ਸੁੰਦਰ ਮੁੰਦਰੀਏ ਹੋ
ਭਾਰਤ ਦੀ ਧਰਤੀ ਤਿਉਹਾਰਾਂ ਦੀ ਧਰਤੀ ਹੈ। ਇੱਥੇ ਹਰ ਸਾਲ ਤਿਉਹਾਰਾਂ ਦੇ ਮੇਲੇ ਲੱਗਦੇ ਹਨ, ਜਿਵੇਂ ਕਿ ਵਿਸਾਖੀ, ਮਾਘੀ, ਦੀਵਾਲੀ, ਹੋਲੀ, ਲੋਹੜੀ ਆਦਿ। ਹਰ ਤਿਉਹਾਰ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਲੋਹੜੀ ਪੰਜਾਬ ਰਾਜ ਦਾ ਪ੍ਰਸਿੱਧ ਤਿਉਹਾਰ ਹੈ, ਜੋ ਪੰਜਾਬ ਦੇ ਨਾਲ ਨਾਲ ਭਾਰਤ ਦੇ ਕਈ ਪ੍ਰਾਂਤਾਂ ਵਿੱਚ ਮਨਾਇਆ ਜਾਂਦਾ ਹੈ।
ਪੰਜਾਬ ਦੇ ਲੋਕਾਂ ਲਈ ਲੋਹੜੀ ਦਾ ਤਿਉਹਾਰ ਬੜਾ ਮਹੱਤਵਪੂਰਨ ਹੈ। ਲੋਹੜੀ ਦਾ ਤਿਉਹਾਰ ਬੜਾ ਖੁਸ਼ੀਆਂ ਤੇ ਜੋਸ਼ ਭਰਿਆ ਹੁੰਦਾ ਹੈ। ਲੋਹੜੀ ਨੂੰ ਸਿੰਧੀ ਲੋਕ ਲਾਲ ਲੋਹੇ ਦੇ ਨਾਂ ਨਾਮ ਮਨਾਉਂਦੇ ਹਨ, ਭਾਰਤ ਦੇ ਉੱਤਰ ਰਾਜ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਲੋਹੜੀ ਸਰਦੀ ਦੇ ਮੌਸਮ ਦਾ ਅੰਤ ਦਰਸਾਉਂਦਾ ਹੈ ਜੋ ਕਿ ਸਰਦੀ ਰੁੱਤ ਦੀ ਜਾਣ ਤੇ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮੌਸਮੀ ਤਿਉਹਾਰ ਵੀ ਕਿਹਾ ਜਾਂਦਾ ਹੈ।
ਲੋਹੜੀ ਦਾ ਤਿਉਹਾਰ ਪੰਜਾਬ ਦੇ ਵਿੱਚ ਜਿਨ੍ਹਾਂ ਪਰਿਵਾਰਾਂ *ਚ ਪੁੱਤਰ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਪੁੱਤਰ ਜਾਂ ਪੁੱਤਰੀ, ਪੋਤਾ ਜਾਂ ਪੋਤਰੀ ਹੋਇਆ ਹੋਵੇ, ਉਸ ਦੀ ਪਹਿਲੀ ਸ਼ਗਨਾਂ ਦੀ ਲੋਹੜੀ ਗਿਣੀ ਜਾਂਦੀ ਹੈ। ਦੁਕਾਨਾਂ ਤੋਂ ਰਿਉੜੀ, ਗਜ਼ਕ, ਮੁੰਗਫਲੀ ਲੈ ਕੇ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਘਰ ਲੋਹੜੀ ਵੰਡੀ ਜਾਂਦੀ ਹੈ। ਜਿਸ ਲੜਕੀ ਦੀ ਨਵਾਂ ਵਿਆਹ ਹੋਇਆ ਹੋਵੇ ਤਾਂ ਪੇਕੇ ਵਾਲੇ ਵੀ ਆਪਣੀ ਬੇਟੀ ਦੇ ਸਹੁਰੇ ਘਰ ਆ ਕੇ ਗਰਮ ਕੱਪੜੇ, ਮਿਠਾਈਆਂ, ਗੱਜ਼ਕ ਵਗੈਰਾ ਲੋਹੜੀ ਦੇ ਰੂਪ *ਚ ਦੇ ਕੇ ਜਾਂਦੇ ਹਨ।
