ਘੱਟ ਗਿਣਤੀ ਕੌਮਾਂ ਲਈ ਵਾਜਬ ਸਿੱਧ ਹੋਇਆ ਇਹ ਸ਼ੇਅਰ "ਅਬ ਸ਼ਰਮ ਸੀ ਆਤੀ ਹੈ ਇਸ ਵਤਨ ਕੋ
ਵਤਨ ਕਹਿ ਤੇ ਹੁਏ"
ਪੰਜਾਬ ਵਿਚ ਘੱਟ ਗਿਣਤੀਆਂ ਵਾਲੀਆਂ ਕੌਮਾਂ ਤੇ ਬਹੁ ਗਿਣਤੀ ਵਿਚ ਵੱਸ ਰਹੀ ਕੌਮ ਵੱਲੋਂ
ਕੀਤੇ ਜਾ ਰਹੇ ਅੱਤਿਆਚਾਰ ਨਾਲ ਭਰੇ ਵਿਤਕਰੇ ਤੋਂ ਵਿਦੇਸ਼ਾਂ ਵਿਚ ਵੱਸਦੀ ਜਨਤਾ ਵੀ ਭਲੀ
ਭਾਂਤੀ ਜਾਣੂੰ ਹੋ ਚੁੱਕੀ ਹੈ ਜਿਸ ਦੇ ਸਿੱਟੇ ਵਜੋਂ ਵਿਦੇਸ਼ਾਂ ਵਿਚ ਵੱਸਦੇ ਖ਼ਾਸਕਰ ਸਿੱਖ
ਕੌਮ ਨੂੰ ਆਪਣੀ ਜ਼ਿੰਦਗੀ ਨੂੰ ਜਿਊਣ ਲਈ ਭਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ
ਹੈ ਜਿਸ ਦੇ ਰੋਸ ਵਿਚ ਉਨ੍ਹਾਂ ਕੌਮੀ ਲੋਕਾਂ ਵੱਲੋਂ ਵੀ ਸੰਘਰਸ਼ ਕੀਤਾ ਜਾਂਦਾ ਰਿਹਾ ਹੈ
। ਅਜੋਕੇ ਪੰਜਾਬ ਦੇ ਨਾਜ਼ੁਕ ਹਾਲਾਤਾਂ ਦੀ ਹੀ ਨਾ ਗੱਲ ਕਰ ਕੇ ਜੇਕਰ ਭਾਰਤ ਨਾ ਕਹਿ ਕੇ
ਪੂਰੇ ਹਿੰਦੁਸਤਾਨ ਨਾਮ ਦੇ ਇਸ ਦੇਸ਼ ਵਿਚ ਰਹਿ ਰਹੇ ਘੱਟ ਗਿਣਤੀਆਂ ਵਾਲੀਆਂ ਕੌਮਾਂ ਬਾਰੇ
ਗੱਲ ਕਰਾਂ ਤਾਂ ਇੰਨਾ ਦਾ ਜੀਵਨ ਇੱਕ ਗ਼ੁਲਾਮੀ ਭਰਿਆ ਹੋਇਆ ਪਿਆ ਹੈ ਜਿਵੇਂ ਪ੍ਰਤੀਤ ਹੋ
ਰਿਹਾ ਹੋਵੇ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ਲਈ ਮੁੱਖ ਰੋਲ ਅਦਾ ਕਰਨ ਵਾਲੀਆਂ
ਇਹਨਾਂ ਕੌਮਾਂ ਨੂੰ ਆਜ਼ਾਦੀ ਨਹੀਂ ਮਿਲੀ ਹੋਵੇ....... ਆਜ਼ਾਦੀ ਤਾਂ ਸਿਰਫ਼ ਇੱਕ ਹੀ ਕੌਮ
ਨੂੰ ਮਿਲੀ ਹੋਵੇ ਤੇ ਉਹ ਆਜ਼ਾਦੀ ਵੀ ਘੱਟ ਗਿਣਤੀਆਂ ਵਾਲੀਆਂ ਕੌਮਾਂ ਤੇ ਰਾਜ ਕਰਨ
ਲਈ..... ਘੱਟ ਗਿਣਤੀ ਵਾਲੀਆਂ ਕੌਮਾਂ ਹਕੂਮਤੀ ਜ਼ੋਰ ਤੇ ਗ਼ੁਲਾਮੀ ਦੀ ਚੱਕੀ ਹੇਠ ਹਰ
ਰੋਜ਼ ਪਿਸਦੀਆਂ ਜਾ ਰਹੀਆਂ ਹਨ।
ਮੌਜੂਦਾ ਹਾਲਾਤ ਦੀ ਜੇਕਰ ਗੱਲ ਕਰਨ ਤੋਂ ਪਹਿਲ ਇੱਕ ਕਵਿਤਾ ਬਾਰੇ ਗੱਲ ਕਰੀਏ.......
