- ਮਹਾਂ ਝੂਠ ਬੋਲ ਕੇ ਵੋਟਰਾਂ ਨੂੰ ਭਰਮਾਉਂਦੀਆਂ ਹਨ ਰਾਜਨੀਤਕ ਪਾਰਟੀਆਂ
2022 ਦਾ ਚੋਣ ਦੰਗਲ ਸਿਖਰਾਂ ਤੇ ਹੈ। 20 ਫਰਵਰੀ ਨੂੰ ਜਿੱਥੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੀ ਰਾਜਨੀਤਕ ਕਿਸਮਤ ਦਾ ਫ਼ੈਸਲਾ ਪੰਜਾਬ ਦੇ ਵੋਟਰਾਂ ਨੇ ਕਰਨਾ ਹੈ ਉਥੇ ਵੋਟਰ ਖੁਦ ਵੀ ਰਾਜਨੀਤਕ ਝੂਠ ਦੇ ਵਿੱਚ ਠੱਗੇ ਜਾਣੇ ਹਨ। ਕਿਉਂਕਿ ਵੋਟਰਾਂ ਨਾਲ ਇਹ ਠੱਗੀ ਕੋਈ ਪਹਿਲੀ ਵਾਰ ਨਹੀਂ ਹੋਣੀ । ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਪਿਛਲੇ 3,4 ਦਹਾਕਿਆਂ ਤੋਂ ਪੰਜਾਬ ਦੇ ਵੋਟਰ ਰਾਜਨੀਤਕ ਪਾਰਟੀਆਂ ਵੱਲੋਂ ਜਾਰੀ ਕੀਤੇ ਝੂਠੇ ਚੋਣ ਮੈਨੀਫੈਸਟੋ ਦੇ ਸ਼ਿਕਾਰ ਹੋ ਰਹੇ ਹਨ ਕਿ ਇਹ ਰਾਜਨੀਤਕ ਪਾਰਟੀਆਂ ਕਹਿੰਦੀਆਂ ਕੁਝ ਹੋਰ ਅਤੇ ਕਰਦੀਆਂ ਕੁਝ ਹੋਰ ਹਨ । ਇਸ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਲੀਡਰਾਂ ਦੇ ਕਿਰਦਾਰ ਪੱਖੋਂ, ਇਖ਼ਲਾਕ ਪੱਖੋਂ ,ਸ਼ਖ਼ਸੀਅਤ ਪੱਖੋਂ ਵੱਡਾ ਨਿਘਾਰ ਆ ਗਿਆ ਹੈ ਪੰਜਾਬ ਦੇ ਆਰਥਿਕ , ਸਮਾਜਿਕ ,ਵਿੱਤੀ ਹਾਲਾਤ ਦਰ ਤੋਂ ਬੱਦਤਰ ਹੋ ਗਏ ਹਨ ।
ਇਸੇ ਕਰਕੇ ਲੋਕਾਂ ਵੱਲੋਂ ਇਕ ਮੰਗ ਉੱਠ ਰਹੀ ਹੈ ਇਹ ਹਰ ਪਾਰਟੀ ਵੱਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਇਕ ਇਕਰਾਰਨਾਮਾ ਹੋਣਾ ਚਾਹੀਦਾ ਹੈ ਲੋਕਾਂ ਨਾਲ ਕੀਤੇ ਵਾਅਦੇ ਨਾਂ ਪੂਰੇ ਹੋਣ ਤੇ ਪਾਰਟੀਆਂ ਦੀ ਰਾਜਨੀਤਕ ਮੈਂਬਰਸ਼ਿਪ ਖ਼ਤਮ ਹੋਣੀ ਚਾਹੀਦੀ ਹੈ ਅਤੇ ਚੋਣ ਲੜਨ ਵਾਲੇ ਨੇਤਾਵਾਂ ਨੂੰ ਕੀਤੇ ਵਾਅਦੇ ਨਾ ਪੂਰੇ ਕਰਨ ਤੇ ਅਯੋਗ ਕਰਾਰ ਦੇਣਾ ਚਾਹੀਦਾ ਹੈ । ਕਿਉਂਕਿ ਝੂਠੇ ਵਾਅਦੇ ਵੋਟਰਾਂ ਨਾਲ ਦਿਨ ਦਿਹਾਡ਼ੇ ਵਿਸ਼ਵਾਸਘਾਤ ਹੁੰਦਾ ਹੈ ।ਚੋਣ ਕਮਿਸ਼ਨ ਨੂੰ ਵੀ ਇਸ ਪ੍ਰਤੀ ਆਪਣਾ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਅਤੇ ਇਕ ਅਜਿਹਾ ਕਾਨੂੰਨ ਬਨਣਾ ਚਾਹੀਦਾ ਹੈ । ਜਿਸ ਤਹਿਤ ਕੋਈ ਵੀ ਰਾਜਨੀਤਕ ਪਾਰਟੀ ਆਪਣਾ ਝੂਠਾ ਚੋਣ ਮੈਨੀਫੈਸਟੋ ਜਾਂ ਝੂਠਾ ਵਾਅਦਾ ਨਾ ਕਰ ਸਕੇ ।