ਲੋਹੜੀ ਦੇ ਦਿਨਾਂ *ਚ ਖਾਸ ਮਿਠਾਈਆਂ ਤਿੱਲਾਂ ਨੂੰ ਕੁੱਟ ਕੇ ਖੋਆ ਪਾ ਕੇ ਭੁੱਗਾ ਬਣਾਇਆ ਜਾਂਦਾ ਤੇ ਗਾਜਰਪਾਕ, ਦੁਕਾਨਾਂ ਤੋਂ ਆਮ ਹੀ ਮਿਲਦਾ ਹੈ।
ਲੋਹੜੀ ਵੇਲੇ ਬਾਜਰੇ ਨੂੰ ਭੁੰਨ ਕੇ ਗਰਮ—ਗਰਮ ਵਿੱਚ ਗੁੜ ਪਾ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਹਨ ਜੋ ਕਿ ਗਰਮਾਇਸ਼ ਦੇ ਨਾਲ ਨਾਲ ਬੜੀਆਂ ਹੀ ਸੁਆਦ ਲਗਦੀਆਂ ਹਨ। ਚੌਲਾਂ ਨੂੰ ਭੁੰਨ ਕੇ ਗੁੜ ਪਾ ਕੇ ਲੱਡੂ ਵੀ ਬਣਾਏ ਜਾਂਦੇ ਹਨ। ਜੋ ਕਿ ਬੱਚਿਆਂ ਨੂੰ ਬੜੇ ਹੀ ਸੁਆਦ ਲੱਗਦੇ ਹਨ ਤੇ ਗੁਣਕਾਰੀ ਹੁੰਦੇ ਹਨ। ਮੱਕੀ ਦੇ ਫੁੱਲੇ ਵੀ ਬਣਾਏ ਜਾਂਦੇ ਹਨ।
ਰਾਤ ਨੂੰ ਗਲੀ—ਮੁਹੱਲੇ ਵਾਲੇ ਇਕੱਠੇ ਹੀ ਬੈਠ ਕੇ ਪਾਥੀਆਂ ਤੇ ਲੱਕੜਾਂ ਨੂੰ ਸਜਾ ਦੇ ਅੱਗ ਲਗਾ ਕੇ ਸੇਕਦੇ ਹਨ। ਜੋ ਕਿ ਸਮੂਹਿਕ ਪਿਆਰਾ ਦਾ ਵੀ ਪ੍ਰਤੀਕ ਹੈ। ਕਾਲੇ ਤਿੱਲਾਂ ਨੂੰ ਹੱਥ ਵਿੱਚ ਫੜ ਕੇ ਧੂਣੀ ਦੇ ਸੱਤ ਚੱਕਰ ਕੱਢ ਕੇ ਤਿੱਲਾਂ ਨੂੰ ਧੂਣੀ *ਚ ਸੁੱਟਦੇ ਹਨ ਤੇ ਬੋਲਦੇ ਹਨ।
“ਈਸ਼ਰ ਆ ਦਲਿਦਰ ਜਾ
ਦਲਿਦਰ ਦੀ ਜੜ੍ਹ ਚੁੱਲੇ ਪਾ।”
ਜੋ ਕਿ ਸਰਦੀ ਦੇ ਦਿਨਾਂ ਵਿੱਚ ਥੋੜਾ ਜਿਹਾ ਆਲਸ ਰਹਿੰਦਾ ਹੈ ਤੇ ਇਹ ਸਰਦੀ ਦੇ ਜਾਣ ਦਾ ਵੀ ਪ੍ਰਤੀਕ ਤੇ ਆਲਸ ਨੂੰ ਖਤਮ ਕਰਨ ਬਾਰੇ ਵੀ ਸੰਦੇਸ਼ ਹੈ।
ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਅਕਬਰ ਬਾਦਸ਼ਾਹ ਦੇ ਕਾਲ ਦੌਰਾਨ ਇੱਕ ਵਿਅਕਤੀ ਦੁੱਲਾ ਭੱਟੀ, ਜੋ ਕਿ ਡਾਕੂ ਸੀ। ਉਹ ਡਾਕੂ ਹੋਣ ਦੇ ਨਾਲ ਦਿਲ ਦਾ ਬੜਾ ਸਾਫ਼ ਸੀ। ਗਰੀਬਾਂ ਦੀ ਤੇ ਜਰੂਰਤਮੰਦਾਂ ਦੀ ਸਹਾਇਤਾ ਕਰਦਾ ਸੀ। ਉਸ ਨੇ ਬਹੁਤ ਸਾਰੀਆਂ ਲੜਕੀਆਂ ਨੂੰ ਅਪਹਰਨ ਕੀਤੇ ਹੋਏ ਨੂੰ ਗੁਲਾਮ ਬਜਾਰੀ ਤੋਂ ਬਚਾਇਆ ਸੀ। ਜੋ ਕਿ ਇੱਕ ਮਹਾਨ ਗੱਲ ਸੀ। ਦੁੱਲਾ ਭੱਟੀ ਅਕਬਰ ਦੇ ਸਮੇਂ ਪੰਜਾਬ *ਚ ਰਹਿੰਦਾ ਸੀ। ਜਿਸ ਨੂੰ ਪੰਜਾਬ ਦੇ ਨਾਇਕ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਉਨ੍ਹਾਂ ਲੜਕੀਆਂ ਨੂੰ ਛੁਡਵਾਇਆ ਹੀ ਨਹੀਂ ਬਲਕਿ ਉਨ੍ਹਾਂ ਦਾ ਵਿਆਹ ਵੀ ਕੀਤਾ ਸੀ।
ਉਸੇ ਹੀ ਪਿੰਡ ਦੀ ਦੋ ਲੜਕੀਆਂ ਸੀ, ਸੁੰਦਰੀ—ਮੁੰਦਰੀ ਸੀ, ਉਨ੍ਹਾਂ ਦੇ ਚਾਚਾ ਨੇ ਉਨ੍ਹਾਂ ਨੂੰ ਕਿਸੇ ਜਿੰਮੀਦਾਰ ਕੋਲ ਵੇਚ ਦਿੱਤਾ ਸੀ। ਦੁੱਲਾ ਭੱਟੀ ਨੇ ਉਨ੍ਹਾਂ ਦੋਨਾਂ ਨੂੰ ਜਿੰਮੀਦਾਰਾਂ ਦੇ ਚੁੰਗਲ *ਚ ਛੁਡਵਾ ਕੇ ਉਨ੍ਹਾਂ ਦੋਨਾਂ ਭੈਣਾਂ ਦਾ ਵਿਆਹ ਵੀ ਆਪ ਹੀ ਕੀਤਾ ਸੀ। ਉਨ੍ਹਾਂ ਦੀ ਝੋਲੀ ਸੇਰ—ਸੇਰ ਸ਼ੱਕਰ ਪਾ ਕੇ ਵਿਦਾ ਕੀਤਾ ਸੀ। ਜਿਵੇਂ ਕਿ ਪਿਤਾ ਆਪਣੀ ਬੇਟੀ ਨੂੰ ਵਿਦਾਈ ਦੇ ਸਮੇਂ ਸ਼ਗਨ ਦੇ ਰੂਪ ਵਿੱਚ ਦਿੰਦਾ ਹੈ। ਇਸੇ ਹੀ ਤਰ੍ਹਾਂ ਇਹ ਲੋਕ ਬੋਲੀਆਂ ਵੀ ਮਸ਼ਹੂਰ ਹਨ ਜੋ ਕਿ ਲੋਹੜੀ ਤੇ ਬੈਠੇ ਹੋਏ ਸਾਰੇ ਲੋਕ ਖੁਸ਼ੀ ਦੇ ਰੂਪ *ਚ ਬੋਲਦੇ ਹਨ। ਜਿਵੇਂ ਕਿ
ਸੁੰਦਰ—ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਦੀ ਧੀ ਵਿਆਹੀ ਹੋ,
ਸ਼ੇਰ ਸ਼ੱਕਰ ਪਾਈ ਹੋ,
ਇੱਕ ਇਹ ਵੀ ਮਿੱਥ ਹੈ ਕਿ
“ਪੋਹ ਰਿੱਧੀ ਤੇ ਮਾਘ ਖਾਧੀ”।
