ਪੰਜਾਬ ਚੋਣ ਦੰਗਲ 2022 : ਐਤਕੀਂ ਜਾਂ ਫਿਰ ਰਾਜਨੀਤਿਕ ਲੁਟੇਰੇ ਬਦਲੇ ਜਾਣਗੇ ਜਾਂ ਪੰਜਾਬੀ ਇਕ ਵਾਰ ਫਿਰ ਲੁੱਟੇ ਜਾਣਗੇ ?
ਪੰਜਾਬੀਓ ਹੋ ਜਾਓ ਖ਼ਬਰਦਾਰ : ਇਕ ਮਹਾਂ ਝੂਠ ਬੋਲਣ ਦੀ ਤਿਆਰੀ ਵਿੱਚ ਹਨ ਰਾਜਨੀਤਕ ਪਾਰਟੀਆਂ
ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮ ਹੈ । 20 ਫਰਵਰੀ ਨੂੰ ਪੰਜਾਬ ਦੀ ਰਾਜਨੀਤਕ ਤਕਦੀਰ ਬਦਲਣ ਜਾ ਰਹੀ ਹੈ। ਇਸ ਤਕਦੀਰ ਦਾ ਫ਼ੈਸਲਾ ਪੰਜਾਬੀਆਂ ਨੇ ਖ਼ੁਦ ਕਰਨਾ ਹੈ । ਪੰਜਾਬ ਦੀ ਤਕਦੀਰ ਚੰਗੀ ਬਣੇਗੀ ਜਾਂ ਮਾੜੀ ਹੋਵੇਗੀ ਇਸ ਦਾ ਨਤੀਜਾ ਤਾਂ 10 ਮਾਰਚ ਨੂੰ ਆਵੇਗਾ। ਪਰ ਪੰਜਾਬ ਦੇ ਲੋਕ ਜਾਂ ਵੋਟਰ ਇਸ ਵਾਰ ਕੀ ਫ਼ੈਸਲਾ ਲੈਂਦੇ ਹਨ ਇਹ ਮਾਮਲਾ ਬਹੁਤ ਗੰਭੀਰ ਹੈ ?
ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦਾ ਰਾਜਨੀਤਕ ਇਤਿਹਾਸ ਹੀ ਇਕ ਗਵਾਹੀ ਦੇ ਰਿਹਾ ਹੈ ਕਿ
ਸਰਕਾਰਾਂ ਬਣਦੀਆਂ ਹਨ, ਸਰਕਾਰਾਂ ਚਲੇ ਜਾਂਦੀਆਂ ਹਨ ਪੰਜਾਬ ਦੇ ਲੋਕਾਂ ਨੂੰ ਸਿਵਾਏ ਲਾਰਿਆਂ ਦੇ ਵਿਕਾਸ ਤੋਂ ਕੁਝ ਵੀ ਨਹੀਂ ਮਿਲਿਆ ਹੈ। ਇਨ੍ਹਾਂ ਤਿੰਨ ਦਹਾਕਿਆਂ ਵਿੱਚ ਸਿਰਫ਼ 2 ਪਰਿਵਾਰਾਂ ਨੇ ਹੀ ਪੰਜਾਬ ਦੀ ਸਿਆਸਤ ਵਿੱਚ ਵੱਧ ਸਮਾਂ ਰਾਜ ਕੀਤਾ ਹੈ, ਉਹ ਹਨ ਬਾਦਲ ਪਰਿਵਾਰ ਅਤੇ ਕੈਪਟਨ ਦਾ ਖਾਨਦਾਨ ਜਾਂ ਅਕਾਲੀ ਅਤੇ ਕਾਂਗਰਸ ਪਾਰਟੀਆਂ । ਇਨ੍ਹਾਂ ਰਵਾਇਤੀ ਪਾਰਟੀਆਂ ਦਾ ਇੱਕੋ ਫੰਡਾ ਰਿਹਾ ਹੈ ਕਿ ਆਪਣੇ ਸ਼ਾਸਨ ਕਾਲ ਦੇ ਸਿਰਫ਼ ਆਖ਼ਰੀ ਪੰਜ ਛੇ ਮਹੀਨਿਆਂ ਵਿੱਚ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਕੀਤੀਆਂ ਹਨ , ਥੋੜ੍ਹੀਆਂ ਬਹੁਤੀਆਂ ਗਲੀਆਂ ਨਾਲੀਆਂ, ਟੁੱਟੀਆਂ ਸੜਕਾਂ ,ਸਮਸ਼ਾਨ ਘਾਟਾਂ ਦੀਆਂ ਕੰਧਾਂ ਬਣਦੀਆਂ ਹਨ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਫਰੀ ਦੇ ਲਾਲਚ ਮਿਲਦੇ ਹਨ, ਵੋਟਾਂ ਵਾਲੇ ਦਿਨਾਂ ਵਿੱਚ ਰੱਜ ਕੇ ਸ਼ਰਾਬ, ਫੀਮ ਭੁੱਕੀ,ਚਿੱਟਾ ਸਮੈਕ ਹਰ ਤਰ੍ਹਾਂ ਦਾ ਨਸ਼ਾ ਲੋਕਾਂ ਨੂੰ ਵੰਡਿਆ ਜਾਂਦਾ ਹੈ ।ਪੰਜਾਬੀਆਂ ਦੀ ਅਣਖ, ਗੈਰਤ, ਜ਼ਮੀਰ ,ਨਸ਼ਿਆਂ ਵਿੱਚ ਰੋਲ ਕੇ ਰੱਖ ਦਿੱਤੀ ਹੈ , ਇਹ ਪੰਜਾਬ ਦਾ ਵਿਕਾਸ ਹੋਇਆ ਹੈ ।
