ਆਓ ਕਰੀਏ ਆਪਣੀ ਵੋਟ ਨਾਲ ਵਫ਼ਾ
ਦੇਸ਼ ਦੇ ਪੰਜ ਰਾਜਾਂ ਵਿੱਚ ਚੋਣਾਂ ਹੋ ਰਹੀਆਂ ਹਨ ਜਿਸ ਵਿੱਚ ਬਾਕੀ ਸਾਧਨਾਂ ਦੇ ਨਾਲ ਨਾਲ ਸੋਸ਼ਲ ਮੀਡੀਆ ਅਤੇ ਡਿਜੀਟਲ ਪ੍ਰਚਾਰ ਨੂੰ ਵੀ ਵੱਡੇ ਸਾਧਨ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਚੋਣ ਪ੍ਰਚਾਰ ਦੌਰਾਨ ਹੀ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਇਹ ਦੱਸਣਾ ਹੁੰਦਾ ਹੈ ਕਿ ਉਹ ਵੋਟਰ ਨੂੰ ਕਿਹੜੇ ਕਿਹੜੇ ਆਰਥਿਕ ਅਤੇ ਨੀਤੀਗਤ ਫ਼ਾਇਦੇ ਦੇਣਗੇ ਜਿਸ ਨਾਲ ਜਨਤਾ ਅਤੇ ਦੇਸ਼ ਦਾ ਵਿਕਾਸ ਹੋਵੇ ਪਰ ਮਾਹੌਲ ਇਹੋ ਜਿਹਾ ਸਿਰਜਿਆ ਜਾਂਦਾ ਹੈ ਕਿ ਆਮ ਇਨਸਾਨ ਅਆਪਣੇ ਅਸਲ ਮੁੱਦੇ ਗਵਾ ਕੇ ਮੁਫ਼ਤਖੋਰੀ ਦੇ ਲਾਲਚ ਵਿਚ ਆ ਕੇ ਆਪਣੀ ਵੋਟ ਦਾ ਮੁੱਲ ਹੀ ਭੁੱਲ ਗਿਆ ਹੈ , ਭੁੱਖਮਰੀ ,ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗੀ ਪੜ੍ਹਾਈ ,ਮਹਿੰਗਾ ਇਲਾਜ, ਵਿਕਾਊ ਮੀਡੀਆ, ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਡੱਕੇ ਸਿੰਘ, ਮਹਿੰਗਾਈ, ਰੇਤ ਮਾਫੀਆ, ਸ਼ਰਾਬ ਮਾਫੀਆ ਤੇ ਹੋਰ ਬਹੁਤ ਕੁਝ ।ਪਿੱਛੇ ਜਿਹੇ ਬੇਰੁਜ਼ਗਾਰ ਕਰਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦਾ ਅੰਦੋਲਨ ਚਰਚਾ ਦਾ ਵਿਸ਼ਾ ਰਿਹਾ ਪਰ ਅਫ਼ਸੋਸ ਦੀ ਗੱਲ ਚੋਣਾਂ ਦੌਰਾਨ ਬੇਰੁਜ਼ਗਾਰੀ ਜਿਹੇ ਵੱਡੇ ਮੁੱਦੇ ਦੇ ਤੌਰ ਤੇ ਚਰਚਾ ਦਾ ਵਿਸ਼ਾ ਨਹੀਂ ਰਿਹਾ ਬਲਕਿ ਇਸ ਮੁੱਦੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ । ਬੇਰੋਜ਼ਗਾਰੀ ਦੀ ਤਰਾਸਦੀ ਇਸ ਹੱਦ ਤਕ ਵਧ ਚੁੱਕੀ ਹੈ ਕਿ ਇਸ ਪ੍ਰੀਖਿਆ ਵਿੱਚ ਪੈਂਤੀ ਹਜ਼ਾਰ ਪੋਸਟਾਂ ਪਿੱਛੇ ਸਵਾ ਕਰੋੜ ਉਮੀਦਵਾਰ ਹਨ ।