2012 ਅਤੇ 2017 ਦੇ ਚੋਣ ਮੈਨੀਫੈਸਟੋ ਮੈਨੀਫੈਸਟੋ ਵਿੱਚ ਜੋ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਜੋ ਵੋਟਰਾਂ ਨਾਲ ਵਾਅਦੇ ਕੀਤੇ ਉਹ ਇਸ ਤਰ੍ਹਾਂ ਹਨ ।
2012 ਦਾ ਅਕਾਲੀ- ਭਾਜਪਾ ਗੱਠਜੋੜ ਦਾ ਚੋਣ ਮੈਨੀਫੈਸਟੋ
----------------------------------------------
1. ਨੌਜਵਾਨਾਂ ਨੂੰ ਸਰਕਾਰ ਬਣਨ ਤੇ ਪ੍ਰਤੀ ਮਹੀਨਾ ਇੱਕ ਹਜਾਰ ਰੁਪਏ ਬੇਰੁਜ਼ਗਾਰੀ ਭੱਤਾ।
2. ਲੁਧਿਆਣਾ ਵਿੱਚ ਮੈਟਰੋ ਟਰੇਨ ਚੱਲੇਗੀ।
3. ਸਵੈ ਰੁਜ਼ਗਾਰ ਦੇ ਲਈ ਸਟਾਰਟਅੱਪ ਸਕੀਮ ਸ਼ੁਰੂ ਹੋਵੇਗੀ, ਇਸ ਸਕੀਮ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਤਿੰਨ ਪ੍ਰਤੀਸ਼ਤ ਵਿਆਜ ਤੇ ਲੋਨ ਮਿਲੇਗਾ ।
4. ਵੱਡੇ ਸ਼ਹਿਰਾਂ ਦੇ ਬੱਸ ਅੱਡੇ ਏ ਸੀ ਬਨਣਗੇ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲਣਗੀਆਂ ।
5. 5 ਏਕੜ ਤਕ ਜ਼ਮੀਨ ਦੇ ਕਿਸਾਨ ਨੂੰ ਪੰਜਾਹ ਹਜ਼ਾਰ ਰੁਪਏ ਦਾ ਲੋਨ ਬਿਨਾਂ ਵਿਆਜ ਮਿਲੇਗਾ ।
6. ਦਸਵੀਂ ਤੋਂ ਲੈ ਕੇ 10+2 ਤੱਕ ਸਕੂਲਾਂ ਦੀਆਂ ਲੜਕੀਆਂ ਨੂੰ ਮੁਫ਼ਤ ਲੈਪਟਾਪ ਅਤੇ ਇੰਟਰਨੈੱਟ ਦਾ ਕੁਨੈਕਸ਼ਨ ਫ੍ਰੀ ਹੋਵੇਗਾ ।
7. ਬੇਘਰੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਮਿਲਣਗੇ ।
8. ਨਸ਼ਿਆਂ ਉੱਤੇ ਵੱਡੇ ਪੱਧਰ ਤੇ ਲਗਾਮ ਪਵੇਗੀ ।
ਛੋਟੇ ਵਪਾਰੀਆਂ ਨੂੰ ਵਿਆਜ ਮੁਕਤ ਕਰਜ਼ੇ ਮਿਲਣਗੇ।
9. ਸਾਹਨੇਵਾਲ ਅਤੇ ਮਾਛੀਵਾੜਾ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਏਅਰਪੋਰਟ ਬਣੇਗਾ ।
10. ਸਾਰੀਆਂ ਫ਼ਸਲਾਂ ਤੇ ਕਿਸਾਨਾਂ ਨੂੰ ਐੱਮ ਐੱਸ ਪੀ ਦਿਆਂਗੇ ।
ਅਤੇ ਕਈ ਹੋਰ ਵਾਅਦੇ ਸਨ । ਇਨ੍ਹਾਂ ਵਿੱਚੋਂ ਕਿੰਨੇ ਵਾਅਦੇ ਪੂਰੇ ਹੋਏ ਇਹ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ ।
2017 ਵਿੱਚ ਕਾਂਗਰਸ ਸਰਕਾਰ ਵੱਲੋਂ ਦਿੱਤਾ ਗਿਆ ਚੋਣ ਮੈਨੀਫੈਸਟੋ
------------------------------------------
1. ਹਰ ਘਰ ਵਿੱਚ ਇਕ ਮੈਂਬਰ ਨੂੰ ਨੌਕਰੀ। (ਪੰਜਾਬ ਦੇ ਵਿੱਚ 55 ਲੱਖ ਦੇ ਕਰੀਬ ਪਰਿਵਾਰ ਵਸਦੇ ਹਨ ) ।
2 ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ । ਚਾਰ ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜ ਦਿੱਤਾ ਜਾਵੇਗਾ। ( ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ )।
3. ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਮਿਲੇਗਾ।
4. 36000 ਕੱਚੇ ਕਾਮੇ ਪੱਕੇ ਕੀਤੇ ਜਾਣਗੇ। 5. ਨੌਜਵਾਨਾਂ ਨੂੰ ਸਮਾਰਟ ਫੋਨ ਮਿਲਣਗੇ ।
6 . 2500 ਰੁਪਏ ਬੁਢਾਪਾ ਪੈਨਸ਼ਨ ਮਿਲੇਗੀ ।
7. ਉਦਯੋਗ ਅਤੇ ਵਪਾਰ ਆਜ਼ਾਦ ਹੋਣਗੇ ,ਜਿੱਥੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ ।
8.ਲੜਕੀਆਂ ਨੂੰ ਪੀ ਐਚ ਡੀ ਤੱਕ ਦੀ ਫ੍ਰੀ ਸਿੱਖਿਆ ਦਿੱਤੀ ਜਾਵੇਗੀ ।
9.ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਹੋਵੇਗਾ ਭਾਵੇਂ ਉਹ ਬੈਂਕਾਂ ਤੋਂ ਹੋਵੇ ਆਡ਼੍ਹਤੀਆਂ ਅਤੇ ਸ਼ਾਹੂਕਾਰਾਂ ਤੋਂ ਲਿਆ ਹੋਵੇ ।
10. ਕਿਸਾਨਾਂ ਨੂੰ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਮਿਲੇਗੀ।
11. ਨੌਜਵਾਨਾਂ ਨੂੰ 25000 ਟਰੈਕਟਰ ਸਬਸਿਡੀ ਤੇ ਮਿਲਣਗੇ।
ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਇਹ ਚੋਣ ਮੈਨੀਫੈਸਟੋ ਬਣਿਆ ਸੀ ਜਦ ਕਿ ਡਾ ਮਨਮੋਹਨ ਸਿੰਘ ਸਾਬਕਾ ਪ੍ਰਧਾਨਮੰਤਰੀ ਹੋਰਾਂ ਨੇ ਇਸ ਚੋਣ ਮੈਨੀਫੈਸਟੋ ਨੂੰ ਰਿਲੀਜ਼ ਕੀਤਾ ਸੀ ।
ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਇਸ ਵਾਰ ਵੀ ਵੱਖ ਵੱਖ ਪਾਰਟੀਆਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨਗੀਆਂ । ਵੋਟਰਾਂ ਨੂੰ ਭਰਮਾਉਣ ਲਈ ਵਿਕਾਸ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਣਗੇ । 2012 ਅਤੇ 2017 ਦੇ ਚੋਣ ਵਾਅਦਿਆਂ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਆਪਣੇ ਲੀਡਰਾਂ ਨੂੰ ਇਹ ਸਵਾਲ ਕਰਨੇ ਚਾਹੀਦੇ ਹਨ ਕਿ ਉਨ੍ਹਾਂ ਨੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਹਨ । ਜੇਕਰ ਉਨ੍ਹਾਂ ਦਾ ਜਵਾਬ ਤਸੱਲੀਬਖਸ਼ ਨਹੀਂ ਆਉਂਦਾ ਤਾਂ ਉਨ੍ਹਾਂ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਜੋ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਮੈਨੀਫੈਸਟੋ ਜਦੋਂ ਵੱਖ ਵੱਖ ਪਾਰਟੀਆਂ ਜਾਰੀ ਕਰਨ ਤਾਂ ਉਸ ਨੂੰ ਵੀ ਇਕ ਇਕਰਾਰਨਾਮੇ ਵਜੋਂ ਲੈਣਾ ਚਾਹੀਦਾ ਹੈ ਅਤੇ ਲੀਡਰਾਂ ਤੋਂ ਲਿਖਤੀ ਰੂਪ ਵਿੱਚ ਐਫੀਡੇਵਿਟ ਲੈਣਾ ਚਾਹੀਦਾ ਹੈ ਕਿ ਕੀ ਉਹ ਕੀਤੇ ਵਾਅਦੇ ਪੂਰੇ ਕਰਨਗੇ । ਹਰ ਪਿੰਡ ਨੂੰ ਅਤੇ ਹਰ ਮੁਹੱਲੇ ਨੂੰ ਆਪਣਾ ਚੋਣ ਮੈਨੀਫੈਸਟੋ ਤਿਆਰ ਕਰਨਾ ਚਾਹੀਦਾ ਹੈ ਜੋ ਪਿੰਡ ਜਾਂ ਮੁਹੱਲੇ ਦੇ ਵਿਕਾਸ ਦੀਆਂ ਮੁੱਖ ਮੰਗਾਂ ਹਨ ਉਹ ਰਾਜਨੀਤਕ ਪਾਰਟੀਆਂ ਨੂੰ ਹੁਣ ਤੋਂ ਹੀ ਇੱਕ ਮੰਗਪੱਤਰ ਦੇ ਰੂਪ ਵਿੱਚ ਦੇ ਦੇਣੀਆਂ ਚਾਹੀਦੀਆਂ ਹਨ ਜੇਕਰ ਉਹ ਇਨ੍ਹਾਂ ਮੰਗਾਂ ਨੂੰ ਪੂਰੀਆਂ ਨਹੀਂ ਕਰਦੇ ਤਾਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦੇਣਾ ਚਾਹੀਦਾ ਹੈ । ਜੇਕਰ ਇੰਝ ਹੋਵੇਗਾ ਫਿਰ ਹੀ ਇਨ੍ਹਾਂ ਲੀਡਰਾਂ ਤੋਂ ਕਿਸੇ ਸੁਧਾਰ ਦੀ ਗੁੰਜਾਇਸ਼ ਕੀਤੀ ਜਾ ਸਕਦੀ ਹੈ।ਪੰਜਾਬ ਦੇ ਲੋਕਾਂ ਵਿੱਚ ਇਹ ਜਾਗਰੂਕਤਾ ਜ਼ਰੂਰੀ ਹੈ ਜੇਕਰ ਵੋਟਰ ਅਤੇ ਪੰਜਾਬ ਦੇ ਲੋਕ ਹੁਣ ਵੀ ਨਾ ਜਾਗੇ ਫਿਰ ਪੰਜਾਬ ਦਾ ਰੱਬ ਹੀ ਰਾਖਾ!
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.