ਔਰਤਾਂ ਨੂੰ ਆਪਣੀ ਨਜ਼ਰੀਆ ਨੂੰ ਬਦਲ ਚਾਹੀਦਾ
ਔਰਤ ਹੀ ਔਰਤ ਦੀ ਦੁਸ਼ਮਣ' ਦਾ ਅਨੁਸਰਨ ਕਰਦੀਆਂ ਅਸੀਂ ਔਰਤਾਂ ਇਕ-ਦੂਜੀ ਦੀ ਲੱਤ ਖਿੱਚਣ 'ਤੇ ਲੱਗੀਆਂ ਰਹਿੰਦੀਆਂ ਹਾਂ। ਖ਼ੁਦ ਨੂੰ ਉੱਚਾ ਤੇ ਦੂਜੀਆਂ ਨੂੰ ਨੀਵਾਂ ਦਿਖਾਉਣ ਦੀ ਹੋੜ ਵਿੱਚ ਅਸੀਂ ਆਪਣੀਆਂ ਸਿਆਣਪਾਂ ਭੁੱਲਦੀਆਂ ਜਾ ਰਹੀਆਂ ਹਾਂ। ਅਸੀਂ ਔਰਤਾਂ ਆਪਣੀ ਸੁੱਘੜ-ਸੁਆਣੀ ਵਾਲੀ ਮਰਿਆਦਾ ਛਿੱਕੇ ਟੰਗੀ ਫ਼ਿਰਦੀਆਂ ਹਾਂ। ਥਾਂ ਚਾਹੇ ਕੋਈ ਵੀ ਹੋਵੇ; ਦਫ਼ਤਰ, ਆਂਢ-ਗੁਆਂਢ, ਸਕੂਲ ਤੇ ਕੀ ਕਾਲਜ। ਹਰ ਥਾਂ ਇਹ ਉਦਾਹਰਣ ਫਿੱਟ ਬੈਠਦਾ ਹੈ ਕਿ 'ਉਸ ਦੀ ਸਾੜ੍ਹੀ ਮੇਰੀ ਸਾੜ੍ਹੀ ਤੋਂ ਸਫ਼ੈਦ ਕਿਉਂ..?' ਭਾਵੇਂ ਅਸੀਂ ਕਿੰਨੀਆਂ ਹੀ ਪੜ੍ਹ-ਲਿਖ ਕਿਉਂ ਨਾ ਗਈਆਂ ਹੋਈਏ, ਪ੍ਰੰਤੂ ਇਸ ਅਖਾਣ ਤੋਂ ਪਿੱਛਾ ਨਹੀਂ ਛੁਡਾ ਸਕੀਆਂ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਸੱਚ ਮੰਨੋ ਤਾਂ ਅਸੀਂ ਅਜ਼ਾਦ ਹੋ ਕੇ ਵੀ ਗੁਲਾਮ ਹਾਂ। ਕਿਉਂਕਿ ਅਸੀਂ ਆਪਣੇ ਖੇਤਰ ਵਿੱਚ ਕਿਸੇ ਦੂਸਰੀ ਔਰਤ ਦੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦੀਆਂ। ਉਂਜ ਉਪਰੋਂ ਅਸੀਂ ਕਿੰਨੀਆਂ ਹੀ ਭਲੀਆਂ ਬਣਨ ਦੀ ਕੋਸ਼ਿਸ਼ ਕਿਉਂ ਨਾ ਕਰੀਏ, 'ਇਹ ਸੋਚ ਸਾਡੀ ਨਹੀਂ, ਅਸੀਂ ਤਾਂ ਪੜ੍ਹੀਆਂ-ਲਿਖੀਆਂ ਤੇ ਸਮਝਦਾਰ ਹਾਂ' ਪਰ ਆਪਣੇ ਆਸ-ਪਾਸ ਵਿਚਰਦੀ ਕਿਸੇ ਔਰਤ ਦੀ ਸਫ਼ਲਤਾ ਅਸੀਂ ਪਚਾ ਨਹੀਂ ਸਕਦੀਆਂ। ਹੁਣ ਗੱਲ ਘਰ-ਪਰਿਵਾਰ ਦੀ ਹੀ ਲੈ ਲਓ। ਉਂਜ ਤਾਂ ਹੁਣ ਸਾਂਝੇ ਪਰਿਵਾਰ ਬਚੇ ਹੀ ਨਹੀਂ। ਜੇ ਕੁਝ ਬਚੇ ਵੀ ਹਨ, ਉਨ੍ਹਾਂ ਵਿੱਚ ਪਰਿਵਾਰਕ ਰਿਸ਼ਤਿਆਂ ਜਿਵੇਂ ਦਰਾਣੀ-ਜੇਠਾਣੀ, ਸੱਸ-ਨੂੰਹ, ਨਣਦ-ਭਰਜਾਈ ਦਾ ਏਸੇ ਗੱਲ ਨੂੰ ਲੈ ਕੇ ਮੁਕਾਬਲਾ ਬਣਿਆ ਰਹਿੰਦਾ ਹੈ ਕਿ ਮੈਂ ਦੂਜੀ ਤੋਂ ਹਮੇਸ਼ਾ ਹਰ ਗੱਲ 'ਚ ਉੱਚੀ ਦਿਸਾਂ। ਨਾ ਸੱਸ ਆਪਣੀ ਚੌਧਰ ਛੱਡਣ ਲਈ ਰਾਜ਼ੀ ਹੈ ਤੇ ਨਾ ਹੀ ਨੂੰਹ ਆਪਣੇ-ਆਪ ਨੂੰ ਘਰ ਦੀ ਮਾਲਕਣ ਸਮਝਣ ਤੋਂ ਗੁਰੇਜ਼ ਕਰਦੀ ਹੈ। ਜਿਵੇਂ ਨੂੰਹ ਦੀ ਬਣਾਈ ਸਵਾਦ ਸਬਜ਼ੀ ਦੀ ਪ੍ਰਸ਼ੰਸਾ ਜੇ ਸਹੁਰਾ ਕਰ ਦੇਵੇ, ਤਾਂ ਸੱਸ ਨੂੰ ਸੱਤੀਂ-ਕੱਪੜੀਂ ਅੱਗ ਲੱਗ ਜਾਂਦੀ ਹੈ। ਉਪਰੋਂ ਚਾਹੇ ਉਹ ਕੁਝ ਵੀ ਦਿਖਾਵਾ ਕਰਦੀ ਰਹੇ। ਉਹ ਸੋਚਦੀ ਹੈ ਕਿ ਅੱਜ ਤੱਕ ਤਾਂ ਏਹਨੂੰ ਮੇਰੀ ਹੀ ਬਣਾਈ ਸਬਜ਼ੀ ਸਵਾਦ ਲੱਗਦੀ ਸੀ, ਹੁਣ ਇਹ ਮੈਨੂੰ ਬੇਵਕੂਫ਼ ਸਮਝਣ ਲੱਗੈ..? ਨੂੰਹ ਸੋਚਦੀ ਹੈ ਕਿ ਮੈਂ ਹੁਣ ਇਸ ਘਰ 'ਚ ਆ ਗਈ ਹਾਂ ਤਾਂ ਚੌਧਰ ਮੇਰੀ ਹੀ ਚੱਲੇ। ਇਸੇ ਤਰ੍ਹਾਂ ਜੇ ਮੁੰਡਾ ਆਪਣੀ ਮਾਂ ਕੋਲ ਬੈਠ ਕੇ ਦੋ-ਘੜੀ ਗੱਲਾਂ ਕਰ ਲਵੇ, ਉਸ ਨੂੰ ਇੱਜ਼ਤ ਦੇਵੇ, ਤਾਂ ਨੂੰਹ ਸੜ ਜਾਂਦੀ ਹੈ। ਨਤੀਜਾ, ਘਰ-ਪਰਿਵਾਰ 'ਚ ਇਕ-ਦੂਜੀ ਦੀਆਂ ਚੁਗਲੀਆਂ ਤੇ ਘਰ ਵਿੱਚ ਨਿੱਤ ਦਾ ਕਲ਼ੇਸ਼। ਮੁੰਡਾ ਵਿਚਾਰਾ ਵਿੱਚ-ਵਿਚਾਲੇ ਫ਼ਸ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਔਰਤ ਨੂੰ ਬਰਬਾਦ ਕਰਨ ਵਿੱਚ ਵੀ ਕਿਸੇ ਦੂਸਰੀ ਔਰਤ ਦਾ ਹੀ ਹੱਥ ਹੁੰਦਾ ਹੈ।
