ਵਰਣਮਾਲਾ
ਮੰਗਲੇਸ਼ ਡਬਰਾਲ
ਇਕ ਭਾਸ਼ਾ ਵਿੱਚ
ਅ ਲਿਖਣਾ ਚਾਹੁੰਦਾ ਹਾਂ
ਅ ਨਾਲ ਅਨਾਰ,
ਅ ਨਾਲ ਅਮਰੂਦ
ਪਰ ਲਿਖਣ ਲੱਗਦਾ ਹਾਂ
ਅ ਨਾਲ ਅਨਰਥ,
ਅ ਨਾਲ ਅੱਤਿਆਚਾਰ !
ਕੋਸ਼ਿਸ਼ ਕਰਦਾ ਹਾਂ -
ਕ ਨਾਲ ਕਲਮ
ਜਾਂ ਕਰੁਣਾ ਲਿਖਾਂ
ਪਰ ਮੈਂ ਲਿਖਣ ਲੱਗਦਾ ਹਾਂ
ਕ ਨਾਲ ਕਰੂਰਤਾ,
ਕ ਨਾਲ ਕੁਟਿਲਤਾ !
ਅਜੇ ਤੱਕ ਖ ਨਾਲ
ਖਰਗੋਸ਼ ਲਿਖਦਾ ਆਇਆ ਹਾਂ।
ਪਰ ਖ ਤੋਂ ਹੁਣ
ਖਤਰੇ ਦੀ ਆਹਟ ਆਉਣ ਲੱਗੀ ਹੈ !
ਮੈਂ ਸੋਚਦਾ ਸਾਂ ਕਿ
ਫ ਤੋਂ ਫੁੱਲ ਹੀ
ਲਿਖਿਆ ਜਾਂਦਾ ਹੋਵੇਗਾ..
ਬਹੁਤ ਸਾਰੇ ਫੁੱਲ
ਘਰਾਂ ਦੇ ਬਾਹਰ,
ਘਰਾਂ ਦੇ ਅੰਦਰ,
ਮਨੁੱਖਾਂ ਦੇ ਅੰਦਰ
ਪਰ ਮੈਂ ਦੇਖਿਆ
ਸਾਰੇ ਫੁੱਲ ਜਾ ਰਹੇ ਨੇ
ਜ਼ਾਲਮਾਂ ਦੇ ਗਲੇ ਵਿੱਚ
ਮਾਲਾ ਬਣਾ ਕੇ ਪੈਣ ਲਈ !
ਮੇਰਾ ਹੱਥ ਕੋਈ ਜਕੜ ਲੈਂਦਾ ਹੈ
ਤੇ ਕਹਿੰਦਾ ਹੈ...
ਭ ਨਾਲ ਭੈਅ ਲਿਖੋ
ਜੋ ਹੁਣ ਹਰ ਥਾਂ ਮੌਜੂਦ ਹੈ !
ਦ ਦਮਨ ਦਾ
ਅਤੇ ਪ ਪਤਨ ਦੇ ਸੰਕੇਤ ਹੈ !
ਅਤਿਆਚਾਰੀ ਝਪਟ ਲੈਂਦੇ ਨੇ
ਸਾਡੀ ਸਾਰੀ ਵਰਣਮਾਲਾ਼...
ਉਹ ਭਾਸ਼ਾ ਦੀ ਹਿੰਸਾ ਨੂੰ
ਬਣਾ ਦਿੰਦੇ ਨੇ ਸਮਾਜ ਦੀ ਹਿੰਸਾ !
ਹ ਨੂੰ ਹੱਤਿਆ ਲਈ
ਸੁਰੱਖਿਅਤ ਕਰ ਲਿਆ ਗਿਆ ਹੈ
ਅਸੀਂ ਕਿੰਨਾ ਵੀ ਹਲ
ਤੇ ਹਿਰਨ ਲਿਖਦੇ ਰਹੀਏ
ਉਹ ਹ ਨਾਲ ਹੱਤਿਆ
ਲਿਖਦੇ ਰਹਿੰਦੇ ਨੇ ਹਰ ਵਕਤ।
ਤਰੱਕੀ ਰਾਮ
ਗੁਰਭਜਨ ਗਿੱਲ
ਕਿਸੇ ਵੀ ਤਰੱਕੀ ਰਾਮ ਦੀ ਕੋਈ,
ਜ਼ਾਤ ਗੋਤ ਨਹੀਂ ਹੁੰਦੀ ।
ਸਿਰਫ਼ ਨਸਲ ਹੁੰਦੀ ਹੈ ।
ਉਹ ਇਕੱਲਾ ਨਹੀਂ ਹੁੰਦਾ,
ਹਰ ਯੁਗ ਚ ਫ਼ਸਲ ਹੁੰਦੀ ਹੈ ।
ਉਸ ਦੀ ਅੱਖ ਸਿਰਫ਼ ਤਰੱਕੀ ਤੇ ਹੁੰਦੀ ਹੈ,
ਕੰਮ ਤੋਂ ਉਸ ਕੀ ਕਰਾਉਣਾ ਹੈ ।
ਆਪਣੀ ਭੁੱਖ ਲਈ ਹਮੇਸ਼ਾਂ,
ਕਾਗ਼ਜ਼ਾਂ ਦਾ ਢਿੱਡ ਭਰਦਾ ਹੈ ।
ਤਰੱਕੀ ਰਾਮ ਸਿਰਫ਼ ਤਰੱਕੀ ਕਰਦਾ ਹੈ ।
ਉਸ ਦਾ ਤਰਕ ਬੜਾ ਕਮਾਲ ਦਾ ਹੈ ।
ਉਹ ਅਕਸਰ ਆਖਦਾ ਹੈ ।
ਜੋ ਦਿਖਤਾ ਹੈ, ਵੋਹ ਹੀ ਬਿਕਤਾ ਹੈ ।
ਕੰਮ ਤਾਂ ਗਧੇ ਵੀ ਬਹੁਤ ਕਰਦੇ ਨੇ
ਕਦੇ ਕਿਸੇ ਨੇ ਤਰੱਕੀ ਕਰਦੇ ਵੇਖੇ?
ਦਿਖਣ ਤੇ ਵਿਕਣ ਲਈ ਹਰ ਪਲ
ਤਿਆਰ ਬਰ ਤਿਆਰ ਰਹਿੰਦਾ ਹੈ ।
ਉੱਪਰਲਿਆਂ ਤੋਂ ਡਰੋ ਹੇਠਲੇ ਡਰਾਉ ।
ਸਫ਼ਰ ਮੁੱਕੇ ਨਾ ਮੁੱਕੇ,
ਹਰ ਵੇਲੇ ਹਰ ਦਿਸ਼ਾ 'ਚ,
ਖਿਆਲੀ ਘੋੜੇ ਭਜਾਉ, ਊਰਜਾ ਬਚਾਉ ।
ਊਰਜਾ ਨੂੰ ਉਹ ਸਿਰਫ਼ ਅਣਖ਼ ਵਾਂਗ
ਕਦੇ ਕਦੇ ਹੀ ਵਰਤਦਾ ਹੈ ।
ਮਿਸਾਲ ਵਜੋਂ
ਭਾਸ਼ਨੀ ਪ੍ਰਵਚਨ ਸੁਣਾਉਂਦਿਆਂ,
ਜਾਂ ਕਦੇ ਬੱਚਿਆਂ ਨੂੰ ਸਮਝਾਉਂਦਿਆਂ ।
ਮੈਂ ਭਿੱਜੀ ਬਿੱਲੀ ਕਦੇ ਨਹੀਂ ਵੇਖੀ
ਪਰ ਇਸ ਨੂੰ ਸਾਰੀ ਨੌਕਰੀ ਦੌਰਾਨ,
ਬਹੁਤ ਵਾਰ ਭਿੱਜੀ ਬਿੱਲੀ ਵਾਂਗ ਹੀ
ਝੂਠਾ ਹਾਸਾ ਹੱਸਦਿਆਂ ਬਹੁਤ ਵਾਰ ਵੇਖਿਐ ।
