ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਖ਼ਸੀਅਤ ਦੇ ਅਨੇਕਾਂ ਗੁਣ ਹਨ। ਉਨ•ਾਂ ਨੂੰ ਕਈ ਵਿਸ਼ੇਸ਼ਣਾਂ ਨਾਲ ਸਤਿਕਾਰਿਆ ਜਾਂਦਾ ਹੈ, ਜਿਵੇਂ; ਮੀਰੀ-ਪੀਰੀ ਦੇ ਮਾਲਕ, ਬੰਦੀਛੋੜ ਸਤਿਗੁਰੂ, ਵਡ ਯੋਧਾ, ਪਰਉਪਕਾਰੀ, ਗੁਰ-ਭਾਰੀ ਆਦਿ। ਭਾਈ ਗੁਰਦਾਸ ਜੀ ਆਪ ਜੀ ਦੀ ਸ਼ਖ਼ਸੀਅਤ ਨੂੰ ਬਿਆਨ ਕਰਦਿਆਂ ਲਿਖਦੇ ਹਨ:
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।
(ਵਾਰ 1/48)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 1595 ਈ: ਨੂੰ ਗੁਰੂ ਕੀ ਵਡਾਲੀ, ਜ਼ਿਲ•ਾ ਅੰਮ੍ਰਿਤਸਰ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ। ਪੰਚਮ ਪਾਤਸ਼ਾਹ ਜੀ ਨੇ ਬਚਨ ਉਚਾਰੇ:
ਸਤਿਗੁਰ ਸਾਚੈ ਦੀਆ ਭੇਜਿ£ ਚਿਰੁ ਜੀਵਨੁ ਉਪਜਿਆ ਸੰਜੋਗਿ£
ਉਦਰੈ ਮਾਹਿ ਆਇ ਕੀਆ ਨਿਵਾਸੁ£ ਮਾਤਾ ਕੈ ਮਨਿ ਬਹੁਤੁ ਬਿਗਾਸੁ£
ਜੰਮਿਆ ਪੂਤੁ ਭਗਤੁ ਗੋਵਿੰਦ ਕਾ£ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ£
(ਪੰਨਾ 396)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਵਿਚ ਲੋਕਾਂ ਦੀ ਲੋੜ ਨੂੰ ਮੁੱਖ ਰਖ ਕੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਇਹ ਅਸਥਾਨ ਅੱਜ ਇਕ ਵੱਡਾ ਕਸਬਾ ਹੈ ਅਤੇ ਛੇਹਰਟਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਹੁਣ ਇਹ ਅੰਮ੍ਰਿਤਸਰ ਦਾ ਹੀ ਇੱਕ ਹਿੱਸਾ ਬਣ ਚੁੱਕਾ ਹੈ।
ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਬਚਪਨ ਗੁਰੂ ਕੀ ਵਡਾਲੀ ਵਿਚ ਹੀ ਬੀਤਿਆ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਕਾਰਨ ਪ੍ਰਿਥੀ ਚੰਦ ਬਹੁਤ ਈਰਖਾ ਕਰਦਾ ਸੀ। ਉਹ ਲਗਾਤਾਰ ਗੁਰੂ-ਘਰ ਉੱਤੇ ਹਮਲੇ ਕਰਦਾ ਆ ਰਿਹਾ ਸੀ। ਬਾਲ (ਗੁਰੂ) ਹਰਿਗੋਬਿੰਦ ਜੀ ਦੇ ਜਨਮ 'ਤੇ ਪ੍ਰਿਥੀ ਚੰਦ ਹੋਰ ਈਰਖਾਲੂ ਹੋ ਗਿਆ। ਪ੍ਰਿਥੀਏ ਅਤੇ ਉਸ ਦੇ ਪਰਵਾਰ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ, ਕਿਉਂਕਿ ਉਹ ਇਹ ਆਸ ਲਾਈ ਬੈਠੇ ਸਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੋਈ ਉਲਾਦ ਨਹੀਂ ਹੈ, ਇਸ ਲਈ ਉਨ•ਾਂ ਤੋਂ ਪਿੱਛੋਂ ਸਾਡਾ ਪੁੱਤਰ ਮੇਹਰਬਾਨ ਹੀ ਗੱਦੀ 'ਤੇ ਬੈਠੇਗਾ। ਉਹ ਬਾਲ ਹਰਿਗੋਬਿੰਦ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ। ਇਸ ਵਾਸਤੇ ਉਸ ਵੱਲੋਂ ਕਈ ਢੰਗਾਂ ਨਾਲ ਹਮਲੇ ਕਰਵਾਏ ਗਏ। ਇੱਕ ਦਾਈ ਦੀਆਂ ਛਾਤੀਆਂ ਨੂੰ ਜ਼ਹਿਰ ਲਗਾ ਬਾਲ ਨੂੰ ਦੁੱਧ ਪਿਆ ਕੇ ਮਾਰਨ ਦੀ ਕੋਸ਼ਿਸ ਕੀਤੀ, ਪਰ ਭਾਣਾ ਕਰਤਾ ਪੁਰਖ ਦਾ ਕਿ ਉਹ ਆਪ ਮਰ ਗਈ। ਇਕ ਸਪੇਰੇ ਰਾਹੀਂ ਸੱਪ ਦਾ ਡੰਗ ਮਰਵਾਉਣ ਦੀ ਵਿਉਂਤ ਬਣਾਈ ਪਰ ਸਾਹਿਬਜ਼ਾਦੇ ਨੇ ਸੱਪ ਦਾ ਸਿਰ ਆਪਣੀ ਮੁੱਠੀ ਵਿਚ ਘੁੱਟ ਕੇ ਸੱਪ ਨੂੰ ਖ਼ਤਮ ਕਰ ਦਿੱਤਾ। ਇਹ ਸਾਰੇ ਢੰਗ ਫੇਲ ਹੋ ਜਾਣ 'ਤੇ ਪ੍ਰਿਥੀਏ ਨੇ ਇੱਕ ਰਸੋਈਏ ਨੂੰ ਪੈਸੇ ਦਾ ਲਾਲਚ ਦੇ ਕੇ ਦਹੀਂ ਵਿਚ ਜ਼ਹਿਰ ਮਿਲਾ ਦਿਤਾ। ਇਹ ਭੇਦ ਵੀ ਖੁੱਲ ਗਿਆ ਅਤੇ ਪਾਪੀ ਰਸੋਈਆ ਸੂਲ ਨਾਲ ਮਰ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ:
ਲੇਪੁ ਨ ਲਾਗੋ ਤਿਲ ਕਾ ਮੂਲਿ£ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ£1£
ਹਰਿ ਜਨ ਰਾਖੇ ਪਾਰਬ੍ਰਹਮਿ ਆਪਿ£ ਪਾਪੀ ਮੂਆ ਗੁਰ ਪਰਤਾਪਿ£1£ਰਹਾਉ£
ਅਪਣਾ ਖਸਮੁ ਜਨਿ ਆਪਿ ਧਿਆਇਆ£ ਇਆਣਾ ਪਾਪੀ ਓਹੁ ਆਪਿ ਪਚਾਇਆ£2£
ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ£ ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ£3£
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ£ ਮਲੇਛੁ ਪਾਪੀ ਪਚਿਆ ਭਇਆ ਨਿਰਾਸੁ£4£
(ਪੰਨਾ 1137)
ਇਸੇ ਤਰ•ਾਂ ਫਿਰ ਸ੍ਰੀ (ਗੁਰੂ) ਹਰਿਗੋਬਿੰਦ ਜੀ 'ਤੇ ਪ੍ਰਿਥੀ ਚੰਦ ਵੱਲੋਂ ਕਈ ਹਮਲੇ ਕਰਵਾਏ ਜਾਂਦੇ ਰਹੇ ਪਰ ਪਰਮਾਤਮਾ ਦੀ ਰਹਿਮਤ ਸਦਕਾ ਵਾਲ ਵੀ ਵਿੰਗਾ ਨਾ ਹਇਆ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ (ਗੁਰੂ) ਹਰਿਗੋਬਿੰਦ ਜੀ ਦੀ ਵਿੱਦਿਆ ਦਾ ਵਿਸ਼ੇਸ ਪ੍ਰਬੰਧ ਕੀਤਾ। ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਜਿਥੇ ਆਪ ਜੀ ਨੂੰ ਗੁਰੂ-ਘਰ ਦੀ ਵਿੱਦਿਆ ਅਤੇ ਸ਼ਾਸਤਰਾਂ ਦੀ ਸਿੱਖਿਆ ਦਿੱਤੀ ਉਥੇ ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵਿਚ ਵੀ ਨਿਪੁੰਨ ਕੀਤਾ। ਆਪ ਸਡੌਲ ਸਰੀਰ ਦੇ ਨਰੋਏ ਅਤੇ ਬਲਵਾਨ ਸਨ। ਭਾਈ ਗੁਰਦਾਸ ਜੀ ਨੇ 'ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ' ਕਹਿੰਦਿਆਂ ਆਪ ਜੀ ਦੀ ਬਲਵਾਨਤਾ ਨੂੰ ਬਿਆਨ ਕੀਤਾ ਹੈ।
ਜਦ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਜਾਣ ਲੱਗੇ, ਉਨ•ਾਂ ਨੇ ਸੰਗਤ ਵਿਚ ਐਲਾਨ ਕੀਤਾ ਕਿ ਉਨ•ਾਂ ਪਿੱਛੋਂ ਗੁਰਿਆਈ ਦਾ ਮਾਲਕ ਸਾਹਿਬਜ਼ਾਦਾ ਸ੍ਰੀ ਹਰਿਗੋਬਿੰਦ ਹੋਵੇਗਾ। ਗੁਰੂ ਜੀ ਦੀ ਆਗਿਆ ਅਨੁਸਾਰ 25 ਮਈ 1606 ਈ. ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ 'ਤੇ ਬਿਠਾ ਕੇ ਗੁਰਿਆਈ ਦੀ ਰਸਮ ਅਦਾ ਕੀਤੀ। ਉਸ ਵੇਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਦੇ ਕਰੀਬ ਸੀ। ਗੁਰਿਆਈ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਕ੍ਰਿਪਾਨਾਂ ਪਾਉਣ ਲਈ ਕਿਹਾ। ਇੱਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਇਹ ਦੋ ਕ੍ਰਿਪਾਨਾਂ ਜਿਨ•ਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਹ ਇਸ ਲਈ ਸੀ, ਕਿਉਂਕਿ ਆਪ ਜੀ ਨੂੰ ਅਹਿਸਾਸ ਹੋ ਗਿਆ ਸੀ ਕਿ ਭਗਤੀ ਦੇ ਨਾਲ ਆਤਮ ਰੱਖਿਆ ਲਈ ਸ਼ਕਤੀ ਦੀ ਬਹੁਤ ਵੱਡੀ ਲੋੜ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵੀ ਹੁਕਮ ਕੀਤਾ ਕਿ ਅੱਜ ਤੋਂ ਉਹ ਸ਼ਸਤਰ ਵੀ ਪਹਿਨਿਆ ਕਰਨ, ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਨੂੰ ਪਾਤਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਸ਼ਸਤਰ ਪਹਿਨ ਕੇ ਸੀਸ ਉੱਪਰ ਕਲਗੀ ਸਜਾ ਕੇ ਗੁਰਗੱਦੀ ਉੱਪਰ ਬੈਠਦੇ ਸਨ। ਗੁਰੂ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਉਹ ਬਾਕੀ ਭੇਟਾਵਾਂ ਦੇ ਨਾਲ ਹੁਣ ਚੰਗੇ ਘੋੜੇ ਅਤੇ ਸ਼ਸਤਰ ਵੀ ਭੇਟ ਕਰਿਆ ਕਰਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਗੁਰੂ ਜੀ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ। ਆਪ ਸੰਗਤਾਂ ਨੂੰ ਸਿਮਰਨ ਦੇ ਨਾਲ-ਨਾਲ ਆਪਣੇ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਉਸ ਸਮੇਂ ਬਾਦਸ਼ਾਹ ਜਹਾਂਗੀਰ ਨੇ ਐਲਾਨ ਕੀਤਾ ਹੋਇਆ ਸੀ ਕਿ ਕੋਈ ਵੀ ਵਿਅਕਤੀ ਆਪਣੇ ਬੈਠਣ ਲਈ ਥੜਾ ਵੀ ਉੱਚਾ ਨਹੀਂ ਬਣਾ ਸਕਦਾ।
ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੋਹਾਂ ਦਾ ਆਪਣਾ-ਆਪਣਾ ਮਹੱਤਵ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਧਾਰਮਿਕ ਚਿੰਨ• ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਕਤੀ ਦਾ ਪ੍ਰਤੱਖ ਪ੍ਰਮਾਣ। ਇਸ ਤਰ•ਾਂ ਛੇਵੇਂ ਪਾਤਸ਼ਾਹ ਜੀ ਨੇ ਸਿੱਖ ਧਰਮ ਦੇ ਕੇਂਦਰੀ ਧਰਮ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹੀ ਰਾਜ-ਸ਼ਕਤੀ ਅਤੇ ਸਿੱਖਾਂ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ-ਪੰਥ ਨੂੰ ਬਖ਼ਸ਼ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਤਖ਼ਤ ਤੇ ਬੈਠਣਾ, ਦੋ ਕ੍ਰਿਪਾਨਾਂ ਧਾਰਨ ਕਰਨਾ, ਫੌਜ ਤਿਆਰ ਕਰਨੀ, ਨਗਾਰਾ ਵਜਾਉਣਾ, ਸ਼ਿਕਾਰ ਕਰਨਾ ਵਿਰੋਧੀਆਂ ਨੂੰ ਚੁਭਣ ਲੱਗਾ। ਉਨ•ਾ ਨੇ ਗੁਰੂ ਜੀ ਦੀ ਸ਼ਕਾਇਤ ਜਹਾਂਗੀਰ ਪਾਸ ਕੀਤੀ ਅਤੇ ਕਿਹਾ ਕਿ ਗੁਰੂ ਜੀ ਦੀਆਂ ਇਹ ਤਿਆਰੀਆਂ ਹਕੂਮਤ ਲਈ ਖ਼ਤਰਾ ਹਨ। ਜਹਾਂਗੀਰ ਨੇ ਵਜੀਰ ਖਾਂ ਅਤੇ ਗੁੰਚਾ ਬੇਗ ਨੂੰ ਗੁਰੂ ਜੀ ਨੂੰ ਦਿੱਲੀ ਲਿਆਉਣ ਲਈ ਭੇਜਿਆ। ਗੁਰੂ ਜੀ ਨੇ ਮੁਖੀ ਸਿੱਖਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਸਲਾ ਕੀਤਾ। ਗੁਰੂ ਜੀ ਨੇ ਜਮਨਾ ਕੰਢੇ ਇਕ ਬਾਗ ਵਿਚ ਉਤਾਰਾ ਕੀਤਾ। ਆਪ ਜੀ ਦੀ ਆਮਦ ਦੀ ਖ਼ਬਰ ਸੁਣ ਕੇ ਸੰਗਤਾਂ ਦਰਸ਼ਨ ਨੂੰ ਹੁਮ-ਹੁਮਾ ਕੇ ਪੁੱਜੀਆਂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੁਝ ਸਮਾਂ ਇਥੇ ਰੁਕਣ ਤੋਂ ਬਾਅਦ ਬਾਦਸ਼ਾਹ ਨੂੰ ਜਾ ਮਿਲੇ।
ਜਹਾਂਗੀਰ ਨੇ ਵਿਰੋਧੀਆਂ ਦੀਆਂ ਚਾਲਾਂ ਵਿਚ ਆ ਕੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ•ੇ ਵਿਚ ਕੈਦ ਕਰ ਦਿੱਤਾ। ਇਸ ਖ਼ਬਰ ਨੇ ਸਿੱਖਾਂ ਅੰਦਰ ਬੇਚੈਨੀ ਪੈਦਾ ਕਰ ਦਿੱਤੀ। ਕਰੀਬ ਦੋ ਕੁ ਸਾਲ ਦੀ ਕੈਦ ਉਪਰੰਤ ਗੁਰੂ ਜੀ ਦੀ ਰਿਹਾਈ ਹੋਈ। ਆਪ ਨੇ ਆਪਣੀ ਰਿਹਾਈ ਸਮੇਂ ਜਹਾਂਗੀਰ ਦੀ ਕੈਦ ਕੱਟ ਰਹੇ 52 ਰਾਜਿਆਂ ਨੂੰ ਵੀ ਨਾਲ ਰਿਹਾਅ ਕਰਵਾਇਆ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਤੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਤਾਂ ਸੰਗਤਾਂ ਨੇ ਆਪ ਜੀ ਦੀ ਆਮਦ ਦੀ ਖੁਸ਼ੀ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਘਿਉ ਦੇ ਦੀਵੇ ਜਗਾਏ। ਇਸ ਦਿਨ ਨੂੰ ਸੰਗਤਾਂ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਖੁਸ਼ੀ ਨਾਲ ਬੰਦੀਛੋੜ ਦਿਵਸ ਦੇ ਰੂਪ ਵਿਚ ਮਨਾਉਂਦੀਆਂ ਹਨ। ਇਹ ਨਜ਼ਾਰਾ ਦੇਖਣਯੋਗ ਹੁੰਦਾ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ-ਕਾਲ ਵਿਚ ਜ਼ੁਲਮ ਦੇ ਖਿਲਾਫ਼ ਅੰਮ੍ਰਿਤਸਰ, ਸ੍ਰੀ ਹਰਿਗੋਬਿੰਦਪੁਰ, ਗੁਰੂਸਰ ਮਹਿਰਾਜ ਅਤੇ ਕਰਤਾਰਪੁਰ ਦੀਆਂ ਚਾਰ ਜੰਗਾਂ ਲੜੀਆਂ ਅਤੇ ਜਿੱਤਾਂ ਹਾਸਲ ਕੀਤੀਆਂ। ਆਪ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਥਾਵਾਂ ਦਾ ਦੌਰਾ ਕੀਤਾ ਅਤੇ ਕਈ ਨਗਰ ਵਸਾਏ। ਅਖੀਰ ਆਪ ਜੀ ਨੇ ਆਪਣੇ ਪੋਤਰੇ ਸ੍ਰੀ ਹਰਿਰਾਇ ਸਾਹਿਬ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ 3 ਮਾਰਚ 1644 ਈ: ਨੂੰ ਜੋਤੀ ਜੋਤਿ ਸਮਾ ਗਏ, ਜਿਸ ਨਾਲ ਸਬੰਧਤ ਅਸਥਾਨ ਕੀਰਤਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ।
-
ਦਿਲਜੀਤ ਸਿੰਘ ਬੇਦੀ,
dsbedisgpc@gmail.com
98148-98570
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.