ਆਸਟ੍ਰੇਲੀਆ, ਬਿਨਾਂ ਸ਼ੱਕ ਅੰਤਰਰਾਸ਼ਟਰੀ ਸੈਲਾਨੀਆਂ ਲਈ "ਸੁਪਨ-ਮੰਜ਼ਿਲ" ਵਰਗਾ ਮੁਲਕ ਹੈ। ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ ਤੋਂ ਬਾਅਦ ਵਿਕਟੋਰੀਆ ਸਟੇਟ (Victoria) ਉਹ ਪੁਰ-ਕਸ਼ਿਸ਼ ਥਾਂ ਹੈ, ਜਿੱਥੇ ਜਾਣਾ/ਘੁੰਮਣਾ/ਫਿਰਣਾ ਤਕਰੀਬਨ ਹਰ ਯਾਤਰੂ ਲਈ ਖ਼ਾਬਾਂ ਵਿਚ ਤੱਕੀ ਮੰਜ਼ਿਲ ਉੱਤੇ ਪੁੱਜ ਜਾਣ ਵਾਂਗ ਹੁੰਦਾ ਹੈ। 'ਤੀਜੀ ਦੁਨੀਆ' ਦੇ ਮੁਲਕ ਮੰਨੇ ਜਾਂਦੇ ਭਾਰਤ, ਪਾਕਿਸਤਾਨ, ਨੇਪਾਲ, ਭੂਟਾਨ ਵਗੈਰਾ ਦੇ ਸਰਦੇ ਪੁੱਜਦੇ ਬਾਸ਼ਿੰਦੇ, ਆਸਟ੍ਰੇਲੀਆ ਪਹੁੰਚ ਕੇ ਆਖਰ ਕਰਦੇ ਕੀ ਹਨ? ਇਹ ਬਹੁਤ ਸਧਾਰਨ ਸਵਾਲ ਹੈ ਤੇ ਏਸ ਦਾ ਜਵਾਬ ਵੀ ਇਹੀ ਹੈ ਕਿ ਓਹ (ਸੈਲਾਨੀ) ਕੁਦਰਤੀ ਹੁਸਨ ਨਾਲ ਲਬਾਲਬ "ਅਵੱਲ ਦੁਨੀਆ" ਦੇ ਏਸ ਲੰਮੇ ਚੌੜੇ, ਉਪ ਮਹਾਂਦੀਪ ਜਿੰਨੇ ਰਕਬੇ ਵਾਲੇ ਮੁਲਕ ਨੂੰ ਸਾਰੇ ਦਾ ਸਾਰਾ ਦੇਖਣਾ ਚਾਹੁੰਦੇ ਹੁੰਦੇ ਹਨ।
ਵਿਕਟੋਰੀਆ ਸਟੇਟ ਦੀ ਅਤਿ ਆਧੁਨਿਕ ਤੱਰਕੀ ਦਾ ਕੁਲ ਰਾਜ਼ ਇਹੀ ਹੈ ਕਿ ਏਸ ਸਟੇਟ ਵਿਚ ਭਾਵੇਂ ਕਿਸੇ ਵੀ ਰਾਜਸੀ ਜਮਾਤ ਨਾਲ ਵਾ-ਬਸਤਾ ਸਿਆਸਤਦਾਨ 'ਪ੍ਰੀਮੀਅਰ' (ਮੁੱਖ ਮੰਤਰੀ) ਬਣਿਆ ਹੋਵੇ, ਓਹਨੇ ਰਾਜਸੀ ਭੱਲ ਖੱਟਣ ਲਈ ਮਿਲਦਾ ਜੁਲਦਾ ਪੈਂਤੜਾ ਹੀ ਅਪਣਾਈ ਰੱਖਿਆ ਹੈ।ਓਹ ਪੈਂਤੜਾ ਕੀ ਹੈ! ਓਹ ਇਹ ਕਿ ਸਟੇਟ (victoria, Austrelia)) ਦੇ ਬਾਸ਼ਿੰਦਿਆਂ ਉੱਤੇ ਗ਼ੈਰ ਜ਼ਰੂਰੀ ਟੈਕਸ ਲਾਉਣ ਦੀ ਬਜਾਇ ਕੌਮਾਂਤਰੀ ਸੈਲਾਨੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਖਿੱਚਣ ਦੀ ਸੇਧ ਵਿਚ ਕੰਮ ਨੂੰ ਅੰਜਾਮ ਦਿੰਦੇ ਹਨ।
ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਲਿਸ਼ ਲਿਸ਼ ਕਰਦੀ ਤੇ ਅੱਖਾਂ ਚੁੰਧਿਆਉਂਦੀ ਤਰੱਕੀ, ਦਿਲਕਸ਼ ਨਜ਼ਾਰੇ, ਦੋ-ਛੱਤੀ ਬੱਸਾਂ, ਸ਼ੀਸ਼ੇ ਤੋਂ ਵੱਧ ਸ਼ਾਫ ਸੁਥਰੀਆਂ ਸੜਕਾਂ, ਮਨ ਪਰਚਾਵੇ ਲਈ ਖੂਬਸੂਰਤ ਪਾਰਕਾਂ ਵਗੈਰਾ ਆਲ੍ਹਾ-ਤਰੀਨ ਪ੍ਰਬੰਧ ਹਰ ਸੈਲਾਨੀ ਨੂੰ "ਕਿਸੇ ਹੋਰ ਦੁਨੀਆ" ਵਿਚ ਪੁੱਜ ਗਿਆ ਮਹਿਸੂਸ ਕਰਵਾਉਣ ਲਈ 'ਕਾਫੀ ਤੋਂ ਵੱਧ' ਹੁੰਦੇ ਹਨ।
ਏਸੇ ਲਈ ਆਸਟ੍ਰੇਲੀਆ ਮੁਲਕ ਦੀ ਵਿਕਟੋਰੀਆ ਸਟੇਟ ਹੁਣ ਭਾਵੇਂ 'ਕੋਰੋਨਾ ਦੇ ਪੁੱਤਰ ਓਮੀਕਰੋਨ' ਨਾਲ ਸਿੱਝ ਰਹੀ ਹੈ ਪਰ ਟੇਕ ਹਾਲੇ ਵੀ ਅੰਤਰਰਾਸ਼ਟਰੀ ਸੈਲਾਨੀਆਂ ਦੇ ਧਨ ਦੌਲਤ ਉੱਤੇ ਹੀ ਹੈ। ਕੌਮਾਂਤਰੀ ਮੀਡੀਆ ਦੀਆਂ ਖ਼ਬਰਾਂ ਘੋਖਣ ਦੌਰਾਨ ਹੁਣੇ ਹੁਣੇ ਮੈਂ ਜਿਹੜੀ ਰਿਪੋਰਟ ਪੜ੍ਹ ਕੇ ਹਟਿਆ ਹਾਂ, ਓਹਦਾ ਸਹਿਜ ਪੰਜਾਬੀ ਵਿਚ ਕੀਤਾ ਮੁਖਤਸਰ ਤਰਜਮਾ ਤੁਹਾਡੇ ਲਈ ਪੇਸ਼ ਕਰ ਰਿਹਾ ਹਾਂ। ਖ਼ਬਰਸਾਰ ਇਹ ਹੈ ਕਿ "ਅੰਤਰਰਾਸ਼ਟਰੀ ਯਾਤਰੀਆਂ ਲਈ ਵਿਕਟੋਰੀਆ ਸਟੇਟ ਨੇ ਤਿੰਨ ਵਾਰ ਟੀਕਾਕਰਨ ਲਾਜ਼ਮੀ ਕਰਾਰ ਦਿੱਤਾ ਹੈ।
ਆਸਟਰੇਲੀਅਨ ਮੀਡੀਆ ਮੁਤਾਬਕ ਵਿਕਟੋਰੀਆ ਸਟੇਟ ਦੇ ਪ੍ਰੀਮੀਅਰ ਮਿਸਟਰ ਡੈਨੀਅਲ ਐਂਡਰੀਊਜ਼ ਨੇ ਆਖਿਆ ਹੈ ਕਿ ਜਿਹੜੇ ਸੈਲਾਨੀ ਵਿਕਟੋਰੀਆ ਵਿਚ ਆਉਣਾ ਚਾਹੁੰਦੇ ਹਨ, ਉਨ੍ਹਾਂ ਸਾਰੇ ਯਾਤਰੂਆਂ ਦਾ ਕੋਵਿਡ ਤੋਂ ਬਚਾਅ ਸਬੰਧੀ ਤਿੰਨ ਵਾਰ ਟੀਕਾਕਰਨ ਕੀਤਾ ਹੋਣਾ ਚਾਹੀਦਾ ਹੈ। ਪ੍ਰੀਮੀਅਰ ਨੇ ਐਂਡਰੀਊਜ਼ ਨੇ ਤਾਈਦ ਮਜੀਦ ਕੀਤੀ ਹੈ ਕਿ ਵਿਕਟੋਰੀਆ ਸਟੇਟ ਵਿਚ ਟੀਕਾਕਰਨ ਦੀ ਸ਼ਰਤ ਨੂੰ ਅੰਤਰਰਾਸ਼ਟਰੀ ਸੈਲਾਨੀਆਂ ਦੀ ਆਮਦ 'ਤੇ ਲਾਗੂ ਕੀਤਾ ਜਾਵੇਗਾ। ਮੌਜੂਦਾ ਦੌਰ ਵਿਚ ਵਿਕਟੋਰੀਆ ਵਿਚ ਜ਼ਿਆਦਾਤਰ ਜਨਤਕ ਥਾਵਾਂ ਤਕ ਪੁੱਜਣ ਲਈ ਲੋਕਾਂ ਨੂੰ 2 ਟੀਕੇ ਲੱਗੇ ਹੋਣ ਦੀ ਸ਼ਰਤ ਲਾਗੂ ਹੈ। ਵਿਕਟੋਰੀਆ ਸਟੇਟ ਦੇ ਸਿਆਸੀ ਆਗੂ ਕੌਮੀ ਕੈਬਨਿਟ ਮੀਟਿੰਗ ਵਿਚ ਪ੍ਰਧਾਨ ਮੰਤਰੀ ਸਕੋਟ ਮੌਰੀਸਨ ਨਾਲ ਮਿਲਣ ਲਈ ਤਿਆਰ ਹਨ। ਵਿਕਟੋਰੀਆ ਦੇ ਪ੍ਰੀਮੀਅਰ ਐਂਡਰੀਊਜ਼ ਦਾ ਕਹਿਣਾ ਹੈ ਕਿ ਉਹ ਸਟੇਟ ਨੂੰ ਸੈਲਾਨੀਆਂ ਲਈ ਤਿਆਰ ਰੱਖਣਗੇ।"
ਏਸ ਖ਼ਬਰੀ ਰਿਪੋਰਟ ਦੇ ਸਾਰਤੱਤ ਤੋਂ ਸਾਫ਼ ਹੈ ਕਿ ਵਿਕਟੋਰੀਆ ਦਾ ਟੀਚਾ ਤੈਅ ਹੋ ਚੁੱਕਿਆ ਹੈ ਕਿ ਸਮੁੱਚੇ ਆਸਟ੍ਰੇਲੀਆ ਦੀ ਨਿਸਬਤ ਏਸ ਸਟੇਟ ਵਿਚ ਸੈਲਾਨੀ ਸੱਦਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਸਾਨੂੰ ਤਸਵੀਰ ਦਾ ਦੂਜਾ ਰੁਖ਼ ਵੀ ਵੇਖ ਲੈਣਾ ਚਾਹੀਦਾ ਹੈ। ਉਹ ਇਹ ਕਿ ਨਿੱਕੇ ਨਿੱਕੇ ਬਾਲਾਂ ਨੂੰ ਕੋਵਿਡ/ਓਮੀਕਰੋਨ ਤੋਂ ਬਚਾਅ ਕੇ ਰੱਖਣ ਤੇ "ਸ਼ੁਰੂਆਤੀ ਬਚਪਣ ਸਕੁਲਜ਼" ਵਿਚ ਨੰਨ੍ਹੇ ਮੁੰਨੇ ਬਾਲਾਂ ਦੀ ਸਲਾਮਤੀ ਲਈ ਆਸਟ੍ਰੇਲੀਆਈ ਹਕੂਮਤ ਸੁਚੇਤ ਹੈ। ਇਹ ਖ਼ਬਰ ਆਤਮਸਾਤ ਕਰਦੇ ਜਾਓ... "KidsDocOnCall ਐਪ ਸਦਕਾ ਬੱਚਿਆਂ ਦੇ ਡਾਕਟਰਾਂ ਤਕ 24/7 ਪਹੁੰਚ ਆਸਾਨ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਸਰਕਾਰ ਦੇ ਦਾਅਵਿਆਂ ਮੁਤਾਬਕ ਪਿਛਲੇ ਸਾਲ ਕੋਵਿਡ ਮਹਾਂਮਾਰੀ ਦੇ ਦੌਰ ਵਿਚ KidsDocOnCall 24/7 ਆਸਟ੍ਰੇਲੀਆ ਐਪ ਸ਼ੁਰੂ ਕੀਤੀ ਗਈ ਸੀ।ਇਹ ਐਪ ਉਹ ਸਰਵਿਸ ਹੈ ਜਿਹੜੀ ਕਿ ਸੀਨੀਅਰ ਬਾਲ ਰੋਗ ਮਾਹਿਰਾਂ ਨਾਲ ਬਾਲਾਂ ਦੇ ਮਾਪਿਆਂ ਲਈ ਵੀਡੀਓ ਮੈਡੀਕਲ ਸਲਾਹ ਮੁਹਈਆ ਕਰਵਾਉਂਦੀ ਹੈ।
ਲੋਕ ਇਸ ਐਪ ਨੂੰ ਪਲੇਅ ਸਟੋਰ ਤੋੰ ਡਾਊਨਲੋਡ ਕਰਦੇ ਹਨ ਤੇ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਦੇ ਹਨ। ਫੇਰ ਵੀਡੀਓ ਸਲਾਹ-ਮਸ਼ਵਰੇ ਦੀ ਬੇਨਤੀ ਕਰਨ ਲਈ ਬਟਨ 'ਤੇ ਕਲਿੱਕ ਕਰਨ ਦੀ ਓਪਸ਼ਨ ਹੁੰਦੀ ਹੈ। ਜਦੋਂ ਡਾਕਟਰ ਕੋਲ ਵਕ਼ਤ ਹੁੰਦਾ ਹੈ ( ਆਮ ਤੌਰ 'ਤੇ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ) ਵੀਡੀਓ ਲਿੰਕ ਦੇ ਨਾਲ ਸੁਨੇਹਾ ਭੇਜਿਆ ਜਾਂਦਾ ਹੈ। ਪਰਿਵਾਰ ਸਲਾਹ-ਮਸ਼ਵਰੇ ਲਈ ਡੋਲਰ ਦੇ ਤੌਰ ਉੱਤੇ ਨਗਦੀ ਦਾ ਭੁਗਤਾਨ ਕਰਦੇ ਹਨ। ਮਹੀਨਾਵਾਰ ਗਾਹਕੀ ਲਈ ਸਾਈਨ ਅੱਪ ਕੀਤੇ ਮੈਂਬਰਜ਼ ਲਈ $80 ਤੋਂ $125 ਜਾਂ ਗੈਰ-ਮੈਂਬਰਾਂ ਲਈ $180 ਤੋਂ $225 ਤਕ ਵਸੂਲਿਆ ਜਾਂਦਾ ਹੈ। ਮੈਡੀਕੇਅਰ ਛੋਟ ਕੁਝ ਕਾਲਾਂ ਲਈ ਲਾਗੂ ਹੁੰਦੀ ਹੈ...।"
ਆਸਟ੍ਰੇਲੀਆਈ ਮੀਡੀਆ ਤੇ ਹੁਕਮਰਾਨਾਂ ਦੇ ਦਾਅਵਿਆਂ ਮੁਤਾਬਕ ਉਨ੍ਹਾਂ ਨੇ ਮੁਲਕ ਦੀ ਫ਼ਿਜ਼ਾ ਨੂੰ ਕੋਰੋਨਾ/ਓਮੀਕਰੋਨ ਵਬਾ ਤੋਂ ਮਹਿਫੂਜ਼ ਰੱਖਣ ਲਈ ਡਾਹਢੇ ਯਤਨ ਕੀਤੇ ਹਨ। ਦੱਸਿਆ ਗਿਆ ਹੈ ਕਿ ਓਥੋਂ ਦੀ ਕਿਸੇ ਯੂਨੀਵਰਸਿਟੀ ਵਿਚ ਦਾਖ਼ਲ ਹੋ ਕੇ ਆਸਟ੍ਰੇਲੀਆ ਆਉਣਾ ਚਾਹੁੰਦੇ ਅੰਤਰਰਾਸ਼ਟਰੀ ਪੜ੍ਹਾਕੂਆਂ ਲਈ ਯੂਨੀਵਰਸਿਟੀਜ਼ ਦੀਆਂ ਇੰਤਜ਼ਾਮੀਆਂ ਕਮੇਟੀਆਂ ਨੇ ਜ਼ਬਰਦਸਤ ਯਤਨ ਕੀਤੇ ਹਨ। ਓਧਰਲੇ ਮੀਡੀਆ ਵਿਚ ਨਸ਼ਰ ਹੋਈ ਇਸ ਖ਼ਬਰ ਉੱਤੇ ਜ਼ਰਾ ਨਜ਼ਰ ਮਾਰੋ, "ਵਿਕਟੋਰੀਅਨ ਯੂਨੀਵਰਸਿਟੀ ਦੀ ਦੂਜੇ ਦੌਰ ਦੀ ਪੇਸ਼ਕਸ਼ ਲੱਭਣ ਲਈ ਡੇਟਾਬੇਸ ਮਦਦਗਾਰ।