ਇਸ ਨੂੰ ਬਹੁਤ ਪਛਤਾਵਾ ਹੈ,
ਕਿ ਮੇਰਾ ਮੁੱਲ ਨਹੀਂ ਪਿਆ ।
ਹਰ ਵੇਲੇ ਵਿਕਣ ਲਈ ਤਿਆਰ ਮੰਡੀ ਦਾ ਮਾਲ ।
ਸਵੇਰੇ ਸਵੇਰੇ ਸੱਜਰਾ,
ਬੋਲੀ ਚ ਨਾ ਵਿਕਣ ਤੇ ਬੇਹਾ ਬੁੱਸਿਆ ।
ਕੂੜੇ ਦੀ ਖ਼ੁਰਾਕ ਬਣਦਾ ਹਰ ਸ਼ਾਮ ।
ਗਲ਼ ਸੜ ਚੱਲਿਆ ਹੈ ਤਰੱਕੀ ਰਾਮ ।
ਲੀਰਾਂ ਦੇ ਪਾਇਦਾਨ ਵਾਂਗ ਹਰ ਪਲ,
ਪੈਰਾਂ 'ਚ ਵਿਛਿਆ ਰਹਿੰਦਾ ਹੈ ।
ਪਰ ਵੱਟ ਨਹੀਂ ਛੱਡਦਾ,
ਪੂਰੀ ਆਕੜ 'ਚ ਰਹਿੰਦਾ ਹੈ ।
ਤਰੱਕੀ ਰਾਮ ਸਰਬ-ਧਰਮ ਵਿਸ਼ਵਾਸੀ,
ਮੰਦਰ ਮਸੀਤ ਗੁਰਦੁਆਰੇ ਦੇ ਨਾਲ
ਗਿਰਜਾ ਘਰ ਵੀ ਜਾ ਆਉਂਦਾ ਹੈ ।
ਗੁਜ਼ਾਰੇ ਜੋਗੀ ਗਿਆਨ ਪੂੰਜੀ ਸਹਾਰੇ,
ਮੌਜ ਕਰਦਾ ਹੈ ।
ਚੰਗਾ ਖਾਂਦਾ ਹੈ, ਮੰਦਾ ਬੋਲਦਾ ਹੈ ।
ਉਹ ਹਰ ਕੁਰਸੀ ਦਾ ਪਾਲਤੂ ਹੈ,
ਪਰ ਅਣਖ਼ ਬਾਰੇ ਕਈ ਘੰਟੇ ਬੋਲ ਸਕਦੈ ।
ਪਰ ਉਸ ਦੇ ਗਲ਼ ਮੈਂ,
ਕਦੇ ਸੰਗਲੀ ਨਹੀਂ ਵੇਖੀ ਕਦੇ ।
ਬਹੁਤ ਲੁਕਾ ਕੇ ਰੱਖਦਾ ਹੈ ਤਰੱਕੀ ਰਾਮ ।
ਦਿਲ ਦੇ ਸੰਦੂਕ ਨਹੀਂ ਖੋਲ੍ਹਦਾ ।
ਜਾਨ ਦਾ ਜੰਦਰਾ ਭਾਵੇਂ ਟੁੱਟ ਜਾਵੇ ।
ਵਾਰਸ ਦੀ ਹੀਰ ਤੋਂ ਉਸ ਨੇ
ਸਿਰਫ਼ ਇਹੀ ਸਬਕ ਸਿੱਖਿਆ ਹੈ ।
ਪਿਆਰ ਮੁਹੱਬਤ ਤੋਂ ਉਸ ਕੀ ਕਰਾਉਣਾ
ਹਰ ਵੇਲੇ ਤੌਲੀਆ ਮੋਢੇ ਤੇ ਹੀ ਰੱਖਦਾ
ਪਤਾ ਨਹੀਂ ਕਿੱਥੇ ਗੰਗਾ ਟੱਕਰ ਜਾਵੇ
ਉਸ ਵਿਚ ਹੱਥ ਧੋਣੇ ਪੈ ਸਕਦੇ ਨੇ ।
ਉਸ ਨੇ ਅੱਜ ਤੀਕ,
ਪਿੱਛੇ ਪਰਤ ਕੇ ਕਦੇ ਨਹੀਂ ਵੇਖਿਆ ।
ਅਗਾਂਹਵਧੂ ਹੋਣ ਦਾ ਭਰਮ ਪਾਲਦਾ ਹੈ ।
ਇਕੱਲੇ ਚੱਲੋ,
ਪਤਾ ਨਹੀਂ ਉਸ ਕਦੋਂ ਕਿੱਥੋਂ ਸੁਣ ਲਿਆ !
ਇਕੱਲਾ ਹੀ ਸਫ਼ੈਦੇ ਵਾਂਗ ਅੰਬਰ ਵੱਲ
ਲਗਾਤਾਰ ਤੁਰਿਆ ਰਹਿੰਦਾ ਹੈ ।
ਉਸ ਤੇ ਪੰਛੀ ਵੀ ਆਲ੍ਹਣਾ ਨਹੀਂ ਪਾਉਂਦੇ
ਅਖ਼ੇ! ਇਸ ਦਾ ਕੀ ਕਰੀਏ
ਮੀਂਹ ਕਣੀ ਚ ਬਚਾਉਣ ਜੋਗਾ ਵੀ ਨਾ ।
ਇਹਦੇ ਨਾਲੋਂ ਤਾਂ ਬੇਰੀਆਂ ਦੇ ਮਲ਼੍ਹੇ ਚੰਗੇ
ਸਿਰ ਤੇ ਛਤਰੀ ਤਾਣਦੇ ।
ਤਰੱਕੀ ਰਾਮ ਕਿਤਾਬ ਪੜ੍ਹੇ ਨਾ ਪੜ੍ਹੇ,
ਨੌਕਰੀ ਵਿਧੀ-ਵਿਧਾਨ ਦਾ
ਸਰਬ ਸੰਪੂਰਨ ਗਿਆਤਾ ਹੈ ।
ਉਸ ਦਾ ਵਿਸ਼ਵਾਸ ਹੈ,
ਬੰਦਾ ਕੰਮ ਘੱਟ ਵੱਧ ਕਰ ਸਕਦਾ ਹੈ,
ਪਰ ਕਾਨੂੰਨ ਤੋਂ ਲਾਂਭੇ ਜਾਣ ਤੇ,
ਸਦਾ ਲਈ ਮਾਰਿਆ ਜਾਂਦਾ ਹੈ ।
ਲਾਲ ਪੈਨਸਿਲ ਦੀ ਹਾਜ਼ਰੀ
ਖਾ ਜਾਂਦੀ ਹੈ ਰੁਜ਼ਗਾਰ ਪੱਤਰੀ ।
ਬਹੁਤ ਵਾਰ ਪੁੱਛਿਆ ਹੈ ਮੈਂ,
ਤਰੱਕੀ ਰਾਮਾ!
ਦੱਸ ਤਾਂ ਸਹੀ
ਏਦਾਂ ਕੀ ਵਿਗੜਦਾ ਹੈ?