ਜੋ ਕਿ ਦੇਸ਼ ਦਾ ਕੌਮੀ ਤਰਾਨਾ ਬਣ ਗਈ ਤੇ ਹਰ ਸਕੂਲ ਕਾਲਜ ਵਿਚ ਵਿਦਿਆਰਥੀ ਉਸ ਨਜ਼ਮ ਨੂੰ
ਪ੍ਰਾਰਥਨਾ ਦੇ ਤੌਰ ਤੇ ਗਾਇਣ ਕਰਦੇ ਆ ਰਹੇ ਹਨ ਤੇ ਇਸ ਨਜ਼ਮ ਨੂੰ ਹਰ ਹਿੰਦੁਸਤਾਨੀ ਦੇਸ਼
ਭਗਤ ਨੇ ਕੰਠ ਵੀ ਕਰ ਲਿਆ ਉਹ ਤਰਾਨਾ ਸੀ " ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ,
ਹਮ ਬੁਲਬੁਲੇ ਹੈ ਇਸਕੀ ਯੇ ਗੁਲਿਸਤਾਨ ਹਮਾਰਾ" ਇਸ ਦੇਸ਼ ਦੇ ਸੰਬੰਧ ਵਿਚ ਇਸ ਤਰਾਨੇ ਨੂੰ
ਲਿਖਣ ਵਾਲਾ ਘੱਟ ਗਿਣਤੀ ਕੌਮ ਨਾਲ ਸੰਬੰਧਿਤ ਮੁਸਲਮਾਨ ਕੌਮ ਦਾ ਮਸ਼ਹੂਰ ਉਰਦੂ ਦਾ ਸ਼ਾਇਰ
ਮੁਹੰਮਦ ਇਕਬਾਲ ਸੀ। ਵਕਤ ਲੰਘਿਆ ਤੇ ਸਮੇਂ ਦੇ ਹੱਥੋ ਸਤਾਇਆ ਗਿਆ ਡਾ ਇਕਬਾਲ.....ਦੇਸ਼
ਦੀ ਬਹੁਗਿਣਤੀ ਕੌਮ ਨੇ ਵੀ ਇਸ ਕਵੀ ਨੂੰ ਇਸ ਕਦਰ ਤੰਗ ਪਰੇਸ਼ਾਨ ਕੀਤਾ, ਹਾਲਾਤਾਂ ਨੇ
ਮਜਬੂਰ ਕੀਤਾ, ਉਸ ਦੀ ਦਿਮਾਗ਼ੀ ਹਾਲਾਤ ਨੇ ਜ਼ਮੀਰ ਨੂੰ ਸੱਟ ਪਹੁੰਚਾਈ ਉਸ ਸੱਟ ਨੇ ਉਸੇ
ਕੌਮੀ ਤਰਾਨਾ ਲਿਖਣ ਵਾਲੇ ਸ਼ਾਇਰ ਨੇ ਇੱਕ ਦੂਜਾ ਸ਼ੇਅਰ ਲਿਖਿਆ "ਮੁਦਤੇ ਗੁਜਰੀ ਹੈ ਇਤਨੀ
ਰੰਜੋ ਗ਼ਮ ਸਹਤੇ ਹੋਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿ ਤੇ ਹੁਏ"। ਹੈਰਾਨੀ
ਹੁੰਦੀ ਹੈ ਕਿ ਇਹ ਉਹੀ ਸ਼ਾਇਰ ਹੈ ਜੋ ਕਦੇ ਇਤਨੀ ਪਾਏਦਾਰ ਨਜ਼ਮ ਤੇ ਮਹਾਨ ਤਰਾਨੇ ਨੂੰ
ਲਿਖਣ ਵਾਲਾ ਜਿਸ ਨੂੰ ਹਰ ਹਿੰਦੁਸਤਾਨੀ ਨੇ ਯਾਦ ਕਰ ਕੇ ਕੌਮੀ ਤਰਾਨਾ ਬਣਾ ਲਿਆ ਉਹੀ
ਮਹਾਨ ਸ਼ਾਇਰ ਬਿਲਕੁਲ ਬਦਲ ਗਿਆ ਉਸ ਦੇ ਵਿਚਾਰ, ਸੋਚਣੀ, ਨੁਕਤਾ ਨਿਗਾਹ ਬਦਲ ਗਿਆ "ਸਾਰੇ
ਜਹਾਂ ਸੇ ਹਿੰਦੁਸਤਾਨ ਹਮਾਰਾ" ਕਹਿਣ ਵਾਲਾ ਸ਼ਾਇਰ ਕਹਿ ਰਿਹਾ ਹੈ ਕਿ "ਸ਼ਰਮ ਸੀ ਆਤੀ ਹੈ
ਇਸ ਵਤਨ ਕੋ ਵਤਨ ਕਹਿ ਤੇ ਹੁਏ"। ਉਸ ਨਾਲ ਜੋ ਘੱਟ ਗਿਣਤੀ ਵਿਚ ਆਉਣ ਵਾਲੀਆਂ ਵਧੀਕੀਆਂ
ਹੋਈਆਂ ਉਹ ਉਹੀ ਭਲੀ ਭਾਂਤੀ ਜਾਣ ਸਕਦਾ ਹੈ ਜੋ ਅਜੋਕੇ ਦੌਰ ਵਿਚ ਘੱਟ ਗਿਣਤੀ ਨਾਲ
