ਆਲਸ ਦੀ ਆਦਤ ਜੋ ਵਿਗਾੜ ਰਹੀ ਏ ਸਿਹਤ
ਆਲਸ ਦਾ ਤਿਆਗ ਕਰ ਕੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੀ ਉੱਤਮ ਜੀਵਨ ਦੀ ਨਿਸ਼ਾਨੀ ਹੈ
ਜੇਕਰ ਆਲਸ ਨਾਮਕ ਬਿਮਾਰੀ ਦਾ ਤਿਆਗ ਨਾ ਕੀਤਾ ਗਿਆ ਤਾਂ ਜਿਵੇਂ ਦੀ ਜ਼ਿੰਦਗੀ ਆਲਸ ਨਾਲ
ਭਰ ਕੇ ਨਿਰਾਸ਼ਾ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੋ ਉਸੇ ਤਰਾਂ ਬਾਕੀ ਰਹਿੰਦੀ ਅਨਮੋਲ
ਜ਼ਿੰਦਗੀ ਦੇ ਪਲਾਂ ਨੂੰ ਵੀ ਨਿਰਾਸਤਾ ਅਤੇ ਉਦਾਸੀ ਭਰਿਆ ਬਣਾ ਕੇ ਬਗੈਰ ਖੁੱਸੀਆਂ ਦੇ
ਖੇੜਿਆਂ ਨੂੰ ਲੁੱਟਿਆਂ ਬਿਤਾਉਣਾ ਪਵੇਗਾ।
ਇਹ ਤਾਂ ਸੱਚ ਹੈ ਕਿਹਾ ਕਿ "ਵਾਰਿਸ ਸਾਹ ਨਾ ਆਦਤ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ
ਪੋਰੀਆਂ ਜੀ" ਪਰ ਮਾੜੀਆਂ ਆਦਤਾਂ ਨੂੰ ਛੱਡਣਾ ਵੀ ਇੰਨਾ ਔਖਾਲਾ ਕੰਮ ਨਹੀਂ ਹੈ ਜਿਨ੍ਹਾਂ
ਇਨਸਾਨੀ ਸੋਚ ਨੇ ਸੋਚ ਰੱਖਿਆ ਹੈ ਜੇਕਰ ਕਿਸੇ ਭੈੜੀ ਮਾੜੀ ਗੱਲ ਦੀ ਆਦਤ ਪੈ ਵੀ ਗਈ ਤਾਂ
ਉਸ ਨੂੰ ਦੂਰ ਕਰਨਾ ਆਸਾਨ ਨਹੀਂ ਹੈ ਪਰ ਸੱਚ ਤਾਂ ਇਹ ਹੈ ਕਿ ਕਿਸੇ ਵੀ ਆਦਤ ਨੂੰ ਬਦਲਣਾ
ਬਹੁਤ ਜ਼ਿਆਦਾ ਔਖਾ ਨਹੀਂ ਹੁੰਦਾ ਪਰ ਇਸ ਲਈ ਮਜ਼ਬੂਤ ਇਰਾਦਿਆਂ ਦੀ ਜ਼ਰੂਰਤ ਹੁੰਦੀ ਹੈ ਜੋ
ਕਿ ਹਰ ਇੱਕ ਇਨਸਾਨ ਵਿਚ ਅਵੱਲੇ ਜਿਹੇ ਗੁਣ ਦੇ ਰੂਪ ਵਿਚ ਛੁਪੀ ਹੁੰਦੀ ਹੈ ਬਸ ਪਹਿਚਾਣ
ਦੀ ਲੋੜ ਹੋਣੀ ਚਾਹੀਦੀ ਹੈ।
ਮਾਹਿਰਾਂ ਦੁਆਰਾ ਕੀਤੀਆਂ ਗਈਆਂ ਬਹੁਤ ਸਾਰੀਆਂ ਖੋਜਾਂ ਮੁਤਾਬਿਕ ਇੱਕ ਕੰਮ ਨੂੰ
