- ਸੰਘਰਸ਼ਸ਼ੀਲ ਮੋਰਚੇ ਅਤੇ ਸਿਆਸਤ ਦੀਆਂ ਪੇਚੀਦਗੀਆਂ
ਕਿਸੇ ਵੀ ਸਮਾਜ/ਦੇਸ਼ ਵਿਸ਼ੇਸ਼ ਵਿਚ ਇੱਕ ਅਜਿਹਾ ਵਰਗ ਹੁੰਦਾ ਹੈ ਜਿਸ ਦਾ ਸਮਾਜਕ-ਸਿਆਸੀ-ਆਰਥਕ ਪੱਖ ਤੋਂ ਦਬਦਬਾ ਹੁੰਦਾ ਹੈ। ਇਸ ਵਰਗ ਨੂੰ ਪ੍ਰੈਸ਼ਰ ਗਰੁੱਪ ਜਾਂ ਦਬਾਅ-ਪਾਊ ਤਬਕਾ ਆਖਦੇ ਹਨ। ਇਹ ਪ੍ਰੈਸ਼ਰ ਗਰੁੱਪ ਸ਼ਾਸ਼ਕ ਅਤੇ ਸ਼ਾਸ਼ਤ ਵਿਚਕਾਰ ਇੱਕ ਅਤਿ-ਮਹੱਤਵਪੂਰਣ ਕੜੀ ਦੀ ਭੂਮਿਕਾ ਵਜੋਂ ਸਰਗ਼ਰਮ ਰਹਿੰਦਾ ਹੈ। ਸ਼ਾਸ਼ਕ ਅਤੇ ਸ਼ਾਸ਼ਤ ਵਿਚਕਾਰ ਸੰਪਰਕ ਸਥਾਪਤ ਕਰਨ ਵਿਚ ਇਸ ਦਾ ਅਹਿਮ ਕਿਰਦਾਰ ਹੁੰਦਾ ਹੈ। ਚੋਣਾਂ ਸਮੇਂ ਇਸ ਪ੍ਰੈਸ਼ਰ ਗਰੁੱਪ ਸਦਕਾ ਹੀ ਸਰਕਾਰਾਂ ਲੋਕਾਈ ਦੀਆਂ ਮੰਗਾਂ-ਉਮੰਗਾਂ ਪ੍ਰਤੀ ਹੁੰਗਾਰਾ ਭਰਦੀਆਂ ਹਨ, ਸੰਵੇਦਨਸ਼ੀਲ ਹੁੰਦੀਆਂ ਹਨ। ਇਤਿਹਾਸਕ ਤੌਰ ’ਤੇ ਜੇ ਵਿਚਾਰਿਆ ਜਾਵੇ, ਤਦ ਪਤਾ ਚਲਦਾ ਹੈ ਕਿ ਇਨ੍ਹਾਂ ਦਬਾਅ-ਪਾਊ ਤਬਕਿਆਂ (ਪ੍ਰੈਸ਼ਰ ਗਰੁੱਪਜ਼) ਦੀ ਆਪਣੀ ਸਥਿਤੀ ਡਾਵਾਂ-ਡੋਲ ਹੀ ਹੁੰਦੀ ਹੈ, ਭਾਵ ਇਨ੍ਹਾਂ ਦਾ ਆਪਣਾ ਕਿਰਦਾਰ ਬੜਾ ਹੀ ਤਿਲਕਵਾਂ ਹੁੰਦਾ ਹੈ, ਸਥਿਰ ਨਹੀਂ ਹੁੰਦਾ। ਕਿਉਂਕਿ ਇਹ ਤਬਕੇ, ਆਪਣੀਆਂ ਨਿਜੀ ਮੰਗਾਂ-ਉਮੰਗਾਂ ਕਾਰਣ, ਸ਼ਕਤੀਸ਼ਾਲੀ ਜਾਂ ਸਮਾਜ ਦੇ ਮੂਲ ਪ੍ਰਬਲ ਵਰਗ ਦੀ ਵਿਓਂਤਸਾਜ਼ੀ ਦੇ ਅਧੀਨ ਹੁੰਦੇ ਹਨ। ਭਾਰਤ ’ਚ ਪਿਛਲੇ ਸਮੇਂ ਕਿਸਾਨ-ਵਿਰੋਧੀ ਤਿੰਨ ਕਾਨੂੰਨਾਂ ਦੇ ਖ਼ਿਲਾਫ਼ ਇੱਕ ਲੰਮੇ ਦੌਰ ਦਾ ਸ਼ਾਂਤਮਈ ਕਿਰਦਾਰ ਵਾਲਾ “ਸੰਯੁਕਤ ਕਿਸਾਨ ਮੋਰਚਾ” ਹਵਾਲਾ ਅਧੀਨ ਪ੍ਰੈਸ਼ਰ ਗਰੁੱਪ ਦੀ ਵਿਸ਼ਵੀ ਤਾਜ਼ਾ ਮਿਸਾਲ ਹੈ।