ਸੰਬੰਧਿਤ ਹਨ।
ਕਹਿਣ ਦੇਣਾ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਇਸ ਦੇਸ਼ ਤੇ ਇੰਨਾ ਮਾਨ ਕੀਤਾ
ਅਤੇ ਮਾਨ ਕਰਦੇ ਰਹੇ ਬੜੇ ਮੁੱਦਤ ਤੋਂ ਮਾਨ ਕਰਦੇ ਰਹੇ ਅਤੇ ਇੰਨਾ ਮਾਨ ਕੀਤਾ ਕਿ ਦੇਸ਼
ਦੀ ਰੱਖਿਆ ਤੇ ਹਿੰਦੂ ਧਰਮ ਦੀ ਰੱਖਿਆ ਖ਼ਾਤਰ ਗੁਰੂਆਂ ਨੇ ਆਪਣਾ ਆਪ ਸੀਸ ਬਲੀਦਾਨ ਕੀਤਾ,
ਗੁਰੂਆਂ ਨੇ ਆਪਣੇ ਸਾਹਿਬਜ਼ਾਦੇ ਕੁਰਬਾਨ ਕੀਤੇ, ਬੜੇ ਬੜੇ ਸਿੱਖ ਬ੍ਰਹਮ-ਗਿਆਨੀ, ਸੰਤਾਂ,
ਮਹਾਂਪੁਰਖਾਂ, ਬੁੱਧੀਜੀਵੀਆਂ, ਬੇ ਅੰਤ ਸ਼ਹੀਦ ਸਿੰਘਾਂ ਨੇ ਹਰ ਕਦਮ ਕਦਮ ਤੇ ਇਸ ਦੇਸ਼ ਤੇ
ਦੇਸ਼ ਦੀ ਸੰਸਕ੍ਰਿਤੀ ਨੂੰ ਮਹਾਨ ਤੌਰ ਤੇ ਕਾਇਮ ਰੱਖਣ ਲਈ ਕੁਰਬਾਨੀਆਂ ਦਿੱਤੀਆਂ। ਜੋ ਕਿ
ਇਹ ਕੁਰਬਾਨੀਆਂ ਦਾ ਸਿਲਸਿਲਾ ਨਿਰੰਤਰ ਨਿਰਵੈਰ ਤੇ ਨਿਰਭਉ ਹੋ ਕੇ ਜਾਰੀ ਵੀ ਹੈ। ਇਹੋ
ਜਿਹੀਆਂ ਬੇਅੰਤ ਕੁਰਬਾਨੀਆਂ ਭਰੇ ਇਤਿਹਾਸ ਨੂੰ ਅਣਗੌਲਿਆ ਹੁੰਦਾ ਦੇਖ ਹੁਣ ਘੱਟ ਗਿਣਤੀ
ਕੌਮਾਂ ਦਾ ਹਰ ਨੌਜੁਆਨ, ਬਜ਼ੁਰਗ, ਬੀਬੀਆਂ ਤੇ ਬੱਚਾ ਬੱਚਾ ਮੁਹੰਮਦ ਇਕਬਾਲ ਵਾਂਗ
ਕਹਿੰਦਾ ਪ੍ਰਤੀਤ ਹੋ ਰਿਹਾ ਹੈ ਕਿ "ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿ ਤੇ ਹੁਏ"।
ਕਹਿਣ ਦੇਣਾ ਜੀ ਕਿ ਸਿੱਖ ਕੌਮ ਹਰ ਤਰਾਂ ਦੀ ਸਿਆਸੀ ਵਧੀਕੀ ਤਾਂ ਬਰਦਾਸ਼ਤ ਕਰ ਲੈਂਦਾ
ਹੈ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਸਹਾਰਦਾ ਵੀ ਆ ਰਿਹਾ ਹੈ। ਸਿਆਸੀ ਵਧੀਕੀਆਂ ਦੀ
ਜੇਕਰ ਗਿਣਤੀ ਵੀ ਕੀਤੀ ਜਾਵੇ ਤਾਂ ਖ਼ਿਆਲ ਹੈ ਗਿਣਤੀ ਤੇ ਹਿੰਸਾ ਮੁੱਕ ਜਾਣੇ ਹਨ ਪਰ ਕੌਮ
ਲਈ ਵਰਤੀਆਂ ਜਾ ਰਹੀਆਂ ਗੰਧਲ਼ੀਆਂ ਸਿਆਸੀ ਵਧੀਕੀਆਂ ਵਿਤਕਰੇ ਨਹੀਂ ਮਿਟਣੇ। ਪਰ ਅਜੋਕੀਆਂ
ਮਤਲਬਪ੍ਰਸਤ ਸਰਕਾਰਾਂ ਸ਼ਾਇਦ ਇਹ ਭੁੱਲ ਰਹੀਆਂ ਹਨ ਕਿ ਸਿੱਖ ਸਿਆਸੀ ਵਧੀਕੀ ਤਾਂ ਬਰਦਾਸ਼ਤ
