ਅੱਜ ਦੇ ਯੁੱਗ ਵਿਚ ਨੌਜਵਾਨ ਨੂੰ ਤਕਨੀਕੀ ਸਿੱਖਿਆ / ਕਿੱਤਾਮੁਖੀ ਸਿੱਖਿਆ ਦੀ ਲੋੜ ਹੈ
ਅੱਜ ਸੰਸਾਰ ਪੱਧਰ 'ਤੇ ਕੰਪਿਊਟਰੀਕਰਨ ਦੇ ਜ਼ਰੀਏ ਹੀ ਗਿਆਨ-ਵਿਗਿਆਨ ਦਾ ਬੋਲਬਾਲਾ ਹੈ। ਤਕਨੀਕ ਦੀ ਇੰਨੀ ਮਹੱਤਤਾ ਵਧ ਗਈ ਹੈ ਕਿ ਇਸ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਥੋਂ ਤੱਕ ਕਿ ਇੱਕ ਪੜ੍ਹਿਆ-ਲਿਖਿਆ ਵਿਅਕਤੀ ਵੀ ਨਿਹੱਥਾ ਹੀ ਜਾਪਦਾ ਹੈ। ਸਿੱਟੇ ਵਜੋਂ ਬੇਰੁਜ਼ਗਾਰਾਂ ਦੀ ਕਤਾਰ ਦਿਨ-ਬ-ਦਿਨ ਲੰਮੀ ਹੁੰਦੀ ਜਾ ਰਹੀ ਹੈ। ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਤਕਨੀਕੀ ਸਿੱਖਿਆ ਗ੍ਰਹਿਣ ਕਰਨ ਲਈ ਵਿਦੇਸ਼ ਜਾ ਰਹੇ ਹਨ ਅਤੇ ਉੱਥੇ ਹੀ ਪੈਰ ਪੱਕੇ ਕਰ ਰਹੇ ਹਨ। ਨੌਜਵਾਨ ਪੀੜ੍ਹੀ ਦਾ ਧੜਾ-ਧੜ ਵਿਦੇਸ਼ ਜਾਣਾ ਦੇਸ਼ ਲਈ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਇਹੀ ਦੇਸ਼ ਦਾ ਅਸਲੀ ਧਨ ਹੈ। ਪੁਰਾਤਨ ਸਮੇਂ 'ਚ ਯੂਨਾਨ ਵਿੱਚ ਕੇਵਲ ਫ਼ੌਜੀ ਸਿੱਖਿਆ ਅਤੇ ਸੰਗੀਤ ਕਲਾ ਦੀ ਵਿੱਦਿਆ ਹੁੰਦੀ ਸੀ। ਜਿੱਥੇ ਫ਼ੌਜੀ ਸਿੱਖਿਆ ਵਿਦਿਆਰਥੀਆਂ ਨੂੰ ਅਰੋਗ ਅਤੇ ਅਨੁਸ਼ਾਸਨ 'ਚ ਰਹਿਣ ਦੀ ਜਾਂਚ ਸਿਖਾਉਂਦੀ ਅਤੇ ਉੱਥੇ ਹੀ ਸੰਗੀਤ ਕਲਾ ਉਨ੍ਹਾਂ ਦੀ ਦਿਮਾਗ਼ੀ ਸ਼ਕਤੀ ਨੂੰ ਵਧਾਉਂਦੀ ਸੀ। ਭਾਰਤ 'ਚ ਪੁਰਾਤਨ ਵਿੱਦਿਆ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਦਾਰਸ਼ਨਿਕ ਵਿਚਾਰਾਂ ਦੁਆਰਾ ਆਤਮਕ ਤੌਰ 'ਤੇ ਉੱਚਿਆ ਕਰਨਾ ਸੀ ਪਰ ਹੁਣ ਤਾਂ ਵਿੱਦਿਆ ਦਾ ਮੁੱਖ ਮਕਸਦ ਧਨ ਕਮਾਉਣਾ ਹੀ ਹੈ।
