19 ਫਰਵਰੀ 2022 ਜਨਮ ਦਿਨ ਤੇ ਵਿਸ਼ੇਸ਼: ਸ੍ਰ ਬੇਅੰਤ ਸਿੰਘ ਦੀ ਪ੍ਰਬੰਧਕੀ ਸਫਲਤਾ ਦੀ ਖ਼ੁਸ਼ੀ ਦਾ ਖ਼ਮਿਆਜਾ ਮੌਤ
ਕਈ ਵਾਰ ਇਨਸਾਨ ਨੂੰ ਲੋਕ ਭਲਾਈ ਦੀ ਸਫਲਤਾ ਦਾ ਖ਼ਮਿਆਜਾ ਮੌਤ ਦੇ ਰੂਪ ਵਿੱਚ ਭੁਗਤਣਾ ਪੈਂਦਾ ਹੈ। ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ, ਬਹੁਤ ਸਾਰੇ ਲੋਕਾਂ ਨੂੰ ਅਜਿਹੇ ਹਾਲਾਤ ਵਿੱਚੋਂ ਲੰਘਣਾ ਪੈਂਦਾ ਹੈ ਕਿਉਂਕਿ ਸਾਡਾ ਸਮਾਜਿਕ ਤਾਣਾ ਬਾਣਾ ਹੀ ਖੁਦਗਰਜੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਸਰਕਾਰੀ ਨੌਕਰੀ ਦੌਰਾਨ ਮੈਂ ਕਈ ਲੋਕਾਂ ਨੂੰ ਸਫਲਤਾਵਾਂ ਦੇ ਮਾੜੇ ਨਤੀਜੇ ਭੁਗਤਦਿਆਂ ਖੁਦ ਵੇਖਿਆ ਹੈ। ਸੱਚ ਨੂੰ ਫਾਂਸੀ ਵਰਗੀਆਂ ਕਹਾਵਤਾਂ ਐਵੇਂ ਨਹੀਂ ਬਣੀਆਂ। ਇਨ੍ਹਾਂ ਦੇ ਆਧਾਰ ਵਿਰਾਸਤ ਦੀ ਕੁਖ ਵਿੱਚ ਛੁਪੇ ਪਏ ਹਨ। ਇਸ ਦੀ ਇਕ ਉਦਾਹਰਣ ਦਾ ਮੈਂ ਚਸ਼ਦੀਦ ਗਵਾਹ ਹਾਂ। 27 ਸਾਲ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦਾ ਕਤਲ ਇਸਦੀ ਮਿਸਾਲ ਹੈ। ਇਹ ਕਿਸੇ ਡੂੰਘੀ ਸ਼ਾਜਸ਼ ਦਾ ਨਤੀਜਾ ਸੀ, ਜਿਸਦੀ ਜਾਣਕਾਰੀ ਬਾਹਰ ਨਹੀਂ ਆਉਣ ਦਿੱਤੀ ਜਾ ਰਹੀ ਕਿਉਂਕਿ ਜੇਕਰ ਅਸਲੀਅਤ ਪਤਾ ਲੱਗ ਜਾਵੇਗੀ ਤਾਂ ਸਰਕਾਰੀ ਤੰਤਰ ਦੀ ਬਦਨਾਮੀ ਹੋਵੇਗੀ। ਸ੍ਰ ਬੇਅੰਤ ਸਿੰਘ ਪੰਜਾਬ ਵਿੱਚ ਸ਼ਾਂਤੀ ਸਥਾਪਤ ਕਰਨ ਤੋਂ ਬਾਅਦ ਖ਼ੁਸ਼ੀ ਦੇ ਰੌਂ ਵਿੱਚ ਕਹਿ ਬੈਠੇ ਕਿ ਮੈਂ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਦਾ ਹਲ ਕਰ ਸਕਦਾ ਹਾਂ। ਕੁਝ ਅਨਸਰਾਂ ਨੂੰ ਉਨ੍ਹਾਂ ਦਾ ਇਹ ਕਹਿਣਾ ਚੰਗਾ ਨਹੀਂ ਲੱਗਿਆ।