ਉਸ ਦੀ ਮੀਸਣੀ ਮੁਸਕਾਨ 'ਚੋਂ
ਹਰ ਵਾਰ ਇਹੀ ਉੱਤਰ ਮਿਲਿਐ
ਘੁੱਗੀ ਕਿਆ ਜਾਣੇ
ਸਤਿਗੁਰ ਦੀਆਂ ਬਾਤਾਂ ।
ਮੈਨੂੰ ਹਰ ਵਾਰ ਸਮਝਾਉਂਦਾ ਹੈ,
ਕਾਕਾ! ਉਸ ਪਿੰਡ ਦਾ ਰਾਹ,
ਕਦੇ ਨਾ ਪੁੱਛੀਏ ਜਿੱਧਰ ਜਾਣਾ ਨਹੀਂ ।
ਮੈਨੂੰ ਫੇਰ ਭੁੱਲ ਜਾਂਦਾ ਹੈ,
ਤਰੱਕੀ ਰਾਮ ਦਾ ਅਨਮੋਲ ਬਚਨ ।
ਟਾਂਗੇ ਵਾਲੇ ਘੋੜੇ ਵਾਂਗ,
ਉਹ ਸਿਰਫ਼ ਘਰ ਤੋਂ ਦਫ਼ਤਰ ਜਾਂਦੈ ।
ਹਫ਼ਤੇ ਦੇ ਆਖ਼ਰੀ ਦੋ ਦਿਨ,
ਸਿਆਲੂ-ਧੁੱਪ ਸੇਕਦਾ ਹੈ,
ਸੂਰਜ ਵੱਲ ਪਿੱਠ ਕਰਕੇ ।
ਉਸ ਦਾ ਕਹਾਣਾ ਹੈ,
ਸੂਰਜ ਦੀ ਅੱਖ ਵਿੱਚ ਅੱਖ ਨਾ ਪਾਉ,
ਨੇਤਰ ਜੋਤ ਮੱਧਮ ਪੈ ਜਾਂਦੀ ਹੈ ।
ਬੰਦਾ ਫ਼ਾਈਲਾਂ ਪੜ੍ਹਨ ਜੋਗਾ ਨਹੀਂ ਰਹਿੰਦਾ ।
ਲਾਲ ਫੀਤੇ ਵਿੱਚ ਬੱਧੇ ਕਾਗ਼ਜ਼ਾਂ ਨੂੰ
ਕਰੀਨੇ ਨਾਲ ਬੰਨ੍ਹਦਿਆਂ ਸਜਾਉਂਦਿਆਂ
ਮਰ ਮੁੱਕ ਚੱਲਿਐ ਤਰੱਕੀ ਰਾਮ ।
ਵਾਰੀ ਬਿਨ ਤਰੱਕੀ ਕਰਦਿਆਂ
ਉਸ ਤੇ ਹੁਣ ਕੋਈ ਮੌਸਮ ਅਸਰ ਨਹੀਂ ਕਰਦਾ ।
ਸੇਵਾ ਪੱਤਰੀ ਗਿਆਨ,
ਤੇ ਤੋਤਾ ਚਸ਼ਮੀ ਕਾਰਨ,
ਤਰੱਕੀ ਦਾ ਸਫ਼ਰ ਅੱਜ ਵੀ ਜਾਰੀ ਹੈ ।
ਘਰ ਦੇ ਬਾਹਰ ਨਿੰਬੂ ਤੇ ਮਿਰਚਾਂ ਪਰੋ ਕੇ,
ਬਨੇਰੇ ਤੇ ਨਜ਼ਰਵੱਟੂ ਟੰਗਣ ਦੇ ਨਾਲ,
ਉਹ ਲਾਲ ਕਿਤਾਬ 'ਚੋਂ,
ਆਪਣਾ ਭਵਿੱਖ ਪੜ੍ਹਦਾ ਰਹਿੰਦਾ ਹੈ
ਹਰ ਰੋਜ਼ ਲਗਾਤਾਰ ।
ਵਾਸਤੂ ਸ਼ਾਸਤਰ ਮੁਤਾਬਕ
ਉਸ ਘਰ ਦੇ ਬੂਹੇ, ਦਿਸ਼ਾ, ਮੰਜੇ ਪੀੜ੍ਹੇ
ਸਭ ਬਦਲ ਦਿੱਤੇ ਨੇ
ਪਰ ਆਪ ਕਿਣਕਾ ਨਹੀਂ ਬਦਲਿਆ ।
ਚਸ਼ਮ ਏ ਬਦ ਦੂਰ ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.