ਕਰ ਸਕਦਾ ਹੈ ਪਰ ਧਾਰਮਿਕ ਵਧੀਕੀ ਨਹੀਂ ਬਰਦਾਸ਼ਤ ਕਰ ਸਕਦਾ ਜਦ ਵੀ ਧਰਮ ਨਾਲ ਵਧੀਕੀ
ਹੋਵੇਗੀ ਇਹ ਕੁਰਬਾਨ ਹੋਵੇਗਾ, ਨਿਛਾਵਰ ਹੋਵੇਗਾ ਇਸ ਕੌਮ ਦਾ ਬੱਚਾ ਬੱਚਾ ਮਿਟੇਗਾ,
ਸਹੀਦੀਆਂ ਪ੍ਰਾਪਤ ਕਰਨ ਲਈ ਉਤਾਵਲਾ ਹੋ ਉੱਠੇਗਾ। ਕਹਿਣ ਦੇਣਾ ਜੀ ਸ਼ਰੇਆਮ ਸਿੱਖ ਕੌਮ ਦੀ
ਚੌਕਾਂ ਵਿਚ ਪੱਗ ਵੀ ਲਾਹੀ ਜਾਂਦੀ ਹੈ, ਬੇਇੱਜ਼ਤ ਵੀ ਕੀਤਾ ਜਾ ਰਿਹਾ ਹੈ ਜਿਵੇਂ
ਔਰੰਗਜ਼ੇਬ ਹਿੰਦੂ ਧਰਮ ਨੂੰ ਸ਼ਰਮਸਾਰ ਕਰਨ ਲਈ ਜਨੇਊ ਉਤਾਰਦਾ ਸੀ, ਇੰਨਾ ਨੇ ਸਾਨੂੰ
ਸ਼ਰੇਆਮ ਕਰਨ ਲਈ ਸਾਡੀਆਂ ਕਿਰਪਾਨਾਂ ਉਤਾਰ ਕੇ ਹਰ ਥਾਂ ਤੇ ਸ਼ਰਮਸਾਰ ਕੀਤਾ ਹੈ। ਮਿਸਾਲ
ਦੇ ਤੌਰ ਤੇ 84 ਵਾਲਾ ਮੁੰਜਰ ਭੁੱਲਿਆ ਨਹੀਂ ਜਾ ਸਕਦਾ ਜਿੱਥੇ ਹਜ਼ਾਰਾਂ ਸੰਗਤਾਂ ਦੀਆਂ
ਜਾਨਾਂ ਦਾ ਘਾਣ ਹੋਇਆ। ਸਿੱਖ ਕੌਮ ਦੇ ਪੂਰਨ ਬਾਣੇ ਨੂੰ ਆਤੰਕਵਾਦੀ, ਦੇਸ਼-ਧ੍ਰੋਹੀ ਹੋਣ
ਦਾ ਦਰਜਾ ਦੇ ਕੇ ਨਿਵਾਜਿਆ ਜਾ ਰਿਹਾ ਹੈ ਜੋ ਕਿ ਨਿਰੰਤਰ ਜਾਰੀ ਹੈ।
ਜੇਕਰ ਕੋਈ ਵੀ ਦੁਸ਼ਟ ਸਿਆਸੀ ਕਾਨਫ਼ਰੰਸ ਹੋਵੇ ਤਾਂ ਆਉਣ ਜਾਣ ਦਾ ਕਿਰਾਇਆ, ਹਜ਼ਾਰਾਂ
ਰੁਪਏ ਦਿੱਤੇ ਜਾਂਦੇ ਹਨ ਤੇ ਨਸ਼ੇ ਦਾ ਲਾਲਚ ਦੇ ਕੇ ਵੋਟਾਂ ਦੇ ਸਿਰ ਤੇ ਰਾਜ ਕਰਨ ਲਈ
ਲੱਖਾਂ ਦਾ ਇਕੱਠ ਦਿਖਾਇਆ ਜਾਂਦਾ ਹੈ। ਪਰ ਜੇ ਸਿੱਖ ਕੌਮ ਨਾਲ ਸੰਬੰਧਿਤ ਕੋਈ ਵੀ ਹੱਕ
ਸੱਚ ਤੇ ਧਰਮ ਦਾ ਸੰਮੇਲਨ ਹੋਵੇ ਤਾਂ ਚਾਰੋ ਤਰਫ਼ ਤੋਂ ਹਕੂਮਤੀ ਜ਼ੋਰ ਤੇ ਰਸਤੇ ਰੋਕੇ
ਜਾਂਦੇ ਹਨ ਤੇ ਗ੍ਰਿਫ਼ਤਾਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਹਿਣਾ ਸੱਚ ਹੀ ਹੋਵੇਗਾ ਕਿ
"ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿ ਤੇ ਹੁਏ" ਆਖ਼ਰ ਉਸ ਘਰ ਨੂੰ ਆਪਣਾ ਘਰ ਕਿਸ
ਤਰਾਂ ਕਹਿ ਦੇਈਏ..... ਕਿ ਜਿਸ ਘਰ ਵਿਚ ਹੀ ਆਪਣੀ ਪੱਗ ਲਾ ਦਿੱਤੀ ਜਾਵੇ।
ਵਿਸਥਾਰ ਨਾਲ ਗੱਲ ਕਰੀਏ ਤੇ ਤਾਂ ਸਿੱਖ ਕੌਮ ਦੇ ਮਹਾਨ ਪ੍ਰਚਾਰਕਾਂ ਅਨੁਸਾਰ ਸਿੱਖ
