਮਤਦਾਨ ਵਿਵਹਾਰ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਕੇ ਉਨ੍ਹਾਂ ਦੀ ਵੋਟ ਲੈਣ ਲਈ ਇਕ ਰਾਜਨੀਤਿਕ ਸਟੰਟ ਤੋਂ ਵੱਧ ਕੁਝ ਨਹੀਂ ਹੈ। ਧਰਮ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਕਿਸੇ ਵੀ ਧਰਮ ਦੇ ਲੋਕ ਕਦੇ ਵੀ ਆਪਣੇ ਧਰਮ ਉੱਪਰ ਕਿਸੇ ਕਿਸਮ ਦਾ ਕੋਈ ਵੀ ਖ਼ਤਰਾ ਸਵੀਕਾਰ ਨਹੀਂ ਕਰਦੇ। ਇਸ ਤਰ੍ਹਾਂ ਲੋਕ ਇਨ੍ਹਾਂ ਸੱਤਾ ਦੇ ਲਾਲਚੀ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਨੂੰ ਆਪਣੇ ਧਰਮ ਦੇ ਰਖਵਾਲੇ ਸਮਝਣ ਲੱਗ ਪੈਂਦੇ ਹਨ ਅਤੇ ਓਹਨਾਂ ਦੇ ਹੱਕ ਵਿੱਚ ਵੋਟ ਪਾਉਂਦੇ ਹਨ।
ਜਿਸ ਤਰ੍ਹਾਂ ਜਮਹੂਰੀ ਭਾਰਤ ਅੰਦਰ ਸੱਤਾਧਾਰੀ ਪਾਰਟੀ ਦੂਸਰੇ ਰਾਜਾਂ ਵਿਚ ਬਹੁਗਿਣਤੀ ਧਰਮ ਦੇ ਲੋਕਾਂ ਦੀ ਵੋਟ ਪ੍ਰਾਪਤ ਕਰਨ ਲਈ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਕਸਾਉਣ ਲਈ ਇੱਕ ਹਥਿਆਰ ਵਜੋਂ ਧਰਮ ਦੀ ਵਰਤੋਂ ਕਰਦੀ ਹੈ, ਤਾਂ ਕਿ ਉਹ ਸੱਤਾ ਵਿਚ ਬਣੀ ਰਹੇ ਤੇ ਲੋਕ ਅੰਨ੍ਹੇ ਭਗਤ ਬਣ ਕੇ ਉਸਨੂੰ ਵੋਟ ਪਾਉਂਦੇ ਰਹਿਣ। ਠੀਕ ਉਸੇ ਤਰ੍ਹਾਂ ਦੀ ਹੀ ਰਾਜਨੀਤੀ ਪੰਜਾਬ ਦੇ ਓਹਨਾਂ ਹਲਕਿਆਂ ਵਿੱਚ ਹੋ ਰਹੀ ਹੈ, ਜਿੱਥੇ ਬਹੁਗਿਣਤੀ ਲੋਕਾਂ ਦਾ ਕਿਸੇ ਵਿਧਾਇਕ ਨੂੰ ਚੁਣਨ ਵਿਚ ਵੱਡਾ ਰੋਲ ਹੁੰਦਾ ਹੈ। ਇੱਕ ਪਾਰਟੀ ਵਿਸ਼ੇਸ਼ ਵੱਲੋਂ ਇਕ ਬਹੁਗਿਣਤੀ ਧਾਰਮਿਕ ਭਾਈਚਾਰੇ ਦੇ ਲੋਕਾਂ ਦੇ ਮਨਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਉਨ੍ਹਾਂ ਦੀ ਕੌਮ ਨੂੰ ਦੂਸਰੀ ਕੌਮ ਤੋਂ ਖਤਰਾ ਹੈ । ਤੇ ਉਹ ਹੀ ਹਨ ਜੋ ਉਨ੍ਹਾਂ ਦੀ ਕੌਮ ਦੇ ਅਸਲੀ ਰਾਖੇ ਹਨ ਤੇ ਕੌਮ ਦੀ ਰਖਵਾਲੀ ਕਰ ਸਕਦੇ ਹਨ। ਇਹ ਸੋਚਣ ਵਾਲੀ ਗੱਲ ਹੈ ਕਿ ਕੌਮ ਦੀ ਇਹ ਫਿਕਰ, ਕੌਮ ਦਾ ਇਹ ਦਰਦ, ਕੌਮ ਦੀ ਇਹ ਚਿੰਤਾ ਕੇਵਲ ਚੋਣਾਂ ਸਮੇਂ ਹੀ ਕਿਉਂ ਹੁੰਦੀ ਹੈ? ਕੌਮ ਦਾ ਖਿਆਲ ਉਸ ਵੇਲੇ ਕਿਉਂ ਨਹੀਂ ਆਇਆ ਜਦੋਂ ਲਾਕਡਾਊਨ ਦੌਰਾਨ ਕੌਮ ਦੇ ਲੋਕਾਂ ਉੱਤੇ ਪੁਲੀਸ ਦੀਆਂ ਡਾਂਗਾਂ ਪੈ ਰਹੀਆਂ ਸਨ? ਕੌਮ ਦੀ ਫ਼ਿਕਰ ਉਸ ਵੇਲੇ ਕਿਉਂ ਨਹੀਂ ਹੋਈ ਜਦੋਂ ਕੌਮ ਲਾਕਡਾਊਨ ਦੌਰਾਨ ਭੁੱਖੀ ਮਰ ਰਹੀ ਸੀ? ਤੇ ਆਸ ਕਰ ਰਹੀ ਸੀ ਕਿ ਸਾਡੀ ਕੌਮ ਦੇ ਹਮਦਰਦ ਸਾਡੀ ਮਦਦ ਲਈ ਆਉਣਗੇ। ਪਰ ਲੋਕਾਂ ਨੂੰ ਕੀ ਪਤਾ ਕਿ ਕੌਮ ਦਾ ਇਹ ਦਰਦ ਤਾਂ ਸਿਰਫ਼ ਵੋਟਾਂ ਵੇਲੇ ਹੀ ਉੱਠਦਾ।
ਪਰੰਤੂ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੇਚਾਰੇ ਭੋਲੇ ਭਾਲੇ ਲੋਕ ਕੌਮ ਦੇ ਨਾਮ ਉੱਤੇ ਅਜਿਹੇ ਸੱਤਾ ਦੇ ਲਾਲਚੀ ਲੀਡਰਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ ਤੇ ਇਹ ਮਹਿਸੂਸ ਕਰਨ ਲੱਗਦੇ ਹਨ ਕਿ ਹਾਂ ਸੱਚਮੁੱਚ ਹੀ ਉਨ੍ਹਾਂ ਦੀ ਕੌਮ ਨੂੰ ਖਤਰਾ ਹੈ ਤੇ ਉਹੀ ਇੱਕੋ ਇੱਕ ਅਜਿਹਾ ਉਮੀਦਵਾਰ ਹੈ ਜੋ ਉਨ੍ਹਾਂ ਦੀ ਕੌਮ ਨੂੰ ਬਚਾ ਸਕਦਾ ਹੈ, ਕੌਮ ਦੀ ਰਾਖੀ ਕਰ ਸਕਦਾ ਹੈ, ਕੌਮ ਦੀ ਤਰੱਕੀ ਕਰ ਸਕਦਾ ਹੈ। ਜਦੋਂ ਕਿ ਇਹ ਕੌਮ ਦੀ ਚਿੰਤਾ ਸਿਰਫ਼ ਤੇ ਸਿਰਫ਼ ਆਪਣੀ ਕੁਰਸੀ ਨੂੰ ਬਚਾਉਣ ਲਈ ਹੋ ਰਹੀ ਹੁੰਦੀ ਹੈ। ਚੋਣਾਂ ਜਿੱਤਣ ਤੋਂ ਬਾਅਦ ਕੌਮ ਦਾ ਇਹ ਦਰਦ ਖ਼ਤਮ ਹੋ ਜਾਵੇਗਾ। ਤੇ ਇਹ ਦਰਦ ਫਿਰ ਦੁਬਾਰਾ ਉੱਠੇਗਾ, ਪਰ ਪੂਰੇ ਪੰਜ ਸਾਲ ਬਾਅਦ, ਠੀਕ ਅਗਲੀਆਂ ਚੋਣਾਂ ਤੋਂ ਪਹਿਲਾਂ। ਕੀ ਕੌਮ ਦੀ ਤਰੱਕੀ ਅਤੇ ਬਿਹਤਰੀ ਦੇ ਲਈ ਕੰਮ ਕੇਵਲ ਸੱਤਾ ਪ੍ਰਾਪਤ ਕਰਕੇ ਹੀ ਕੀਤਾ ਜਾ ਸਕਦਾ ਹੈ? ਜੇਕਰ ਹਾਂ ਤਾਂ ਹੁਣ ਤਕ ਕਿਉਂ ਨਹੀਂ ਹੋਇਆ?
ਕਿਸੇ ਵੀ ਕੌਮ ਨੂੰ ਕਿਸੇ ਦੂਸਰੀ ਕੌਮ ਤੋਂ ਉਦੋਂ ਤਕ ਕੋਈ ਖ਼ਤਰਾ ਨਹੀਂ ਹੁੰਦਾ, ਜਦੋਂ ਤਕ ਇਹ ਸੱਤਾ ਦੇ ਲਾਲਚੀ ਲੋਕ ਆਪਣੀ ਕੁਰਸੀ ਬਚਾਉਣ ਲਈ ਲੋਕਾਂ ਦੇ ਮਨਾਂ ਵਿੱਚ ਕੌਮ ਦੇ ਖ਼ਤਰੇ ਦਾ ਮਾਹੌਲ ਪੈਦਾ ਨਹੀਂ ਕਰ ਦਿੰਦੇ। ਇਸ ਲਈ ਲੋਕਾਂ ਨੂੰ ਹੁਣ ਸਮਝਣ ਦੀ ਜ਼ਰੂਰਤ ਹੈ। ਲੋਕਾਂ ਨੂੰ ਅੰਨ੍ਹੀ ਭਗਤੀ ਛੱਡ ਕੇ ਆਪਣੀ ਜ਼ਮੀਰ ਨੂੰ ਜਗਾਉਣ ਦੀ ਲੋੜ ਹੈ। ਲੋਕਾਂ ਨੂੰ ਆਪਣੀਆਂ ਧਾਰਮਿਕ ਭਾਵਨਾਵਾਂ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਅਜਿਹੇ ਲੀਡਰ ਦੀਆਂ ਗੱਲਾਂ ਵਿੱਚ ਨਾ ਆਉਣ ਤੇ ਕਿਸੇ ਵੀ ਅਜਿਹੇ ਲੀਡਰ ਨੂੰ ਵੋਟ ਨਾ ਪਾਉਣ ਜੋ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਤੇਜਿਤ ਕਰਕੇ ਉਨ੍ਹਾਂ ਤੋਂ ਵੋਟ ਲੈਣ ਦੀ ਕੋਸ਼ਿਸ਼ ਕਰਦਾ ਹੈ।
ਤੁਹਾਡੀ ਵੋਟ ਤੁਹਾਡਾ ਅਧਿਕਾਰ ਹੈ। ਇਸਦੀ ਵਰਤੋਂ ਬੜੀ ਸੋਚ ਸਮਝ ਕੇ ਕਰੋ। ਤੁਸੀਂ ਅਪਣੀ ਵੋਟ ਭਾਵੇਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਪਾਓ, ਪਰ ਵੋਟ ਪਾਉਣ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚੋ, ਤੇ ਅਜਿਹੇ ਉਮੀਦਵਾਰ ਨੂੰ ਵੋਟ ਪਾਓ ਜੋ ਤੁਹਾਡੇ ਸ਼ਹਿਰ ਦਾ ਅਸਲ ਵਿੱਚ ਵਿਕਾਸ ਕਰ ਸਕੇ, ਜੋ ਤੁਹਾਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਸਕੇ, ਜੋ ਵਧੀਆ ਸਿਹਤ ਸਹੂਲਤਾਂ ਦਾ ਪ੍ਰਬੰਧ ਕਰ ਸਕੇ, ਜੋ ਤੁਹਾਡੇ ਬੱਚਿਆਂ ਦੇ ਭਵਿੱਖ ਦੀ ਬਿਹਤਰੀ ਦੇ ਲਈ ਕੰਮ ਕਰ ਸਕੇ, ਜੋ ਵਧੀਆ ਸਿੱਖਿਆ ਵਿਵਸਥਾ ਦਾ ਪ੍ਰਬੰਧ ਕਰ ਸਕੇ, ਜੋ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਦੇ ਸਕੇ, ਜੋ ਕੌਮੀ ਏਕਤਾ ਨੂੰ ਬਰਕਰਾਰ ਰੱਖ ਸਕੇ, ਜੋ ਤੁਹਾਡੇ ਵਰਗਾ ਹੋਵੇ, ਤੁਹਾਡੇ ਵਿੱਚੋਂ ਹੋਵੇ, ਜਿਸ ਨੂੰ ਤੁਸੀਂ ਆਪਣੀਆਂ ਸਮੱਸਿਆਵਾਂ ਬੇਝਿਜਕ ਹੋ ਕੇ ਦੱਸ ਸਕੋ, ਤੇ ਉਹ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਣ ਦੇ ਯੋਗ ਹੋਵੇ। ਸੋ ਆਉਣ ਵਾਲੀ 20 ਫਰਵਰੀ ਨੂੰ ਆਪਣੀ ਕੀਮਤੀ ਵੋਟ ਦੀ ਵਰਤੋਂ ਜ਼ਰੂਰ ਕਰੋ। ਤੁਹਾਡੀ ਵੋਟ ਤੁਹਾਡੀ ਤਾਕਤ ਹੈ, ਤੁਹਾਡੀ ਪਛਾਣ ਹੈ, ਤੁਹਾਡਾ ਅਧਿਕਾਰ ਹੈ ਅਤੇ ਤੁਹਾਡਾ ਕਰਤੱਵ ਹੈ।
-
ਮੁਹੰਮਦ ਕਾਸਿਮ, ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ
asia.ajitmalerkotla@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.