ਪਰਥ : ਆਸਟ੍ਰੇਲੀਆ ਵਿਚ ਪੜ੍ਹਨ ਦੀ ਤਾਂਘ ਰੱਖਦੇ ਵਿਦਿਆਰਥੀ ਆਪਣੇ ਲਈ ਢੁਕਵੀਂ ਯੂਨੀਵਰਸਿਟੀ ਲੱਭਣ ਲਈ ਸਾਰੀਆਂ ਯੂਨੀਵਰਸਿਟੀਆਂ ਦਰਮਿਆਨ ਮੁਕਾਬਲਾ ਕਰ ਸਕਦੇ ਹਨ। ਪਹਿਲੀ ਫਰਵਰੀ ਤੋਂ ਤਕਰੀਬਨ10,000 ਪੇਸ਼ਕਸ਼ਾਂ ਹਨਨ। ਹੁਣ 1963 ਪੇਸ਼ਕਸ਼ਾਂ ਹੋਰ ਸ਼ਾਮਲ ਕੀਤੀਆਂ ਗਈਆਂ ਹਨ। VTAC ਦੀ ਕਾਰਜਕਾਰੀ ਨਿਰਦੇਸ਼ਕ ਬੀਬਾ ਤਮਾਰਾ ਬਾਰਥ ਨੇ ਕਿਹਾ ਹੈ ਕਿ ਵੀ ਟੀ ਏ ਸੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯਾਤਰਾ ਦੇ ਅਗਲੇ ਪੜਾਅ ਵਿਚ ਮਦਦ ਕਰਨ ਦੇ ਯੋਗ ਹੋਣ 'ਤੇ ਖੁਸ਼ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਕੋਵਿਡ-19 ਮਹਾਂਮਾਰੀ ਦੌਰਾਨ 'ਮੁਸ਼ਕਲ ਹਾਲਾਤ ਵਿਚ ਹਾਈ ਸਕੂਲ ਦੇ ਆਖ਼ਰੀ ਸਾਲ ਪੂਰੇ ਕਰਨ ਲਈ' ਆਪਣੇ ਆਪ ਉੱਤੇ ਮਾਣ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਹਾਲੇ ਦੋ ਗੇੜ ਬਚੇ ਹਨ। 14 ਤੇ 18 ਫਰਵਰੀ ਨੂੰ ਵਿਦਿਆਰਥੀਆਂ ਕੋਲ ਤਰਜੀਹਾਂ ਨੂੰ ਬਦਲਣ ਦੇ ਮੌਕੇ ਹੋਣਗੇ।
*ਵਿਦਿਆਰਥੀ ਕੀ ਕਰਨ*? ਏਸ ਸਵਾਲ ਦਾ ਸਾਦਾਤਰੀਨ ਜਵਾਬ ਸਿਰਫ਼ ਏਨਾ ਹੈ ਕਿ ਉਹ ਗੂਗਲ ਉੱਤੇ ਸਰਚ ਮਾਰ ਕੇ ਤਮਾਮ ਯੂਨੀਵਰਸਿਟੀਜ਼ ਦੇ ਪ੍ਰਾਸਪੈਕਟਸ ਤੇ ਪੇਸ਼ਕਸ਼ਾਂ ਦੀ ਘੋਖ ਕਰ ਸਕਦੇ ਹਨ। ਓਧਰ, ਵਿਕਟੋਰੀਆ ਸਟੇਟ ਨੇ ਸੈਲਾਨੀਆਂ ਦੇ ਨਾਲ ਨਾਲ ਕੌਮਾਂਤਰੀ ਪੜ੍ਹਾਕੂਆਂ ਦਾ ਅਗਾਊਂ ਸੁਆਗਤ ਕੀਤਾ ਹੈ।
-
ਯਾਦਵਿੰਦਰ, ਲੇਖਕ
yadwahad@gmail.com
+916284336773, 9465329617
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.