ਕੌਮ ਵਿਚ ਸਿੱਖ ਪਹਿਲਾਂ ਹੋਣਾ ਪ੍ਰਮਾਣਿਤ ਕਰਦਾ ਹੈ ਫਿਰ ਸਿਪਾਹੀ (ਸਿੰਘ) ਧੰਨ ਸਾਹਿਬ
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਨੌਂ ਇਲਾਹੀ ਜੋਤਾਂ ਨੇ ਸਾਨੂੰ ਇੱਕ ਨਾਮ "ਸਿੱਖ"
ਦਿੱਤਾ ਤੇ ਦੂਜਾ ਨਾਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਖਲੁਸ ਦੇ ਤੌਰ
ਤੇ"ਸਿੰਘ"...... ਤੇ ਸਾਡੀ ਕੌਮ ਦੀ ਸਾਰੀ ਦੁਨੀਆ ਵਿਚ ਇੰਨਾ ਦੋ ਨਾਮਾਂ ਨਾਲ ਹੀ
ਪਹਿਚਾਣ ਹੈ ਸਿੱਖ ਹੋਣਾ ਸਾਡਾ ਸੰਤ ਤੇ ਸਿੰਘ ਹੋਣਾ ਸਾਡਾ ਸਿਪਾਹੀ........ ਤੇ ਸੰਤ
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਹੈ ਤੇ ਸਿੰਘ ਸ਼ਸਤਰ ਅੱਗੇ ਜਿਸ
ਕਰ ਕੇ ਸ੍ਰੀ ਗੁਰੂ ਸਾਹਿਬ ਜੀ ਦੀ ਤਾਬਿਆ ਵਿਚ ਇਤਿਹਾਸਕ ਥਾਵਾਂ ਤੇ ਸ਼ਸਤਰ ਵੀ ਰੱਖੇ
ਜਾਂਦੇ ਹਨ ਤਾਂ ਕਿ ਸੰਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ ਤੇ
ਸਿੰਘ ਸ਼ਸਤਰ ਨੂੰ ਵੀ ਮੱਥਾ ਟੇਕੇ..... ਸਿਪਾਹੀ ਦਾ ਗੁਰੂ ਪੀਰ ਹੈ ਸ਼ਸਤਰ, ਤੇ ਸੰਤ ਦਾ
ਗੁਰੂ ਪੀਰ ਹੈ ਗੁਰਬਾਣੀ ਗਿਆਨ। ਇੱਥੇ ਸਪਸ਼ਟ ਹੋਵੇਗਾ ਕੇ ਸਾਡੇ ਦੋ ਗੁਰੂ ਹਨ ਜੇਕਰ
ਸਾਡੇ ਦੋ ਨਾਮ ਤੇ ਰੂਪ ਹਨ ਤਾਂ ਹਾਂ ਗੁਰੂ ਵੀ ਦੋ ਹਨ....ਅਸੀਂ ਸਿਰਫ਼ ਸਿੱਖ ਹੀ ਨਹੀਂ
ਅਸੀਂ ਸਿਰਫ਼ ਸਿੰਘ ਹੀ ਨਹੀਂ ਅਸੀਂ ਸਿੱਖ ਵੀ ਹਾਂ ਤੇ ਅਸੀਂ ਸਿੰਘ ਵੀ ਹਾਂ... ਅਸੀਂ
ਸੰਤ ਵੀ ਹਾਂ ਤੇ ਅਸੀਂ ਸਿਪਾਹੀ ਵੀ। ਇਸ ਕਰ ਕੇ ਇਤਿਹਾਸਕ ਗੁਰਦੁਆਰਿਆਂ ਵਿਚ ਗੁਰੂ
ਸਾਹਿਬ ਜੀ ਕੋਲ ਸ਼ਸਤਰ ਵੀ ਰੱਖੇ ਗਏ ਹਨ।
ਅੰਤ ਮੈਂ ਪੁੱਛਣਾਂ ਚਾਹੁੰਦਾ ਹਾਂ ਕਿ 1984 ਵੇਲੇ ਸਰਕਾਰਾਂ ਦੁਆਰਾ ਇਹ ਸਾਬਤ ਕਰਨਾ
ਕਿ ਗੁਰਦੁਆਰੇ ਸਾਹਿਬ ਵਿਚ ਸ਼ਸਤਰ ਰੱਖੇ ਗਏ ਹਨ ਪਹਿਲਾਂ ਕਬੂਲ ਕੀਤਾ ਗਿਆ ਤੇ ਫਿਰ ਆਪਣੇ
ਝੂਠੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਗੁਨਾਹ ਪ੍ਰਮਾਣਿਤ ਕੀਤਾ ਗਿਆ ਤੇ ਕਹਿਣਾ ਕਿ
ਦੇਸ਼-ਧ੍ਰੋਹੀਆਂ ਵੱਲੋਂ ਗੁਰਦੁਆਰਾ ਸਾਹਿਬ ਭ੍ਰਿਸ਼ਟ ਕੀਤਾ ਜਾ ਰਿਹਾ ਹੈ ਉੱਥੇ ਦੇ ਸਿੰਘ
ਸੇਵਾਦਾਰ ਦੇਸ਼-ਧ੍ਰੋਹੀ ਹੋ ਗਏ ਹਨ.... । ਸਿੱਖ ਕੌਮ ਦੇ ਮਹਾਨ ਤਖ਼ਤ ਸ਼੍ਰੀ ਅਕਾਲ ਤਖ਼ਤ
ਸਾਹਿਬ ਜੀ ਤੇ ਸ੍ਰੀ ਹਰਮਿੰਦਰ ਸਾਹਿਬ ਜੀ ਤੇ ਟੈਂਕਾਂ ਤੋਪਾਂ ਦੇ ਗੋਲਿਆਂ ਨਾਲ ਅਟੈਕ
ਕਰਵਾ ਕੇ ਕੀ ਸਾਬਤ ਕੀਤਾ ਗਿਆ ਸੀ? ਕੀ ਗੁਰ ਘਰ ਨੂੰ ਹਜ਼ਾਰਾਂ ਬੇਗੁਨਾਹਾਂ ਲਾਸ਼ਾਂ ਦੇ
ਖ਼ੂਨ ਨਾਲ ਪਵਿੱਤਰ ਕੀਤਾ ਗਿਆ ਸੀ? ਇਸ ਦਾ ਜੁਆਬ ਲੱਭਣਾ ਮੁਸ਼ਕਿਲ ਹੈ ਅਫ਼ਸੋਸ ਝੂਠ
ਫੈਲਾਉਣ ਲਈ ਸਾਧਨ ਬੜੇ ਨੇ ਤੇ ਸੱਚ ਨੂੰ ਦਰਸਾਉਣ ਲਈ ਕੁਛ ਵੀ ਨਹੀਂ।
ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੰਤ ਸੁਕਰਾਤ ਦੇ ਕੁੱਝ ਬੋਲਾਂ ਤੇ ਤਜਰਬੇ ਅਨੁਸਾਰ
ਸਮਾਜ ਦੇ ਸਤਾਏ ਹੋਏ ਮਨੁੱਖ ਚਿੰਤਕ/ਬਾਗ਼ੀ ਹੋ ਜਾਂਦੇ ਹਨ ਘਰੇਲੂ ਝਗੜਿਆਂ ਦੇ ਸਤਾਏ ਹੋਏ
ਮਨੁੱਖ ਫ਼ੱਕਰ ਹੋ ਜਾਂਦੇ ਹਨ ਤੇ ਉਹ ਘਰ ਛੱਡਣ ਲਈ ਮਜਬੂਰ ਹੋ ਜਾਂਦੇ ਹਨ ਘਰੋ ਉਦੋਂ ਕੋਈ
ਮਨੁੱਖ ਭੱਜਦਾ ਹੈ ਜਦੋਂ ਘਰ ਵਿਚ ਕੋਈ ਬਿਪਤਾ ਹੋਵੇ ਜਿਸ ਨਾਲ ਉਹ ਨਜਿੱਠ ਨਹੀਂ ਸਕਦਾ
ਹੋਵੇ। ਉਹ ਕਹਿੰਦਾ ਹੈ ਕਿ ਘਰੇਲੂ ਝਗੜਿਆ ਦਾ ਸਤਾਇਆ ਹੋਇਆ ਮਨੁੱਖ ਫ਼ੱਕਰ ਹੋ ਜਾਂਦਾ
ਹੈ। ਉਸ ਦੇ ਅਨੁਸਾਰ ਸਮਾਜ ਦੇ ਸਤਾਏ ਹੋਏ ਚਿੰਤਕ ਤੇ ਦਾਰਸ਼ਨਿਕ ਬਹੁਤ ਹੋ ਜਾਂਦੇ ਹਨ
ਜਿਵੇਂ ਇਸ ਦੇਸ਼ ਵਿਚ ਦਾਰਸ਼ਨਿਕ ਤੇ ਚਿੰਤਕ ਬਹੁਤ ਪੈਦਾ ਹੋਏ ਨੇ ਕਾਰਨ ਇਸ ਦੇਸ਼ ਨੂੰ
ਸਮਾਜ ਨੇ ਬਹੁਤ ਸਤਾਇਆ ਹੋਇਆ ਹੈ ਕਿਤਨੀਆਂ ਸਮਾਜ ਦੀਆਂ ਕਰੁੱਤੀਆਂ ਨੇ ਜਿੰਨਾ ਤੇ ਰਾਏ
ਅਤੇ ਮੋਹਰ ਧਰਮ ਦੀਆਂ ਲਗਾਈਆਂ ਹਨ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਉਸ ਦੇ ਅਨੁਸਾਰ
ਜਿੱਥੇ ਵਿਦਰੋਹੀ, ਆਤੰਕਵਾਦੀ, ਬਾਗ਼ੀ ਜ਼ਿਆਦਾ ਹੋਣ ਸਮਝ ਲੈਣਾ ਉਹ ਹਕੂਮਤ ਤੇ ਝੂਠੇ ਸਮਾਜ
ਦੇ ਸਤਾਏ ਹੋਏ ਵਧੀਕੀਆਂ ਦੇ ਸ਼ਿਕਾਰ ਹੋਏ ਹਨ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ
ਰਿਹਾ।
ਇਨਸਾਫ਼ ਦੀ ਮੰਗ ਕਰ ਰਹੇ ਸਿੱਖ ਕੌਮ ਦੇ ਹੱਕਾਂ ਦੀ ਮੰਗ ਕਰ ਰਹੇ ਸੰਘਰਸ਼ੀ
ਸਿੰਘ ਚਾਹੇ ਉਹ ਸ਼ਾਂਤਮਈ ਹੀ ਹੋਣ ਪਰ ਇਨਸਾਫ਼ ਦੇਣ ਦੀ ਥਾਂ ਇੰਨਾ ਨੂੰ ਜੇਲ੍ਹਾਂ ਵਿਚ
ਡੱਕਿਆ ਜਾ ਰਿਹਾ ਹੈ ਇੰਨਾ ਤੇ ਤਰਾਂ ਤਰਾਂ ਦੇ ਤਸ਼ੱਦਦ ਤੇ ਜਬਰ, ਪਰਵਾਰਾਂ ਨੂੰ ਅਨੇਕਾਂ
ਪਰੇਸ਼ਾਨੀਆਂ ਦਿੱਤੀਆਂ ਜਾ ਰਹੀਆਂ ਹਨ । ਕਹਿਣ ਦੇਣਾ ਸੁਕਰਾਤ ਤਾਂ ਇਸ ਤਰਾਂ ਕਹਿੰਦਾ ਹੈ
ਕਿ ਜੇਕਰ ਛੇ ਮਹੀਨਿਆਂ ਤੋਂ ਕੋਈ ਲਗਾਤਾਰ ਸਮਾਜ ਤੇ ਹਕੂਮਤ ਤੋਂ ਨਿਰਾਸ ਹੋਇਆ ਤਾਂ ਉਸ
ਅੰਦਰ ਬਾਗੀਆਨਾ ਤਬੀਅਤ ਉਜਾਗਰ ਹੋ ਜਾਂਦੀ ਹੈ ਪਰ ਸਾਡੀ ਕੌਮ ਕਹਿ ਸਕਦੀ ਹੈ....... ਕਿ
ਸੁਕਰਾਤ ਦੇ ਬੋਲਾਂ ਤੋਂ ਵੀ ਸਾਡੀ ਕੌਮ ਅੰਦਰ ਬਰਦਾਸ਼ਤ ਅਤੇ ਦੇਸ਼, ਖ਼ਾਸਕਰ ਧਰਮ ਦੀ ਅਣਖ
ਦੀ ਰਾਖੀ ਕਰਨ ਦੀ ਸ਼ਕਤੀ ਬਹੁਤ ਜ਼ਿਆਦਾ ਹੈ ਜਿਸ ਨੂੰ ਸਾਡੇ ਗੁਰੂਆਂ, ਪੀਰਾਂ, ਸ਼ਹੀਦਾਂ
ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਦਰਸਾਈ ਹੈ।
ਅਫ਼ਸੋਸ ਦੁਨੀਆ ਭਰ ਵਿਚ ਇੰਨਾ ਬਹੁਗਿਣਤੀ ਵਾਲੀ ਕੌਮ ਨਾਲ ਸੰਬੰਧਿਤ ਜ਼ਾਲਮ ਸਰਕਾਰਾਂਦੀਆਂ ਗਵਾਹੀਆਂ, ਗੱਲਾਂ-ਬਾਤਾਂ, ਮਕਾਰੀਆਂ, ਝੂਠ ਤੇ ਚਲਾਕੀਆਂ ਸਿੱਖ ਕੌਮ ਨੂੰ ਬਦਨਾਮ
ਕਰਨ ਲਈ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਹ ਸੱਚ ਹੈ ਕਿ ਇੰਨਾ ਚਲਾਕੀਆਂ ਭਰੀਆਂ ਗੱਲਾਂ
ਦਾ ਜੁਆਬ ਨਾ ਦੇ ਪਾਏ ਹਾਂ ਪਰ ਇਤਨੀ ਗੱਲ ਸਪਸ਼ਟ ਹੈ ਕਿ ਸੱਚ ਦੀ ਤਾਕਤ ਨੂੰ ਜਦ
ਵੰਗਾਰਿਆ ਜਾਂਦਾ ਹੈ ਤਾਂ ਆਖ਼ਰ ਝੂਠ ਨੂੰ ਕੁਮਲਾ ਕੇ ਖ਼ਤਮ ਹੋਣਾ ਹੀ ਪਿਆ ਹੈ......
ਜਿਵੇਂ ਇੰਨਾ ਦੀਆਂ ਸਰਕਾਰੀ ਬਿਲਡਿੰਗਾਂ ਤੇ ਲਿਖਿਆ ਜਾਂਦਾ ਹੈ ਕਿ "ਸਤਏਮੇਵ ਜਯਤੇ" ਪਰ
ਹੁਣ "ਝੂਠਮੇਵ ਜਯਤੇ" ਲਿਖਣਾ ਵਾਜਬ ਹੋਵੇਗਾ ਕਿਉਂਕਿ ਸਰਕਾਰਾਂ ਤਾਂ ਝੂਠ ਦੇ ਸਿਰ ਤੇ
ਹੀ ਰਾਜ ਕਰ ਰਹੀਆਂ ਹਨ।
ਅਜੋਕੇ ਦੌਰ ਵਿਚ ਜੋ ਅਸਹਿ ਦੁੱਖ ਦੇ ਗਈ ਉਹ ਘਟਨਾ ਜਿਸ ਨੂੰ ਬਿਆਨ ਕਰਨਾ ਬੜਾ ਮੁਸ਼ਕਿਲ
ਹਿਰਦੇਵੇਧਕ ਜੋ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਅਤਿ ਮੰਦਭਾਗਾ ਕਾਰਜ ਸਿੱਧ ਹੋਇਆ
ਹੈ ਪਰ ਆਪਣੀ ਹੀ ਕੌਮ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੇ ਰਾਜ ਵਿਚ
ਪੰਜਾਬ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ
ਹੋ ਰਹੀਆਂ ਨਿਰੰਤਰ ਬੇਅਦਬੀਆਂ ਤੇ ਉਸ ਨੂੰ ਰੋਕਣ ਵਿਚ ਅਸਮਰਥ ਹੋਈ ਤੇ ਮੁਜਰਮਾਂ ਨੂੰ
ਫੜਨ ਵਿਚ ਨਾਕਾਮ ਹੋਈਆਂ ਇਹ ਅਖੌਤੀ ਦਲ ਬਦਲੂ ਸਰਕਾਰਾਂ ਦੇ ਲੀਡਰ, ਇਨਸਾਨੀਅਤ ਦੇ
ਦਲਾਲਾਂ ਨਾਲ ਭਰੀਆਂ ਕੇਂਦਰ ਤੇ ਪੰਜਾਬ ਸਰਕਾਰ ਦੇ ਇਨਸਾਨੀਅਤ ਤੇ ਧਰਮ ਦੇ ਦੁਸ਼ਮਣਾਂ
ਦੁਆਰਾ ਹੱਕ ਤੇ ਇਨਸਾਫ਼ ਦੀ ਮੰਗ ਕਰ ਰਹੀਆਂ ਸੰਗਤਾਂ ਤੇ ਜਬਰਨ ਗੋਲੀਆਂ ਚਲਾਉਣਾ ਤੇ ਉਸ
ਤੋਂ ਬਾਅਦ ਵੀ ਇਹ ਸਰਕਾਰਾਂ ਤੇ ਬਹੁਗਿਣਤੀ ਕੌਮ ਪਤਾ ਨਹੀਂ ਘੱਟ ਗਿਣਤੀ ਕੌਮਾਂ ਨਾਲ
ਹੋਰ ਕਿੰਨੀਆਂ ਕੁ ਵਧੀਕੀਆਂ ਕਰਦੀਆਂ ਰਹਿਣਗੀਆਂ। ਆਖ਼ਰ ਅੰਤ ਵਿਚ ਕਹਿਣਾ ਹੀ ਪੈ ਰਿਹਾ
ਹੈ ਕਿ "ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿ ਤੇ ਹੁਏ"।
-
ਹਰਮਿੰਦਰ ਸਿੰਘ ਭੱਟ, ਲੇਖਕ
ssspunjaborg@gmail.com
09914062205
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.