ਲਗਾਤਾਰ 21 ਦਿਨ ਕਰਦੇ ਰਹੋ ਤਾਂ ਉਸ ਕੰਮ ਦੀ ਆਦਤ ਹੋ ਜਾਂਦੀ ਹੈ। ਅਸਲ ਵਿਚ ਕਿਸੇ ਵੀ
ਛੋਟੀ-ਛੋਟੀ ਗੱਲ ਵੱਲ ਖ਼ਾਸ ਧਿਆਨ ਨਾ ਦੇਣਾ ਹੀ ਸਿਹਤ ਲਈ ਹਾਨੀਕਾਰਕ ਬਣ ਜਾਂਦਾ ਹੈ।
ਅਕਸਰ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਜਾਂ ਜਲਦੀ-ਜਲਦੀ 'ਚ ਸਵੇਰ ਦਾ ਬ੍ਰੇਕਫਾਸਟ
ਕਰਨਾਂ ਛਡ ਹੀ ਦਿੰਦੇ ਹਨ ਜੋ ਕਿ ਤੰਦਰੁਸਤ ਸਿਹਤ ਲਈ ਬਿਲਕੁਲ ਠੀਕ ਨਹੀਂ। ਯਾਦ ਰਹੇ
ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਖਾਣਾ ਹੁੰਦਾ ਹੈ। ਇੱਕ ਗੱਲ ਹੋਰ ਵੀ
ਦਿਨ 'ਚ 5 ਤੋਂ 6 ਬਾਰ ਹਲਕੇ ਸਨੈਕਸ ਲੈਂਦੇ ਰਹਿਣੇ ਚਾਹੀਦੇ ਹਨ। ਨਾਸ਼ਤੇ 'ਚ ਪ੍ਰੋਟੀਨ
ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਕਹਿੰਦੇ ਨੇ ਕਿ ਬੰਦਾ ਪੇਟ ਪਾਲਣ ਲਈ ਹੀ ਤਾਂ ਕਮਾਉਂਦਾ
ਹੈ ਪਰ ਖਾਣ ਲੱਗਿਆਂ ਸਭ ਤੋਂ ਘੱਟ ਧਿਆਨ ਦਿੰਦਾ ਹੈ। ਆਫਿਸ ਜਾਂ ਕਿਤੇ ਹੋਰ ਕੰਮ ਕਰਨ
ਲਈ ਫਟਾਫਟ ਖਾਣਾ ਖਾ ਜਾ ਕਹਿ ਦੇਈਏ ਕਿ ਠੁੱਸ ਲੈਂਦੇ ਹਾਂ ਇਹ ਅਕਲਮੰਦੀ ਨਹੀਂ ਹੈ। ਜਦ
ਕਿ ਮਾਹਿਰ ਡਾਕਟਰਾਂ ਦੇ ਮੁਤਾਬਿਕ ਖਾਣੇ ਨੂੰ ਸਹਿਜ ਸੁਭਾਅ ਨਾਲ ਖ਼ੂਬ ਚਬਾ ਚਬਾ ਕੇ
ਖਾਣਾ ਚਾਹੀਦਾ ਹੈ। ਇਸ ਨਾਲ ਖਾਣਾ ਸਹੀ ਹਜ਼ਮ ਹੁੰਦਾ ਹੈ। ਗ਼ਲਤ ਸ਼ੂਜ਼ ਪਾਉਣਾ ਵੀ ਇੱਕ
ਵੱਡੀ ਗ਼ਲਤੀ ਹੈ ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹੋ ਸਕਦਾ ਹੈ। ਸਰੀਰ ਦੇ ਅਹਿਮ ਅੰਗ
