ਇਹ ਗੱਲ 1997 ਦੀ ਹੋਵੇਗੀ। ਪਹਿਲੀ ਵਾਰੀ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ ਅਖਾੜਾ ਸੁਣਿਆ ਭੀਖੀ ਦੀ ਦਾਣਾ ਮੰਡੀ ਵਿਚ। ਦੋਵਾਂ ਭਰਾਵਾਂ ਨੇ ਕਮਾਲਾਂ ਕਰ ਦਿੱਤੀਆਂ। ਉਥੇ ਇਨਾਂ ਦੀ ਸਰੋਤਿਆਂ ਨਾਲ ਕੁਝ ਕੁਝ ਤਲਖੀ ਜਿਹੀ ਹੋਈ। ਹੁਣ ਭੁੱਲ ਗਿਆ ਹਾਂ ਕਿ ਹੋਇਆ ਕੀ ਸੀ? ਉਦੋਂ ਮੈਂ ਜਲਧੰਰੋ ਛਪਦੇ ਹਰਜਿੰਦਰ ਬੱਲ ਦੇ ਰਸਾਲੇ 'ਮਿਊਜਿਕ ਟਾਈਮਜ਼' ਦਾ ਸਹਾਇਕ ਸੰਪਾਦਕ ਸਾਂ ਤੇ ਉਸ 'ਚ ਕਾਲਮ ਵੀ ਲਿਖਦਾ ਸਾਂ। ਭੀਖੀ ਵਿਖੇ ਹੋਈ ਉਸ ਤਲਖੀ ਬਾਰੇ ਮੈਂ ਕਾਲਮ ਵਿਚ ਲਿਖ ਦਿੱਤਾ। ਗਾਉਣ ਵਾਲੇ, ਗੀਤਕਾਰ, ਸੰਗੀਤਕਾਰ ਸਭ ਉਹ ਰਸਾਲਾ ਪੜਦੇ ਸਨ ਤੇ ਹਰਭਜਨ ਮਾਨ ਨੇ ਵੀ ਮੇਰਾ ਲਿਖਿਆ ਪੜ ਲਿਆ ਸੀ।
ਇਕ ਦਿਨ ਜਲੰਧਰ ਤੋਂ ਮੇਰਾ ਮਿੱਤਰ ਸੁਪਨਦੀਪ ਸੰਧੂ, ਜੋ ਹਰਭਜਨ ਦੇ ਬਹੁਤ ਨੇੜੇ ਸੀ, ਮੈਨੂੰ ਆਪਣੀ ਮਾਰੂਤੀ ਕਾਰ 'ਚ ਬਿਠਾਲਕੇ ਹਰਭਜਨ ਮਾਨ ਨਾਲ ਮਿਲਾਉਣ ਚਲਾ ਗਿਆ। ਇਹ ਮੇਰੀ ਹਰਭਜਨ ਨਾਲ ਪਹਿਲੀ ਮਿਲਣੀ ਸੀ। ਗੱਲਾਂ ਕਰਦੇ-ਕਰਦੇ ਤੇ ਰੋਟੀ ਖਾਂਦੇ ਉਹਨੇ ਗਿਲਾ ਕਰਿਆ ਕਿ ਭੀਖੀ ਵਾਲੀ ਗੱਲ ਰਸਾਲੇ ਵਿਚ ਲਿਖਕੇ ਕੀ ਲੱਭਾ ਤੈਨੂੰ? ਸਰ ਵੀ ਸਕਦਾ ਸੀ--- ਜੇ ਨਾ ਲਿਖਦਾ ਤਾਂ। ਮੈਂ ਮਹਿਸੂਸ ਕੀਤਾ, ਬਿਲਕੁੱਲ ਸਰ ਸਕਦਾ ਸੀ। ਉਦੋਂ ਕੁ ਜਿਹੇ ਅਵਤਾਰ ਸਿੰਘ ਬਰਾੜ ਦੀ ਸਾਦਿਕ ਚੌਂਕ ਵਿਚ ਰੈਲੀ ਹੋਈ। ਬੜਾ ਇਕੱਠ ਸੀ। ਹਰਭਜਨ ਤੇ ਗੁਰਸੇਵਕ ਮਿਰਜਾ ਗਾ ਰਹੇ ਸਨ। ਲੋਕ ਸਾਹ ਰੋਕ ਕੇ ਸੁਣ ਰਹੇ ਸੀ। ਗਾ ਕੇ ਕਾਹਲੀ ਨਾਲ ਉਹ ਨਿਕਲ ਗਏ। ਮੈਂ ਦੂਰੋਂ ਹੀ ਫਤਹਿ ਬੁਲਾ ਸਕਿਆ। ਹਰਭਜਨ ਨੂੰ ਖਿਮਾਂ ਦੀ ਚਿੱਠੀ ਲਿਖੀ। ਉਹਨੀਂ ਦਿਨੀਂ ਉਹ ਖੁਦ ਚਿੱਠੀਆਂ ਦੇ ਜੁਆਬ ਲਿਖਦਾ ਹੁੰਦਾ।
ਉਹਦੀ ਬੜੀ ਪਿਆਰੀ ਚਿੱਠੀ ਆਈ ਕਿ ਸਾਦਿਕ ਰਸ਼ ਬਹੁਤ ਸੀ ਤੇ ਅਗਾਂਹ ਪ੍ਰੋਗਰਾਮ ਉਤੇ ਜਾਣ ਦੀ ਕਾਹਲ ਕਾਰਨ ਮਿਲ ਨਹੀਂ ਸਕੇ, ਹੁਣ ਕਿਸੇ ਦਿਨ ਪਟਿਆਲੇ ਗੇੜਾ ਮਾਰੀਂ। ਮੋਬਾਈਲ ਫੋਨ ਹਾਲੇ ਨਹੀ ਸੀ ਆਇਆ। ਚਿੱਠੀ-ਚਪੱਠੀ ਤੇ ਘਰ ਵਾਲੇ ਫੋਨ ਉਤੇ ਗੱਲਬਾਤ ਹੋਣ ਲੱਗੀ। ਇਕ ਦਿਨ ਉਹ ਆਖਣ ਲੱਗਾ ਕਿ ਮੇਰਾ ਉਸਤਾਦ ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਬਾਪੂ ਜੀ, (ਦਾਦਾ ਸਹੁਰਾ) ਟੋਰਾਂਟੋ ਤੋਂ ਪਿੰਡ ਰਾਮੂਵਾਲੇ ਆਏ ਹੋਏ ਨੇ, ਕਿੰਨਾ ਚੰਗਾ ਹੋਵੇ ਕਿ ਹੁਣ ਤੂੰ ਉਸਤਾਦ ਯਮਲਾ ਜੀ ਤੇ ਪੂਰਨ ਸ਼ਾਹਕੋਟੀ ਉਤੇ ਕਿਤਾਬਾਂ ਲਿਖਣ ਬਾਅਦ ਬਾਪੂ ਪਾਰਸ ਜੀ ਬਾਰੇ ਵੀ ਇਕ ਖੂਬਸੂਰਤ ਕਿਤਾਬ ਲਿਖੇਂ। ਹਰਭਜਨ ਨੇ ਬਾਪੂ ਜੀ ਨੂੰ ਫੋਨ ਕਰਕੇ ਦੱਸ ਦਿੱਤਾ ਤੇ ਮੇਰੀ ਗੱਲ ਵੀ ਬਾਪੂ ਜੀ ਨਾਲ ਕਰਵਾ ਦਿੱਤੀ ਤੇ ਮੈਂ ਝੋਲਾ ਮੋਢੇ ਪਾ ਰਾਮੂਵਾਲੇ ਨੂੰ ਤੁਰ ਪਿਆ।
*
ਕਿਤਾਬ ਉਤੇ ਦੱਬ ਕੇ ਮੇਹਨਤ ਕੀਤੀ। ਕਿਤਾਬ ਸੁਹਣੀ ਛਪੀ। ਸੰਗਰੂਰ ਮੰਗਵਾਲ ਦੀ ਸਾਹਿਤ ਸਭਾ ਨੇ ਵੱਡਾ ਸਮਾਗਮ ਰਖਕੇ ਰਿਲੀਜ ਕੀਤੀ, ਹਰਭਜਨ ਵੀ ਆਇਆ ਤੇ ਹੋਰ ਬਹੁਤ ਹਸਤੀਆਂ ਆਈਆਂ। ਸਮਾਗਮ ਬਾਅਦ ਹਰਭਜਨ ਗਲੱਵਕੜੀ ਵਿਚ ਲੈਕੇ ਤੇ ਅੱਖਾਂ ਭਰ ਕੇ ਬੋਲਿਆ," ਅੱਜ ਤੋਂ ਤੂੰ ਮੇਰਾ ਛੋਟਾ ਭਰਾ ਐਂ, ਬਸ--।"
ਉਸ ਦਿਨ ਤੋਂ ਸਾਡੀ ਪਰਿਵਾਰਕ ਸਾਂਝ ਬੱਝ ਗਈ। ਲਗਭਗ ਪੱਚੀ ਸਾਲ ਦੇ ਬੀਤੇ ਇਸ ਅਰਸੇ ਦੌਰਾਨ ਬੜੇ ਉਤਰਾਅ ਚੜਾਅ ਆਏ। ਮਨ-ਮੁਟਾਵ ਵੀ ਹੋਏ। ਉਂਗਲ ਬਾਜ ਹਾਵੀ ਹੋ ਗਏ ਸਨ। (ਕੁਛ ਕੁਛ ਦਾ ਜਿਕਰ ਕਰਾਂਗਾ)। ਪਰ ਮੋਹ ਦੀ ਇਕ ਉਹ ਮਹੀਨ ਤੰਦੀ ਨੂੰ ਕੋਈ ਆਂਚ ਨਾ ਆਈ। ਕਦੇ-ਕਦੇ ਦੋ-ਦੋ ਸਾਲ ਨਾ ਮਿਲੇ। ਸਾਲ-ਸਾਲ ਗੱਲ ਹੀ ਨਾ ਹੋਣੀ। ਜਦ ਮਿਲਣਾ, ਬਹਿਕੇ ਰੋ ਲੈਣਾ। ਦਿਲ ਹੌਲੇ ਹੋ ਜਾਣੇ। ਮੋਹ ਨਾਲ ਮਿਲੀਆਂ ਗਾਲਾਂ ਵੀ ਸੁਣ ਲੈਂਦਾ ਵੱਡੇ ਭਰਾ ਤੋਂ। ਗੱਲਾਂ ਕਿਲੀਅਰ ਹੋ ਜਾਣੀਆਂ। ਮਾੜਾ-ਮੋਟਾ ਕੌੜਾ ਪਾਣੀ ਪੀ ਕੇ ਚਾਂਘਰਾ ਵੀ ਮਾਰਦੇ ਤੇ ਵਿਰੋਧੀਆਂ ਦੀਆਂ ਚੁਗਲੀਆਂ ਵੀ ਕਰਦੇ। ਹਾਸੇ ਆਪਣੇ ਆਪ ਫੁੱਟੀ ਜਾਂਦੇ। ਗਾਈ ਵੀ ਜਾਣਾ ਨਾਲ-ਨਾਲ। ਕਈ-ਕਈ ਦਿਨ ਤੇ ਰਾਤਾਂ ਇਕੱਠੇ ਤੁਰੇ ਫਿਰਨਾ, ਲੰਬੇ-ਲੰਬੇ ਸਫਰਾਂ ਉਤੇ। ਜਦ ਘਰੋਂ-ਘਰੀ ਜਾਣ ਦਾ ਵੇਲਾ ਆਉਣਾ, ਤਾਂ ਦਿਲ ਨਾ ਕਰਨਾ ਜਾਣ ਨੂੰ। ਉਹਦੀਆਂ ਅੱਖਾਂ ਭਰੀਆਂ ਹੁੰਦੀਆਂ ਵਿਛੜਨ ਵੇਲੇ। ਤੋਰਨ ਵੇਲੇ, ਕਦੇ-ਕਦੇ ਆਪਣੀ ਅਲਮਾਰੀ ਚੋਂ ਕਢਕੇ ਟੀ-ਸ਼ਰਟ ਮੇਰੇ ਬੈਗ ਵਿਚ ਪਾ ਦਿੰਦਾ। ਕਦੇ ਕੈਨੇਡੀਅਨ ਪਰਿਫਿਊਮ ਦੀ ਸ਼ੀਸ਼ੀ, ਤੇ ਕਦੇ-ਕਦੇ ਜੇਬ ਤੱਤੀ ਵੀ ਕਰ ਦਿੰਦਾ। ਮੈਨੂੰ ਯਾਦ ਹੈ, ਇਕ ਦਿਨ ਆਖਣ ਲੱਗਿਆ, "ਆ ਤੈਨੂੰ ਇਕ ਟਿਊਨ ਸੁਣਾਵਾਂ ਉਏ ਨਿੰਦਰਾ।" ਉਹਨੇ ਹਰਮੋਨੀਅਮ ਦੀ ਸੁਰ ਛੇੜੀ ਤੇ ਗਾਇਆ,
ਅੱਖੀਆਂ ਦਾ ਸਾਵਣ ਪਾਉਂਦਾ ਵੈਣ,
ਰੋਂਦੇ ਨੇ ਨੈਣ, ਤੂੰ ਪਰਦੇਸ ਵੇ
ਕੱਲਿਆਂ ਨਾ ਆਵੇ ਦਿਲ ਨੂੰ ਚੈਨ,
ਤੂੰ ਪ੍ਰਦੇਸ ਵੇ।
