ਔਰਤਾਂ ਹਰ ਖੇਤਰ ’ਚ ਮਰਦਾਂ ਤੋਂ ਵੀ ਅੱਗੇ
ਇਸਤਰੀ ਸਮਾਜ ਦਾ ਸ਼ੀਸ਼ਾ ਹੁੰਦੀ ਹੈ। ਜੇਕਰ ਕਿਸੇ ਸਮਾਜ ਦੀ ਹਾਲਤ ਨੂੰ ਦੇਖਣਾ ਹੋਵੇ ਤਾਂ ਉੱਥੋਂ ਦੀ ਨਾਰੀ ਦੀ ਹਾਲਤ ਨੂੰ ਦੇਖਣਾ ਹੋਵੇਗਾ। ਨਾਰੀ ਇਕ ਸੰਘਰਸ਼ ਦੀ ਨਹੀਂ ਉਹ ਤਿਆਗ ਅਤੇ ਮਮਤਾ ਦੀ ਮੂਰਤੀ ਵੀ ਹੈ। ਉਹ ਵਿਅਕਤੀ ਹੀ ਨਹੀਂ ਸਗੋਂ ਇਕ ਸ਼ਕਤੀ ਵੀ ਹੈ ਜੋ ਸਮਾਂ ਆਉਣ ’ਤੇ ਰਾਕਸ਼ਸਾਂ ਦਾ ਨਾਸ਼ ਵੀ ਕਰਦੀ ਹੈ।
ਪਰਿਵਾਰ, ਸਮਾਜ ਤੇ ਰਾਸ਼ਟਰ ਨੂੰ ਸੰਸਕਾਰ ਦੇਣ ਵਾਲੀ ਔਰਤ ਜੋ ਕਿ ਭੈਣ, ਪਤਨੀ, ਮਾਂ ਤੇ ਸਮਾਜ ਦੀ ਨਿਰਮਾਤਰੀ ਵੀ ਹੈ, ਅਜਿਹੇ ਸਮਾਜ ’ਚ ਜਨਮ ਲੈ ਕੇ ਮੌਤ ਤੱਕ ਇਕ ਬੜਾ ਵੱਡਾ ਰੋਲ ਅਦਾ ਕਰਦੀ ਹੈ। ਮਹਾਦੇਵੀ ਵਰਮਾ ਨੇ ਕਿਹਾ ਸੀ ਕਿ ਕੁਝ ਨਾਰੀਆਂ ਸਿਰਫ ਵਿਅਕਤੀ ਹੀ ਨਹੀਂ ਸਗੋਂ ਉਹ ਕਾਵਿ ਅਤੇ ਪ੍ਰੇਮ ਦੀ ਪ੍ਰਤੀਮੂਰਤ ਵੀ ਹੁੰਦੀਆਂ ਹਨ। ਮਰਦ ਜਿੱਤ ਦਾ ਭੁੱਖਾ ਹੁੰਦਾ ਹੈ ਅਤੇ ਨਾਰੀ ਸਮਰਪਣ ਦੀ।
ਔਰਤਾਂ ਦੇ ਸਸ਼ਕਤੀਕਰਨ ਲਈ ਭਾਰਤ ਸਰਕਾਰ ਨੇ ਕਈ ਯੋਜਨਾਵਾਂ ਬਣਾਈਆਂ ਹਨ ਜਿਸ ਦੇ ਨਤੀਜੇ ਵਜੋਂ ਔਰਤਾਂ ਹਰ ਖੇਤਰ ’ਚ ਮਰਦਾਂ ਤੋਂ ਵੀ ਅੱਗੇ ਆ ਕੇ ਵੱਖ-ਵੱਖ ਮੀਲ-ਪੱਥਰ ਸਥਾਪਿਤ ਕਰ ਰਹੀਆਂ ਹਨ। ਇਸ ਤਰ੍ਹਾਂ ਔਰਤਾਂ ਨਾਲ ਸਬੰਧਤ ਵਾਪਰਨ ਵਾਲੇ ਵੱਖ-ਵੱਖ ਅਪਰਾਧਾਂ ’ਤੇ ਰੋਕ ਲਗਾਉਣ ਲਈ ਸਰਕਾਰ ਨੇ ਸਮੇਂ-ਸਮੇਂ ’ਤੇ ਸਖਤ ਤੋਂ ਸਖਤ ਕਾਨੂੰਨ ਵੀ ਲਾਗੂ ਕੀਤੇ ਹਨ।
ਉਦਾਹਰਣ ਦੇ ਤੌਰ ’ਤੇ 1860 ’ਚ ਬਾਲ ਵਿਆਹ ਰੋਕਣ ਲਈ ਕਾਨੂੰਨ ਬਣਾਇਆ ਗਿਆ ਅਤੇ ਬਾਅਦ ’ਚ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਕੀਤੀ ਗਈ, ਜਿਸ ਨੂੰ ਹੁਣ ਵਧਾ ਕੇ 21 ਸਾਲ ਕੀਤਾ ਹੈ।