ਪੈਰ ਜੇਕਰ ਸਹੀ ਨਹੀਂ ਮਹਿਸੂਸ ਕਰਦੇ ਤਾਂ ਤੁਹਾਨੂੰ ਬੇਹੱਦ ਥਕਾ ਸਕਦੇ ਹਨ। ਚੰਗੇ
ਸ਼ੂਜ਼/ਬੂਟ ਦੀ ਚੋਣ ਕਰਨੀ ਚਾਹੀਦੀ ਹੈ ਜੋ ਹਲਕੇ ਤੇ ਅੰਦਰੋਂ ਨਰਮ ਹੋਣ। ਇੱਕ ਹੋਰ ਅਹਿਮ
ਗੱਲ ਜੋ ਕਿ ਸਾਂਝੀ ਕਰਨੀ ਜ਼ਰੂਰ ਚਾਹਗਾਂ ਅਕਸਰ ਲੋਕ ਦੰਦਾਂ ਦੀ ਸਫ਼ਾਈ ਵਾਲੇ ਬੁਰਸ਼ ਨੂੰ
ਛੋਟੀ ਜਿਹੀ ਚੀਜ਼ ਸਮਝ ਕੇ ਬਹੁਤਾ ਧਿਆਨ ਨਹੀਂ ਦਿੰਦੇ। ਹਾਲਾਂਕਿ ਇਹ ਸਾਡੇ ਸਰੀਰ ਦੀ
ਸਫ਼ਾਈ ਲਈ ਬੇਹੱਦ ਅਹਿਮ ਹਨ। 3-4 ਮਹੀਨਿਆਂ 'ਚ ਬੁਰਸ਼ ਬਦਲ ਲੈਣਾ ਚਾਹੀਦਾ ਹੈ। ਦਿਨ 'ਚ
ਦੋ ਵਾਰ ਬੁਰਸ਼ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਦੰਦ ਸਾਫ਼ ਤੇ ਸਿਹਤਮੰਦ ਰਹਿੰਦੇ
ਹਨ। ਘੱਟ ਸੌਣ ਨਾਲ ਮੋਟਾਪੇ ਦਾ ਸ਼ਿਕਾਰ ਬਣਨਾ ਪੈ ਸਕਦਾ ਹੈ। ਹੋਰ ਵੀ ਕਈ ਬਿਮਾਰੀਆਂ ਦਾ
ਘਰ ਹੈ ਘੱਟ ਨੀਂਦ। ਵਰਜ਼ਿਸ਼ ਨਾ ਕਰਨਾ ਬੇਹੱਦ ਘਾਤਕ ਹੋ ਸਕਦਾ ਹੈ ਰੋਜ਼ਾਨਾ ਵਿਚ ਇਸ ਦੀ
ਆਦਤ ਵੀ ਚੰਗੀ ਸਿਹਤ ਦਾ ਰਾਜ ਹੈ। ਛੋਟੇ-ਛੋਟੇ ਪੈਂਡੇ ਲਈ ਕਾਰ ਸਕੂਟਰ ਛੱਡ ਪੈਦਲ
ਚੱਲਣਾ ਚਾਹੀਦਾ ਹੈ। ਸਵੇਰ ਦੀ ਸੈਰ ਤੇ ਦੌੜ ਜੀਵਨ ਨੂੰ ਬਹੁਤ ਚੰਗੀ ਦਿਸ਼ਾ ਦੇ ਸਕਦੇ
ਹਨ। ਲੰਬੇ ਸਮੇਂ ਤੱਕ ਬਲੈਡਰ ਖ਼ਾਲੀ ਨਾ ਕਰਨਾ ਹਾਨੀਕਾਰਕ ਹੁੰਦਾ ਹੈ। ਇਸ ਨਾਲ ਬਲੈਡਰ
ਇਨਫੈਕਸ਼ਨ ਵੀ ਹੋ ਸਕਦੀ ਹੈ। ਇੱਕ ਹੀ ਮੋਢੇ 'ਤੇ ਲੰਬੇ ਸਮੇਂ ਤੱਕ ਲੈਪਟਾਪ ਟੰਗੇ ਰੱਖਣ
ਨਾਲ ਹੈਲਥ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
ਮੋਬਾਈਲ ਦੀ ਹੱਦ ਤੋਂ ਵੱਧ ਵਰਤੋਂ ਜਾਂ ਨਾਲ ਚਿਪਕ ਕੇ ਸੌਣਾ ਬੇਹੱਦ ਬੁਰੀ ਆਦਤ ਹੈ।