ਇਕ ਅਨੁਮਾਨ ਅਨੁਸਾਰ ਦੇਸ਼ ਵਿਚ 5.30 ਕਰੋੜ ਪੜ੍ਹੇ ਲਿਖੇ ਬੇਰੁਜ਼ਗਾਰ ਹਨ ,ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਉਨ੍ਹਾਂ ਵਿੱਚੋਂ ਵੀ 45 ਫੀਸਦੀ9750 ਰੁਪਏ ਤੋਂ ਵੀ ਘੱਟ ਤਨਖ਼ਾਹ ਲੈ ਰਹੇ ਹਨ।
ਜਿੱਥੇ ਇੰਨੇ ਗੰਭੀਰ ਮੁੱਦਿਆਂ ਦੇ ਹੁੰਦਿਆਂ ਹੋਇਆਂ ਵੀ ਪਿਛਲੇ ਸਮੇਂ ਵਿੱਚ ਅਸੀਂ ਵੇਖਿਆ ਕਿ ਸਾਨੂੰ ਬਹੁਤ ਸਾਰੀਆਂ ਅਜਿਹੀਆਂ ਖ਼ੈਰਾਤਾਂ ਪਾਈਆਂ ਗਈਆਂ ਜਿਨ੍ਹਾਂ ਦੀ ਅਸੀਂ ਕਦੇ ਮੰਗ ਵੀ ਨਹੀਂ ਕੀਤੀ ਸੀ ਮੁਫ਼ਤ ਮੋਬਾਇਲ ਫੋਨ, ਮੁਫ਼ਤ ਬਿਜਲੀ ,ਮੁਫ਼ਤ ਆਟਾ ਦਾਲ ,ਮੁਫ਼ਤ ਤੀਰਥ ਯਾਤਰਾ, ਹਰ ਮਹੀਨੇ ਖਾਤਿਆਂ ਵਿੱਚ ਪੈਸੇ ,ਮੁਫ਼ਤ ਬੱਸ ਸੇਵਾ ਕੁਝ ਜਿਹੀਆਂ ਸਕੀਮਾਂ ਹਨ ਜੋ ਲੱਗਦਾ ਲੋਕਾਂ ਨੇ ਕਦੀ ਮੰਗੀਆਂ ਵੀ ਨਹੀਂ ਪਰ ਇਸ ਦੇ ਉਲਟ ਜੋ ਲੋਕ ਮੰਗਦੇ ਹਨ ਉਹ ਕਦੇ ਕਿਸੇ ਦੇ ਏਜੰਡੇ ਤੇ ਨਹੀਂ ਹੁੰਦਾ । ਅਸਲ ਮਨੋਰਥ ਤਾਂ ਇਹ ਹੋਣਾ ਚਾਹੀਦਾ ਹੈ ਕਿ ਰੁਜ਼ਗਾਰ ਦੇ ਸਾਧਨਾ ਦਾ ਇੰਨਾ ਵਧੀਆ ਪ੍ਰਬੰਧ ਕਰੇ ਕਿ ਲੋਕਾਂ ਨੂੰ ਇਨ੍ਹਾਂ ਨਿਗੂਣੀਆਂ ਖ਼ੈਰਾਤਾਂ ਦੀ ਲੋੜ ਹੀ ਨਾ ਪਵੇ ,ਰੁਜ਼ਗਾਰ ਦੇ ਚੰਗੇ ਵਸੀਲੇ ਖੋਜੇ ਜਾਣ ਤਾਂ ਜੋ ਹਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ।ਧਰਨੇ ,ਮੁਜ਼ਾਹਰੇ, ਭੁੱਖ ਹੜਤਾਲਾਂ ਨਾ ਕਰਨੀਆਂ ਪੈਣ ਪੁਲੀਸ ਦਾ ਤਸ਼ੱਦਦ ਨਾ ਸਹਿਣਾ ਪਵੇ। ਵਾਤਾਵਰਣ ਵਿੱਚ ਆਏ ਵਿਗਾੜਾਂ ਨੂੰ ਕਾਬੂ ਕਰਨ ਦਾ ਹੱਲ ਲੱਭਿਆ ਜਾਵੇ ਪ੍ਰਦੂਸ਼ਣ ਅਤੇ ਖਾਧ ਪਦਾਰਥਾਂ ਦੇ ਜ਼ਹਿਰੀਲੇ ਹੋਣ ਕਾਰਨ ਲੋਕ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਲੁੱਟਾਂ ਖੋਹਾਂ ਅਤੇ ਚੋਰੀਆਂ ਚਰਮ ਸੀਮਾ ਤੇ ਪਹੁੰਚ ਚੁੱਕੀਆਂ ਹਨ ।ਧਰਤੀ ਹੇਠਲਾ ਪਾਣੀ ਦਿਨੋਂ ਦਿਨ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ ਤੱਕ ਸ਼ਾਇਦ ਪੰਜਾਬ ਦੀ ਧਰਤੀ ਖੇਤੀਬਾੜੀ ਯੋਗ ਵੀ ਨਾ ਰਹੇਗੀ । ਸਭ ਪਾਰਟੀਆਂ ਦੇ ਚੋਣ ਏਜੰਡੇ ਵਿੱਚ ਇਸ ਇਸ ਮਸਲੇ ਪ੍ਰਤੀ ਧਿਆਨ ਦਿਵਾਉਣ ਦੀ ਬੜੀ ਲੋੜ ਹੈ । ਵਾਤਾਵਰਨ ਵਿੱਚ ਆਏ ਵਿਗਾੜਾਂ ਨਾਲ ਨਿਪਟਣ ਲਈ ਕੋਈ ਠੋਸ ਰਣਨੀਤੀ ਤੇ ਉਪਰਾਲੇ ਕਰਨ ਦੀ ਲੋੜ ਹੈ ।
ਸਾਡੇ ਬੱਚੇ ਰੋਜ਼ਗਾਰਾਂ ਲਈ ਹੋਰਾਂ ਮੁਲਕਾਂ ਵਿੱਚ ਭਟਕ ਰਹੇ ਹਨ । ਬਜ਼ੁਰਗ ਘਰਾਂ ਵਿੱਚ ਆਪਣੇ ਬੁਢਾਪੇ ਤੇ ਬਿਮਾਰੀਆਂ ਨੂੰ ਕੱਲੇ ਹੀ ਨਜਿੱਠਣ ਲਈ ਮਜਬੂਰ ਹੋਏ ਪਏ ਹਨ ।ਪਰਵਾਸ ਨੂੰ ਰੋਕਣਾ ਵੀ ਇਸ ਸਮੇਂ ਪਾਰਟੀਆਂ ਦਾ ਮੁੱਖ ਚੋਣ ਏਜੰਡਾ ਹੋਣਾ ਚਾਹੀਦਾ ਹੈ ।ਸਾਡੇ ਬੱਚਿਆਂ ਨੂੰ ਖੈਰਾਤਾਂ ਨਹੀਂ ਰੁਜ਼ਗਾਰ ਦੀ ਲੋੜ ਹੈ ਅਸੀਂ ਲੋਕਾਂ ਨੇ ਵੀ ਅੰਗਰੇਜ਼ੀ ਦੀ ਕਹਾਵਤ ਸੁਣੀ ਹੈ ਕਿ ਭੁੱਖੇ ਨੂੰ ਖਾਣ ਲਈ ਮੱਛੀ ਦੇਣ ਦੀ ਥਾਂ ਮੱਛੀ ਫੜਨ ਦੀ ਜਾਚ ਸਿਖਾਈ ਜਾਵੇ ਤਾਂ ਜੋ ਉਹ ਅਗਲੀ ਵਾਰ ਖੁਦ ਮੱਛੀ ਫੜ ਕੇ ਖਾ ਸਕੇ ਤੇ ਕਿਸੇ ਹੋਰ ਦੀ ਝਾਕ ਵਿੱਚ ਨਾ ਵੇਖਦਾ ਰਹੇ ਭਾਰਤ ਵਿੱਚ ਵੀ ਲੱਖਾਂ ਹੀ ਅਜਿਹੇ ਲੋਕ ਹਨ ਜੋ ਕਮਾ ਕੇ ਖਾਣ ਨੂੰ ਪਹਿਲ ਦੇਣਾ ਚਾਹੁੰਦੇ ਹਨ ਪਰ ਕੰਮ ਨਹੀਂ ਮਿਲਦਾ ਜੇ ਮਿਲਦਾ ਹੈ ਤਾਂ ਸਹੀ ਉਜਰਤ ਨਹੀਂ ਮਿਲਦੀ । ਪਰਦੇਸਾਂ ਵਿੱਚ ਕੰਮ ਦੇ ਨਾਲ ਨਾਲ ਚੰਗਾ ਮਿਹਨਤਾਨਾ ਮਿਲਣਾ ਵੀ ਨੌਜਵਾਨਾਂ ਦੇ ਪਰਵਾਸ ਦਾ ਮੁੱਖ ਕਾਰਨ ਹੈ । ਪੰਜ ਸਾਲ ਪਿੱਛੋਂ ਜਦੋਂ ਜਦੋਂ ਲੋਕਾਂ ਨੂੰ ਆਪਣੀ ਆਪਣੇ ਹੱਕਾਂ ਨੂੰ ਵਰਤਣ ਦਾ ਮੌਕਾ ਮਿਲਦਾ ਹੈ ਤਾਂ ਵੋਟਰਾਂ ਨੂੰ ਲਾਲਚ ਵਿੱਚ ਭਰਮਾ ਕੇ ਅਸਲ ਮੁੱਦਿਆਂ ਤੋਂ ਦੂਰ ਕੀਤਾ ਜਾਂਦਾ ਹੈ ਵੋਟਰਾਂ ਅੱਗੇ ਮੁਖੌਟਿਆਂ ਦੀ ਭਰਮਾਰ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਵੋਟਰਾਂ ਦੀ ਅਕਲ ਗੋਤੇ ਖਾਣ ਲੱਗਦੀ ਹੈ ।
ਲੋੜ ਹੈ ਕਿ ਸਿਆਸੀ ਪਾਰਟੀਆਂ ਲੋਕਾਂ ਦੀ ਅਸਲ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਕੇ ਚੋਣ ਮਨੋਰਥ ਪੱਤਰ ਤਿਆਰ ਕਰਨ ।ਇਨ੍ਹਾਂ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨ ਦੀ ਜੱਦ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਹਰ ਸਿਆਸੀ ਪਾਰਟੀ ਲਈ ਕਾਨੂੰਨੀ ਤੌਰ ਆਪਣੇ ਵਾਅਦੇ ਪੂਰੇ ਕਰਨਾ ਲਾਜ਼ਮੀ ਹੋਵੇ। ਅਗਰ ਕੋਈ ਸਿਆਸੀ ਪਾਰਟੀ ਆਪਣੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਕਾਨੂੰਨੀ ਕਾਰਵਾਈ ਲਈ ਨਿਯਮਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਹੀ ਲੋਕਤੰਤਰ ਵਿੱਚ ਵੋਟ ਦੀ ਅਸਲ ਅਧਿਕਾਰ ਨਾਲ ਵਫ਼ਾ ਸੰਭਵ ਹੈ ।
-
ਸੋਨੀਆ , ਸਕੂਲ ਮੁਖੀ ਸਹਸ ਪੀਰ ਇਸਮਾਈਲ ਖਾਂ (ਫਿਰੋਜ਼ਪੁਰ)
harishmongadido@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.