ਦਾਜ ਪ੍ਰਥਾ ਨੂੰ ਰੋਕਣ ਲਈ ਸਾਲ 1961 ’ਚ ਕਾਨੂੰਨ ਬਣਾਇਆ ਿਗਆ ਅਤੇ ਸਾਲ 1987 ’ਚ ਔਰਤਾਂ ਦੇ ਅਸ਼ਲੀਲ ਚਿੱਤਰ ਦਿਖਾਉਣ ਵਿਰੁੱਧ ਸਖਤ ਐਕਟ ਬਣਾਇਆ ਗਿਆ। ਕੰਮ ਵਾਲੀਆਂ ਥਾਵਾਂ ’ਤੇ ਕੰਮਕਾਜੀ ਔਰਤਾਂ ਵਿਰੁੱਧ ਹੋਣ ਵਾਲੇ ਸੈਕਸ ਸ਼ੋਸ਼ਣ ਨੂੰ ਰੋਕਣ ਲਈ ਸਖਤ ਨਿਯਮ ਬਣਾਏ ਗਏ। ਇਸ ਦੇ ਨਾਲ-ਨਾਲ ਔਰਤਾਂ ਨਾਲ ਰੋਜ਼ਾਨਾ ਹੋਣ ਵਾਲੀ ਘਰੇਲੂ ਹਿੰਸਾ ਨੂੰ ਰੋਕਣ ਲਈ ਸਾਲ 2005 ’ਚ ਮਹਿਲਾ ਰਖਵਾਲੀ ਕਾਨੂੰਨ ਬਣਾਇਆ ਗਿਆ ਪਰ ਇਨ੍ਹਾਂ ਸਾਰੀਆਂ ਵਿਵਸਥਾਵਾਂ ਦੇ ਬਾਵਜੂਦ ਸਮਾਜ ਦੀ ਮਾਨਸਿਕਤਾ ’ਚ ਅਜੇ ਵੀ ਕੋਈ ਖਾਸ ਤਬਦੀਲੀ ਨਹੀਂ ਆਈ। ਔਰਤਾਂ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਔਰਤਾਂ ਜ਼ਿਆਦਾਤਰ ਤਣਾਅਗ੍ਰਸਤ ਜ਼ਿੰਦਗੀ ਬਤੀਤ ਕਰਦੀਆਂ ਹਨ ਅਤੇ ਉਨ੍ਹਾਂ ’ਚ ਖੁਦਕੁਸ਼ੀ ਕਰਨ ਦੀ ਪ੍ਰਵਿਰਤੀ ਵਧਦੀ ਹੀ ਜਾ ਰਹੀ ਹੈ।
ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ ਅੰਕੜੇ ਅਨੁਸਾਰ ਪਤਾ ਲੱਗਦਾ ਹੈ ਕਿ ਦੇਸ਼ ’ਚ 15 ਤੋਂ 49 ਸਾਲ ਦੀ ਉਮਰ ਵਰਗ ’ਚ 20 ਫੀਸਦੀ ਵਿਆਹੀਆਂ ਔਰਤਾਂ ਨੇ ਆਪਣੇ ਜੀਵਨਸਾਥੀ ਦੀ ਹਿੰਸਾ ਝੱਲੀ ਹੈ ਅਤੇ ਇਸ ਵਰਗ ’ਚ ਹੀ ਸੁਆਣੀਆਂ ਸਭ ਤੋਂ ਵੱਧ ਖੁਦਕੁਸ਼ੀਆਂ ਕਰਦੀਆਂ ਹਨ।
ਅੱਜ ਦੇ ਨੌਜਵਾਨਾਂ ’ਚ ਵਿਦੇਸ਼ਾਂ ’ਚ ਰਹਿਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਉਹ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ਾਂ ’ਚ ਪਹੁੰਚ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੇ ਮਨ ’ਚ ਉੱਥੋਂ ਦੇ ਪੱਕੇ ਨਿਵਾਸੀ ਬਣਨ ਦਾ ਲਾਲਚ ਪੈਦਾ ਹੋ ਜਾਂਦਾ ਹੈ। ਉਹ ਆਪਣੇ ਮਾਤਾ-ਪਿਤਾ ਨੂੰ ਦੱਸਣ ਦੀ ਬਜਾਏ ਵਿਦੇਸ਼ੀ ਲੜਕੀਆਂ ਨਾਲ ਿਵਆਹ ਕਰ ਲੈਂਦੇ ਹਨ। ਵਤਨ ਆਉਣ ’ਤੇ ਉਹ ਦੂਜਾ ਵਿਆਹ ਵੀ ਕਰ ਲੈਂਦੇ ਹਨ ਪਰ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਦੇ ਵਿਦੇਸ਼ੀ ਵਿਆਹ ਦਾ ਪਤਾ ਲੱਗ ਜਾਂਦਾ ਹੈ ਅਤੇ ਹੁਣ ਦੇਸੀ ਲੜਕੀ ਕੋਲ ਤਣਾਅਗ੍ਰਸਤ ਹੋਣ ਦੇ ਇਲਾਵਾ ਕੁਝ ਨਹੀਂ ਬਚਦਾ ਅਤੇ ਉਸ ’ਚ ਖੁਦਕੁਸ਼ੀ ਦੀ ਪ੍ਰਵਿਰਤੀ ਪੈਦਾ ਹੋਣ ਲੱਗਦੀ ਹੈ।
