ਪੰਜਾਬ ਚ ਹੋਣ ਜਾ ਰਹੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਬੇਰੁਜਗਾਰ ਨੌਜਵਾਨਾ ਦੇ ਰੁਜਗਾਰ ਦੇ ਮੁੱਦੇ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਚੋਣ ਮੈਨੀਫੈਸਟੋ ਵਿਚ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਕਿਉਂਕਿ 2017 ਦੀ ਕਾਂਗਰਸ ਸਰਕਾਰ ਰੁਜਗਾਰ ਦੇ ਮੁੱਦੇ ਨੂੰ ਲੈ ਕੇ ਸੱਤਾ ਵਿਚ ਆਈ ਸੀ, ਪਰ ਅਫਸੋਸ ਪੰਜਾਬ ਦੇ ਬੇਰੁਜਗਾਰ ਨੌਜਵਾਨ ਅਜੇ ਵੀ ਨੌਕਰੀਆਂ ਲਈ ਧੱਕੇ ਖਾ ਰਹੇ ਹਨ। ਪਹਿਲਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸੀ, ਉਨ੍ਹਾਂ ਨੇ 4 ਸਾਲ ਸਰਕਾਰੀ ਨੌਕਰੀਆਂ ਦੇ ਇਸ਼ਿਤਿਹਾਰ ਹੀ ਨਹੀਂ ਜਾਰੀ ਕੀਤੇ। 2021 ਦੇ ਸ਼ੁਰੂ ਵਿਚ ਆ ਕੇ ਸਰਕਾਰੀ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਹੋਣੇ ਸ਼ੁਰੂ ਹੋਏ, ਪਰ ਇਨ੍ਹਾਂ ਵਿਚੋਂ ਜਿਆਦਾ ਭਰਤੀਆਂ ਸਿਰੇ ਨਹੀਂ ਚੜ੍ਹ ਸਕੀਆਂ। ਪਹਿਲਾਂ ਤਾਂ ਬੇਰੁਜਗਾਰ ਨੌਜਵਾਨਾ ਨੇ ਫਾਰਮਾਂ ਭਰਨ ਦੇ ਉੱਪਰ ਆਪਣੇ ਪੈਸੇ ਖਰਚ ਕੀਤੇ, ਉਹਨਾਂ ਨੇ ਧਰਨੇ ਵੀ ਲਗਾਏ। ਕਈ ਭਰਤੀਆਂ ਦੇ ਪੇਪਰ ਨਹੀਂ ਹੋ ਸਕੇ, ਕੁਝ ਕੁ ਕੋਰਟ ਕੇਸਾਂ ਵਿੱਚ ਲਟਕ ਗਈਆ ਤੇ ਕੁਝ ਦੇ ਫਾਈਨਲ ਰਿਜਲਟ ਵੀ ਬਣ ਗਏ, ਪਰ ਕਿਸੇ ਨੂੰ ਵੀ ਜੋਇੰਨਿਗ ਨਹੀਂ ਮਿਲੀ।
ਇਸਨੂੰ ਸਰਕਾਰ ਦੀ ਨਾਕਾਮੀ ਹੀ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਸਰਕਾਰ ਰੁਜਗਾਰ ਦੇ ਮੁੱਦੇ ਤੇ ਪੂਰੀ ਤਰ੍ਹਾਂ ਫੇਲ ਹੋਈ ਹੈ।ਸਾਡੇ ਮੁੱਖ ਮੰਤਰੀ ਸਾਹਬ ਤਾਂ ਇੰਟਰਵਿਉ ਤੇ ਅਖਬਾਰਾਂ ਚ ਇਸ਼ਿਤਿਹਾਰ ਲਗਾਉਣ ਵਿੱਚ ਹੀ ਵਿਅਸਤ ਰਹੇ ਤੇ ਬੇਰੁਜਗਾਰ ਉਸੇ ਤਰ੍ਹਾਂ ਹੀ ਸੜਕਾਂ ਤੇ ਰੁਲਦੇ ਨਜਰ ਆਏ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਨਣ ਤੋਂ ਬਾਅਦ 36000 ਠੇਕੇ ਤੇ ਰੱਖੇ ਗਏ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਉਹ ਇਕ ਵਾਅਦਾ ਹੀ ਰਹਿ ਗਿਆ ਤੇ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੀ ਫਾਈਲ ਪੂਰੀ ਨਾ ਹੋ ਸਕੀ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਬਾਰਾ ਤੋਂ ਨੌਜਵਾਨਾਂ ਨੂੰ ਲੁਭਾਉਣ ਲਈ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੇ ਸਨ, ਜਦੋਂ ਕਾਂਗਰਸ ਦੀ ਸਰਕਾਰ ਕੋਲ ਮੌਕਾ ਸੀ, ਉਸ ਸਮੇਂ ਤਾਂ ਨੌਕਰੀਆਂ ਦੇ ਨਹੀਂ ਸਕੇ, ਹੁਣ ਦੁਬਾਰਾ ਇਹੋ ਜਿਹਾ ਵਾਅਦਾ ਹਾਸੋ-ਹੀਣਾ ਹੀ ਪ੍ਰਤੀਤ ਹੋ ਰਿਹਾ ਹੈ।
ਬੇਰੁਜਗਾਰ ਨੌਜਵਾਨਾ ਦੀ ਇਹ ਮੰਗ ਹੈ ਕਿ ਸਰਕਾਰ ਆਖਰੀ ਸਾਲ ਤੇ ਹੀ ਇਹ ਭਰਤੀਆਂ ਕਿਉ ਕੱਢਦੀ ਹੈ। ਸਰਕਾਰ ਨੂੰ ਹਰ ਸਾਲ ਖਾਲੀ ਪਈਆ ਪੋਸਟਾਂ ਭਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਹਰ ਨੌਕਰੀ ਵਾਲੇ ਫਾਰਮ ਦੀ ਫੀਸ ਘੱਟ ਹੋਣੀ ਚਾਹੀਦੀ ਹੈ। ਸਾਰੀਆਂ ਭਰਤੀਆਂ ਲਈ ਪੰਜਾਬ ਵਸਨੀਕ ਦਾ ਸਰਟੀਫਿਕੇਟ ਲਾਜਮੀ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ ਦੇ ਵੱਧ ਮੌਕੇ ਮਿਲ ਸਕਣ। ਇਸ ਤੋਂ ਇਲਾਵਾ ਪ੍ਰਾਈਵੇਟ ਅਤੇ ਸਰਕਾਰੀ ਨੌਕਰੀਆਂ ਵਿਚ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਬਾਹਰਲੇ ਰਾਜਾਂ ਦੇ ਨੌਜਵਾਨਾਂ ਲਈ ਕੁਝ ਪ੍ਰਤੀਸ਼ਤ ਕੋਟਾ ਹੋਣਾ ਚਾਹੀਦਾ ਹੈ।
ਹਰ ਪਾਰਟੀ 1000 ਤੋਂ 2000 ਦੇਣ ਦੇ ਵਾਅਦੇ ਕਰ ਰਹੀ ਹੈ, ਪਰ ਪੰਜਾਬ ਦਾ ਅਸਲ ਮੁੱਦਾ ਨੌਜਵਾਨਾਂ ਨੂੰ ਰੁਜਗਾਰ ਦੇਣ ਦਾ ਹੈ ਤਾਂ ਜੋ ਇਹ ਬੇਰੁਜਗਾਰ ਨੌਜਵਾਨ ਨੌਕਰੀ ਲੱਗ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਆਪ ਪੇਟ ਪਾਲ ਸਕਣ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਨੌਜਵਾਨਾਂ ਦੇ ਇਸ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਵਰਗ ਨੂੰ ਰੁਜਗਾਰ ਵਾਲੇ ਪਾਸੇ ਲਗਾ ਕੇ ਨਸ਼ੇ ਤੋਂ ਹਟਾਇਆ ਜਾ ਸਕੇ।
-
ਬਲਜੀਤ ਸਿੰਘ ਕਚੂਰਾ, ਲੇਖਕ
*********
9465405597
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.