ਪੰਜਾਬ ਵਿੱਚ ਗਾਂਧੀਵਾਦੀ ਸੋਚ ਦਾ ਆਖ਼ਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਲਗਪਗ ਪਿਛਲੇ 6 ਮਹੀਨੇ ਤੋਂ ਬੁਢਾਪੇ ਦੀ ਬਿਮਾਰੀ ਕਰਕੇ ਸਿਆਸੀ ਸਰਗਰਮੀਆਂ ਤੋਂ ਦੂਰ ਰਹਿਣ ਤੋਂ ਬਾਅਦ 89 ਸਾਲ 12 ਦਿਨ ਦੀ ਉਮਰ ਵਿੱਚ ਸਵਰਗਵਾਸ ਹੋ ਗਏ ਹਨ। ਬਿਸਤਰੇ ‘ਤੇ ਪਏ ਵੀ ਉਹ ਕਾਂਗਰਸ ਵਿਚਲੇ ਕਾਟੋ ਕਲੇਸ਼ ਤੋਂ ਬਹੁਤ ਹੀ ਚਿੰਤਾਤੁਰ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਗਾਂਧੀਵਾਦੀ ਸੋਚ ਵਾਲੇ ਪੋਟਿਆਂ ਤੇ ਗਿਣੇ ਜਾਣ ਵਾਲੇ ਨੇਤਾ ਰਹਿ ਗਏ ਹਨ।
ਪੰਜਾਬ ਵਿੱਚੋਂ ਸ਼ਾਇਦ ਉਹ ਆਖ਼ਰੀ ਗਾਂਧੀਵਾਦੀ ਨੇਤਾ ਸਨ। ਜਵਾਹਰ ਲਾਲ ਨਹਿਰੂ ਦੇ ਜ਼ਮਾਨੇ ਵਿਚ ਕੋਈ ਵਕਤ ਹੁੰਦਾ ਸੀ ਜਦੋਂ ਸ਼ਰਦ ਪਵਾਰ ਮਹਾਰਾਸ਼ਟਰ ਪ੍ਰਦੇਸ਼ ਸਟੂਡੈਂਟਸ ਕਾਂਗਰਸ ਦਾ ਪ੍ਰਧਾਨ ਅਤੇ ਵੇਦ ਪ੍ਰਕਾਸ਼ ਗੁਪਤਾ ਪੰਜਾਬ ਸਟੂਡੈਂਟਸ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ। ਉਦੋਂ ਯੂਥ ਕਾਂਗਰਸ ਨੂੰ ਸਟੂਡੈਂਟਸ ਕਾਂਗਰਸ ਕਿਹਾ ਜਾਂਦਾ ਸੀ। ਦੋਵੇਂ ਸਮੁਚੇ ਦੇਸ਼ ਵਿਚ ਸਟੂਡੈਂਟਸ ਕਾਂਗਰਸ ਵਿਚ ਬਿਹਤਰੀਨ ਕੰਮ ਕਰਦੇ ਸਨ। ਜਦੋਂ 1964 ਵਿੱਚ ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਤਾਂ ਸਮੁੱਚੇ ਦੇਸ਼ ਵਿਚ ‘ਜਵਾਹਰ ਜਯੋਤੀ’ ਲਿਜਾਈ ਗਈ। ਉਸ ਸਾਰੇ ਪ੍ਰੋਗਰਾਮ ਦੇ ਇਨਚਾਰਜ ਵੇਦ ਪ੍ਰਕਾਸ਼ ਗੁਪਤਾ ਸਨ। ਇਸ ਕਰਕੇ ਵੇਦ ਪ੍ਰਕਾਸ਼ ਗੁਪਤਾ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕ ਹੋ ਗਏ ਸਨ। ਵਕਤ ਕਰਵਟਾਂ ਲੈਂਦਾ ਰਿਹਾ। ਇੰਦਰਾ ਗਾਂਧੀ ਲਾਲ ਬਹਾਦਰ ਸ਼ਾਸ਼ਤਰੀ ਦੀ ਵਜਾਰਤ ਵਿਚ ਸੂਚਨਾ ਤੇ ਪ੍ਰਸਾਰਨ ਮੰਤਰੀ ਬਣ ਗਏ।