ਧੁਨ ਦਰਦੀਲੀ। ਆਵਾਜ ਵੀ ਦਰਦ ਪਰੁੱਚੀ। ਗੀਤ ਦੇ ਬੋਲ ਵੀ ਵਿਯੋਗੀ। ਅੱਖਾਂ ਨਮ। ਕਿਆ ਬਾਤ ਸੀ। ਥੋੜੇ ਦਿਨਾਂ ਬਾਅਦ ਉਸਨੇ ਇਹ ਗੀਤ ਰਿਕਾਰਡ ਕਰਵਾ ਦਿੱਤਾ, ਲੋਕਾਂ ਨੂੰ ਖੂਬ ਪਸੰਦ ਆਇਆ।
ਇਕ ਸਮਾਂ ਆਇਆ, ਸਾਲ ਭਰ ਉਹਨੇ ਵੀ ਨਾ ਫੋਨ ਕੀਤਾ ਤੇ ਮੈਂ ਵੀ ਨਾ ਕੀਤਾ। ਸਾਦਿਕ ਮੈਂ ਆਪਣੇ ਦੋਸਤ ਅਰੋੜਾ ਜੀ ਦੇ ਮੈਡੀਕਲ ਸਟੋਰ ਉਤੇ ਰੋਜ ਵਾਂਗ ਬੈਠਾ ਸਾਂ ਬਾਹਰ ਧੁੱਪੇ। ਹਰਭਜਨ ਬਾਈ ਅਰੋੜੇ ਦੀ ਕਲੀਨਿਕ ਵੱਲ ਦੇਖਦਾ ਮਰਾੜਾਂ ਨੂੰ ਲੰਘ ਗਿਆ। ਪਹਿਲਾਂ ਹਰ ਵਾਰ ਮੈਨੂੰ ਮਿਲਕੇ ਜਾਂ ਨਾਲ ਲੈਕੇ ਮਰਾੜੀਂ ਬਾਬੂ ਸਿੰਘ ਮਾਨ ਕੋਲ ਜਾਂਦਾ ਸੀ। ਕੋਲੋਂ ਕਿਸੇ ਦੋਸਤ ਨੇ ਕਿਹਾ ਕਿ ਹਰਭਜਨ ਮਾਨ ਤੇਰੇ ਨਾਲ ਗੁੱਸੇ ਆ, ਸਿੱਧਾ ਲੰਘ ਗਿਆ ਐ ਅਜ ਤਾਂ। ਮੈਂ ਚੁੱਪ ਕਰਿਆ ਰਿਹਾ ਪਰ ਦਿਲ ਦੁਖਿਆ। ਆਥਣੇ ਮੈਂ ਪਿੰਡ ਆ ਗਿਆ। ਇਕ ਦਿਨ ਮੈਂ ਘਰੋਂ ਵੀ ਕਿਸੇ ਗੱਲੋਂ ਗੁੱਸੇ ਸੀ ਤੇ ਕਲੀਨਿਕ ਦੇ ਬਾਹਰ ਹੀ ਬੈਠਾ ਸਾਂ। ਇਕ ਟਰਾਲੀ ਲੰਘੀ। ਹਰਭਜਨ ਦਾ ਗੀਤ ਵੱਜ ਰਿਹਾ ਸੀ:
ਬਸ ਦੋ ਦਿਨ ਜਿੰਦਗੀ ਹੋਰ, ਢੋਲਾ ਕਿਓਂ ਰੁੱਸਣੈ।
ਵੇ ਮੈਂ ਮਿੰਨਤਾਂ ਕਰਾਂ ਹੱਥ ਜੋੜ, ਢੋਲਾ ਕਿਓਂ ਰੁੱਸਣੈ। ਮੈਂ ਰਹਿ ਨਾ ਸਕਿਆ। ਫੋਨ ਮਿਲਾਇਆ। ਪਹਿਲੀ ਰਿੰਗੇ ਚੱਕ ਲਿਆ, ਤੇ ਉਹ ਬੋਲਿਆ, "ਤੂੰ ਹੈਗਾ ਐਂ, ਮਰ ਨੀ ਗਿਆ ਸੀ? ਕੱਲ ਨੂੰ ਆਜਾ ਬੰਦਾ ਬਣਕੇ, ਨਹੀਂ ਕੁੱਟੂੰ ਬਹੁਤ!"
ਮੈਂ ਉਹਦੇ ਵੱਲ ਚੱਲ ਪਿਆ ਮੋਹਾਲੀ ਨੂੰ।
( ਬਾਕੀ ਫੇਰ)
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.