ਸੰਸਾਰ ਵਿੱਚ ਕੋਈ ਜਿਹਾ ਕੰਮ ਨਹੀਂ ਜਿਹੜਾ ਕੀਤਾ ਨਹੀਂ ਜਾ ਸਕਦਾ ਬਸ਼ਰਤੇ ਕਿ ਕੰਮ ਕਰਨ ਵਾਲੇ ਦੀ ਨੀਤੀ ਅਤੇ ਨੀਯਤ ਸੱਚੀ ਸੁੱਚੀ ਹੋਵੇ। ਜੇਕਰ ਕੇਂਦਰ ਸਰਕਾਰ ਜੰਮੂ ਕਸ਼ਮੀਰ ਦਾ ਮਸਲਾ ਹਲ ਕਰਨਾ ਚਾਹੁੰਦੀ ਹੁੰਦੀ ਤਾਂ ਇਹ ਅਸੰਭਵ ਨਹੀਂ ਸੀ। ਪੰਜਾਬ ਦੀ ਸਮੱਸਿਆ ਬਾਰੇ ਵੀ ਇਹੋ ਕਿਹਾ ਜਾ ਰਿਹਾ ਸੀ ਕਿ ਇਸ ਦਾ ਕੋਈ ਹਲ ਨਹੀਂ। ਪ੍ਰੰਤੂ ਜਦੋਂ ਕੇਂਦਰ ਸਰਕਾਰ ਨੇ ਇਸ ਸਮੱਸਿਆ ਦਾ ਹਲ ਕਰਨ ਦੀ ਠਾਣ ਲਈ ਤਾਂ ਉਹ ਹਲ ਹੋ ਗਿਆ। ਪੰਜਾਬ ਸਕਾਰ ਨੂੰ ਕੇਂਦਰ ਸਰਕਾਰ ਅਤੇ ਉਸ ਦੀਆਂ ਗੁਪਤਚਰ ਏਜੰਸੀਆਂ ਨੇ ਪੂਰਨ ਸਹਿਯੋਗ ਦਿੱਤਾ, ਜਿਸਦੇ ਸਿੱਟੇ ਵਜੋਂ ਪੰਜਾਬ ਵਿੱਚ ਸ਼ਾਂਤੀ ਸਥਾਪਤ ਹੋ ਗਈ । ਪਿਛਲੇ 27 ਸਾਲ ਤੋਂ ਪੰਜਾਬ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਹੋਏ ਜੀਵਨ ਦਾ ਆਨੰਦ ਮਾਣ ਰਹੇ ਹਨ। ਸ੍ਰ ਬੇਅੰਤ ਸਿੰਘ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੀ ਸਮੱਸਿਆ ਦੇ ਹਲ ਲਈ ਕੋਈ ਸੰਜੀਦਗੀ ਹੀ ਨਹੀਂ ਵਿਖਾਈ। ਸਮਾਂ ਲੰਘਾਉਣ ਲਈ ਪੰਜਾਬ ਵਿੱਚ ਕਈ ਫਾਰਮੂਲੇ ਅਪਣਾ ਕੇ ਵੇਖ ਲਏ ਸਨ। ਉਹ ਹੀ ਪੁਲਿਸ ਮੁੱਖੀ ਕੇ ਪੀ ਐਸ ਗਿੱਲ ਪਹਿਲਾਂ ਵੀ ਪੰਜਾਬ ਵਿੱਚ ਆਪਣੀ ਕਾਰਜਕੁਸ਼ਲਤਾ ਦਾ ਪ੍ਰਗਟਾਵਾ ਨਾ ਕਰ ਸਕਿਆ।