ਇਸੇ ਤਰ੍ਹਾਂ ਦਫ਼ਤਰ ਵਿੱਚ ਵੀ ਔਰਤਾਂ ਇਕ-ਦੂਜੀ ਦੀ ਟੋਹ ਲੈਣ ਵਿੱਚ ਜੁਟੀਆਂ ਰਹਿੰਦੀਆਂ ਹਨ ਕਿ ਦੂਸਰੀ ਕੀ ਕਰ ਰਹੀ ਹੈ? ਬਜਾਇ ਇਸ ਦੇ ਕਿ ਉਹ ਆਪਣਾ ਕੰਮ ਨੇਪਰੇ ਚੜ੍ਹਾਵੇ, 'ਉਹ ਇਸੇ ਗੱਲ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ ਹੈ ਕਿ ਉਹ ਮੇਰੇ ਤੋਂ ਜ਼ਿਆਦਾ ਸੋਹਣੀ ਕਿਉਂ ਦਿੱਸਦੀ ਹੈ? ਕਿਹੜੇ ਪਾਰਲਰ ਵਿੱਚ ਜਾਂਦੀ ਹੈ? ਕੀ ਪਹਿਨਦੀ ਹੈ? ਕੀਹਦੇ-ਕੀਹਦੇ ਨਾਲ ਗੱਲਬਾਤ ਕਰਦੀ ਹੈ? ਇਨ੍ਹਾਂ ਸਵਾਲਾਂ ਦੇ ਜਾਲ ਵਿੱਚ ਫ਼ਸੀਆਂ ਔਰਤਾਂ ਅਣਜਾਣੇ ਵਿੱਚ ਹੀ ਦੂਜਿਆਂ ਦੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਅਤੇ ਤਣਾਅ ਦੀ ਸਥਿਤੀ ਵਿੱਚ ਆ ਜਾਂਦੀਆਂ ਹਨ। ਈਰਖਾ ਦੀ ਭਾਵਨਾ ਵਿੱਚ ਆ ਕੇ ਉਹ ਇਕ-ਦੂਜੀ ਨੂੰ ਨੀਵਾਂ ਦਿਖਾਉਣ 'ਤੇ ਤੁਲੀਆਂ ਰਹਿੰਦੀਆਂ ਹਨ। ਗਲੀ-ਮੁਹੱਲੇ ਦੀਆਂ ਔਰਤਾਂ ਵੀ ਕਿਸੇ ਗੱਲੋਂ ਘੱਟ ਨਹੀਂ। ਸ਼ਹਿਰੀਕਰਨ ਅਤੇ ਟੀ.ਵੀ. ਦੇ ਸੀਰੀਅਲਾਂ ਨੇ ਇਹ ਬੀਬੀਆਂ ਵਿਗਾੜ ਦਿੱਤੀਆਂ ਹਨ। ਸੱਸਾਂ-ਨੂੰਹਾਂ ਦੀਆਂ ਰਾਜਨੀਤੀਆਂ ਨਾਲ ਆਪਣੇ ਪਰਿਵਾਰਾਂ ਵਿੱਚ ਤਾਂ ਵਖਰੇਵੇਂ ਪਾ ਹੀ ਰਹੀਆਂ ਹਨ, ਨਾਲ ਹੀ ਨਾਲ ਆਪਣੇ ਰਿਸ਼ਤੇ ਵੀ ਖ਼ਰਾਬ ਕਰ ਰਹੀਆਂ ਹਨ। ਸ਼ਾਮ ਦੀ ਸੈਰ ਦੇ ਬਹਾਨੇ ਨਵੇਂ-ਨਵੇਂ ਸੂਟ ਪਾ ਕੇ ਦਿਖਾਵਾ ਕਰਨ ਦੀ ਹੋੜ ਵਿੱਚ ਵਿਚਾਰੀਆਂ 'ਤੇ ਸੈਰ ਦਾ ਅਸਰ ਹੁੰਦਾ ਹੀ ਨਹੀਂ। ਕਿੱਟੀਆਂ ਦੇ ਬਹਾਨੇ ਦਿਖਾਵਾ ਕਰਨਾ ਔਰਤਾਂ ਦੀ ਆਦਤ ਬਣ ਚੁੱਕੀ ਹੈ। ਵਿੱਦਿਅਕ-ਸੰਸਥਾਵਾਂ ਦੀ ਤਾਂ ਗੱਲ ਹੀ ਵੱਖਰੀ ਹੈ। ਗਿਆਨ ਦੀ ਗੰਗਾ ਬਹਾਉਣ ਵਾਲੀਆਂ ਦੇਵੀਆਂ ਖ਼ੁਦ ਗਿਆਨ ਵੰਡਣ ਭਾਵੇਂ ਨਾ, ਪਰ ਕਿਸੇ ਦੂਜੀ ਨੂੰ ਲਗਨ ਨਾਲ ਕੰਮ ਕਰਦੀ ਵੇਖ ਕੇ ਬਰਦਾਸ਼ਤ ਹੀ ਨਹੀਂ ਕਰ ਸਕਦੀਆਂ। ਭਾਗਾਂ ਨਾਲ ਜੇ ਉਨ੍ਹਾਂ ਤੋਂ ਕੋਈ ਜ਼ਿਆਦਾ ਸੁੱਘੜ ਔਰਤ ਆ ਕੇ ਕੰਮ ਨੂੰ ਇਮਾਨਦਾਰੀ ਨਾਲ ਕਰਨ ਲੱਗੇ ਤਾਂ ਸਾਰੀਆਂ ਮਿਲ ਕੇ ਉਸ ਦਾ ਝੁੱਗਾ ਚੌੜ ਕਰਨਾ ਸ਼ੁਰੂ ਕਰ ਦਿੰਦੀਆਂ। ਮਜ਼ਾਲ ਹੈ ਉਸ ਔਰਤ ਨੂੰ ਇਹ 'ਦਿੱਗਜ ਔਰਤਾਂ' ਜ਼ਿਆਦਾ ਦੇਰ ਉੱਥੇ ਟਿਕਣ ਦੇਣ। ਕੁਝ ਔਰਤਾਂ ਨਾ ਖ਼ੁਦ ਕੰਮ ਕਰਦੀਆਂ ਹਨ ਤੇ ਨਾ ਹੀ ਦੂਜੀਆਂ ਨੂੰ ਕਰਦਿਆਂ ਦੇਖ ਕੇ ਬਰਦਾਸ਼ਤ ਕਰਦੀਆਂ ਹਨ। ਕੁਝ ਆਪਣਾ ਸਿੰਘਾਸਨ ਹਿੱਲਣ ਦੇ ਡਰ ਨਾਲ ਉਸ ਲਗਨ ਨਾਲ ਕੰਮ ਕਰਨ ਵਾਲੀ ਔਰਤ ਬਾਰੇ ਉਲਟੀਆਂ-ਸਿੱਧੀਆਂ ਗੱਲਾਂ ਕਰ ਕੇ ਮਾਹੌਲ ਵਿੱਚ ਜ਼ਹਿਰ ਘੋਲ਼ੀ ਰੱਖਦੀਆਂ ਹਨ। ਵਿੱਦਿਆ ਦੇ ਮੰਦਰ ਨੂੰ ਰਾਜਨੀਤੀ ਦਾ ਅਖਾੜਾ ਬਣਾਈ ਰੱਖਦੀਆਂ ਹਨ।
