ਡਾ. ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ ਦਸਤਾਵੇਜ਼
ਡਾ. ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪਰ ਸਮਾਜ’ ਇਕ ਇਤਿਹਾਸਕ ਦਸਤਾਵੇਜ਼ ਹੈ। ਬਹਾਵਲਪੁਰ ਸਮਾਜ ਦੇ ਕੁਝ ਲੋਕ ਪੜ੍ਹੇ ਲਿਖੇ ਵਿਦਵਾਨ, ਸਿਆਸਤਦਾਨ, ਕਾਰੋਬਾਰੀ ਅਤੇ ਉਦਯੋਗਪਤੀ ਹਨ ਪ੍ਰੰਤੂ ਉਹ ਆਪਣੀ ਬਰਾਦਰੀ ਨਾਲੋਂ ਇਕ ਕਿਸਮ ਨਾਲ ਦੂਰ ਹੋ ਚੁੱਕੇ ਹਨ ਕਿਉਂਕਿ ਉਹ ਆਪਣੇ ਆਪਨੂੰ ਵੱਡੇ ਇਨਸਾਨ ਸਮਝਣ ਲੱਗ ਪਏ ਹਨ। ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਵਿਦਵਾਨ ਅਜੇ ਵੀ ਆਪਣੀ ਬਰਾਦਰੀ ਨਾਲ ਬਾਵਾਸਤਾ ਹਨ। ਉਹ ਹਰ ਵਕਤ ਆਪਣੀ ਬਰਾਦਰੀ ਦੀ ਬਿਹਤਰੀ ਅਤੇ ਇਕਮੁੱਠਤਾ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਵਿੱਚੋਂ ਡਾ. ਮਦਨ ਲਾਲ ਹਸੀਜਾ ਸਾਬਕਾ ਡਾਇਰੈਕਟਰ ਭਾਸ਼ਾਵਾਂ ਵਿਭਾਗ ਪੰਜਾਬ ਅਤੇ ਭਾਰਤੀਯ ਬਹਾਵਲਪੁਰ ਮਹਾਂਸੰਘ ਦੇ ਮੁੱਖੀ ਇਕ ਵਿਦਵਾਨ ਹਨ, ਜਿਹੜੇ ਹਰ ਵਕਤ ਬਰਾਦਰੀ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ। ਇਹ ਪੁਸਤਕ ਉਨ੍ਹਾਂ ਹਿੰਦੀ ਵਿੱਚ ਲਿਖੀ ਹੈ। ਬਹਾਵਲਪੁਰ ਸਮਾਜ ਦੀ ਆਪਣੀ ਸਰਾਇਕੀ ਭਾਸ਼ਾ ਹੈ ਪ੍ਰੰਤੂ ਕਿਸੇ ਵੀ ਵਿਦਵਾਨ ਨੇ ਆਪਣੀ ਵਿਰਾਸਤ ‘ਤੇ ਪਹਿਰਾ ਦੇਣ ਲਈ ਕੋਈ ਕਦਮ ਨਹੀਂ ਚੁੱਕਿਆ। ਬਹਾਵਲਪੁਰ ਸਮਾਜ ਮਿਹਨਤੀ, ਸਿਰੜ੍ਹੀ ਅਤੇ ਇਮਾਨਦਾਰ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ।
