ਅਸਤ ਹੋ ਗਿਆ ਸਭਿਅਕ ਗੀਤਾਂ ਦਾ ਧਰੂ ਤਾਰਾ: ਗੀਤਕਾਰ ਦੇਵ ਥਰੀਕਿਆਂਵਾਲਾ
ਅਸਤ ਹੋ ਗਿਆ ਸਭਿਅਕ ਗੀਤਾਂ ਦਾ ਧਰੂ ਤਾਰਾ, ਪੰਜਾਬੀ ਪਰਿਵਾਰਿਕ ਗੀਤਕਾਰੀ ਦਾ ਥੰਮ੍ਹ ਅਤੇ ਪੰਜਾਬੀ ਵਿਰਾਸਤ ਦਾ ਪਹਿਰੇਦਾਰ ਹਰਦੇਵ ਦਿਲਗੀਰ, ਜਿਹੜੇ ਦੇਵ ਥਰੀਕਿਆਂ ਵਾਲਾ ਦੇ ਨਾਮ ਨਾਲ ਸਮੁੱਚੇ ਪੰਜਾਬੀ ਸੰਸਾਰ ਵਿੱਚ ਜਾਣੇ ਅਤੇ ਪਹਿਚਾਣੇ ਜਾਂਦੇ ਸਨ। ਪੰਜਾਬੀ ਭਾਸ਼ਾ ਦੀ ਸਭਿਅਚਾਰਕ ਵਿਰਾਸਤ ਨੂੰ ਜ਼ਰਖੇਜ਼ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਣ ਦਾ ਮਾਣ ਵੀ ਦੇਵ ਥਰੀਕਿਆਂ ਵਾਲੇ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਨੂੰ ਹੁਸਨ ਇਸ਼ਕ ਦੇ ਘੇਰੇ ਵਿੱਚੋਂ ਕੱਢਕੇ ਪਰਿਵਾਰਿਕ ਸੱਥਾਂ ਦਾ ਸ਼ਿੰਗਾਰ ਬਣਾਇਆ ਸੀ। ਸਾਫ਼ ਸੁਥਰੀ ਗੀਤਕਾਰੀ ਦਾ ਪ੍ਰਤੀਕ, ਜਿਨ੍ਹਾਂ ਦੇ 1000 ਦੇ ਲਗਪਗ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ, ਪੰਜਾਬੀ ਗੀਤਕਾਰੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਅੱਧੀ ਸਦੀ ਤੱਕ ਗੀਤਕਾਰੀ ਦੇ ਖੇਤਰ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਣ ਵਾਲਾ ਦੇਵ ਧਰੀਆਂ ਵਾਲਾ 83 ਸਾਲ ਦੀ ਉਮਰ ਵਿੱਚ 25 ਜਨਵਰੀ 2022 ਨੂੰ ਪਹਿਰ ਦੇ ਤੜਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਹ ਬਹੁ-ਪੱਖੀ ਅਤੇ ਬਹੁ ਦਿਸ਼ਾਵੀ ਗੀਤਕਾਰ ਸਨ, ਜਿਨ੍ਹਾਂ ਨੇ ਲੋਕ ਗੀਤ, ਲੋਕ ਗਾਥਾਵਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਉਣ ਨੂੰ ਤਰਜ਼ੀਹ ਦਿੱਤੀ। ਉਨ੍ਹਾਂ ਦੇ ਗੀਤ ਪੰਜਾਬੀਆਂ ਦੀ ਰੂਹ ਦੀ ਆਵਾਜ਼ ਬਣਦੇ ਰਹੇ ਹਨ।
ਉਹ ਗੀਤਕਾਰੀ ਦੇ ਬਾਬਾ ਬੋਹੜ ਸਨ, ਜਿਨ੍ਹਾਂ ਦੇ ਸੈਂਕੜੇ ਗੀਤ ਸੁਪਰਹਿੱਟ ਹੋਏ ਸਨ। ਮਾਂ ਨੂੰ ਉਤਮ ਦਰਜਾ ਦੇਣ ਵਾਲਾ ਗੀਤ ‘ਮਾਂ ਹੁੰਦੀ ਏ ਮਾਂ’ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਗਿਆ ਸੀ। ਪੰਜਾਬੀ ਵਿਰਸਾ ਬੜਾ ਅਮੀਰ ਹੈ, ਜਿਸਨੂੰ ਗੁਰੂਆਂ ਦੀ ਕਲਮ ਦੀ ਛੋਹ ਪ੍ਰਾਪਤ ਹੈ। ਗੁਰੂਆਂ ਦੇ ਮੁਖ਼ਾਰਬਿੰਦ ਨਾਲ ਇਹ ਭਾਸ਼ਾ ਮਾਖਿਓਂ ਮਿੱਠੀ ਹੋ ਗਈ। ਪੁਸ਼ਤ ਦਰ ਪੁਸ਼ਤ ਸਫਰ ਕਰਦੀ ਪੰਜਾਬੀ ਭਾਸ਼ਾ ਵਿਚ ਹੋਰ ਨਿਖ਼ਾਰ ਆ ਗਿਆ। ਫਿਰ ਇਹ ਉਰਦੂ ਦੀ ਥਾਂ ਲੋਕ ਭਾਸ਼ਾ ਬਣ ਗਈ। ਗੁਰੂਆਂ ਦੀ ਵਿਰਾਸਤ ‘ਤੇ ਪਹਿਰਾ ਦਿੰਦਿਆਂ ਦੇਵ ਥਰੀਕਿਆਂ ਵਾਲੇ ਨੇ ਫੋਕੀ ਸ਼ਾਹਵਾ ਵਾਹਵਾ ਲਈ ਗੀਤ ਨਹੀਂ ਲਿਖੇ ਸਗੋਂ ਉਨ੍ਹਾਂ ਦੇ ਗੀਤ ਇਤਿਹਾਸ ਦਾ ਹਿੱਸਾ ਬਣ ਗਏ ਹਨ। ਇਸ ਸਮੇਂ ਪੰਜਾਬੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ ਪ੍ਰੰਤੂ ਅਖੌਤੀ ਬੁੱਧੀਜੀਵੀ ਸਾਹਿਤਕਾਰਾਂ ਨੇ ਪੰਜਾਬੀ ਨੂੰ ਸਰਲ ਬਣਾਉਣ ਦੀ ਥਾਂ ਔਖੀ ਭਾਸ਼ਾ ਬਣਾ ਦਿੱਤਾ। ਔਖੀ ਸ਼ਬਦਾਵਲੀ ਵਰਤਕੇ ਉਹ ਆਪਣੀ ਵਿਦਵਤਾ ਦਾ ਸਬੂਤ ਦੇਣਾ ਚਾਹੁੰਦੇ ਹਨ ਭਾਵੇਂ ਪੜ੍ਹਨ ਅਤੇ ਸੁਣਨ ਵਾਲੇ ਦੇ ਪੱਲੇ ਕੁਝ ਵੀ ਨਾ ਪਵੇ। ਫਿਰ ਵੀ ਲੋਕ ਬੋਲੀ ਦੇ ਕੁਝ ਕੁ ਹਿਤੈਸ਼ੀਆਂ ਨੇ ਪੰਜਾਬੀ ਬੋਲੀ ਦੀ ਸਰਲਤਾ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਲੋਕਾਂ ਦੀ ਜ਼ੁਬਾਨ ਵਿਚ ਸਾਹਿਤ ਲਿਖਕੇ ਇਸਨੂੰ ਮਾਣ ਸਤਿਕਾਰ ਦਿੱਤਾ ਹੈ। ਉਨ੍ਹਾਂ ਸਾਹਿਤਕਾਰਾਂ ਅਤੇ ਗੀਤਕਾਰਾਂ ਵਿਚ ਹਰਦੇਵ ਦਿਲਗੀਰ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾ ਰਿਹਾ ਹੈ, ਜਿਨ੍ਹਾਂ ਨੇ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਕੇ ਹੁਲਾਰਾ ਦੇਣ ਵਾਲੇ ਗੀਤ ਲਿਖਕੇ ਪੰਜਾਬੀ ਬੋਲੀ ਨੂੰ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲਾ ਦਿੱਤਾ ਹੈ। ਯਾਰਾਂ ਦਾ ਯਾਰ ਅਤੇ ਨਮਰਤਾ ਦੇ ਪੁੰਜ ਹਰਦੇਵ ਦਿਲਗੀਰ ਨੂੰ ਪੰਜਾਬੀ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣਗੇ। ਹਰਦੇਵ ਦਿਲਗੀਰ ਉਹ ਗੀਤਕਾਰ ਹੈ, ਜਿਨ੍ਹਾਂ ਦੇ ਗੀਤਾਂ ਕਰਕੇ ਉਸਦੇ ਪਿੰਡ ਦਾ ਨਾਂ ਪੰਜਾਬੀ ਦੁਨੀਆਂ ਵਿਚ ਅਮਰ ਹੋ ਗਿਆ ਹੈ।
ਹਰਦੇਵ ਦਿਲਗੀਰ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਥਰੀਕੇ ਵਿਖੇ ਪਿਤਾ ਰਾਮ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ 19 ਸਤੰਬਰ 1939 ਨੂੰ ਹੋਇਆ। ਪ੍ਰਇਮਰੀ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਪਿੰਡ ਥਰੀਕਿਆਂ ਦੇ ਸਕੂਲ, ਮਿਡਲ ਲਲਤੋਂ ਅਤੇ ਦਸਵੀਂ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਜੇ.ਬੀ.ਟੀ. ਦੀ ਸਿਖਿਆ ਜਗਰਾਓਂ ਤੋਂ ਪ੍ਰਾਪਤ ਕੀਤੀ। ਜੇ.ਬੀ.ਟੀ. ਕਰਨ ਉਪਰੰਤ ਅਧਿਆਪਕ ਦੀ ਨੌਕਰੀ ਕਰ ਲਈ। ਨੌਕਰੀ ਦੌਰਾਨ ਵੱਖ ਵੱਖ ਸਕੂਲਾਂ ਵਿਚ ਜਾਣਾ ਪਿਆ, ਜਿਸ ਨਾਲ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੋ ਗਿਆ। 1957 ਵਿਚ ਲਲਤੋਂ ਦੇ ਸਕੂਲ ਵਿਚ ਪੜ੍ਹਦਿਆਂ ਹਰਦੇਵ ਦਿਲਗੀਰ ਦਾ ਮੇਲ ਗਿਆਨੀ ਹਰੀ ਸਿੰਘ ਦਿਲਬਰ ਨਾਲ ਹੋ ਗਿਆ। ਗਿਆਨੀ ਹਰੀ ਸਿੰਘ ਦਿਲਬਰ ਉਸ ਸਮੇਂ ਦਾ ਮੰਨਿਆਂ ਪ੍ਰਮੰਨਿਆਂ ਲੇਖਕ ਸੀ। ਹਰਦੇਵ ਦਿਲਗੀਰ ਨੂੰ ਕਵਿਤਾਵਾਂ ਲਿਖਣ ਦਾ ਪਹਿਲਾਂ ਹੀ ਸ਼ੌਕ ਸੀ। ਇਸ ਸ਼ੌਕ ਨੂੰ ਗਿਆਨੀ ਹਰੀ ਸਿੰਘ ਦਿਲਬਰ ਨੇ ਪਛਾਣਦਿਆਂ ਉਨ੍ਹਾਂ ਨੂੰ ਕਵਿਤਾਵਾਂ ਦੇ ਨਾਲ ਕਹਾਣੀਆਂ ਲਿਖਣ ਲਈ ਪ੍ਰੇਰਿਆ। ਉਨ੍ਹਾਂ ਨੇ ਹੀ ਹਰਦੇਵ ਦੇ ਨਾਂ ਨਾਲ ਸਾਹਿਤਕ ਨਾਂ ਦਿਲਗੀਰ ਲਿਖਣ ਦੀ ਸਲਾਹ ਦਿੱਤੀ। ਚੜ੍ਹਦੀ ਉਮਰ ਵਿਚ ਹੀ ਕਵਿਤਾਵਾਂ ਅਤੇ ਕਹਾਣੀਆਂ ਰਸਾਲਿਆਂ ਵਿਚ ਪ੍ਰਕਾਸ਼ਤ ਹੋਣ ਨਾਲ ਹਰਦੇਵ ਦਿਲਗੀਰ ਦਾ ਹੌਸਲਾ ਵੱਧ ਗਿਆ ਅਤੇ ਗਿਆਨੀ ਹਰੀ ਸਿੰਘ ਦਿਲਬਰ ਦੀ ਥਾਪੀ ਨੇ ਹੋਰ ਉਤਸ਼ਾਹਤ ਕੀਤਾ। ਉਨ੍ਹਾਂ ਦੀਆਂ 4 ਕਹਾਣੀਆਂ ਦੀਆਂ ਪੁਸਤਕਾਂ,‘ ਰੋਹੀ ਦਾ ਫੁੱਲ’, ‘ਇੱਕ ਸੀ ਕੁੜੀ’, ‘ਜ਼ੈਲਦਾਰਨੀ’, ‘ਹੁੱਕਾ ਪਾਣੀ’ ਅਤੇ 7 ਬਾਲ ਪੁਸਤਕਾਂ ‘ਮਾਵਾਂ ਠੰਡੀਆਂ ਛਾਵਾਂ’, ‘ਪੈਰਾਂ ਵਾਲਾ ਤਾਰਾ’, ‘ਅੱਲੜ ਬਲੜ ਬਾਵੇ ਦਾ’, ‘ਘੁਗੀਏ ਨੀ ਘੁਗੀਏ ਨੱਚ ਕੇ ਵਿਖਾ’, ‘ਮੇਰੀ ਧਰਤੀ ਮੇਰਾ ਦੇਸ’, ‘ਚੁੱਕ ਭੈਣ ਬਸਤਾ ਸਕੂਲੇ ਚਲੀਏ’ ‘ਚੰਦ ਮਾਮਾ ਡੋਰੀਆ’ ਅਤੇ 24 ਗੀਤਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ। ਗੀਤਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਨ ਦੀ ਸ਼ੁਰੂਆਤ ਕਰਨ ਦਾ ਇਤਫਾਕ ਵੀ ਦੇਵ ਥਰੀਕਿਆਂ ਵਾਲੇ ਨੂੰ ਹੀ ਹੋਇਆ। ਬੱਚਿਆਂ ਲਈ ਪੁਸਤਕਾਂ ਪ੍ਰਾਇਮਰੀ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਣ ਕਰਕੇ ਲਿਖੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਦੀਆਂ 13 ਫਿਲਮਾਂ ਲਈ ਵੀ ਗੀਤ ਲਿਖੇ। ਉਸ ਤੋਂ ਬਾਅਦ ਤਾਂ ਫਿਰ ਚਲ ਸੋ ਚਲ ਹੁਣ ਤੱਕ 35 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ।
