ਦੇ ਮਾਈ ਲੋਹੜੀ
ਲੋਹੜੀ ਉਮੰਗਾ ,ਆਸਾ ਤੇ ਖੁਸ਼ੀ ਖੇੜਿਆ ਦਾ ਤਿਉਹਾਰ, ਜੋ ਧਰਮਾ ਜਾਤਾ ਤੋ ਉਪਰ ਹੈ । ਇਸ ਦਾ ਸਬੰਧ ਘਰ ਆਏ ਨਵੇ ਬੱਚੇ ਤੋ ਇਲਾਵਾ ਖੇਤੀਬਾੜੀ ,ਪਕਵਾਨਾ,ਮੋਸਮ ਤੇ ਸੱਜਰੇ ਗਏ ਮੁਕਲਾਵਿਆ ਨਾਲ ਵੀ ਜੁੜਿਆ ਹੋਇਆ ਹੈ । ਉੱਤਰੀ ਭਾਰਤ ਦਾ,ਵਿੱਚ ਬੜੀ ਧੂਮ- ਧਾਮ ਨਾਲ ਮਨਾਉਦੇ ਹਨ । ਇਹ ਸਰਦੀਆਂ ਦੇ ਸੁਰੂ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਸੰਕੇਤ ਵੀ ਹੈ ।ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਲੋਹੜੀ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਪੁਰਾਤਨ ਸਮੇ ਵਿੱਚ ਲੋਕ ਆਪਣੇ ਸਰੀਕੇ ਤੇ ਨਗਰ ਵਿੱਚ ਗੁੜ ਤੇ ਮੂੰਗਫਲੀ ਵੰਡ ਖੁਸੀ ਸਾਝੀ ਕਰਦੇ ਸਨ। ਕਿਸੇ ਸਮੇਂ ਪੰਜਾਬ ਵਿੱਚ ਲੋਹੜੀ ਸੂਰਜ ਦੇਵ ਦੀ ਪੂਜਾ ਲਈ ਪ੍ਰਚੱਲਿਤ ਸੀ । ਸੂਰਜ ਜਨਵਰੀ ਵਿੱਚ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਤੇ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਪੁਰਾਤਨ ਸਮੇ ਵਿੱਚ ਲੋਹੜੀ ਮੰਗਣ ਦਾ ਰਿਵਾਜ ਇਕ ਮਨੋਰੰਜਨ ਦਾ ਸਾਧਨ ਵੀ ਸੀ । ਜੋ ਲੋਕਾ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਸੀ ।ਲੋਹੜੀ ਤੋ 5-7 ਦਿਨ ਪਹਿਲਾਂ ਹੀ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਜਿਸ ਵਿੱਚ ਬਾਲਣ ਤੇ ਖਾਣ ਦੇ ਸਮਾਨ ਦੀ ਮੰਗ ਹੁੰਦੀ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ
ਦੇਹ ਮਾਈ ਪਾਥੀ,
ਤੇਰਾ ਪੁੱਤ ਚੜੂਹਗਾ ਹਾਥੀ
ਦੇਹ ਮਾਈ ਲੋਹੜੀ,
ਤੇਰਾ ਪੁੱਤ ਚੜੂਹਗਾ ਘੋੜੀ
ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ। ਤਾ ਜੋ ਦੂਜੀ ਟੋਲੀ ਅੱਗੇ ਪਹੁੰਚ ਜਿਆਦਾ ਲੋਹੜੀ ਨਾ ਮੰਗ ਲਵੇ ।
ਸਾਡੇ ਪੈਰਾਂ ਹੇਠ ਰੋੜ,
ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਸੈਨਤਾਂ ਰੂਪੀ ਸੋਹਲੇ ਗਾਉਂਦੀਆਂ ਹੋਈਆਂ ਅਗਲੇ ਘਰਾ ਲਈ ਰਵਾਨਾ ਹੋ ਜਾਂਦੀਆਂ ਹਨ।
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।
ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨ ਕਾਲ ਦੌਰਾਨ ਇੱਕ ਬਾਗ਼ੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ -ਦਿਲੀ ਦੇ ਕਾਇਲ ਅਤੇ ਉਸ ਦਾ ਆਦਰ- ਸਤਿਕਾਰ ਕਰਦੇ ਸਨ। ਇੱਕ ਵਾਰ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਛੁਡਾਇਆ ਤੇ ਉਸ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ -ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ। ਇੱਕ ਹੋਰ ਦੰਤ-ਕਥਾ ਅਨੁਸਾਰ ਸੁੰਦਰੀ -ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਸੁਹੱਪਣ ਦਾ ਪਤਾ ਲੱਗ ਗਿਆ ਤਾਂ ਉਸ ਨੇ ਜਬਰੀ ਚੁੱਕਣ ਦੀ ਧਾਰ ਲਈ । ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਉਸ ਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ੁੰਮੇਵਾਰੀ ਓਟੀ " ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ- ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ -ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ- ਲੱਖ ਸ਼ੁਕਰ ਕੀਤਾ। ਇਸ ਕਰ ਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।[
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿੱਚਾਰ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸੱਕਰ ਪਾਈ ਹੋ
ਕੁੜੀ ਦਾ ਲਾਲ ਪਤਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ
ਚਾਚਾ ਗਾਲ਼ੀ ਦੇਸੇ
ਚਾਚੇ ਚੂਰੀ ਕੁੱਟੀ
ਜ਼ਿੰਮੀਦਾਰਾਂ ਲੁੱਟੀ
ਜ਼ਿੰਮੀਦਾਰ ਸੁਧਾਏ
ਬਮ ਬਮ ਭੋਲ਼ੇ ਆਏ
ਇੱਕ ਭੋਲ਼ਾ ਰਹਿ ਗਿਆ
ਸਿਪਾਹੀ ਫੜ ਕੇ ਲੈ ਗਿਆ
ਸਿਪਾਹੀ ਨੇ ਮਾਰੀ ਇੱਟ
ਭਾਵੇਂ ਰੋ ਉੱਤੇ ਭਾਵੇਂ ਪਿੱਟ
ਸਾਨੂੰ ਦੇ ਦੇ ਲੋਹੜੀ,
ਤੇਰੀ ਜੀਵੇ ਜੋੜੀ
ਨਵੀਆ ਵਿਆਹੀਆਂ ਕੁੜੀਆਂ ਨੂੰ ਲੋਹੜੀ ਜਾ ਭਾਜੀ ਦੇਣ ਦਾ ਰਿਵਾਜ ਵੀ ਜੁੜਿਆ ਹੈ । ਪੇਕੇ ਪਰਿਵਾਰ ਵਾਲੇ ਲੋਹੜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਅਤੇ ਕੁੜੀ ਨੂੰ ਕੁੱਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਭਾਜੀ ਵਿੱਚ ਪੰਜੀਰੀ ,ਬੂੰਦੀ ਦੇ ਲੱਡੂ, ਪਤਾਸੇ ,ਚੋਲਾ ਦੀਆ ਪਿੰਨੀਆਂ,ਗੁੜ,ਰਿਊੜ,ਮੂੰਗਫਲੀ, ਸੂਟ ,ਕੰਬਲ ,ਪੱਗ ਦਿੰਦੇ ਹਨ। ਕਈ ਕੁੜੀ ਦੇ ਸਹੁਰੇ ਉਸ ਭਾਜੀ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਵਿੱਚ ਵੰਡਦੇ ।ਅਜੋਕੇ ਸਮੇ ਵਿੱਚ ਵੀ ਮਾਪੇ ਲੋਹੜੀ ਸਮੇ ਮਹਿੰਗੇ ਤੋਹਫੇ ਤੇ ਘਰ ਦੀ ਵਰਤੋ ਦਾ ਸਮਾਨ ਦੇਣ ਲੱਗੇ ਹਨ ।
ਲੋਹੜੀ ਦੀ ਰਾਤ ਭੁੱਗਾ ਬਾਲਣ ਦੀ ਰੀਤ ਸਭ ਤੋ ਅਹਿਮ ਹੈ । ਮੂੰਗਫਲੀ, ਰਿਉੜੀਆਂ, ਤਿਲਾਂ ਦੀ ਗੱਚਕ, ਮੱਕੀ ਦੇ ਫੁੱਲੇ ਆਦਿ ਦੀਆਂ ਭਰੀਆਂ ਪਰਾਂਤਾਂ ਮਹਿਮਾਨਾ ਵਿੱਚ ਵੰਡਦੇ ਹਨ । ਘਰ ਦੇ ਖੁੱਲ੍ਹੇ ਵਿਹੜੇ ਵਿਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਕੇ ਅੱਗ ਲਗਾਈ ਜਾਂਦੀ ਹੈ ਜਿਸ ਨੂੰ ਭੁੱਗਾ ਕਿਹਾ ਜਾਂਦਾ ਹੈ। ਖੁਸ਼ੀਆਂ 'ਚ ਗੜੁੱਚ ਸਾਰੇ ਪਰਿਵਾਰਕ ਮੈਂਬਰ ਇਸਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਹਨ ਅਤੇ ਬਲਦੇ ਭੁੱਗੇ ਵਿੱਚ ਤਿਲ ,ਰਿਉੜੀਆਂ, ਮੂੰਗਫਲੀ ਸਮਪਰਤ ਕੇ ਬੋਲਦੇ ਹਨ।
ਈਸ਼ਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਬਦਲੇ ਜ਼ਮਾਨੇ ਨੇ ਇਸ ਤਿਉਹਾਰ ਨੂੰ ਹੋਰ ਵਡੇਰਾ ਕਰ ਦਿੱਤਾ । ਜਿੱਥੇ ਪਹਿਲਾ ਪੁੱਤਰ ਹੋਣ ਤੇ ਹੀ ਲੋਹੜੀ ਮਨਾਈ ਜਾਦੀ ਸੀ ਅੱਜ ਲੋਕਾ ਨੇ ਬਰਾਬਰ ਰੁਤਬਾ ਦਿੰਦਿਆ ਧੀਆ ਦੀ ਵੀ ਲੋਹੜੀ ਮਨਾਉਦੇ ਹਨ। ਨਵੀਆ ਜੋੜੀਆ ਇਸ ਦਿਨ ਹੋਰ ਉਤਸਾਹਿਤ ਤੇ ਨਵੇ ਬਣੇ ਸੱਸ -ਸਹੁਰੇ ਦਾਦਾ- ਦਾਦੀ ਦੇ ਰੁਤਬੇ ਲਈ ਕਾਹਲੇ ਹੁੰਦੇ ਹਨ ।ਆਪਣੇ ਕੁਲ ਦੇ ਵਾਧੇ ਤੇ ਨਵੇ ਜੀਅ ਦਾ ਸਵਾਗਤ ਪਹਿਲਾ ਹੀ ਸੁਰੂ ਹੋ ਜਾਦਾ ਹੈ । 90ਵਿਆ ਤੱਕ ਵੀ ਇਸ ਤਿਉਹਾਰ ਦੀ ਮਹਿਕ ਵੱਖਰੀ ਹੀ ਸੀ ।ਆਪਣੇ ਘਰ ਕੁਨਬੇ ਤੇ ਆਢ- ਗੁਆਢ ਨੂੰ ਇਕੱਠਾ ਕਰ ਦੇਰ ਰਾਤ ਜਸਨ ਮਨਾਉਦੇ ਸਨ । ਬੱਚੇ ਇਕੱਠੇ ਹੋ ਮਸਤੀਆ ਕਰਦੇ ਘਰੋ-ਘਰੀ ਲੋਹੜੀ ਮੰਗਣ ਜਾਦੇ । ਪਿੰਡ ਵਿੱਚ ਮਸਤੀ ਦਾ ਵੱਖਰਾ ਹੀ ਸਰੂਰ ਹੁੰਦਾ ਸੀ । ਜੋ ਅੱਜ ਮਹਿਗੇ ਹੋਟਲਾ ਜਾ ਪੈਲਸਾ ਵਿਚ ਹੀ ਦੱਬ ਗਿਆ । ਜਿਸਦੀ ਮਹਿਕ ਲੱਖਾ ਖਰਚ ਕੇ ਨਹੀ ਮਿਲਦੀ ।ਪੰਜਾਬ ਦੇ ਤਿਉਹਾਰ ਨਵੀ ਪੀੜੀ ਲਈ ਪ੍ਰੇਰਨਾਦਾਇਕ ਹਨ । ਜੋ ਇਹਨਾ ਨੂੰ ਮਿਲ ਕੇ ਰਿਹਣ ,ਖਾਣ ,ਵੰਡਣ ਤੇ ਮੇਹਨਤ ਕਰਨਾ ਸਿਖਾਉਦੇ ਹਨ । ਸੋ ਆਉ ਪੰਜਾਬੀ ਦੀ ਅਮੀਰ ਵਿਰਾਸਤ ਨੂੰ ਸਾਭਦਿਆ ਉਹਨਾ ਨੂੰ ਤਿਉਹਾਰ ਮਾਨਣ ਦੇ ਨਾਲ ਜਾਨਣ ਦੀ ਆਦਤ ਵੀ ਪਾਈਏ ।
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ
adv.dhaliwal@gmail.com
78374-90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.