ਮੇਰੀਓ ਭੈਣੋ ! ਅਸੀਂ ਕਿਹੋ-ਜਿਹੇ ਸਮਾਜ ਦੀ ਸਿਰਜਣਾ ਕਰਦੀਆਂ ਜਾ ਰਹੀਆਂ ਹਾਂ? ਇਕ ਅਪੰਗ ਸਮਾਜ ਦੀ? ਜੋ ਫੂਹੜ ਸੋਚ ਅਤੇ ਲੰਗੜੀ ਰਾਜਨੀਤੀ ਦੀਆਂ ਵੈਸਾਖੀਆਂ ਲੈ ਕੇ ਲੰਗੜਾਉਂਦੇ ਹੋਏ ਚੱਲ ਰਿਹਾ ਹੈ? ਜਿੱਥੇ ਨਾ ਅਸੀਂ ਸੁਰੱਖਿਅਤ ਹਾਂ ਤੇ ਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ। ਫਿਰ ਅਸੀਂ ਪੁਰਸ਼-ਸਮਾਜ ਤੋਂ ਆਜ਼ਾਦੀ ਦੀ ਮੰਗ ਕਰ ਰਹੀਆਂ ਹਾਂ ਜਦੋਂਕਿ ਪੁਰਸ਼ਾਂ ਨੇ ਤਾਂ ਅਸੀਂ ਔਰਤਾਂ ਕਦੋਂ ਦੀਆਂ ਆਜ਼ਾਦ ਕਰ ਰੱਖੀਆਂ ਹਾਂ। ਜੇ ਔਰਤਾਂ ਆਜ਼ਾਦ ਨਹੀਂ ਹੋਈਆਂ ਤਾਂ ਸਿਰਫ਼ ਔਰਤਾਂ ਦੇ ਗਲਬੇ ਵਿੱਚੋਂ ਆਜ਼ਾਦ ਨਹੀਂ ਹੋਈਆਂ। ਮੇਰਾ ਮਕਸਦ ਸਾਰੀਆਂ ਔਰਤਾਂ ਨੂੰ ਦੋਸ਼ ਦੇਣਾ ਨਹੀਂ ਹੈ, ਪਰ ਜਿਹੜਾ ਵਰਗ ਅਜਿਹੀਆਂ ਔਰਤਾਂ ਦਾ ਹੈ, ਜੇ ਉਹ ਆਪਣੀ ਇਹ ਸੋਚ ਬਦਲ ਦੇਣ ਤਾਂ ਸੀਂ ਸਹੀ ਅਰਥਾਂ ਵਿਚ ਆਜ਼ਾਦ ਹੋ ਸਕਦੀਆਂ ਹਾਂ। ਨਹੀਂ ਤਾਂ ਹਰ ਸਾਲ ਮਹਿਲਾ-ਦਿਵਸ 'ਤੇ ਢੇਰ ਸਾਰੇ ਸੰਮੇਲਨ ਕਰਾਉਣ ਦਾ ਕੋਈ ਫ਼ਾਇਦਾ ਨਹੀਂ, ਔਰਤ ਦੀ ਆਜ਼ਾਦੀ ਦੇ ਨਾਂ ਤੇ ਲੰਬੀਆਂ-ਲੰਬੀਆਂ ਤਕਰੀਰਾਂ ਕਰਾਉਣ ਦਾ ਕੋਈ ਫ਼ਾਇਦਾ ਨਹੀਂ। ਬਿਹਤਰ ਹੋਏਗਾ ਕਿ ਅਸੀਂ ਔਰਤਾਂ ਦੂਜਿਆਂ ਨੂੰ ਸੁਧਰਨ ਦੀਆਂ ਨਸੀਹਤਾਂ ਦੇਣ ਦੀ ਬਜਾਇ, ਆਪਣੀ ਨਜ਼ਰ ਨੂੰ ਬਦਲ ਲਈਏ 'ਔਰਤ ਹੀ ਔਰਤ ਦੀ ਦੁਸ਼ਮਣ' ਦੀ ਅਖੌਤ ਦੇ ਕਲੰਕ ਨੂੰ ਧੋ ਦੇਈਏ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.