ਹਮਦਰਦੀ ਲਈ ਸਕੂਲ
ਇਹ ਐਸਾ ਸਕੂਲ ਸੀ ਜਿਸ ਵਿਚ ਲਿਖਣ-ਪੜ੍ਹਨ ਵਾਲੀ ਪੜ੍ਹਾਈ ਤਾਂ ਹੁੰਦੀ ਹੀ ਸੀ, ਨਾਲ ਨਾਲ ਵਿਦਿਆਰਥੀਆਂ ਨੂੰ ਪੀੜਤਾਂ, ਲੋੜਵੰਦਾਂ ਅਤੇ ਅੰਗਹੀਣਾਂ ਵਾਸਤੇ ਹਮਦਰਦ ਬਣਾਉਣ ਦੇ ਯਤਨ ਵੀ ਕੀਤੇ ਜਾਂਦੇ ਸਨ। ਢੰਗ ਵੀ ਬੜਾ ਅਨੋਖਾ ਸੀ। ਬੱਚਿਆਂ ਨੂੰ ਅੰਗਹੀਣਾਂ ਦੀਆਂ ਮੁਸ਼ਕਿਲਾਂ ਵਿਚੋਂ ਲੰਘਾਇਆ ਜਾਂਦਾ ਸੀ ਤਾਂ ਜੋ ਉਹ ਆਪ ਉਨ੍ਹਾਂ ਦੀਆਂ ਔਕੜਾਂ ਨੂੰ ਸਮਝ ਸਕਣ ਅਤੇ ਉਨ੍ਹਾਂ ਦੀ ਤਕਲੀਫ਼ ਦਾ ਅਹਿਸਾਸ ਕਰ ਸਕਣ। ਹਰ ਬੱਚੇ ਦਾ ਮਹੀਨੇ ਵਿਚ ਇਕ (ਅੰਨ੍ਹਾ ਦਿਨ) ਹੁੰਦਾ ਸੀ। ਸਾਰਾ ਦਿਨ ਅੱਖਾਂ ਤੇ ਪੱਟੀ ਬੱਝੀ ਰਹਿੰਦੀ ਸੀ ਅਤੇ ਉਹ ਅੰਨ੍ਹਾ ਬਣ ਕੇ ਬਾਕੀ ਬੱਚਿਆਂ ਵਿਚ ਵਿਚਰਦਾ ਸੀ ਅਤੇ ਉਸ ਨੂੰ ਅੰਨ੍ਹੇ ਵਿਅਕਤੀ ਦੀਆਂ ਮੁਸ਼ਕਿਲਾਂ ਦਾ ਅਨੁਭਵ ਹੁੰਦਾ ਸੀ। ਉਸ ਦੇ ਅੰਦਰ ਅੰਨ੍ਹਿਆਂ ਵਾਸਤੇ ਫਰਜ਼ ਅਤੇ ਹਮਦਰਦੀ ਦੀ ਭਾਵਨਾ ਪੈਦਾ ਕੀਤੀ ਜਾਂਦੀ ਸੀ। ਇਸ ਤਰ੍ਹਾਂ (ਗੁੰਗਾ ਦਿਨ), (ਲੰਗੜਾ/ਲੂਲਾ ਦਿਨ) ਆਦਿ ਹੁੰਦੇ ਸਨ; ਬੱਚਿਆਂ ਵਿਚ ਹਮਦਰਦੀ ਦੇ ਬੀਜ ਬੀਜੇ ਜਾਂਦੇ ਸਨ ਜੋ ਅੱਗੇ ਜਾ ਕੇ ਬੱਚੇ ਦੇ ਗੁਣਾਂ ਦਾ ਹਿੱਸਾ ਬਣਦੇ ਸਨ।
ਅੱਜ ਦੇ ਯੁੱਗ ਨੂੰ ਮੈਂ ਸਿਫਾਰਸ਼ ਯੁੱਗ, ਮੋਬਾਈਲ ਯੁੱਗ ਅਤੇ ਪਲਾਸਟਿਕ ਯੁੱਗ ਆਖ ਦਿੰਦਾ ਹਾਂ। ਬੱਚਿਆਂ ਦੇ ਅਜੋਕੇ ਸੁਭਾਅ, ਵਰਤਾਰੇ, ਬਜ਼ੁਰਗਾਂ ਨਾਲ ਵਰਤਾਓ, ਸਾਥੀਆਂ ਨਾਲ ਵਿਹਾਰ ਅਤੇ ਲੋੜਵੰਦਾਂ ਦੀ ਸਹਾਇਤਾ ਤੇ ਨਜ਼ਰ ਪੈਂਦੀ ਹੈ ਤਾਂ ਮਨ ਕੁਝ ਦੁਖੀ ਹੁੰਦਾ ਹੈ ਅਤੇ ਹਮਦਰਦੀ ਦੀ ਘਾਟ ਤਾਂ ਸਪਸ਼ਟ ਹੀ ਦਿਸਦੀ ਹੈ ਜੋ ਬੱਚੇ ਦੀ ਨਰੋਈ ਸ਼ਖਸੀਅਤ ਵਾਸਤੇ ਜ਼ਰੂਰੀ ਹੈ।
ਅੱਜ ਸਮਾਂ ਬਦਲ ਗਿਆ ਹੈ ਅਤੇ ਅਜੋਕੇ ਸਮੇਂ ਨੂੰ ਲੋੜ ਅਨੁਸਾਰ ਸਾਇੰਸ ਅਤੇ ਟੈਕਨਾਲੋਜੀ ਦੀ ਬਹੁਤੀ ਲੋੜ ਹੈ। ਆਪਾਂ ਪਿੱਛੇ ਤਾਂ ਨਹੀਂ ਜਾ ਸਕਦੇ ਅਤੇ ਨਾ ਹੀ ਹਮਦਰਦੀ ਲ ਲਈ ਸਕੂਲ ‘’ ਵਰਗੇ ਸਕੂਲ ਖੁੱਲ੍ਹ ਸਕਦੇ ਹਨ ਪਰ ਹਮਦਰਦੀ ਅਤੇ ਸਹਾਇਤਾ ਵਰਗੇ ਚੰਗੇ ਗੁਣਾਂ ਨੂੰ ਅੱਜ ਦੇ ਸਮੇਂ ਅਨੁਸਾਰ ਬੱਚਿਆਂ ਵਾਸਤੇ ਕਿਸੇ ਤਰ੍ਹਾਂ ਢਾਲ ਜ਼ਰੂਰ ਸਕਦੇ ਹਾਂ। ਇਸ ਵਿਚ ਅਧਿਆਪਕਾਂ ਅਤੇ ਪਰਿਵਾਰ ਦਾ ਯੋਗਦਾਨ ਹੀ ਸਭ ਤੋਂ ਜ਼ਰੂਰੀ ਹੈ। ਉਹ ਬੱਚਿਆਂ ਵਿਚ ਆਪਣਾ ਗੁਣਾਂ ਭਰਿਆ ਨਮੂਨਾ ਪੇਸ਼ ਕਰਕੇ ਚੰਗੇ ਵਿਹਾਰ ਅਤੇ ਹਮਦਰਦੀ ਦੀ ਜਾਗ ਲਾ ਸਕਦੇ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.