ਲੋਕਤੰਤਰਿਕ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਪਹਿਲਾਂ ਤਾਂ ਪ੍ਰਬੰਧਕੀ ਢਾਂਚੇ ਨੇ ਸਹੀ ਢੰਗ ਨਾਲ ਕੰਮ ਹੀ ਨਹੀਂ ਕਰਨ ਦਿੱਤਾ। ਹਰ ਕੰਮ ਵਿੱਚ ਕੇਂਦਰ ਦੀ ਦਖ਼ਅੰਦਾਜ਼ੀ ਨੇ ਮੁੱਖ ਮੰਤਰੀ ਨੂੰ ਆਪਣੇ ਫ਼ੈਸਲੇ ਲਾਗੂ ਕਰਨ ਵਿੱਚ ਰੁਕਾਵਟ ਪੈਂਦੀ ਰਹੀ। ਇਨ੍ਹਾਂ ਦਿਕਤਾਂ ਆਉਣ ਕਰਕੇ ਉਨ੍ਹਾਂ ਨੂੰ ਚਿੰਤਾ ਵਿੱਚ ਪਾ ਦਿੱਤਾ। ਪ੍ਰਬੰਧਕੀ ਪ੍ਰਣਾਲੀ ਮੁੱਖ ਮੰਤਰੀ ਦੇ ਰਸਤੇ ਵਿੱਚ ਰੋੜੇ ਅਟਕਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੀ ਸੀ। ਜਦੋਂ ਪੰਜਾਬ ਦੀ ਸਮੱਸਿਆ ਦੇ ਹਲ ਲਈ ਕੇਂਦਰ ਨੇ ਸੱਚੇ ਦਿਲੋਂ ਸਹਿਯੋਗ ਦਿੱਤਾ ਉਦੋਂ ਹੀ ਸੁਚੱਜੇ ਨਤੀਜੇ ਆਉਣ ਲੱਗੇ। ਆਪਣਾ ਕੰਮ ਕਰਵਾ ਕੇ ਕੇਂਦਰ ਨੇ ਆਪਣੇ ਹੱਥ ਪਿਛਾਂਹ ਨੂੰ ਖਿੱਚ ਲਏ। ਉਸਤੋਂ ਬਾਅਦ ਗੁਪਚਰ ਏਜੰਸੀਆਂ ਨੇ ਉਨ੍ਹਾਂ ਦਾ ਬਰੇਨ ਵਾਸ਼ ਕਰ ਦਿੱਤਾ ਕਿ ਪੰਜਾਬ ਵਿੱਚ ਮਨੁੱਖੀ ਬੰਬ ਆਇਆ ਹੋਇਆ ਹੈ। ਉਸ ਤੋਂ ਸਭ ਤੋਂ ਵੱਧ ਖ਼ਤਰਾ ਚੌਧਰੀ ਭਜਨ ਲਾਲ, ਕੇ ਪੀ ਐਸ ਗਿੱਲ ਅਤੇ ਸ੍ਰ ਬੇਅੰਤ ਸਿੰਘ ਨੂੰ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਇਕ ਸੜਕੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਮੈਂ ਆਪਣੀ ਸਰਕਾਰੀ ਡਿਊਟੀ ‘ਤੇ ਚੰਡੀਗੜ੍ਹ ਜਾਂਦਾ ਨਹੀਂ ਸੀ। 28 ਅਗਸਤ ਨੂੰ ਮੈਂ ਆਪਣੇ ਕਿਸੇ ਨਿੰਜੀ ਕੰਮ ਲਈ ਚੰਡੀਗੜ੍ਹ ਗਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਯੂ ਟੀ ਗੈਸਟ ਹਾਊਸ ਵਿੱਚ ਰਾਤ ਨੂੰ ਮਿਲਿਆ। ਉਨ੍ਹਾਂ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਤੋਂ ਸਾਫ ਹੋ ਗਿਆ ਸੀ ਕਿ ਕੋਈ ਵੱਡੀ ਘਟਨਾ ਹੋਣ ਵਾਲੀ ਹੈ। ਉਨ੍ਹਾਂ ਨੂੰ ਮੌਤ ਤੋਂ ਪਹਿਲਾਂ ਹੀ ਅਹਿਸਾਸ ਕਰਵਾ ਦਿੱਤਾ ਸੀ ਕਿ ਹੁਣ ਉਨ੍ਹਾਂ ਦੇ ਦਿਨ ਬਹੁਤ ਥੋੜ੍ਹੇ ਹਨ। ਇਸ ਦਾ ਭਾਵ ਇਹ ਹੈ ਕਿ ਗੁਪਤਚਰ ਏਜੰਸੀਆਂ ਨੂੰ ਉਨ੍ਹਾਂ ਦੀ ਮੌਤ ਬਾਰੇ ਪਹਿਲਾਂ ਹੀ ਜਾਣਕਾਰੀ ਸੀ।
ਪੁਲਿਸਤੰਤਰ ਸਿਆਸੀ ਸ਼ਹਿ ‘ਤੇ ਮਨ ਮਰਜ਼ੀਆਂ ਕਰਕੇ ਸਰਕਾਰ ਦੀ ਬਦਨਾਮ ਕਰਵਾਉਂਦਾ ਰਿਹਾ। ਜਦੋਂ ਸ੍ਰ ਬੇਅੰਤ ਸਿੰਘ ਨੇ ਅੜਨਾ ਸ਼ਰੂ ਕੀਤਾ ਤਾਂ ਉਨ੍ਹਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ। ਅਸਲ ਵਿੱਚ ਏਜੰਸੀਆਂ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਦੇ ਹਲ ਕਰਨ ਵਾਲੇ ਬਿਆਨ ਤੋਂ ਖਫਾ ਸਨ ਕਿਉਂਕਿ ਜੇਕਰ ਜੰਮੂ ਤੇ ਕਸ਼ਮੀਰ ਦੀ ਸਮੱਸਿਆ ਹਲ ਹੋ ਗਈ ਤਾਂ ਸਿਆਸਤ ਕਿਵੇਂ ਖੇਡੀ ਜਾਵੇਗੀ। ਤੁਸੀਂ ਹੈਰਾਨ ਹੋਵੋਗੇ ਕਿ ਇਕ ਮੁੱਖ ਮੰਤਰੀ ਆਪਣੀ ਡਿਊਟੀ ‘ਤੇ ਹੋਵੇ ਅਤੇ ਉਸਦੇ ਦਫਤਰ ਵਿੱਚ ਹੀ ਉਸਦਾ ਕਤਲ ਹੋ ਜਾਵੇ। ਸੁਰੱਖਿਆ ਦੀ ਅਣਗਹਿਲੀ ਕਰਕੇ ਪਰਿਵਾਰ ਵੱਲੋਂ ਬੇਨਤੀ ਕਰਨ ਦੇ ਬਾਵਜੂਦ ਇਕ ਸਿਪਾਹੀ ਤਕ ਵੀ ਮੁਅੱਤਲ ਨਾ ਕੀਤਾ ਜਾਵੇ? ਇਹ ਗੱਲ ਹਰ ਸੂਝਵਾਨ ਇਨਸਾਨ ਨੂੰ ਰੜਕਦੀ ਹੈ। ਇਹ ਸ਼ਾਜਸ਼ ਹੈ ਜਾਂ ਨਹੀਂ ਇਸਦਾ ਫੈਸਲਾ ਪਾਠਕਾਂ ਤੇ ਛੱਡ ਦਿੰਦੇ ਹਾਂ। ਪੁਲਸਤੰਤਰ ਸਿਆਸੀ ਸ਼ਹਿ ‘ਤੇ ਮਨ ਮਰਜ਼ੀਆਂ ਕਰਕੇ ਸਰਕਾਰ ਦੀ ਬਦਨਾਮ ਕਰਵਾਉਂਦਾ ਰਿਹਾ। ਜਦੋਂ ਸ੍ਰ ਬੇਅੰਤ ਸਿੰਘ ਨੇ ਅੜਨਾ ਸ਼ਰੂ ਕੀਤਾ ਤਾਂ ਉਨ੍ਹਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.