ਇਸ ਚੀਜ਼ ਤੋਂ ਹਰ ਕੋਈ ਵਾਕਫ਼ ਹੈ ਕਿ ਮੋਬਾਈਲ 'ਚੋਂ ਸਿਹਤ ਲਈ ਹਾਨੀਕਾਰਕ ਕਿਰਨਾਂ
ਨਿਕਲਦੀਆਂ ਹਨ। ਇਸ ਲਈ ਮੋਬਾਈਲ ਨੂੰ ਰਾਤ ਸਮੇਂ ਆਪਣੇ ਤੋਂ ਦੂਰ ਰੱਖ ਕੇ ਸੌਣਾ ਚਾਹੀਦਾ
ਹੈ। ਨਹੀਂ ਤਾਂ ਸਾਰੀ ਰਾਤ ਇਹ ਕਿਰਨਾਂ ਤੁਹਾਡੇ ਸਿਰ ਨਜ਼ਦੀਕ ਉਹ ਨੁਕਸਾਨ ਕਰਦੀਆਂ ਹਨ
ਜਿਸ ਤੋਂ ਤੁਸੀਂ ਵਾਕਫ਼ ਵੀ ਨਹੀਂ ਹੋ ਸਕਦੇ। ਜ਼ਿਆਦਾਤਰ ਲੋਕ ਟੀ-ਕਾਫੀ ਦੇ ਚਹੇਤੇ ਹੁੰਦੇ
ਹਨ। ਇੱਕ-ਦੋ ਕੱਪ ਠੀਕ ਹਨ ਪਰ ਇਸ ਤੋਂ ਜ਼ਿਆਦਾ ਕੱਪ ਤੁਹਾਡੇ ਸਰੀਰ 'ਤੇ ਬੇਹੱਦ ਮਾੜੇ
ਪ੍ਰਭਾਵ ਛੱਡਦੀ ਹੈ। ਇਸ 'ਚ ਮੌਜੂਦ ਕੈਫ਼ੀਨ ਤੁਹਾਨੂੰ ਜਲਦੀ ਬੁਢਾਪੇ ਵੱਲ ਲਿਜਾਂਦੀ ਹੈ।
ਦੰਦ ਪੀਲੇ ਹੁੰਦੇ ਹਨ ਤੇ ਖ਼ੂਨ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਵੀ ਕਈ
ਇਹੋ ਜਿਹੀਆਂ ਆਦਤਾਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਸਰੀਰ ਬਿਮਾਰੀਆਂ ਦੇ ਘੇਰੇ ਵਿਚ
ਫਸਦਾ ਜਾਂਦਾ ਹੈ ਸੋ ਜ਼ਿੰਦਗੀ ਦੇ ਇਸ ਹਸੀਨ ਸਫ਼ਰ ਨੂੰ ਬਗੈਰ ਕਿਸੇ ਤਣਾਅ ਅਤੇ ਕਿਸੇ ਨੂੰ
ਦੁੱਖ ਦਿੱਤਿਆਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਹੱਸਦੇ ਹਸਾਉਂਦਿਆਂ ਗੁਜ਼ਾਰਨਾ ਹੀ
ਚੰਗੀਆਂ ਆਦਤਾਂ ਅਤੇ ਉਚੇਰੇ ਜੀਵਨ ਦੀ ਨਿਸ਼ਾਨੀ ਹੈ।
-
ਹਰਮਿੰਦਰ ਸਿੰਘ ਭੱਟ, ਲੇਖਕ
ssspunjaborg@gmail.com
09914062205
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.