ਸਭ ਤੋਂ ਪਹਿਲਾਂ ਬਰਤਾਨੀਆ ਦੇ ਵਿਲੀਅਮ ਸਟੱਨਲੇ ਨੇ ਸੰਨ 1901 ਵਿੱਚ ਕਿੱਤਾਮੁਖੀ ਸਿੱਖਿਆ ਬਾਰੇ ਵਿਚਾਰ ਦਿੱਤਾ ਸੀ। ਇਸ ਦੇ ਫਲਸਰੂਪ ਹੀ ਸੰਨ 1907 ਵਿੱਚ 'ਟਰੇਡਰਜ਼ ਸਕੂਲ' ਖੋਲਿ੍ਹਆ ਗਿਆ, ਜੋ ਅੱਜ ਕੱਲ੍ਹ ਹੈਰਿਸ ਅਕੈਡਮੀ ਦੇ ਨਾਂ ਹੇਠ ਚੱਲ ਰਿਹਾ ਹੈ। ਹੁਣ ਤਾਂ ਲਗਪਗ ਹਰ ਦੇਸ਼ ਵਿੱਚ ਹੀ ਕਿੱਤਾਮੁਖੀ ਜਾਂ ਤਕਨੀਕੀ ਸਿੱਖਿਆ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ, ਜਿਵੇਂ ਆਸਟਰੇਲੀਆ, ਜਰਮਨੀ, ਫਿਨਲੈਂਡ, ਨਿਊਜ਼ੀਲੈਂਡ, ਯੂ.ਕੇ., ਅਮਰੀਕਾ, ਕੈਨੇਡਾ, ਮੈਕਸੀਕੋ ਆਦਿ। ਕਿੱਤਾ-ਮੁਖੀ ਸਿੱਖਿਆ ਦੇਣਾ ਹਰੇਕ ਸਿੱਖਿਆ ਪ੍ਰਣਾਲੀ ਦਾ ਮੁੱਖ ਉਦੇਸ਼ ਬਣਦਾ ਜਾ ਰਿਹਾ ਹੈ। ਪਦਾਰਥਵਾਦੀ ਸੋਚ ਹੋਣ ਕਰਕੇ ਵਿੱਦਿਆ ਦਾ ਮੁੱਖ ਮਕਸਦ ਰੋਜ਼ੀ-ਰੋਟੀ ਨਾਲ ਆ ਜੁੜਿਆ ਹੈ। ਆਮ ਆਦਮੀ ਸ਼ੁਰੂ ਤੋਂ ਹੀ ਇਹ ਕਹਿੰਦਾ ਰਿਹਾ ਹੈ ਕਿ ਉਹ ਸਿੱਖਿਆ ਕਾਹਦੀ ਹੋਈ ਜੇ ਦੋ ਵੇਲੇ ਦੀ ਰੋਟੀ ਵੀ ਨਾ ਦੇ ਸਕੇ? ਇਸ ਵਿਸ਼ੇ ਨੂੰ ਲੈ ਕੇ ਕਾਫ਼ੀ ਚਰਚਾ ਹੋਈ। ਸਿੱਟੇ ਵਜੋਂ 20ਵੀਂ ਸਦੀ ਵਿੱਚ ਕਿੱਤਾਮੁਖੀ ਸਿੱਖਿਆ ਹੋਂਦ ਵਿੱਚ ਆਈ।
ਸੰਨ 1969 ਵਿੱਚ ਜਰਮਨ ਸਰਕਾਟਰ ਨੇ ਕਿੱਤਾਮੁਖੀ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਕਾਨੂੰਨ ਬਣਾ ਦਿੱਤਾ। ਪਹਿਲਾਂ ਤਾਂ ਕਿੱਤਾਮੁਖੀ ਸਿੱਖਿਆ ਨੂੰ ਭਾਰਤ 'ਚ ਸਿਰਫ਼ ਉਦਯੋਗ ਸਿਖਲਾਈ ਅਤੇ ਇੰਜੀਨੀਅਰਿੰਗ ਟਰੇਡ ਵਿੱਚ ਹੀ ਸਫ਼ਲਤਾ ਮਿਲੀ ਸੀ। ਪਰ ਹੁਣ ਇਸ ਦਾ ਘੇਰਾ ਇੰਨਾ ਵਿਸ਼ਾਲ ਹੋ ਗਿਆ ਹੈ ਕਿ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਸਿਖਲਾਈ ਨਿੱਜੀ ਅਤੇ ਸਰਕਾਰੀ ਸੰਸਥਾਵਾਂ ਵੱਲੋਂ ਦਿੱਤੀ ਜਾਂਦੀ ਹੈ। ਮਹਾਂਰਾਸ਼ਟਰ 'ਚ ਫ਼ਿਲਮ ਅਤੇ ਟੈਲੀਵਿਜ਼ਨ ਉਦਯੋਗਾਂ ਨੇ ਚੰਗਾ ਮਾਅਰਕਾ ਮਾਰਿਆ ਹੈ, ਭਾਵੇਂ ਇਹ ਨਿੱਜੀ ਹੱਥਾਂ ਵਿੱਚ ਹੈ। ਤਕਨੀਕੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਆਈ.ਆਈ.ਟੀ., ਆਈ.ਆਈ. ਐਮ. ਆਦਿ ਵਰਗੀਆਂ 65 ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਬਿਨਾਂ ਰਾਜ ਸਰਕਾਰਾਂ ਅਤੇ ਨਿੱਜੀ ਸੰਸਥਾਵਾਂ ਵੀ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਤਕਨੀਕੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਇੱਕ ਅਹਿਮ ਯੋਜਨਾ ਤਿਆਰ ਕੀਤੀ ਹੈ, ਜੋ ਖ਼ਾਸ ਕਰਕੇ ਪੰਜਾਬ ਲਈ ਮੀਲ ਪੱਥਰ ਸਾਬਤ ਹੋ ਸਕਦੀ ਹੈ।
ਇਸ ਯੋਜਨਾ ਤਹਿਤ ਰਾਜ ਵਿੱਚ 10 ਨਵੀਆਂ ਤਕਨੀਕੀ ਸੰਸਥਾਵਾਂ ਖੋਲ੍ਹਣ ਦੀ ਤਜਵੀਜ਼ ਹੈ। ਇਹ ਸੰਸਥਾਵਾਂ ਆਈ.ਆਈ.ਐਮ. ਦੀ ਤਰਜ਼ 'ਤੇ ਪੀ.ਆਈ.ਟੀ. ਦੇ ਨਾਂ ਹੇਠ ਖੋਲ੍ਹੀਆਂ ਜਾਣਗੀਆਂ ਅਤੇ ਇਨ੍ਹਾਂ 'ਤੇ ਹਜ਼ਾਰ ਕਰੋੜ ਰੁਪਏ ਖਰਚ ਆਉਣ ਦਾ ਅੰਦਾਜ਼ਾ ਹੈ। ਹਰੇਕ ਸੰਸਥਾ ਵੱਲੋਂ 240 ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦਿੱਤੀ ਜਾਵੇਗੀ। ਇਹ ਸਿਖਲਾਈ ਛੋਟੇ-ਛੋਟੇ ਸਮੂਹਾਂ ਵਿੱਚ ਹੋਵੇਗੀ। ਇਸ ਲਈ ਵਿਦਿਆਰਥੀਆਂ ਦੀ ਚੋਣ ਦਸਵੀਂ ਵਿੱਚ ਪ੍ਰਾਪਤ ਕੀਤੇ ਅੰਕਾਂ ਉੱਤੇ ਆਧਾਰਤ ਹੋਵੇਗੀ। ਨਿਰਧਾਰਤ ਯੋਜਨਾ ਤਹਿਤ ਸਿਵਲ, ਮਕੈਨੀਕਲ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਰਗੇ ਅਹਿਮ ਵਿਸ਼ਿਆਂ 'ਤੇ ਤਕਨੀਕੀ ਸਿਖਲਾਈ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਦੀ ਖ਼ਾਸ ਗੱਲ ਇਹ ਹੈ ਕਿ ਹਰੇਕ ਸਾਲ ਬਾਅਦ ਸਿਖਲਾਈ 'ਤੇ ਆਧਾਰਤ ਸਿੱਖਿਆਰਥੀਆਂ ਨੂੰ ਡਿਪਲੋਮਾ ਤੇ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਇਸ ਦਾ ਘੇਰਾ ਇੰਨਾ ਵਿਸ਼ਾਲ ਹੈ ਕਿ ਟੈਕਸਟਾਈਲ ਇੰਜੀਨੀਅਰਿੰਗ, ਟੈਕਸਟਾਈਲ ਕੈਮਿਸਟਰੀ ਅਤੇ ਟੈਕਸਟਾਈਲ ਰਿਸਰਚ ਲਈ ਪਾਠਕ੍ਰਮ ਵੱਖਰੇ-ਵੱਖਰੇ ਹੋਣਗੇ। ਖੇਤੀਬਾੜੀ ਨੂੰ ਇਸ ਘੇਰੇ ਤੋਂ ਬਾਹਰ ਰੱਖਣਾ ਠੀਕ ਨਹੀਂ ਹੈ ਕਿਉਂਕਿ ਭਾਰਤ ਦੀ ਜ਼ਿਆਦਾ ਆਬਾਦੀ ਖੇਤੀ 'ਤੇ ਨਿਰਭਰ ਕਰਦੀ ਹੈ। ਸ਼ਾਇਦ ਤਕਨੀਕੀ ਸਿੱਖਿਆ ਦੀ ਘਾਟ ਕਾਰਨ ਹੀ ਅਜੋਕਾ ਕਿਸਾਨ ਜਿਊਣ ਨਾਲੋਂ ਮੌਤ ਨੂੰ ਵੱਧ ਤਰਜੀਹ ਦੇ ਰਿਹਾ ਹੈ ਅਤੇ ਖ਼ੁਦਕੁਸ਼ੀਆਂ ਹੋ ਰਹੀਆਂ ਹਨ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਨੁਸਾਰ ਦਸਵੀਂ ਤੋਂ ਬਾਅਦ ਵਿਦਿਆਰਥੀਆਂ ਨੂੰ ਦੋ ਸਾਲਾਂ ਦਾ ਤਕਨੀਕੀ ਸਿਲੇਬਸ ਪਾਸ ਕਰਨਾ ਹੋਵੇਗਾ। ਇਸ ਦੇ ਆਧਾਰ ਉੱਤੇ ਹੀ ਉਨ੍ਹਾਂ ਨੂੰ ਤਿੰਨ ਸਾਲ ਬਾਅਦ ਡਿਪਲੋਮਾ, ਚਾਰ ਸਾਲ ਬਾਅਦ ਐਡਵਾਂਸਡ ਡਿਪਲੋਮਾ ਅਤੇ ਫਿਰ ਛੇ ਸਾਲ ਬਾਅਦ ਬੀ.ਟੈਕ ਦੀ ਡਿਗਰੀ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਹੀ ਬੀ.ਏ. ਪਾਸ ਵਿਦਿਆਰਥੀਆਂ ਲਈ ਪੀ.ਜੀ. ਡਿਪਲੋਮੇ ਦੇ ਰੂਪ ਵਿੱਚ ਮਾਸਟਰ ਡਿਗਰੀ ਦੀ ਵਿਵਸਥਾ ਕੀਤੀ ਗਈ ਹੈ। ਇਸ ਯੋਜਨਾ ਤਹਿਤ ਕਰਵਾਏ ਜਾਣ ਵਾਲੇ ਡਿਪਲੋਮੇ 'ਤੇ ਡਿਗਰੀ ਲਈ ਫ਼ੀਸ ਅਤੇ ਹੋਰ ਸਾਰੇ ਖਰਚੇ ਸਰਕਾਰੀ ਕਾਲਜਾਂ ਜਿੰਨੇ ਹੀ ਹੋਣਗੇ। ਵਜ਼ੀਫ਼ਾ ਵੀ ਸਰਕਾਰੀ ਨਿਯਮਾਂ ਮੁਤਾਬਕ ਅਤੇ ਵਿਦਿਆਰਥੀਆਂ ਲਈ ਪਾਰਟ-ਟਾਈਮ ਨੌਕਰੀ ਦੀ ਵਿਵਸਥਾ ਕੀਤੀ ਗਈ ਹੈ, ਜੋ ਇੱਕ ਸ਼ਲਾਘਾਯੋਗ ਕਦਮ ਹੈ। ਇੱਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਕੰਮ ਮਿਲਦਾ ਨਹੀਂ ਤੇ ਇੱਥੇ ਲੋਕ ਕੰਮ ਕਰਨ ਨੂੰ ਤਿਆਰ ਨਹੀਂ ਹਨ। ਤਕਨੀਕੀ ਸਿੱਖਿਆ ਦੀ ਘਾਟ ਕਾਰਨ ਹੀ ਅੱਜ ਨੌਜਵਾਨ ਪੀੜੀ ਪੁੱਠੇ ਪੈਰੀਂ ਚੱਲ ਰਹੀ ਹੈ। ਉਹ ਤਾਂ ਹੱਥੀ ਕੰਮ ਕਰਨ ਦੀ ਬਜਾਏ, ਚੋਰੀਆਂ, ਡਾਕਿਆਂ ਵੱਲ ਬੇਖੌਫ਼ ਵਧ ਰਹੇ ਹਨ। ਇੱਥੇ ਹੀ ਬਸ ਨਹੀਂ, ਉਹ ਨਸ਼ਿਆਂ ਵਿੱਚ ਧੁੱਤ ਹੋ ਕੇ ਸਮਾਜਿਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਰਹੇ ਹਨ। ਭਾਵੇਂ ਕਿ ਸਰਕਾਰ ਵੱਲੋਂ ਕਿੱਤਾਮੁਖੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਕਿਸਾਨਾਂ ਵਾਸਤੇ ਕਈ ਸਿਖਲਾਈ ਕੋਰਸ ਸ਼ੁਰੂ ਕੀਤੇ ਗਏ ਹਨ ਜਿਵੇਂ ਕਿ ਡੇਅਰੀ ਦਾ ਧੰਦਾ, ਸੂਰ ਪਾਲਣਾ, ਮੱਛੀ ਪਾਲਣਾ, ਬੱਕਰੀ ਪਾਲਣਾ ਆਦਿ ਪਰ ਅਜੇ ਤੱਕ ਬਹੁਤ ਕੁਝ ਕਰਨਾ ਬਾਕੀ ਹੈ। ਅੱਜ ਕਿੱਤਾਮੁਖੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਵੱਲ ਵਿਸ਼ੇਸ਼ ਤਵੱਜੋਂ ਦੇ ਰਹੀਆਂ ਹਨ। ਇਕੱਲੇ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਕਿੱਤਾ ਮੁਖੀ ਸਿੱਖਿਅਤ ਵਿਅਕਤੀਆਂ ਦੀ ਬੇਹੱਦ ਲੋੜ ਹੈ। ਸੋ ਇਸ ਪ੍ਰਣਾਲੀ ਨੂੰ ਪ੍ਰਫੁੱਲਤ ਕਰਕੇ ਨੌਜਵਾਨਾਂ ਦੇ ਰਾਹਾਂ 'ਚ ਰੋਸ਼ਨੀ ਖਿਲਾਰ ਕੇ ਬਿਹਤਰ ਸਮਾਜ ਦੀ ਸਿਰਜਣਾ ਵੱਲ ਇੱਕ ਕਦਮ ਪੁੱਟਣਾ ਹੈ। ਇਸ ਨਾਲ ਨੌਜਵਾਨਾਂ ਨੂੰ ਹੱਥੀਂ ਕੰਮ ਕਰਨ ਦੀ ਆਦਤ ਪਵੇਗੀ ਤੇ ਉਹ ਪਰਾਏ ਹੱਥਾਂ ਵੱਲ ਨਹੀਂ ਝਾਕਣਗੇ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.