ਉਨ੍ਹਾਂ ਦਾ ਕਹਾਣੀਆਂ ਅਤੇ ਕਵਿਤਾਵਾਂ ਵੱਲੋਂ ਗੀਤਾਂ ਵਲ ਪ੍ਰੇਰਿਤ ਹੋਣ ਦਾ ਵੀ ਅਜ਼ੀਬ ਕਿਸਾ ਹੈ। 21 ਸਾਲ ਦੀ ਭਰ ਜਵਾਨੀ ਦੀ ਉਮਰ ਵਿਚ ਉਨ੍ਹਾਂ ਦਾ ਮੇਲ ਲੁਧਿਆਣਾ ਜਿਲ੍ਹੇ ਦੇ ਪਿੰਡ ਸਿਆੜ ਦੇ ਪ੍ਰੇਮ ਕੁਮਾਰ ਸ਼ਰਮਾ ਨਾਲ ਮਾਲਵਾ ਖਾਲਸਾ ਹਾਈ ਸਕੂਲ ਵਿਚ ਪੜ੍ਹਦਿਆਂ ਐਚ.ਐਮ.ਵੀ.ਕੰਪਨੀ ਦੀ ਅਡੀਸ਼ਨ ਮੌਕੇ ਹੋਇਆ। ਪ੍ਰੇਮ ਕੁਮਾਰ ਦੀ ਆਵਾਜ਼ ਚੰਗੀ ਸੀ, ਇਸ ਕਰਕੇ ਉਹ ਅਡੀਸ਼ਨ ਵਿਚ ਪਾਸ ਹੋ ਗਿਆ। ਕੰਪਨੀ ਨੇ ਉਸਨੂੰ ਗੀਤ ਲੈ ਕੇ ਦਿੱਲੀ ਆਉਣ ਲਈ ਕਿਹਾ। ਪ੍ਰੇਮ ਕੁਮਾਰ ਗੀਤ ਲੈਣ ਵਾਸਤੇ ਇੰਦਰਜੀਤ ਹਸਨਪੁਰੀ ਕੋਲ ਗਿਆ। ਹਸਨਪੁਰੀ ਨੇ ਗੀਤ ਦੇਣ ਦਾ ਵਾਅਦਾ ਕੀਤਾ ਪ੍ਰੰਤੂ ਮੌਕੇ ਤੇ ਗੀਤ ਨਾ ਦਿੱਤੇ। ਪ੍ਰੇਮ ਕੁਮਾਰ ਨੇ ਹਰਦੇਵ ਦਿਲਗੀਰ ਨੂੰ ਗੀਤ ਲਿਖਕੇ ਦੇਣ ਦੀ ਬੇਨਤੀ ਕੀਤੀ। ਹਰਦੇਵ ਦਿਲਗੀਰ ਨੂੰ ਗੀਤ ਲਿਖਣ ਦਾ ਤਜ਼ਰਬਾ ਨਹੀਂ ਸੀ ਪ੍ਰੰਤੂ ਦੋਸਤ ਦੇ ਜ਼ੋਰ ਪਾਉਣ ਤੇ ਚਾਰ ਗੀਤ ਉਨ੍ਹਾਂ ਨੂੰ ਲਿਖਕੇ ਦਿੱਤੇ। ਕੰਪਨੀ ਨੂੰ ਉਹ ਗੀਤ ਬਹੁਤ ਪਸੰਦ ਆਏ ਅਤੇ ਚਾਰੇ ਗੀਤ ਰੀਕਾਰਡ ਹੋ ਗਏ। ਇਨ੍ਹਾਂ ਗੀਤਾਂ ਦੀ ਰਿਕਾਰਡਿੰਗ ਅਤੇ ਮਿਲੀ ਰਾਇਲਟੀ ਨੇ ਹਰਦੇਵ ਦਿਲਗੀਰ ਨੂੰ ਗੀਤ ਲਿਖਣ ਲਈ ਉਤਸ਼ਾਹਤ ਕੀਤਾ। ਉਸ ਦਿਨ ਤੋਂ ਬਾਅਦ ਹਰਦੇਵ ਦਿਲਗੀਰ ਦੀ ਗੁੱਡੀ ਚੜ੍ਹ ਗਈ ਅਤੇ ਉਹ ਚੋਣਵੇਂ ਗੀਤਕਾਰਾਂ ਵਿਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਗੁਰਦੇਵ ਸਿੰਘ ਮਾਨ ਨੂੰ ਆਪਣਾ ਗੁਰੂ ਧਾਰ ਲਿਆ। ਗੀਤਾਂ ਅਤੇ ਕਵਿਤਾਵਾਂ ਦਾ ਸ਼ੌਕ ਇਤਨਾ ਸੀ ਕਿ ਇੱਕ ਵਾਰ ਜਦੋਂ ਉਹ ਜਗਰਾਓਂ ਜੇ.ਬੀ.ਟੀ.ਕਰ ਰਿਹਾ ਸੀ ਤਾਂ ਆਪਣੇ ਪਿੰਡ ਉਸਦਾ ਖਾੜਾ ਸੁਣਨ ਲਈ ਘਰਦਿਆਂ ਤੋਂ ਚੋਰੀ ਆ ਗਿਆ ਅਤੇ ਆਪਣੇ ਘਰ ਨਹੀਂ ਗਿਆ, ਖਾੜੇ ਤੋਂ ਹੀ ਜਗਰਾਓਂ ਵਾਪਸ ਚਲਾ ਗਿਆ। ਉਨ੍ਹਾਂ ਦੀ ਦਾਦੀ ਚਾਹੁੰਦੇ ਸਨ ਕਿ ਉਹ ਸਰਕਾਰੀ ਨੌਕਰੀ ਕਰਨ, ਇਸ ਤੋਂ ਬਾਅਦ ਉਨ੍ਹਾਂ ਦੇ ਪੀ.ਟੀ.ਆਈ. ਅਧਿਆਪਕ ਗੁਰਦਿਆਲ ਸਿੰਘ ਨੇ ਉਨ੍ਹਾਂ ਦਾ ਕੁਲਦੀਪ ਮਾਣਕ ਨਾਲ ਮੇਲ ਕਰਵਾਇਆ। ਕੁਲਦੀਪ ਮਾਣਕ ਨਾਲ ਉਨ੍ਹਾਂ ਦੀ ਅਜਿਹੀ ਯਾਰੀ ਪਈ ਜਿਹੜੀ ਤਾਅ ਉਮਰ ਨਿੱਭਦੀ ਰਹੀ। ਯਾਰੀ ਨਿਭਾਉਣੀ ਸਿਖਣੀ ਹੋਵੇ ਤਾਂ ਹਰਦੇਵ ਦਿਲਗੀਰ ਤੋਂ ਵਧੀਆ ਇਨਸਾਨ ਕੋਈ ਹੋ ਨਹੀਂ ਸਕਦਾ ਸੀ।
ਜਿਸ ਵੀ ਵਿਅਕਤੀ ਨੂੰ ਇਕ ਵਾਰ ਮਿਲ ਲਏ ਹਮੇਸ਼ਾ ਉਸਦੇ ਬਣਕੇ ਰਹਿ ਜਾਂਦੇ ਸਨ। ਕੁਲਦੀਪ ਮਾਣਕ ਨਾਲ ਉਨ੍ਹਾਂ ਇਕੱਠਿਆਂ ਸਾਂਝੀ ਖੇਤੀਬਾੜੀ ਵੀ ਕੀਤੀ। ਮਾਣਕ 18 ਸਾਲ ਥਰੀਕੇ ਪਿੰਡ ਵਿੱਚ ਹਰਦੇਵ ਦਿਲਗੀਰ ਦੇ ਗਵਾਂਢ ਵਿਚ ਰਿਹਾ। ਉਨ੍ਹਾਂ ਦਾ ਇੱਕ ਗੀਤ ‘ ਟਿੱਲੇ ਵਾਲਿਆ ਮਿਲਾਦੇ ਹੀਰ ਜੱਟੀ ਨੂੰ ਤੇਰਾ ਕਿਹੜਾ ਮੁੱਲ ਲਗਦਾ’ ਤਿੰਨ ਕਲਾਕਾਰਾਂ ਕਰਮਜੀਤ ਧੂਰੀ, ਕੁਲਦੀਪ ਮਾਣਕ ਅਤੇ ਸੁਰਿੰਦਰ ਕੌਰ ਨੇ ਆਪੋ ਆਪਣੀ ਆਵਾਜ਼ ਵਿਚ ਗਾਇਆ। ਹਰਦੇਵ ਦਿਲਗੀਰ ਦੇ ਲਿਖੇ ਅਤੇ ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦੇ ਵੱਲੋਂ ਗਾਏ ਗੀਤਾਂ ਨੇ ਹਰਦੇਵ ਦਿਲਗੀਰ ਨੂੰ ਅਮਰ ਕਰ ਦਿੱਤਾ। ਹਰਦੇਵ ਦਿਲਗੀਰ ਵੱਲੋਂ ਜਿਊਣਾ ਮੌੜ ਦੇ ਲਿਖੇ ਅਤੇ ਸੁਰਿੰਦਰ ਛਿੰਦਾ ਵਲੋਂ ਗਾਏ ਗੀਤਾਂ ਦੀ ਉਨ੍ਹਾਂ ਦਿਨਾਂ ਵਿਚ ਡੇਢ ਲੱਖ ਰੁਪਏ ਦੀ ਰਾਇਲਿਟੀ ਮਿਲੀ ਸੀ। ਹਰਦੇਵ ਦਿਲਗੀਰ ਨੂੰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਦੇਸ ਵਿਦੇਸ ਵਿਚ ਸਨਮਾਨਤ ਕੀਤਾ ਗਿਆ ਹੈ। ਇੰਗਲੈਂਡ ਦੇ ਡਰਬੀ ਸ਼ਹਿਰ ਵਿਚ ਉਨ੍ਹਾਂ ਦੇ ਉਪਾਸ਼ਕਾਂ ਨੇ ਉਨ੍ਹਾਂ ਦੇ ਨਾਂ ਤੇ ਇੱਕ ‘ਦੇਵ ਥਰੀਕੇ ਐਪਰੀਸੀਏਸ਼ਨ ਸੋਸਾਇਟੀ’ ਵੀ ਬਣਾਈ ਹੋਈ ਹੈ, ਜੋ ਕਿ ਹਰ ਸਾਲ ਇੱਕ ਗਾਇਕਾ ਅਤੇ ਗੀਤਕਾਰ ਨੂੰ ਸਨਮਾਨਿਤ ਕਰਦੀ ਹੈ। ਉਹ ਸੋਸਾਇਟੀ ਹਰ ਮਹੀਨੇ 100 ਪੌਂਡ ਹਰਦੇਵ ਦਿਲਗੀਰ ਨੂੰ ਭੇਜਦੀ ਰਹੀ ਹੈ। ਉਨ੍ਹਾਂ ਉਨ੍ਹਾਂ ਨੂੰ ਇੱਕ ਕਾਰ ਬੀ.ਐਮ.ਡਬਲਿਊ ਭੇਂਟ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਦੇ ਮੁਖ ਮੰਤਰੀ ਸ੍ਰ.ਬੇਅੰਤ ਸਿੰਘ ਨੇ ਇੱਕ ਕਾਰ ਭੇਂਟ ਕੀਤੀ ਸੀ ਜੋ ਕਿ ਅਖੀਰੀ ਸਮੇਂ ਤੱਕ ਉਨ੍ਹਾਂ ਨੇ ਆਪਣੇ ਕੋਲ ਰੱਖੀ ਹੋਈ ਸੀ। ਸ਼ੁਰੂ ਵਿਚ ਦੇਵ ਥਰੀਕਿਆਂ ਵਾਲਾ ਨੇ ਰੋਮਾਂਟਿਕ ਗੀਤ ਲਿਖੇ ਪ੍ਰੰਤੂ ਉਸ ਤੋਂ ਬਾਅਦ ਉਨ੍ਹਾਂ ਦੇ ਬਹੁਤੇ ਹਰਮਨ ਪਿਆਰੇ ਹੋਏ ਗੀਤ ਸਮਾਜਿਕ, ਸਭਿਆਚਾਰਕ ਅਤੇ ਇਤਿਹਾਸਕ ਘਟਨਾਵਾਂ ਨਾਲ ਸੰਬੰਧਤ ਹਨ। ਹਰਦੇਵ ਦਿਲਗੀਰ ਰੇਡੀਓ ਅਤੇ ਟੀ.ਵੀ ਚੈਨਲਾਂ ਤੇ ਪ੍ਰੋਗਰਾਮ ਕਰਨ ਜਾਂਦਾ ਰਹਿੰਦਾ ਸੀ। ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ ਸਨ, ਜਿਨ੍ਹਾਂ ਵਿਚ ਈ.ਟੀ.ਸੀ. ਜੀ ਪੰਜਾਬੀ ਚੈਨਲ ਵੱਲੋਂ ਲਾਈਫ ਟਾਈਮ ਅਚੀਵਮੈਂਟ, ਪ੍ਰੋ.ਮੋਹਨ ਸਿੰਘ ਯਾਦਗਾਰੀ ਸਨਮਾਨ, ਅੰਤਰਰਾਸ਼ਟਰੀ ਸੰਗੀਤ ਸਮੇਲਨ ਦਿੱਲੀ-1992 ਅਤੇ ਅਮਰ ਸਿੰਘ ਸ਼ੌਕੀ ਢਾਡੀ ਸਨਮਾਨ ਮਾਹਲਪੁਰ ਵੀ ਸ਼ਾਮਲ ਹਨ। ਪੁਸਤਕਾਂ, ਅਖ਼ਬਾਰ ਅਤੇ ਰਸਾਲੇ ਪੜ੍ਹਨਾ ਅਤੇ ਗੀਤ ਲਿਖਣਾ ਉਨ੍ਹਾਂ ਦਾ ਸ਼ੌਕ ਬਰਕਰਾਰ ਰਿਹਾ ਹੈ। ਉਹ 1997 ਵਿਚ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਆਪਣੇ ਪਿੰਡ ਥਰੀਕੇ ਹੀ ਰਹਿੰਦੇ ਹਨ। ਉਨ੍ਹਾਂ ਦੇ ਸਵਰਗਵਾਸ ਹੋਣ ਨਾਲ ਗੀਤਕਾਰੀ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.