ਇਹ ਗੱਲ ਜਿਹੜੀ ਮੈਂ ਸੁਣਾ ਰਿਹਾ ਹਾਂ ਇਹ ਲੰਮਾ ਸਮਾਂ ਪਹਿਲਾਂ ਮੈਂ ਲਤਾ ਮੰਗੇਸ਼ਕਰ ਜੀ ਦੀ ਇੱਕ ਇੰਟਰਵਿਊ ਚੋਂ ਸੁਣੀ ਸੀ ਪਰ ਵਿੱਸਰੀ ਰਹੀ।
ਕੁਝ ਸਾਲ ਪਹਿਲਾਂ ਸਾਡਾ ਪੰਜਾਬੀ ਪੁੱਤਰ ਦੇਵਿੰਦਰਪਾਲ ਸਿੰਘ ਇੰਡੀਅਨ ਆਈਡੋਲ ਬਣਿਆ ਤਾਂ ਲਤਾ ਜੀ ਜੱਜ ਸਨ। ਉਨ੍ਹਾਂ ਦੇਵਿੰਦਰਪਾਲ ਨੂੰ ਸੁਰਵੰਤਾ ਹੋਣ ਕਾਰਨ ਰੱਜਵਾਂ ਪਿਆਰ ਦਿੱਤਾ ਤੇ ਕਈ ਵਾਰ ਆਪਣੇ ਘਰ ਬੁਲਾਇਆ।
ਦੇਵਿੰਦਰਪਾਲ ਸਿੰਘ ਨੇ ਇਹ ਗੱਲ ਆਪਣੇ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ ਵਾਲਿਆਂ ਨੂੰ ਦੱਸੀ।
ਇਹ ਵੀ ਦੱਸਿਆ ਕਿ ਲਤਾ ਜੀ ਦੇ ਭਤੀਜੇ ਅਦਿੱਤਯ ਮੰਗੇਸ਼ਕਰ ਮੁਤਾਬਕ ਉਹ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਕੀਰਤਨ ਅਕਸਰ ਸੁਣਦੇ ਹਨ ਤੇ ਮਿਲਣਾ ਵੀ ਚਾਹੁੰਦੇ ਹਨ।
ਭਾਈ ਸਾਹਿਬ ਹਰਜਿੰਦਰ ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੇ ਮਨ ਚ ਵੀ ਇਹ ਚਿਰੋਕਣੀ ਤਾਂਘ ਸੀ ਸੰਗੀਤ ਦੀ ਸਰਸਵਤੀ ਦੇਵੀ ਲਤਾ ਜੀ ਨੂੰ ਮਿਲਣ ਦੀ।
ਭਾਈ ਹਰਜਿੰਦਰ ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਦੋਵੇਂ ਦੇਵਿੰਦਰਪਾਲ ਦੇ ਨਾਲ ਲਤਾ ਮੰਗੇਸ਼ਕਰ ਜੀ ਦੇ ਘਰ ਮਿਲਣ ਲਈ ਮੁੰਬਈ ਚਲੇ ਗਏ। ਇਹ 2013 ਜਾਂ 2014 ਦੀ ਗੱਲ ਹੈ।
ਉਹ ਬੇਹੱਦ ਸਨੇਹ ਨਾਲ ਮਿਲੇ। ਦੋ ਢਾਈ ਘੰਟੇ ਬਚਪਨ ਤੋਂ ਹੁਣ ਤੀਕ ਦੀਆਂ ਗੱਲਾਂ ਚੱਲੀਆਂ।
ਉਨ੍ਹਾਂ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਬਚਪਨ ਵੇਲੇ ਤੋਪਖਾਨਾ ਮੁੱਹੱਲਾ ਇੰਦੌਰ (ਮੱਧ ਪਰਦੇਸ਼) ਵਿੱਚ ਰਹਿੰਦੇ ਸਾਂ। ਇਹ ਮੁਹੱਲਾ ਸਿੱਖ ਬਹੁ ਗਿਣਤੀ ਦਾ ਹੋਣ ਕਾਰਨ ਅਸੀਂ ਤਿੰਨੇ ਭੈਣਾਂ ਲਤਾ, ਆਸ਼ਾ ਤੇ ਊਸ਼ਾ ਮੰਗੇਸ਼ਕਰ ਰੋਜ਼ਾਨਾ ਗੁਰਦਵਾਰੇ ਜ਼ਰੂਰ ਜਾਂਦੀਆਂ।
ਮੇਰੀ ਗੁੱਤ ਬਹੁਤ ਲੰਮੀ ਸੀ। ਮੈਂ ਸਾਰੀ ਉਮਰ ਵਾਲਾਂ ਨੂੰ ਕੈਂਚੀ ਨਹੀਂ ਛੁਹਾਈ।
ਇਸ ਪਿੱਛੇ ਅਜੀਬ ਕਾਰਨ ਸੀ। ਮੇਰੇ ਸੰਗੀਤ ਗੁਰੂ ਜੀ ਨੇ ਬਚਪਨ ਵੇਲੇ ਹੀ ਮਨ ਚ ਬਿਠਾ ਦਿੱਤਾ ਸੀ ਕਿ ਜੇ ਤੂੰ ਵਾਲ ਕੱਟੇਂਗੀ ਤਾਂ ਤੇਰੀ ਆਵਾਜ਼ ਖ਼ਰਾਬ ਹੋ ਜਾਵੇਗੀ।
ਮੈਂ ਇਸ ਗੱਲ ਨੂੰ ਵਿਸ਼ਵਾਸ ਵਾਂਗ ਪੁਗਾਇਆ ਹੈ। ਹੁਣ ਵੀ ਮੇਰੀ ਗੁੱਤ ਓਨੀ ਲੰਮੀ ਹੈ।
ਪ੍ਰਿੰਸੀਪਲ ਸੁਖਵੰਤ ਸਿੰਘ ਦੇ ਮਨ ਚ ਉਤਸੁਕਤਾ ਵਧੀ। ਇਸ ਦਾ ਕਾਰਨ ਸੀ ਕਿ ਉਸ ਦੇ ਆਪਣੇ ਸੰਗੀਤ ਉਸਤਾਦ ਸਃ ਸਰਵਣ ਸਿੰਘ ਜੀ ਦੀ ਦਾੜ੍ਹੀ ਉਨ੍ਹਾਂ ਦੇ ਕੱਦ ਤੋਂ ਲੰਮੇਰੀ ਹੈ।
ਪ੍ਰਿੰਸੀਪਲ ਸੁਖਵੰਤ ਸਿੰਘ ਨੇ ਲਤਾ ਜੀ ਨੂੰ ਗੁੱਤ ਦਾ ਜੂੜਾ ਖੋਲ੍ਹ ਕੇ ਵਿਖਾਉਣ ਦੀ ਬੇਨਤੀ ਕੀਤੀ। ਖੋਲ੍ਹਿਆ ਤਾਂ ਗੁੱਤ ਗੋਡਿਆਂ ਤੋਂ ਵੀ ਹੇਠਾਂ ਤੀਕ ਸੀ।
ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਉਸ ਪਲ ਨੂੰ ਚੇਤੇ ਕਰਕੇ ਹੁਣ ਵੀ ਆਨੰਦ ਵਿਭੋਰ ਹੋ ਜਾਂਦੇ ਹਨ।
ਕੱਲ੍ਹ ਮੈਂ ਤੇ ਭਾਈ ਹਰਜਿੰਦਰ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ ਤੇ ਦੇਵਿੰਦਰਪਾਲ ਸਿੰਘ ਤਿੰਨੇ ਸਰਦੂਲ ਸਿਕੰਦਰ ਦੇ ਵਰ੍ਹੀਣੇ ਮੌਕੇ ਖੰਨਾ ਚ ਉਸ ਦੇ ਘਰ ਇਕੱਠੇ ਸਾਂ।
ਨਿੱਖੜੇ ਤਾਂ ਹੋਰ ਵੀ ਬਹੁਤ ਗੱਲਾਂ ਚੇਤੇ ਆਈਆਂ। ਸਰਦੂਲ ਦੇ ਵੀਰ ਗਮਦੂਰ ਤੇ ਭਰਪੂਰ ਚੇਤੇ ਆਏ। ਅਮਰ ਨੂਰੀ ਦਾ ਬਾਬਲ ਰੌਸ਼ਨ ਸਾਗਰ, ਉਹਦਾ ਬੇਲੀ ਮਨਚਲਾ, ਉਸਤਾਦ ਜਸਵੰਤ ਭੰਵਰਾ, ਦੀਦਾਰ ਸੰਧੂ ਤੇ ਕਿੰਨੇ ਹੋਰ।
ਅੱਜ ਸਵੇਰੇ ਲਤਾ ਜੀ ਦੇ ਗਾਏ ਗੁਰਬਾਣੀ ਸ਼ਬਦ ਸੁਣਦਿਆਂ ਮੈਂ ਮਹਿਸੂਸ ਕੀਤਾ ਕਿ ਉਹ ਤਾਂ ਸਾਡੀ ਲਤਾ ਮੰਗੇਸ਼ ਕੌਰ ਸੀ। ਅਸੀਂ ਹੀ ਭੁੱਲੇ ਰਹੇ।
ਪਰ ਇੱਕ ਦਮ ਕਬਜ਼ੇ ਦੀ ਭਾਵਨਾ ਕਾਫ਼ੂਰ ਹੋ ਗਈ, ਜਦ ਚੇਤੇ ਆਇਆ, ਮਹਿਕ ਦਾ ਕੋਈ ਨਾਮ, ਵਤਨ, ਰੰਗ ਜ਼ਾਤ , ਨਸਲ ਭੇਦ ਨਹੀਂ ਹੁੰਦਾ।
ਲਤਾ ਜੀ ਮਹਿਕ ਸਨ, ਬ੍ਰਹਿਮੰਡ ਚ ਘੁਲ਼ ਗਏ ਬੇਅੰਤ ਬਰਕਤਾਂ ਧਰਤੀ ਨੂੰ ਸੌਂਪ ਕੇ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.