ਬਾਲ ਵਿਆਹ ਵੀ ਅਜਿਹੀਆਂ ਘਟਨਾਵਾਂ ਲਈ ਉਤਰਦਾਈ ਹੈ। ਬਾਲ ਿਵਆਹ ਦੇ ਕਾਰਨ ਇਸਤਰੀ ਖੁਦ ਦਾ ਫੈਸਲਾ ਨਹੀਂ ਲੈ ਸਕਦੀ। ਪ੍ਰਪੱਕ ਨਾ ਹੋਣ ਕਾਰਨ ਉਹ ਤਣਾਅ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੀ ਹੈ।
ਗਰੀਬੀ ਵੀ ਇਕ ਅਜਿਹਾ ਸਰਾਪ ਹੈ ਕਿ ਕਈ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਕ ਔਰਤ ਜਿਸ ਦਾ ਪਤੀ ਸ਼ਰਾਬੀ ਜਾਂ ਕੁਝ ਵੀ ਨਾ ਕਮਾਉਂਦਾ ਹੋਵੇ ਅਤੇ ਘਰ ’ਚ ਤਿੰਨ-ਚਾਰ ਬੱਚੇ ਅਤੇ ਉਹ ਵੀ ਲੜਕੀਆਂ ਹੀ ਹੋਣ ਤਾਂ ਇਕੱਲੀ ਲਾਚਾਰ ਔਰਤ ਬੇਵੱਸ ਹੋ ਕੇ ਖੁਦਕੁਸ਼ੀ ਕਰ ਲੈਣ ਦੀ ਸੋਚਦੀ ਹੈ।
ਸਮਾਜ ਦੇ ਸਾਰੇ ਲੋਕਾਂ ਦੀ ਆਪਣੀ ਗਿੱਦ ਭਰੀ ਮਾਨਸਿਕਤਾ ’ਚ ਤਬਦੀਲੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀਆਂ ਧੀਆਂ ਤੇ ਭੈਣਾਂ ਹਨ ਅਤੇ ਜੇਕਰ ਉਨ੍ਹਾਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰਨ ਤਾਂ ਉਹ ਇਸ ਦੇ ਬਾਰੇ ’ਚ ਕੀ ਕਰਨਗੇ? ਆਪਣੀ ਸੌੜੀ ਮਾਨਸਿਕ ਸੋਚ ਨੂੰ ਹਾਂਪੱਖੀ ਢੰਗ ਨਾਲ ਜਾਗ੍ਰਿਤ ਕਰਨ ਦੀ ਲੋੜ ਹੈ। ਇਸ ਦੇ ਨਾਲ-ਨਾਲ ਨਿਆਇਕ ਪ੍ਰਕਿਰਿਆ ਨੂੰ ਵੀ ਚੁਸਤ-ਦਰੁਸਤ ਕਰਨ ਦੀ ਵੱਡੀ ਲੋੜ ਹੈ ਜਿਸ ਨਾਲ ਪੀੜਤ ਔਰਤ ਨੂੰ ਤੁਰੰਤ ਨਿਆਂ ਮਿਲੇ ਅਤੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਇਸੇ ਤਰ੍ਹਾਂ ਮਹਿਲਾ ਸਸ਼ਕਤੀਕਰਨ ਲਈ ਹੋਰ ਵੀ ਵੱਧ ਕੋਸ਼ਿਸ਼ ਕਰਨ ਦੀ ਲੋੜ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.