ਸ਼ਾਸ਼ਤਰੀ ਦੀ ਅਚਾਨਕ ਮੌਤ ਤੋਂ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਗਏ। ਸ਼ਰਦ ਪਵਾਰ ਤਾਕਤ ਦੇ ਗਲਿਆਰਿਆਂ ਵਿਚ ਸਫਲ ਹੋ ਗਏ ਅਤੇ ਵੇਦ ਪ੍ਰਕਾਸ਼ ਗੁਪਤਾ ਪਛੜ ਗਏ। ਸ਼ਰਦ ਪਵਾਰ ਕੇਂਦਰੀ ਮੰਤਰੀ ਮੰਡਲ ਵਿਚ ਮਹੱਤਵਪੂਨ ਵਿਭਾਗ ਦੇ ਮੰਤਰੀ ਰਹੇ ਅਤੇ ਵੇਦ ਪ੍ਰਕਾਸ਼ ਗੁਪਤਾ ਦਰੀਆਂ ਵਿਛਾਉਂਦਾ ਹੀ ਰਹਿ ਗਿਆ। ਸਿਆਸਤ ਵਿਚ ਪੈਸਾ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਪ੍ਰੰਤੂ ਵੇਦ ਪ੍ਰਕਾਸ਼ ਗੁਪਤਾ ਨੇ ਹੌਸਲਾ ਨਹੀਂ ਛੱਡਿਆ। ਅੰਬਿਕਾ ਸੋਨੀ, ਰਾਜਿੰਦਰ ਕੌਰ ਭੱਠਲ ਅਤੇ ਸ੍ਰ.ਬੇਅੰਤ ਨਾਲ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਜਨਰਲ ਸਕੱਤਰ ਅਤੇ ਪੰਜਾਬ ਵਿਓਪਾਰ ਮੰਡਲ ਦੇ ਪ੍ਰਧਾਨ ਅਤ ਨਾਜ਼ਕ ਸਮੇਂ ਵਿੱਚ ਰਹੇ। ਲਿਖਣ ਪੜ੍ਹਨ ਦੇ ਸ਼ੌਕ ਕਰਕੇ ਸਪਤਾਹਕ ਪੇਪਰ ਵੀ ਪ੍ਰਕਾਸ਼ਤ ਕੀਤਾ ਅਤੇ ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲੈਂਦੇ ਰਹੇ।
ਅਖ਼ੀਰ ਸ੍ਰ.ਬੇਅੰਤ ਸਿੰਘ ਨੇ ਵੇਦ ਪ੍ਰਕਾਸ਼ ਗੁਪਤਾ ਨੂੰ ਨਗਰ ਸੁਧਾਰ ਟਰੱਸਟ ਪਟਿਆਲਾ ਦਾ ਚੇਅਰਮੈਨ ਬਣਾਕੇ ਲੋਕ ਸੇਵਾ ਕਰਨ ਦਾ ਮੌਕਾ ਦਿੱਤਾ। ਵਫ਼ਾਦਾਰੀ ਦਾ ਉਨ੍ਹਾਂ ਨੂੰ ਮੁਜੱਸਮਾ ਵੀ ਕਿਹਾ ਜਾ ਸਕਦਾ ਹੈ ਕਿ ਹਰਚਰਨ ਸਿੰਘ ਬਰਾੜ ਦੇ ਸਮੇਂ ਸ੍ਰ.ਬੇਅੰਤ ਸਿੰਘ ਦਾ ਬੁੱਤ ਪਟਿਆਲਾ ਵਿਚ ਉਨ੍ਹਾਂ ਆਪਣੀ ਚੇਅਰਮੈਨੀ ਨੂੰ ਦਾਅ ਤੇ ਲਾ ਕੇ ਸਥਾਪਤ ਕੀਤਾ। ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਸਫਲ ਚੇਅਰਮੈਨ ਰਹੇ। ਵੇਦ ਪ੍ਰਕਾਸ਼ ਗੁਪਤਾ ਦਾ ਜਨਮ ਛੱਜੂ ਰਾਮ ਗੁਪਤਾ ਅਤੇ ਮਾਤਾ ਬਚਨੀ ਦੇਵੀ ਗੁਪਤਾ ਦੇ ਘਰ 23 ਜਨਵਰੀ 1933 ਨੂੰ ਆਪਣੇ ਨਾਨਕੇ ਪਟਿਆਲਾ ਵਿਖੇ ਹੋਇਆ। ਛੱਜੂ ਰਾਮ ਗੁਪਤਾ ਬੁਢਲਾਡਾ ਉਦੋਂ ਜਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਸਨ।
ਅੱਜ ਕਲ ਬੁਢਲਾਡਾ ਮਾਨਸਾ ਜਿਲ੍ਹੇ ਵਿਚ ਹੈ। ਉਨ੍ਹਾਂ ਦੇ ਪਿਤਾ ਰੇਲਵੇ ਵਿਭਾਗ ਵਿਚ ਨੌਕਰੀ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਸਮੁਚੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਦੀ ਪ੍ਰਾਇਮਰੀ ਤੱਕ ਦੀ ਮੁਢਲੀ ਪੜ੍ਹਾਈ ਦਿੱਲੀ ਵਿਚ ਹੋਈ। ਉਨ੍ਹਾਂ ਨੇ ਦਸਵੀਂ 1949 ਵਿਚ ਬੁਢਲਾਡਾ ਤੋਂ ਪਾਸ ਕੀਤੀ ਫ਼ਿਰ ਉਨ੍ਹਾਂ ਦੇ ਪਿਤਾ ਦੀ ਬਦਲੀ ਫ਼ਿਰੋਜਪੁਰ ਦੀ ਹੋ ਗਈ। ਬੀ.ਏ.ਵਿਚ ਫ਼ਿਰੋਜਪੁਰ ਵਿਖੇ ਦਾਖ਼ਲਾ ਲੈ ਲਿਆ ਪ੍ਰੰਤੂ ਉਥੇ ਵੀ ਪੜ੍ਹਾਈ ਪੂਰੀ ਨਹੀਂ ਕਰ ਸਕੇ। 1951 ਵਿਚ ਉਹ ਪਟਿਆਲਾ ਆ ਕੇ ਪਟਿਆਲਵੀ ਬਣ ਗਏ। ਫ਼ਿਰ ਬੀ.ਏ.ਪ੍ਰਾਈਵੇਟ ਤੌਰ ਤੇ ਪਾਸ ਕੀਤੀ ਅਤੇ ਬਾਅਦ ਵਿਚ ਆਨਰਜ਼. ਇਨ ਉਰਦੂ ਵੀ ਪਾਸ ਕੀਤੀ। ਬੁਢਲਾਡਾ ਵਿਖੇ ਉਨ੍ਹਾਂ ਦੇ ਪਰਵਾਰ ਦਾ ਸਿਨਮਾ ‘ਭਾਰਤ ਟਾਕੀਜ਼’ ਸੀ। ਉਨ੍ਹਾਂ ਦੀ ਸ਼ਾਦੀ ਨਰਵਾਣਾ ਦੇ ਵਕੀਲ ਦੀ ਲੜਕੀ ਪ੍ਰੇਮ ਲਤਾ ਨਾਲ ਹੋ ਗਈ।
ਬਚਪਨ ਤੋਂ ਹੀ ਉਨ੍ਹਾਂ ਦੀ ਸਿਆਸਤ, ਸਾਹਿਤ ਅਤੇ ਪੱਤਰਕਾਰਤਾ ਵਿਚ ਸ਼ੌਕ ਸੀ। ਅਜ਼ਾਦੀ ਦੀ ਲਹਿਰ ਨਾਲ ਸੰਬੰਧਤ ਪ੍ਰੋਗਰਾਮਾ ਵਿਚ ਵੀ ਉਹ ਦਿਲਚਸਪੀ ਰੱਖਦੇ ਸਨ ਪ੍ਰੰਤੂ ਉਨ੍ਹਾਂ ਦੇ ਪਿਤਾ ਸਰਕਾਰੀ ਨੌਕਰੀ ਵਿਚ ਹੋਣ ਕਰਕੇ ਪੂਰਨ ਤੌਰ ਤੇ ਹਿੱਸਾ ਨਾ ਲੈ ਸਕੇ। ਇਸ ਸਮੇਂ ਦੌਰਾਨ ਹੀ ਉਹ 1954 ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗਿਅਨੀ ਜ਼ੈਲ ਸਿੰਘ ਦੇ ਸੰਪਰਕ ਵਿਚ ਆ ਗਏ ਕਿਉਂਕਿ ਗਿਆਨੀ ਜੀ ਦੀਆਂ ਸਰਗਰਮੀਆਂ ਦਾ ਕੇਂਦਰ ਫ਼ਰੀਦਕੋਟ ਅਤੇ ਬਠਿੰਡਾ ਸਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਨੂੰ ਯੂਥ ਕਾਂਗਰਸ ਵਿਚ ਸ਼ਾਮਲ ਕਰ ਲਿਆ। ਉਸ ਸਮੇਂ ਯੂਥ ਕਾਂਗਰਸ ਨੂੰ ਸਟੂਡੈਂਟਸ ਕਾਂਗਰਸ ਕਿਹਾ ਜਾਂਦਾ ਸੀ। ਪਹਿਲਾਂ ਉਨ੍ਹਾਂ ਨੂੰ ਮੰਡਲ ਕਾਂਗਰਸ ਬੁਢਲਾਡਾ ਦਾ ਪ੍ਰਧਾਨ ਬਣਾਇਆ ਗਿਆ। ਉਦੋਂ ਬਲਾਕ ਨੂੰ ਮੰਡਲ ਕਿਹਾ ਜਾਂਦਾ ਸੀ।
ਬਾਅਦ ਵਿਚ ਜਿਲ੍ਹਾ ਸਟੂਡੈਂਟਸ ਕਾਂਗਰਸ ਬਠਿੰਡਾ ਦਾ ਜਨਰਲ ਸਕੱਤਰ ਅਤੇ ਫਿਰ ਪ੍ਰਧਾਨ ਬਣਾ ਦਿੱਤਾ ਗਿਆ। ਉਨ੍ਹਾਂ ਨੇ ਸਟੂਡੈਂਟ ਕਾਂਗਰਸ ਵਿਚ ਸਰਗਰਮੀ ਨਾਲ ਕੰਮ ਕੀਤਾ ਇਸ ਕਰਕੇ 1963 ਵਿਚ ਉਨ੍ਹਾਂ ਨੂੰ ਸਾਂਝੇ ਪੰਜਾਬ ਦੀ ਸਟੂਡੈਂਟਸ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਉਹ 1966 ਤੱਕ ਇਸ ਦੇ ਪ੍ਰਧਾਨ ਰਹੇ। ਉਨ੍ਹਾਂ ਦਿਨਾਂ ਵਿਚ ਹਰਿਆਣਾ ਅਤੇ ਹਿਮਾਚਲ ਬਣੇ ਨਹੀਂ ਸਨ। ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ 27 ਮਈ 1964 ਵਿਚ ਹੋ ਗਈ। ਉਸ ਤੋਂ ਬਾਅਦ 14 ਨਵੰਬਰ 1967 ਤੋਂ ਇਕ ਸਾਲ ਲਈ ਸਾਰੇ ਭਾਰਤ ਵਿਚ ‘ਜਵਾਹਰ ਜਿਓਤੀ’ ਲਿਜਾਈ ਗਈ । ਸਟੂਡੈਂਟ ਕਾਂਗਰਸ ਵਲੋਂ ਉਸ ‘ਜਵਾਹਰ ਜਿਓਤੀ’ ਦੇ ਸਾਰੇ ਦੇਸ਼ ਵਿਚ ਲਿਜਾਣ ਦੀ ਹੋਰ ਨੇਤਾਵਾਂ ਦੇ ਨਾਲ ਉਨ੍ਹਾਂ ਦੀ ਡਿਊਟੀ ਵੀ ਲਗਾਈ ਗਈ, ਜਿਸ ਕਰਕੇ ਉਨ੍ਹਾਂ ਨੇ ਸਾਰੇ ਭਾਰਤ ਦੇ ਬਾਕੀ ਰਾਜਾਂ ਦਾ ਵੀ ਦੌਰਾ ਕੀਤਾ। ਫਿਰ 1969 ਵਿਚ ਉਨ੍ਹਾਂ ਨੂੰ ਪਟਿਆਲਾ ਜਿਲ੍ਹਾ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ।
ਉਨ੍ਹਾਂ ਨੂੰ ਪੱਤਰਕਾਰੀ ਦਾ ਵੀ ਸ਼ੌਕ ਸੀ, ਇਸ ਕਰਕੇ ਉਨ੍ਹਾਂ ਨੇ 1954 ਵਿਚ ਸੰਗਰਾਮ ਨਾਂ ਦਾ ਉਰਦੂ ਦਾ ਸਪਤਾਹਕ ਪਰਚਾ ਵੀ ਕੱਢਿਆ ਅਤੇ ਉਹ ਉਸ ਦੇ ਸੰਪਾਦਕ ਸਨ। ਸ਼ਾਇਰੋ ਸ਼ਾਇਰੀ ਦੇ ਸ਼ੌਕ ਕਰਕੇ ਉਹ ਉਰਦੂ ਵਿਚ ਕਵਿਤਾਵਾਂ ਲਿਖਦੇ ਰਹੇ। ਦੇਸ਼ ਭਗਤੀ ਦੇ ਮੁਸ਼ਾਇਰਿਆਂ ਵਿਚ ਵੀ ਉਹ ਸ਼ਾਮਲ ਹੁੰਦੇ ਰਹੇ। 1996 ਵਿਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਤੌਰ ਜਨਰਲ ਸਕੱਤਰ ਦਫ਼ਤਰ ਦੇ ਇਨਚਾਰਜ ਵੀ ਰਹੇ। 1978-79 ਵਿਚ ਜਦੋਂ ਇੰਦਰਾ ਗਾਂਧੀ ਨੂੰ ਗ਼ਿ੍ਰਫ਼ਤਾਰ ਕੀਤਾ ਗਿਆਂ ਸੀ ਤਾਂ ਉਨ੍ਹਾਂ ਨੇ ਵੀ ਗ਼ਿ੍ਰਫ਼ਤਾਰੀ ਦਿੱਤੀ ਅਤੇ ਇੱਕ ਮਹੀਨਾ ਜੇਲ੍ਹ ਵਿਚ ਰਹੇ। ਉਹ 1990 ਤੋਂ 97 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿਓਪਾਰ ਸੈਲ ਦੇ ਚੇਅਰਮੈਨ ਅਤੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ 1998 ਵਿਚ ਪੰਜਾਬ ਰਾਈਟਰਜ਼ ਕਲਚਰਲ ਫ਼ੋਰਮ ਬਣਾਈ, ਜਿਸ ਦੇ ਆਖ਼ਰੀ ਦਮ ਤੱਕ ਚੇਅਰਮੈਨ ਰਹੇ।
ਬੇਅੰਤ ਸਿੰਘ ਮੁਖ ਮੰਤਰੀ ਪੰਜਾਬ ਦੀ ਸਰਕਾਰ ਸਮੇਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਹਿੰਦ-ਪਾਕਿ ਮੁਸ਼ਾਇਰਾ ਆਯੋਜਤ ਕੀਤਾ ਜੋ ਬਹੁਤ ਹੀ ਸਫਲ ਰਿਹਾ, ਜਿਸ ਵਿਚ ਪਾਕਿਸਤਾਨ ਦੇ ਤੇ ਭਾਰਤ ਦੇ ਚੋਟੀ ਦੇ ਸ਼ਾਇਰ ਸ਼ਾਮਲ ਹੋਏ। ਉਹ ਅਖਬਾਰਾਂ ਲਈ ਲੇਖ ਵੀ ਲਿਖਦੇ ਰਹਿੰਦੇ ਸਨ। ਸ੍ਰ ਬੇਅੰਤ ਸਿੰਘ ਨੇ ਉਨ੍ਹਾਂ ਨੂੰ 1994 ਵਿਚ ਪਟਿਆਲਾ ਇਮਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ, ਜਿਸ ਅਹੁਦੇ ਤੇ ਉਹ 1996 ਤੱਕ ਰਹੇ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ 1997 ਵਿਚ ਉਨ੍ਹਾਂ ਨੂੰ ਪਟਿਆਲਾ ਜਿਲ੍ਹਾ ਕਾਂਗਰਸ ਸ਼ਹਿਰੀ ਦਾ ਪ੍ਰਧਾਨ ਬਣਾਇਆ ਗਿਆ ਅਤੇ ਉਹ ਇਸ ਅਹੁਦੇ ਤੇ 2006 ਤੱਕ ਯਾਨੀ 9 ਸਾਲ ਰਹੇ।
ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਜੂਨ 2003 ਵਿਚ ਪੈਪਸੂ ਰੋਡਵੇਜ਼ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਅਤੇ ਉਹ 2007 ਤੱਕ ਇਸ ਅਹੁਦੇ ‘ਤੇ ਰਹੇ। ਉਹ ਰੋਟਰੀ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਵੀ ਰਹੇ ਅਤੇ ਸੇਵਾ ਸਿੰਘ ਠੀਕਰੀਵਾਲਾ ਨਗਰ ਵਿਚ ਉਨ੍ਹਾਂ ਨੇ ਰੋਟਰੀ ਭਵਨ ਦੀ ਉਸਾਰੀ ਕਰਵਾਈ। ਜਿਹੜੇ ਪਟਿਆਲਵੀਆਂ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਮਾਹਰਕੇ ਦਾ ਕੰਮ ਕਰਕੇ ਵਿਲੱਖਣ ਸੇਵਾ ਕੀਤੀ ਅਤੇ ਨਾਮਣਾ ਖੱਟਿਆ ਉਨ੍ਹਾਂ ਨਾਮਵਰ ਸ਼ਖ਼ਸੀਅਤਾਂ ਨੂੰ ਪੰਜਾਬ ਰਾਈਟਰਜ਼ ਅਤੇ ਕਲਚਰਲ ਫ਼ੋਰਮ ਵਲੋਂ ਪਟਿਆਲਾ ਅਤੇ ਪੰਜਾਬ ਰਤਨ ਦੇ ਕੇ ਸਨਮਾਨ ਕਰਨ ਦਾ ਮਾਣ ਵੀ ਉਨ੍ਹਾਂ ਨੂੰ ਜਾਂਦਾ ਹੈ। ਉਹ ਆਪਣੇ ਪਿਛੇ ਹਸਦੇ ਵਸਦੇ ਵੱਡੇ ਪੋਤੇ-ਪੋਤਰੀਆਂ, ਦੋਹਤੇ ਦੋਹਤਰੀਆਂ ਅਤੇ ਪੜਪੋਤੇ ਪੋਤੀਆ ਦੇ ਪਰਿਵਾਰ ਛੱਡ ਗਏ ਹਨ।
-
ਉਜਾਗਰ ਸਿੰਘ, ਲੇਖਕ
ujagarsingh48@yahoo.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.