ਆਪਣੇ ਪਰਿਵਾਰਾਂ ਦੀ ਪਾਲਣ ਪੋਸ਼ਣ ਲਈ ਉਹ ਹਰ ਕਿਸਮ ਦਾ ਕਾਰੋਬਾਰ ਕਰਨ ਨੂੰ ਤਰਜੀਹ ਦਿੰਦੇ ਹਨ। ਭਾਵ ਉਹ ਜ਼ਮੀਨ ਨਾਲ ਜੁੜੇ ਹੋਏ ਬਹੁਤ ਹੀ ਮਿਹਨਤ ਕਰਨ ਵਾਲੇ ਕਿਰਤੀ ਕਿਸਮ ਦੇ ਲੋਕ ਹਨ। ਇਹ ਪੁਸਤਕ ਬਹਾਵਲਪੁਰ ਸਮਾਜ ਦੇ ਅਲੋਪ ਹੋ ਰਹੇ ਰੀਤੀ ਰਿਵਾਜ, ਸੰਸਕਾਰ, ਤਿਥ ਤਿਓਹਾਰ ਅਤੇ ਸਭਿਅਚਾਰ ਨੂੰ ਸਾਂਭ ਕੇ ਰੱਖਣ ਅਤੇ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ। ਇਹ ਪੁਸਤਕ ਆਉਣ ਵਾਲੀ ਬਹਾਵਲਪੁਰ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੁੜੇ ਰਹਿਣ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਕਿਉਂਕਿ ਅੱਜ ਕਲ੍ਹ ਦੀ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਤੋਂ ਦੂਰ ਹੁੰਦੀ ਜਾ ਰਹੀ ਹੈ। ਆਪਣੀ ਭਾਸ਼ਾ ਰੋਜ਼ ਮਰਰ੍ਹਾ ਦੀ ਜ਼ਿੰਦਗੀ ਵਿਚ ਵਰਤਣਾ ਵੀ ਚੰਗਾ ਨਹੀਂ ਸਮਝਦੇ, ਜਦੋਂ ਕਿ ਇਨਸਾਨ ਹਰ ਗੱਲ ਪਹਿਲਾਂ ਸੋਚਦਾ ਆਪਣੀ ਮਾਤ ਭਾਸ਼ਾ ਵਿੱਚ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ‘ਤੇ ਫ਼ਖ਼ਰ ਕਰਨਾ ਬਣਦਾ ਹੈ। ਬਹਾਵਲਪੁਰ ਸਮਾਜ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਦੇਸ਼ ਦੀ ਵੰਡ ਸਮੇਂ ਭਾਰਤ ਵਿੱਚ ਆ ਕੇ ਵਸ ਗਿਆ ਸੀ। ਉਹ ਪਾਕਿਸਤਾਨ ਵਿੱਚੋਂ ਆਪਣੇ ਕਾਰੋਬਾਰ ਛੱਡਕੇ ਖਾਲੀ ਹੱਥ ਭਾਰਤ ਵਿੱਚ ਆਏ ਸਨ। ਉਨ੍ਹਾਂ ਸਖ਼ਤ ਮਿਹਨਤ ਕੀਤੀ ਜਿਹੜੀ ਰੰਗ ਲਿਆਈ। ਇਸ ਸਮੇਂ ਇਸ ਸਮਾਜ ਦੇ ਲੋਕ ਸਿਆਸਤ ਅਤੇ ਹੋਰ ਹਰ ਖੇਤਰ ਵਿੱਚ ਉਚੇ ਰੁਤਬਿਆਂ ਤੇ ਸ਼ਸ਼ੋਭਤ ਹਨ। ਇਹ ਬਿਰਾਦਰੀ ਕਾਫ਼ੀ ਲੰਮੇ ਸਮੇਂ ਤੋਂ ਸੰਗਠਤ ਹੋਣ ਲਈ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਸੀ। ਮਰਹੂਮ ਰਾਜ ਖੁਰਾਨਾ ਜੋ ਪੰਜਾਬ ਵਿੱਚ ਰਾਜਪੁਰਾ (ਪਟਿਆਲਾ) ਤੋਂ ਵਿਧਾਇਕ ਅਤੇ ਪੰਜਾਬ ਦੇ ਮੰਤਰੀ ਰਹੇ ਹਨ, ਉਨ੍ਹਾਂ ਨੇ ਆਪਣੀ ਬਿਰਾਦਰੀ ਨੂੰ ਇਕ ਪਲੇਟਫਾਰਮ ‘ਤੇ ਸੰਗਠਤ ਕਰਨ ਦੀ 1993 ਵਿੱਚ ਪਹਿਲ ਕੀਤੀ ਸੀ। ਉਨ੍ਹਾਂ ਹਰਿਦੁਆਰ ਵਿਖੇ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੀ ਪ੍ਰਧਾਨਗੀ ਵਿੱਚ ਭਾਰਤ ਵਿੱਚ ਵਸਦੇ ਬਹਾਵਲਪੁਰ ਸਮਾਜ ਦਾ ਇਕ ਸਮਾਗਮ ਆਯੋਜਤ ਕੀਤਾ ਸੀ। ਉਸ ਸਮਾਗਮ ਦੀ ਸਫਲਤਾ ਤੋਂ ਬਾਅਦ ਬਿਰਾਦਰੀ ਇਸ ਪਾਸੇ ਜੁੱਟੀ ਰਹੀ, ਜਿਸਦਾ ਉਨ੍ਹਾਂ ਦੀ ਕੋਸ਼ਿਸ਼ ਨੂੰ 2005 ਵਿੱਚ ਬੂਰ ਪਿਆ ਅਤੇ ਫਿਰ ‘‘ ਭਾਰਤੀਯ ਬਹਾਵਲਪੁਰ ਮਹਾਂਸੰਘ (ਰਜਿ) ਦੀ ਸਥਾਪਨਾ ਹੋਈ। ਇਹ ਮਹਾਂਸੰਘ ਬਾਖ਼ੂਬੀ ਬਿਰਾਦਰੀ ਦੇ ਹਿੱਤਾਂ ‘ਤੇ ਪਹਿਰਾ ਦੇਣ ਵਿੱਚ ਜੁਟਿਆ ਹੋਇਆ ਹੈ। ਇਹ ਪੁਸਤਕ ਵੀ ਇਸ ਮਹਾਂ ਸੰਘ ਦੇ ਰਾਸ਼ਟਰੀ ਮੁੱਖੀ ਡਾ ਮਦਨ ਲਾਲ ਹਸੀਜਾ ਨੇ ਹੀ ਲਿਖੀ ਅਤੇ ‘ ਭਾਰਤੀਯ ਬਹਾਵਲਪੁਰ ਮਹਾਂਸੰਘ ’ ਨੇ ਪ੍ਰਕਾਸ਼ਤ ਕਰਵਾਈ ਹੈ।
ਲੇਖਕ ਨੇ ਬਹਾਵਲਪੁਰ ਸਮਾਜ ਦੀ ਬਿਹਤਰੀ ਲਈ ਮਹੱਤਵਪੂਰਨ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਬਾਰੇ ਬਹਾਵਲਪੁਰ ਸਮਾਜ ਨੂੰ ਅਮਲ ਕਰਨ ਲਈ ਜਦੋਜਹਿਦ ਕਰਨੀ ਬਣਦੀ ਹੈ। ਨੌਜਵਾਨ ਪੀੜ੍ਹੀ ਨੂੰ ਬਹਾਵਲਪੁਰ ਸਮਾਜ ਦੀ ਵਿਰਾਸਤ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਜਿਹੜੇ ਮੁੱਦੇ ਉਠਾਏ ਹਨ, ਉਨ੍ਹਾਂ ਵਿੱਚ ਘਟ ਗਿਣਤੀ ਕੌਮ ਦਾ ਦਰਜਾ ਕਿਵੇਂ ਪ੍ਰਾਪਤ ਕੀਤਾ ਜਾਵੇ, ਸਮਾਜ ਦੀਆਂ ਉਪ ਜਾਤੀਆਂ, ਸਮਾਜ ਦੇ ਤਿਓਹਾਰਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਮਨਾਉਣ ਦੇ ਢੰਗ ਤਰੀਕੇ, ਸਾਲਾਨਾ ਤਿਓਹਾਰ, ਰੀਤੀ ਰਿਵਾਜ਼, ਬੱਚਿਆਂ ਦਾ ਨਾਮਕਰਨ, ਵਿਆਹ ਸ਼ਾਦੀਆਂ ਦੀਆਂ ਰਸਮਾ, ਬਹਾਵਲਪੁਰ ਰਿਆਸਤਾਂ, ਨਵਾਬਾਂ ਦੇ ਸ਼ਾਹੀ ਠਾਠ, ਲਿਪੀਆਂ, ਉਪ ਜਾਤੀਆਂ, ਗੋਤਾਂ, ਪਹਿਰਾਵਾ ਅਤੇ ਬਹਾਵਲਪੁਰ ਸਮਾਜ ਦੀਆਂ ਵਿਸ਼ੇਸ਼ਤਾਈਆਂ ਆਦਿ ਹਨ। ਉਨ੍ਹਾਂ ਬਹਾਵਲਪੁਰ ਸਮਾਜ ਦੇ ਪ੍ਰਸਿਧ ਦੋ ਗਾਇਕਾਂ ਕੁੰਵਰ ਭਗਤ ਅਤੇ ਜੀਯਾ ਭਗਤ ਬਾਰੇ ਵੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦੀ ਬਰਾਦਰੀ ਵਿੱਚ ਬਹੁਤ ਮਣਤਾ ਰਹੀ ਹੈ। ਕਈ ਰਸਮੋ ਰਿਵਾਜ਼ ਜਿਨ੍ਹਾਂ ਦਾ ਧਾਰਮਿਕ ਅਤੇ ਸਮਾਜਿਕ ਬੁਰਾ ਅਸਰ ਪੈਂਦਾ ਹੈ, ਉਨ੍ਹਾਂ ਬਾਰੇ ਭਾਰਤੀਯ ਬਹਾਵਲਪੁਰ ਮਹਾਂਸੰਘ ਵੱਲੋਂ ਕੀਤੇ ਫ਼ੈਸਲਿਆਂ ਬਾਰੇ ਵੀ ਦੱਸਿਆ ਗਿਆ ਹੈ। ਬਹਾਵਲਪੁਰ ਸਮਾਜ ਮੌਤ ਤੋਂ ਬਾਅਦ ਬਰਾਦਰੀ ਨੂੰ ਖਾਣਾ ਦਿੰਦਾ ਸੀ ਪ੍ਰੰਤੂ ਭਾਰਤੀਯ ਬਹਾਵਲਪੁਰ ਮਹਾਂਸੰਘ ਨੇ ਸਿਰਫ ਦੂਰੋਂ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਹੀ ਖਾਣਾ ਖਿਲਾਉਣ ਦੀ ਤਜ਼ਵੀਜ ਬਾਰੇ ਦੱਸਿਆ ਹੈ। ਸ਼ਾਸ਼ਤਰਾਂ ਦੇ ਅਨੁਸਾਰ ਮੌਤ ‘ਤੇ ਖਾਣਾ ਉਚਿਤ ਨਹੀਂ। ਹਿੰਦੂ ਧਰਮ ਵਿੱਚ 16 ਸੰਸਕਾਰ ਬਣਾਏ ਗਏ ਹਨ, ਮੌਤ ਤੋਂ ਬਾਅਦ ਪ੍ਰੋਸਿਆ ਜਾਣ ਵਾਲਾ ਖਾਣਾ ਖਾਣ ਨਾਲ ਊਰਜਾ ਨਸ਼ਟ ਹੋ ਜਾਂਦੀ ਹੈ। ਸ਼ਾਸ਼ਤਰਾਂ ਵਿੱਚ ਇਸ ਭੋਜਨ ਦਾ ਜ਼ਿਕਰ ਤੱਕ ਨਹੀਂ। ਇਸੇ ਤਰ੍ਹਾਂ ਖੀਰ ਨੂੰ ਜੇਕਰ ਮਿੱਟੀ ਦੇ ਭਾਂਡੇ ਵਿੱਚ ਰੱਖਕੇ ਉਸ ਵਿੱਚ ਰਾਤ ਨੂੰ ਚਾਂਦੀ ਦਾ ਚਮਚ ਰੱਖ ਕੇ ਖਾਧੀ ਜਾਵੇ ਤਾਂ ਮਲੇਰੀਆ ਨਹੀਂ ਹੁੰਦਾ, ਸਮਾਜ ਦੀ ਪਰੰਪਰਾ ਬਾਰੇ ਦੱਸਿਆ ਗਿਆ ਹੈ, ਜੋ ਬਹਾਵਲਪੁਰ ਸਮਾਜ ਵਿੱਚ ਪ੍ਰਚਲਤ ਸਨ। ਮਸੂਰ ਦੀ ਦਾਲ ਹਿੰਦੂਆਂ ਲਈ ਵਰਜਿਤ ਸੀ। ਚਾਹ ਇਸ ਸਮਾਜ ਵਿੱਚ ਪੀਤੀ ਨਹੀਂ ਜਾਂਦੀ ਸੀ। ਹਰ ਬਹਾਵਲਪੁਰ ਸਮਾਜ ਦੇ ਘਰ ਇਕ ਗਾਂ ਅਤੇ ਘੋੜੀ ਹੋਣਾ ਜ਼ਰੂਰੀ ਮੰਨਿਆਂ ਜਾਂਦਾ ਸੀ। ਨੌਕਰੀ ਕਰਨ ਵਾਲੇ ਮਰਦ ਸਫ਼ੈਦ ਸਲਵਾਰ ਕਮੀਜ਼ ਪਹਿਨਦੇ ਸਨ ਅਤੇ ਪਗੜੀ ਵਿੱਚ ਕੁਲਹਾ ਰੱਖਦੇ ਸੀ। ਕਾਰੋਬਾਰੀ ਲੋਕ ਧੋਤੀ ਅਤੇ ਸਫ਼ੈਦ ਕਮੀਜ਼ ਪਹਿਨਦੇ ਸੀ। ਇਸਤਰੀਆਂ ਘਰਾਂ ਵਿੱਚ ਘਗਰੇ ਅਤੇ ਕਮੀਜ਼ ਪਹਿਨਦੀਆਂ ਸਨ। ਬਜ਼ੁਰਗ ਕੰਨਾ ਵਿੱਚ ਮੁਰਕੀਆਂ ਪਾਉਂਦੇ ਸਨ। ਕਪੜੇ ਘਰਾਂ ਵਿੱਚ ਹੀ ਸੂਤ ਦੇ ਬੁਣੇ ਦੇ ਸਿਲਾਏ ਜਾਂਦੇ ਸਨ। ਉਨ੍ਹਾਂ ਕੱਪੜਿਆਂ ਦਾ ਬਣਿਆ ਹੀ ਪਹਿਰਾਵਾ ਪਹਿਨਦੇ ਸਨ। ਆਵਾਜਾਈ ਲਈ ਜਿਥੇ ਰੇਲ ਗੱਡੀ ਨਹੀਂ ਜਾਂਦੀ ਸੀ ਉਥੇ ਘੋੜੇ ਅਤੇ ਊਂਟ ਵਰਤੇ ਜਾਂਦੇ ਸਨ। ਵਿਆਹ ਤੋਂ ਬਾਅਦ ਬਹੂ ਨੂੰ ਉਂਟ ਤੇ ਲਿਜਾਇਆ ਜਾਂਦਾ ਸੀ। ਇਸਤਰੀਆਂ ਸਵਾਦੀ ਖਾਣਾ ਬਣਾਉਣ ਦੀਆਂ ਮਾਹਿਰ ਹੁੰਦੀਆਂ ਸਨ। ਖਾਸ ਕਰਕੇ ਬੜੀਆਂ ਅਤੇ ਪਾਪੜ ਬਣਾਉਣ ਵਿੱਚ ਮੁਹਾਰਤ ਸੀ। ਸਿਲਾਈ ਕਢਾਈ ਵਿੱਚ ਸਮਾਜ ਦੀਆਂ ਇਸਤਰੀਆਂ ਦਾ ਕੋਈ ਮੁਕਾਬਲਾ ਨਹੀਂ। ਬਹਾਵਲਪੁਰ ਰਿਆਸਤਾਂ ਕੁਸ਼ਤੀਆਂ, ਘੋੜਿਆਂ ਦੀ ਦੌੜ ਅਤੇ ਮੁਰਗਿਆਂ ਦੀ ਲੜਾਈ ਕਰਵਾਉਣ ਵਿੱਚ ਮਸ਼ਹੂਰ ਸਨ। ਬਹਾਵਲਪੁਰ ਰਿਆਸਤਾਂ ਦੇ ਯਾਦਗਾਰੀ ਸਥਾਨ ਨੂਰ ਮਹਿਲ ਅਤੇ ਗੁਲਜ਼ਾਰ ਮਹਿਲ, ਲਾਲ ਸੋਹਨਾਰਾ ਪਾਰਕ, ਉਚ ਸ਼ਰੀਫ਼, ਪੰਚਨਦ ਹੈਡ ਅਤੇ ਡੇਰਾ ਨਵਾਬ ਸਾਹਿਬ ਆਦਿ ਹਨ। ਇਸ ਤੋਂ ਇਲਾਵਾ ਦੋ ਕਿਲੇ ਮੁੰਡੇ ਸ਼ਹੀਦ ਅਤੇ ਮੇਰੋਟ ਹਨ। ਭੋਂਗ ਮਸਜਿਦ, ਪਟਨ ਮੀਨਾਰ, ਭੂਤਾ ਵਾਹਨ, ਕੇਂਦਰੀ ਲਾਇਬਰੇਰੀ, ਬਹਾਵਲਪੁਰ ਅਜਾਇਬ ਘਰ, ਬਹਾਵਲਪੁਰ ਚਿੜੀਆ ਘਰ, ਡਰਿੰਗ ਸਟੇਡੀਅਮ, ਮਲੂਕ ਸ਼ਾਹ ਦਾ ਮਕਬਰਾ ਅਤੇ ਜਾਮਾ ਮਸਜਿਦ ਅਲ ਸਾਦਿਕ ਵਰਨਣਯੋਗ ਹਨ। ਇਹ ਸਾਰੇ ਇਤਿਹਾਸਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਹਨ। ਬਹਾਵਲਪੁਰ ਸਮਾਜ ਦੀ ਬੋਲੀ ਸਿਰਾਇਕੀ ਹੈ ਅਤੇ ਉਨ੍ਹਾਂ ਦੇ ਗੁਰੂ ਸਾਂਈਂ ਝੂਲੇ ਲਾਲ ਬਾਰੇ ਵੀ ਜਾਣਕਾਰੀ ਦਿੱਤੀ ਹੈ। ਸਮਾਜ ਦੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਮਦਨ ਲਾਲ ਹਸੀਜਾ ਨੇ ਇਕ ਹੋਰ ਵਧੀਆ ਉਦਮ ਕੀਤਾ ਹੈ, ਉਨ੍ਹਾ ਭਾਰਤੀਯ ਬਹਾਵਲਪੁਰ ਮਹਾਂਸੰਘ ਦੇ 15 ਸਾਲ ਪੂਰੇ ਹੋਣ ‘ਤੇ ਇਕ ਵਡ ਅਕਾਰੀ ਰੰਗਦਾਰ ਸੋਵੀਨਾਰ ਵੀ ਪ੍ਰਕਾਸ਼ਤ ਕੀਤਾ ਹੈ, ਜਿਸ ਵਿੱਚ ਬਹਾਵਲਪੁਰ ਸਮਾਜ ਦੇ ਬਿਹਤਰੀਨ ਯੋਗਦਾਨ ਬਾਰੇ ਵਿਸਤਾਰ ਨਾਲ ਲਿਖਿਆ ਗਿਆ ਹੈ। ਇਹ ਪੁਸਤਕ ਬਹਾਵਲਪੁਰ ਸਮਾਜ ਦੇ ਇਤਿਹਾਸ ਦਾ ਹਿੱਸਾ ਬਣ ਜਾਵੇਗੀ ਕਿਉਂਕਿ ਕਿਸੇ ਵੀ ਸਮਾਜ ਨੂੰ ਆਪਣੀ ਵਿਰਾਸਤ ‘ਤੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹਂ ਆਪਣੀ ਵਿਰਾਸਤ ‘ਤੇ ਫ਼ਖ਼ਰ ਕਰ ਸਕਣ। ਡਾ ਮਦਨ ਲਾਲ ਹਸੀਜਾ ਅਤੇ ਭਾਰਤੀਯ ਬਹਾਵਲਪੁਰ ਮਹਾਂਸੰਘ ਵਧਾਈ ਦੇ ਪਾਤਰ ਹਨ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.