ਭਾਰਤ ਦੀ ਰਾਜਧਾਨੀ, ਦਿੱਲੀ ਦੀ ਸਰਹੱਦ ’ਤੇ ਜੁੜਿਆ ਇਹ ਮੋਰਚਾ ਉਦੋਂ ਹੀ ਆਪਣੇ ਧਰਨੇ ਤੋਂ ਉਠਿਆ ਜਦੋਂ ਕਿਸਾਨ-ਵਿਰੋਧੀ ਤਿੰਨੋਂ ਕਾਨੂੰਨਾਂ ਕੇਂਦਰ ਸਰਕਾਰ ਨੇ ਵਾਪਸ ਲੈ ਲਏ ਅਤੇ ਇਨ੍ਹਾਂ ਨਾਲ ਜੁੜੀਆਂ ਇਕ ਲੰਮੇਂ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਵੀ ਮੰਨ ਲਿਆ ਗਿਆ। ਕਿਸਾਨੀ-ਲੀਡਰਾਂ ਨੇ ਬੜੀ ਸ਼ਾਨ-ਸ਼ੌਕਤ ਨਾਲ ਇੱਕ ਜੇਤੂ ਵਜੋਂ ਆਪਣੇ ਘਰਾਂ ਵੱਲ ਪਰਤੇ। ਲੋਕਾਈ ਨੇ ਉਨ੍ਹਾਂ ਦਾ ਬੜੇ ਹੀ ਜੋਸ਼-ਖ਼ਰੋਸ਼ ਨਾਲ ਸਵਾਗਤ ਕੀਤਾ। ਉਹ ਹੁਣ ਲੋਕ-ਨਾਇਕ ਸਨ। ਪਰ ਉਤਰ-ਮੋਰਚਾ (post-agitation) ਕਾਲ ਬੜਾ ਹੀ ਅਹਿਮ ਸੀ/ਹੈ। ਕਿਸਾਨ-ਮੋਰਚੇ ਦੀ ਲੀਡਰਸ਼ਿਪ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ’ਤੇ ਉਭਰ ਚੁੱਕੀ ਸੀ। ਸੋ ਹੁਣ ਪ੍ਰਬਲ ਸਿਆਸੀ ਤਬਕਿਆਂ ਦੀ ਚਰਚਾ ਦਾ ਅਹਿਮ ਮੁੱਦਾ ਸੀ ਕਿ ਇਸ ਕਿਸਾਨ-ਮੋਰਚੇ ਦੀ ਲੀਡਰਸ਼ਿਪ ਨੂੰ ਇੱਕ ਸਿਆਸੀ ਪਾਰਟੀ ਵਜੋਂ, ਚੋਣ ਲੜਣ ਦੇ ਪੱਖ ਤੋਂ, ਕਿਵੇਂ ਪ੍ਰਚਾਰਿਆ ਜਾਵੇ। ਅਫ਼ਵਾਹਾਂ ਦਾ ਬਾਜ਼ਾਰ ਗ਼ਰਮ ਸੀ ਕਿ ‘ਆਮ ਆਦਮੀ ਪਾਰਟੀ’ (ਆਪ) ਦੇ ਖੇਮੇ ਤੋਂ ਫਰਵਰੀ 2022 ਦੀਆਂ ਪੰਜਾਬ ’ਚ ਹੋਣ ਵਾਲੀਆਂ ਚੋਣਾਂ ’ਚ ਕਿਸਾਨ ਮੋਰਚੇ ਦੇ ਸੰਘਰਸ਼ ‘ਚੋਂ ਉਭਰਿਆ ਹੋਇਆ ਨਾਇਕ, ਬਲਬੀਰ ਸਿੰਘ ਰਾਜੇਵਾਲ ਨੂੰ ਪੰਜਾਬ ਦੇ ਮੁੱਖ-ਮੰਤਰੀ ਦੇ ਤੌਰ ’ਤੇ ਪੇਸ਼ ਕੀਤਾ ਜਾਵੇਗਾ। ਪਰ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਬਲ ਸਿਆਸਤ ਦੇ ਅਧੀਨ ਇੱਕ ਪ੍ਰੈਸ਼ਰ ਗਰੁੱਪ ਵਜੋਂ ਸਰਗ਼ਰਮ ਹੋਣ ਤੋਂ ਇਨਕਾਰ ਕਰ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਨਾ ਕੇਵਲ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ’ਤੇ ਚੋਣਾਂ ਵਿਚ ਸ਼ਮੂਲੀਅਤ ਕਰਨ ਤੋਂ ਨਾਂਹ ਕੀਤੀ, ਬਲਕਿ ਇਹ ਵੀ ਐਲਾਨਿਆ ਕਿ ਜਦੋਂ ਤੀਕ ਕਿਸਾਨੀ ਦੀਆਂ ਤਮਾਮ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ, ਉਹ ਪ੍ਰਬਲ ਸਿਆਸਤ ਦਾ ਕਿਸੇ ਵੀ ਰੂਪ ’ਚ ਹਿੱਸਾ ਨਹੀਂ ਹੋਣਗੇ।
ਪਰ 25 ਦਸੰਬਰ 2021 ਨੂੰ ਕਿਸਾਨਾਂ ਦੀਆਂ 22 ਜੱਥੇਬੰਦੀਆਂ ਨੇ, ਜੋ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਸਨ, ਇੱਕ ਪ੍ਰੈਸ ਕਾਨਫੰਰਸ ਰਾਹੀਂ ‘ਸੰਯੁਕਤ ਸਮਾਜ ਮੋਰਚਾ’ ਦੇ ਗਠਨ ਦਾ ਐਲਾਨ ਕਰ ਦਿੱਤਾ, ਅਤੇ ਇਹ ਵੀ ਐਲਾਨਿਆ ਕਿ ਲੋਕਾਈ ਦੇ ਦਬਾਅ ਕਾਰਣ ਇਹ ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ’ਚ ਆਪਣੀ ਸ਼ਮੂਲੀਅਤ ਕਰੇਗਾ। ਪੰਜਾਬ ਵਿਚ 117 ਸੀਟਾਂ ’ਤੇ ਚੋਣਾਂ ਲੜਣ ਲਈ ਬਲਬੀਰ ਸਿੰਘ ਰਾਜੇਵਾਲ ਨੂੰ ਇਸ ਮੋਰਚੇ ਦਾ ਮੁਹਰੀ/ਲੀਡਰ ਵੀ ਐਲਾਨਿਆ ਗਿਆ। ਹੁਣ ਤਮਾਮ ਸਿਆਸੀ ਪਾਰਟੀਆਂ ਦਾ ਬਿਆਨ ਸਾਂਝਾ ਹੀ ਸੀ: “ਬਿੱਲੀ ਬਾਹਰ ਆ ਗਈ ਹੈ। ਅਸੀਂ ਸਹੀ ਅੰਦਾਜ਼ਾ ਲਾਇਆ ਸੀ। ਹੁਣ ਸੰਯੁਕਤ ਸਮਾਜ ਮੋਰਚੇ ਦਾ ਅਗਲਾ ਕਦਮ ‘ਆਮ ਆਦਮੀ ਪਾਰਟੀ’ ਨਾਲ ਗੰਢ-ਤੁਪ ਕਰਨਾ ਹੈ।” ਕਿਸਾਨਾਂ ਦੀ ਲੀਡਰਸ਼ਿਪ ਦੇ ਸਿਆਸੀ ਮਨਸੂਬਿਆਂ ਬਾਰੇ ਜੋ ‘ਅਫ਼ਵਾਹਾਂ’ ਸਨ ਉਹ ਮਹਿਜ ਅਫ਼ਵਾਹਾਂ ਹੀ ਨਹੀਂ ਸਨ, ਬਲਕਿ ਹਕੀਕਤ ਸਨ। ਪ੍ਰਬਲ ਸਿਆਸੀ ਪਾਰਟੀਆਂ ਦਾ ਤਰਕ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਮਯਾਬੀ ਸਿਆਸੀ ਲਾਹੇਵੰਦੀ ‘ਚ ਤਬਦੀਲ ਜੋ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਦੇ ਕਿਰਦਾਰ ’ਚ ਇਸ ਕਿਸਮ ਦੀ ਤਬਦੀਲੀ ਕਾਰਨ ਇਸ ਮੋਰਚੇ ਵਿਚ ਤਰੇੜਾਂ ਦਾ ਉਭਰਣਾ ਸੁਭਾਵਕ ਸੀ। ਮੋਰਚੇ ਦੇ ਲੀਡਰਾਂ ਜਿਵੇਂ ਕਿ ਰਾਕੇਸ਼ ਟਕੈਤ, ਯੋਗਿੰਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ ਹੁਰਾਂ ਨੇ ਅਜਿਹੇ ਪੈਂਤੜੇ ਦਾ ਵਿਰੋਧ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਮੁਹਰੀ ਉਸੇ ਸਿਆਸੀ ਜਮਾਤ ਨੂੰ ਹੁੰਗਾਰਾ ਦੇ ਰਹੇ ਹਨ ਜਿਸ ਦੇ ਖ਼ਿਲਾਫ਼ ਉਹ ਲੜ ਰਹੇ ਸਨ, ਜਿਸ ਦਾ ਸਿਆਸੀ ਵਿਰੋਧ ਕਰ ਰਹੇ ਸਨ। ਇਹ ਵਿਰੋਧ ਕਰਨ ਵਾਲੇ ਲੀਡਰਾਂ ਦਾ ਆਪਣਾ ਇੱਕ ਸਿਆਸੀ ਮਿਆਰ ਹੈ, ਰੁਤਬਾ ਹੈ। ਰਾਕੇਸ਼ ਟਕੈਤ ਇੱਕ ਕਦਾਵਰ ਕਿਸਾਨ ਆਗੂ ਹੈ ਜਿਸ ਕੋਲ ਆਪਣੇ ਪਿਤਾ ਜੀ ਦਾ ਵਿੱਢਿਆ ਕਿਸਾਨੀ ਮੋਰਚਿਆਂ ਦਾ ਇਤਿਹਾਸ ਇੱਕ ਵਿਰਾਸਤ ਵਜੋਂ ਮੌਜੂਦ ਹੈ। ਕਿਸਾਨ ਮੋਰਚੇ ਦੌਰਾਨ ਟਿੱਕਰੀ ਬਾਰਡਰ ’ਤੇ ਤੈਨਾਤ ਹੋਇਆ ਜੋਗਿੰਦਰ ਸਿੰਘ ਉਗਰਾਹਾਂ ਪੰਜਾਬ ਦੀ ਇੱਕ ਵਿਸ਼ਾਲ ਕਿਸਾਨ ਜੱਥੇਬੰਦੀ ਦਾ ਆਗੂ ਹੈ। ਯੋਗਿੰਦਰ ਯਾਦਵ ਸੰਯੁਕਤ ਕਿਸਾਨ ਮੋਰਚੇ ਦੇ ਪਿੱਛੇ ਕੰਮ ਕਰ ਰਹੇ ਬੌਧਿਕ ਦਿਮਾਗ਼ ਵਜੋਂ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਡਾ. ਦਰਸ਼ਨ ਪਾਲ ਕਿਸਾਨਾਂ ਦਾ ਸਿਰਕੱਢ ਅਤੇ ਆਦਰਯੋਗ ਆਗੂ ਹੈ। ‘ਭਾਰਤੀ ਕਿਸਾਨ ਯੂਨੀਅਨ’ ਪੰਜਾਬ ’ਚ ਦੂਜੇ ਦਰਜੇ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਦਾ ਰੁਤਬਾ ਰਖਦੀ ਹੈ। ਬੂਟਾ ਸਿੰਘ ਬੁਰਜ-ਗਿੱਲ ਵੀ ਉਸ ਗਰੁੱਪ ਦਾ ਹਿੱਸਾ ਹੋਣ ਤੋਂ ਇਨਕਾਰੀ ਹੈ ਜੋ ਪੰਜਾਬ ਦੀਆਂ ਚੋਣਾਂ ’ਚ ਸ਼ਮੂਲੀਅਤ ਕਰ ਰਿਹਾ ਹੈ। ਇਸੇ ਤਰ੍ਹਾਂ ਦਾ ਵਿਚਾਰ ‘ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ’ ਦੇ ਆਗੂ, ਸਤਨਾਮ ਸਿੰਘ ਪੰਨੂ ਦਾ ਹੈ।
ਸੰਯੁਕਤ ਕਿਸਾਨ ਮੋਰਚੇ ’ਚ ਪਈਆਂ ਇਨ੍ਹਾਂ ਤਮਾਮ ਤਰੇੜਾਂ ਨੇ ਪ੍ਰੈਸ਼ਰ ਗਰੁੱਪ ਅਤੇ ਪ੍ਰਬਲ ਸਿਆਸੀ ਗਰੁੱਪਾਂ ਨਾਲ ਸੰਬੰਧਤ ਕਈ ਕਿਸਮ ਦੇ ਬੁਨਿਆਦੀ ਸਿਆਸੀ-ਆਰਥਕ-ਸਮਾਜਕ ਸਵਾਲਾਂ ਨੂੰ ਜਨਮ ਦਿੱਤਾ ਹੈ। ਜਿਨ੍ਹਾਂ ਨੂੰ ਵਿਚਾਰਨ ਦੀ ਲੋੜ ਹੈ: ਕਿ ਇਨ੍ਹਾਂ ਉਭਰੀਆਂ ਹੋਈਆਂ ਤਰੇੜਾਂ ’ਚ ਕਿਸ ਕਿਸਮ ਦੇ ‘ਹਿਤ’/’ਲਾਹੇ’/ਫਾਇਦੇ/ਮਾਨ-ਸਨਮਾਨ ਲੁਕੇ ਹੋਏ ਹਨ?
ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਅਹਿਮ ਸਵਾਲ ਇਹ ਵੀ ਹੈ ਕਿ “ਕੀ ਇੱਕ-ਸਾਲ ਲੰਮਾ ਸੰਘਰਸ਼ ਖ਼ਤਮ ਹੋ ਗਿਆ ਹੈ?” “ਕੀ ਕਿਸਾਨਾਂ ਦੇ ਤਮਾਮ ਟੀਚੇ ਅਤੇ ਉਦੇਸ਼ ਪੂਰੇ ਹੋ ਗਏ ਹਨ?” ਸੰਯੁਕਤ ਕਿਸਾਨ ਮੋਰਚੇ ਨੇ ਤਾਂ ਐਲਾਨ ਕੀਤਾ ਹੋਇਆਂ ਹੈ ਕਿ “ਸੰਘਰਸ਼ ਮੁਲਤਵੀ ਹੋਇਆ ਹੈ, ਖ਼ਤਮ ਨਹੀਂ ਹੋਇਆ। ਇਹ ਸੰਘਰਸ਼ ਜਾਰੀ ਰਹੇਗਾ ਜਦ ਤੀਕ ਐਮ.ਐਸ.ਪੀ. (MSP) ਨੂੰ ਕਾਨੂੰਨੀ ਗਾਰੰਟੀ ਹਾਸਲ ਨਹੀਂ ਹੁੰਦੀ, ਲਖੀਮਪੁਰ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ, ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਹੁੰਦੇ”
ਕੀ ਇਹ ਮੰਗਾਂ ਮੰਨ ਲਈਆਂ ਹਨ; ਕਿ ਇਹ ਮੰਗਾਂ ਅਹਿਮ ਨਹੀਂ ਹਨ?; ਕੀ ਇਹ ਮੰਗਾਂ ਸੰਘਰਸ਼ ਦਾ ਮੁੱਦਾ ਨਹੀਂ ਹਨ? ਇਨ੍ਹਾਂ ਮੰਗਾਂ ਦੇ ਮੱਦੇਨਜ਼ਰ ਦਲੀਲ ਹੈ ਕਿ: ਕਿ ਜਿਸ ਸਿਆਸਤ ਦੇ ਖ਼ਿਲਾਫ਼ ਸੰਘਰਸ਼ ਹੈ ਜਾਂ ਕੀਤਾ ਗਿਆ ਹੈ ਉਸੇ ਸਿਆਸਤ ਨਾਲ ਚੋਣਾਂ ਦੇ ਪੱਖ ਤੋਂ ਸਮਝੌਤਾ ਕਰ ਕੇ ਮੁਖਧਾਰਾ ਵਾਲੀ ਸਿਆਸਤ ’ਚ ਸ਼ਮੂਲੀਅਤ ਕੀਤੀ ਜਾ ਸਕਦੀ ਹੈ? ਅਹਿਮ ਤੱਥ ਅਤੇ ਸੱਚ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਮਯਾਬੀ ਦਾ ਇਕੋ-ਇਕ ਕਾਰਣ ਇਸ ਦਾ ਗ਼ੈਰ-ਮੁਖਧਾਰਾ ਵਾਲਾ ਸਿਆਸੀ ਅਮਲ ਅਤੇ ਕਿਰਦਾਰ ਸੀ।
ਜਦੋਂ ਤੋਂ ਸੰਯੁਕਤ ਸਮਾਜ ਮੋਰਚੇ (SSM) ਦੀ ਸਥਾਪਨਾ ਹੋਈ ਹੈ ਉਦੋਂ ਤੋਂ ਹੀ ਵੱਡੀ ਗਿਣਤੀ ’ਚ ਕਿਸਾਨ ਆਗੂ ‘ਚੋਣਾਂ ’ਚ ਸ਼ਮੂਲੀਅਤ’ ਕਰਨ ਦੇ ਫੈਸਲੇ ਨਾਲ ਸਹਿਮਤ ਨਹੀਂ, ਅਤੇ ਅਜਿਹੀ ਚੋਣ-ਮੂਲਕ ਸਿਆਸਤ ਤੋਂ ਦੂਰ ਹੀ ਰਹਿ ਰਹੇ ਹਨ। ਐਪਰ ਇੱਕ ਅਜਿਹੀ ਧਿਰ ਵੀ ਹੈ ਜੋ ਇਕੱਲਿਆਂ ਜਾਂ ਕਿਸੇ ਆਪਣੀ ਹਮ-ਸੋਚ ਸਿਆਸੀ ਪਾਰਟੀ ਨਾਲ ਮਿਲ ਕੇ ਮੌਜੂਦਾ ਸਿਆਸੀ ਮੈਦਾਨ ’ਚ ਆਉਣ ਲਈ ਤਿਆਰ ਹੈ, ਤਤਪਰ ਹੈ। ਅਜਿਹੇ ਮਾਹੌਲ ਨੂੰ ਵਾਚਦਿਆਂ ‘ਆਮ ਆਦਮੀ ਪਾਰਟੀ’ ਨੇ ਆਪਣੇ ਪਾਰਟੀ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ, ਗਿਆਰਾਂ ਸੀਟਾਂ ਫਾਰਮ ਯੂਨੀਅਨ ਲੀਡਰਜ਼ ਲਈ ਛੱਡ ਦਿੱਤੀਆਂ। ਬਲਬੀਰ ਸਿੰਘ ਰਾਜੇਵਾਲ ਨੇ ‘ਆਮ ਆਦਮੀ ਪਾਰਟੀ’ ਦੇ ਇਸ ਸਿਆਸੀ ਕਦਮ ਦੀ ਪ੍ਰਸ਼ੰਸਾ ਕੀਤੀ, ਹੁੰਗਾਰਾ ਦਿੱਤਾ। ਦਲੀਲ ਦਿੱਤੀ ਕਿ ‘ਆਮ ਆਦਮੀ ਪਾਰਟੀ’ ਦੀ ਪੰਜਾਬ ਬਾਰੇ ਸਿਆਸੀ ਸਮਝ ਪੁਖ਼ਤਾ ਨਹੀਂ, ਇਸ ਲਈ ਕਿਸਾਨ ਲੀਡਰਾਂ ਨੂੰ ਇਸ ਪਾਰਟੀ ਦੀ ਸਿਆਸੀ ਮੁਹਿੰਮ ਬਣਾਉਣ ਲਈ ਇਸ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੁੱਦੇ ’ਤੇ ਰਾਜੇਵਾਲ ਆਪਣੇ ਸਿਆਸੀ ਮਿੱਤਰਾਂ-ਦੋਸਤਾਂ ਤੋਂ ਦੂਰ ਹੋ ਰਿਹਾ ਹੈ। ਇਹ ਬਾਤ ਵੱਖਰੀ ਹੈ ਕਿ ਰਾਜੇਵਾਲ ਮੁੱਖ-ਮੰਤਰੀ ਦਾ ਚਿਹਰਾ ਹੋਵੇਗਾ ਕਿ ਨਹੀਂ, ਪਰ ਸਿਆਸੀ ਸ਼ਾਖ ’ਤੇ ਪ੍ਰਸ਼ਨ-ਚਿੰਨ੍ਹ ਹੈ। ਸੰਯੁਕਤ ਕਿਸਾਨ ਮੋਰਚੇ ’ਚ ਆਪਸੀ ਇਲਜ਼ਾਮ-ਤਰਾਸ਼ੀ ਉਭਰ ਕੇ ਸਾਹਮਣੇ ਆ ਰਹੀ ਹੈ। ਆਪਸੀ ਵਖਰੇਵੇਂ ਸਾਫ਼-ਸਪਸ਼ਟ ਨਜ਼ਰ ਆ ਰਹੇ ਹਨ। ਕਿਸਾਨ ਮੋਰਚਾ ਕਮਜ਼ੋਰ ਹੋ ਰਿਹਾ ਹੈ, ਅੰਦੋਲਨ ਦੀਆਂ ਅੰਦਰੂਨੀ ਗੱਲਾਂ-ਬਾਤਾਂ ਲੋਕਾਈ ’ਚ ਨਸ਼ਰ ਹੋ ਰਹੀਆਂ ਹਨ। ਅਜਿਹੇ ਹਾਲਤਾਂ ‘ਚ ਨਾ ਕੇਵਲ ਕਿਸਾਨ ਆਗੂਆਂ ਦੀ ਸ਼ਾਖ ਗਿਰ ਰਹੀ ਹੈ; ਬਲਕਿ ਅਵਿਸ਼ਵਾਸ਼ ਵੀ ਪੈਦਾ ਹੋ ਰਿਹਾ ਹੈ, ਕਿਸਾਨ ਲਹਿਰ ਹੇਠਾਂ ਵਲ ਨੂੰ ਜਾ ਰਹੀ ਹੈ। ਮੌਕਾਸ਼ਾਨਾਸੀ ਬੇ-ਪਰਦਾ ਹੋ ਰਹੀ ਹੈ।
-
ਪੁਸ਼ਪਿੰਦਰ ਸਿੰਘ ਗਿੱਲ, ਪ੍ਰੋਫ਼ੈਸਰ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ
pushpindergill63@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.