1980 ਤੂੰ ਪਹਿਲਾਂ ਪੰਜਾਬ ਸਿਰ ਕੋਈ ਕਰਜ਼ਾ ਨਹੀਂ ਸੀ ਅੱਜ ਪੰਜਾਬ 3 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਹੈ ਪੰਜਾਬ ਵਿੱਚ ਹਰ ਜੰਮਦੇ ਬੱਚੇ ਸਿਰ ਇੱਕ ਲੱਖ ਦਾ ਕਰਜ਼ਾ ਖੜ੍ਹਾ ਹੋ ਜਾਂਦਾ ਹੈ । ਸਾਡੇ ਧਾਰਮਿਕ ਗ੍ਰੰਥਾਂ ਅਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦੇ ਸਕੀਆਂ ਇਹ ਸਾਡੀਆਂ ਸਮੇਂ ਦੀਆਂ ਸਰਕਾਰਾਂ ਅਤੇ ਦੋਵੇਂ ਰਵਾਇਤੀ ਪਾਰਟੀਆਂ ਅਕਾਲੀ ਅਤੇ ਕਾਗਰਸ ਪਾਰਟੀ । ਪੰਜਾਬ ਦਾ ਕਿਸਾਨ ਆਤਮਾ ਹੱਤਿਆ ਕਰਨ ਵਾਲੇ ਚੁਰਾਹੇ ਦੇ ਵਿੱਚ ਮਰਨ ਲਈ ਮਜਬੂਰ ਹੈ । ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਦੇ ਵਾਰਸ ਬਣਨਾ ਸੀ ਉਹ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਮਜਬੂਰੀ ਵੱਸ ਜਾ ਰਹੇ ਹਨ । ਗੱਲ ਕੀ, ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ , ਪੰਜਾਬ ਦੀਆਂ ਫਸਲਾਂ, ਪੰਜਾਬ ਦੀਆਂ ਨਸਲਾਂ, ਪੰਜਾਬ ਦੇ ਵਪਾਰੀ, ਪੰਜਾਬ ਦੇ ਖਿਡਾਰੀ, ਪੰਜਾਬ ਦੇ ਮੁਲਾਜ਼ਮ ਕੋਈ ਹੋਰ ਵੀ ਅਜਿਹਾ ਵਰਗ ਨਹੀਂ ਬਚਿਆ ਜੋ ਖੁਸ਼ਹਾਲ ਪੰਜਾਬ ਦੀ ਉਦਾਹਰਨ ਦੇ ਸਕੇ, ਸਭ ਨੂੰ ਆਪਣੀ ਤਬਾਹੀ ਹੀ ਅੱਗੇ ਦਿਸਦੀ ਹੈ । ਸਿੱਖਿਆ, ਖੇਡ ਸਭਿਆਚਾਰ ਅਤੇ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ । ਇਸੇ ਕਰਕੇ ਸਿਆਣੇ ਅਤੇ ਪੜ੍ਹੇ ਲਿਖੇ ਲੋਕ ਪੰਜਾਬ ਦੀ ਸਿਆਸਤ ਤੋਂ ਦੂਰ ਚਲੇ ਗਏ ਹਨ । ਪੰਜਾਬ ਦੇ ਨੇਤਾ ਲੋਕ ਇੱਕੋ ਰਟ ਲਾਉਂਦੇ ਹਨ ਕਿ "ਇਕ ਮੌਕਾ ਦਿਓ ,ਪੰਜਾਬ ਦੀ ਤਕਦੀਰ ਬਦਲ ਦਿਆਂਗੇ " ਜੇ ਨਾ ਮਿਲੀ ਟਿਕਟ ਤਾਂ ਫਿਰ ਪਾਰਟੀ ਬਦਲ ਦਿਆਂਗੇ। ਇੰਨੀ ਕੁ ਜ਼ਮੀਰ ਦੇ ਮਾਲਕ ਹਨ ਇਹ ਪੰਜਾਬ ਦੇ ਰਾਜਨੀਤਕ ਵਾਰਿਸ । ਪੰਜਾਬ ਦੀ ਮੰਦਹਾਲੀ ਵਾਲੀ ਇਹ ਤਸਵੀਰ ਬਣਾਉਣ ਲਈ ਕੌਣ ਜ਼ਿੰਮੇਵਾਰ ਹੈ ?
ਪੰਜਾਬੀਓ ਖ਼ਬਰਦਾਰ ਹੋ ਜਾਓ, ਇੱਕ ਵਾਰ ਫੇਰ ਇਹ ਰਾਜਨੀਤਕ ਲੁਟੇਰੇ ਤੁਹਾਡੀਆਂ ਬਰੂਹਾਂ ਤੇ ਤੁਹਾਨੂੰ ਵੱਡੇ ਵੱਡੇ ਲਾਲਚ ਦੇਕੇ ਤੁਹਾਡੇ ਅਰਮਾਨ, ਤੁਹਾਡਾ ਭਵਿੱਖ, ਤੁਹਾਡੇ ਜਜ਼ਬਾਤ ਲੁੱਟਣ ਆਉਣਗੇ ਪਰ ਇਸ ਵਾਰ ਜਾਂ ਤਾਂ ਇਹ ਲੁਟੇਰੇ ਬਦਲੇ ਜਾਣਗੇ ਜਦ ਤੁਸੀਂ ਇੱਕ ਵਾਰ ਫੇਰ ਲੁੱਟੇ ਜਾਵੋਂਗੇ ਇਹ ਫ਼ੈਸਲਾ ਤੁਹਾਡੀ ਜਿਊਂਦੀ ਜਾਗਦੀ ਜ਼ਮੀਰ ਕਰੋਗੀ ਕਿ ਤੁਸੀਂ ਪੰਜਾਬ ਪ੍ਰਤੀ ਕਿੰਨੇ ਕੁ ਵਫ਼ਾਦਾਰ ਹੋ, ਕਿਉਂਕਿ ਇਹ ਰਾਜਨੀਤਕ ਪਾਰਟੀਆਂ ਇਕ ਮਹਾਂ ਝੂਠ ਬੋਲਣ ਦੀ ਤਿਆਰੀ ਵਿਚ ਹਨ ਤੁਸੀਂ ਇੰਨਾ ਦੇ ਝੂਠ ਕਲਾਵੇ ਵਿਚ ਆਉਣਾ ਹੈ ਜਾਂ ਨਹੀਂ ਇਹ ਫ਼ੈਸਲਾ ਤੁਹਾਡੇ ਹੱਥ ਹੈ ? ਇਸ ਵਾਰ ਪੰਜਾਬ ਦੀਆਂ ਸਾਰੀਆਂ ਹੀ ਵਿਧਾਨ ਸਭਾ ਦੀਆਂ ਸੀਟਾਂ ਉੱਤੇ ਮੁਕਾਬਲਾ 4 ਜਾਂ 5 ਕੋਨਾ ਹੈ ਤੁਸੀਂ ਆਪਣਾ ਉਹ ਨੁਮਾਇੰਦਾ ਚੁਣਨਾ ਜਿਹੜਾ ਸਾਫ ਸੁਥਰੇ ਕਿਰਦਾਰ ਵਾਲਾ ਹੋਵੇ ਤੁਹਾਡੇ ਇਲਾਕੇ ਨੂੰ ਤੇ ਪੰਜਾਬ ਨੂੰ ਅੱਗੇ ਲਿਜਾਣ ਦੀ ਸਮਰੱਥਾ ਰੱਖਦਾ ਹੋਵੇ । ਪੰਜਾਬੀਓ, ਜੇ ਕਿਤੇ ਤੁਸੀਂ ਰਵਾਇਤੀ ਪਾਰਟੀਆਂ ਨੂੰ ਫੇਰ ਐਤਕੀਂ ਪੰਜਾਬ ਦੇ ਰਾਜਨੀਤਕ ਮਾਲਕ ਬਣਾ ਦਿੱਤਾ ਫਿਰ ਪੰਜਾਬ ਦੀ ਤਬਾਹੀ ਦਾ ਮੰਜ਼ਰ ਅਤੇ ਆਪਣੇ ਕਰਕੇ ਬੱਚਿਆਂ ਦੇ ਭਵਿੱਖ ਦੀ ਬਰਬਾਦੀ ਅਸੀਂ ਆਪਣੇ ਅੱਖੀਂ ਵੇਖ ਕੇ ਜਾਵਾਂਗੇ । " ਬਚਾ ਲਓ ਓਏ ਪੰਜਾਬੀਓ ,ਜੇ ਬਚਦਾ ਪੰਜਾਬ ਨੂੰ" ਆਖਰੀ ਫ਼ੈਸਲਾ ਪੰਜਾਬ ਦੇ ਵੋਟਰਾਂ ਹੱਥ, ਬਾਕੀ ਗੁਰੂ ਭਲੀ ਕਰੇਗਾ, ਪੰਜਾਬ ਦਾ ਰੱਬ ਰਾਖਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ।
ਸੁਖਬੀਰ ਸਿੰਘ ਬਾਦਲ
ਕੈਪਟਨ ਅਮਰਿੰਦਰ ਸਿੰਘ।
ਅਸ਼ਵਨੀ ਸ਼ਰਮਾ।
ਭਗਵੰਤ ਮਾਨ।
ਸੁਖਦੇਵ ਸਿੰਘ ਢੀਂਡਸਾ।
ਬਲਬੀਰ ਸਿੰਘ ਰਾਜੇਵਾਲ।
-
ਜਗਰੂਪ ਸਿੰਘ ਜਰਖੜ , ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.