ਲੋਹੜੀ ਵਾਲੇ ਦਿਨ ਕਈ ਥਾਵਾਂ ਤੇ ਮੋਠ ਅਤੇ ਬਾਜਰੇ ਦੀ ਖਿਚੜੀ ਬਣਾ ਕੇ ਉਸ ਨੂੰ ਸਵੇਰੇ ਖਾਂਦੇ ਹਨ ਇਸ ਦਾ ਮਤਲਬ ਇਹ ਵੀ ਹੈ ਕਿ ਅੱਜ ਤੋਂ ਬਾਅਦ ਮੌਸਮ ਬਦਲ ਰਿਹਾ ਹੈ ਤੇ ਰਾਤ ਦੀ ਬਣੀ ਹੋਈ ਚੀਜ ਸੁਭਾ ਨਹੀਂ ਖਾ ਸਕਦੇ। ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਮੇਲਾ ਬੜਾ ਹੀ ਮਸ਼ਹੂਰ ਹੈ ਜੋ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ ਹੈ। ਸਾਰੇ ਜਿਲ੍ਹੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਲੋਹੜੀ ਬਾਲ ਕੇ ਲੋਕ ਸ਼ਗਨਾਂ ਦੇ ਗੀਤ ਵੀ ਗਾਉਂਦੇ ਹਨ ਜਿਵੇਂ :—
ਜਦੋਂ ਇਹ ਆਉਂਦੀ ਏ ਲੋਹੜੀ,
ਬੜਾ ਜੀਅ ਲਾਉਂਦੀ ਹੈ ਲੋਹੜੀ,
ਇਹ ਭੈਣ ਭਰਾਵਾਂ ਦੀ ਲੋਹੜੀ,
ਦਿਲਾਂ ਦੀਆਂ ਚਾਅਵਾਂ ਦੀ ਲੋਹੜੀ,
ਜਦੋਂ ਇਹ ਆਉਂਦੀ ਏ ਲੋਹੜੀ,
ਤੇ ਖੁਸ਼ੀਆਂ ਲਿਆਉਂਦੀ ਏ ਲੋਹੜੀ।
ਪੁਰਾਣੇ ਜ਼ਮਾਨੇ ਵਿੱਚ ਆਮ ਤੌਰ ਤੇ ਲੋਕ ਮੁੰਡੇ ਦੀ ਹੀ ਲੋਹੜੀ ਮਨਾਉਂਦੇ ਸੀ ਤੇ ਹੁਣ ਲੋਕਾਂ *ਚ ਜਾਗ੍ਰਿਤੀ ਆਉਣ ਕਰਕੇ ਕੁੜੀਆਂ ਦੀ ਵੀ ਲੋਹੜੀ ਮਨਾਉਂਣੀ ਸ਼ੁਰੂ ਕਰ ਦਿੱਤੀ ਹੈ। ਜੋ ਕਿ ਸਮਾਜ ਲਈ ਇੱਕ ਚੰਗਾ ਸੰਦੇਸ਼ ਹੈ।
ਲੋਹੜੀ
ਆਇਆ ਲੋਹੜੀ ਦਾ ਤਿਉਹਾਰ,
ਹਾਸੇ ਫੁੱਟਣ ਆਪ ਮੁਹਾਰ।
ਜਿੱਧਰ ਜਾਓ ਸੱਜੇ ਬਜ਼ਾਰ
ਕਾਫੀ ਰੌਣਕ ਮੇਲਾ ਲਾਇਆ ਏ।
ਪਾਪਾ ਖਾਣੀ ਰਿਉੜੀ ਗੱਜ਼ਕ,
ਦੀਰਮ, ਸ਼ੋਰ ਮਚਾਇਆ ਏ।
ਸਾਨੂੰ ਦੇਵੋ ਲੋੋਹੜੀ
ਤੁਹਾਡੀ ਜੀਵੇ ਜੋੜੀ
ਪਾਲਮ ਤੇ ਜੇਸਨ ਰੌਲਾ ਪਾਉਂਦੇ,
ਘਰ—ਘਰ ਜਾਂਦੇ ਮੰਗਣ ਲੋਹੜੀ,
ਖੁਸ਼ੀ *ਚ ਨੱਚਦੇ ਟੱਪਦੇ ਗਾਉਂਦੇ।
ਡਿੰਪੀ, ਇਹ ਲੋਹੜੀ ਖੁਸ਼ੀਆਂ ਲੈ ਕੇ ਆਵੇ,
ਕਰੋਨਾ ਦਾ ਖਾਤਮਾ ਹੋ ਜਾਵੇ,
ਘਰ—ਘਰ ਤੋਂ ਖੁਸ਼ੀਆਂ ਦੀ ਮਹਿਕ ਪਈ ਆਵੇ।
-
ਗੁਰਪ੍ਰੀਤ ਡਿੰਪੀ, ਫਾਰਮੇਸੀ ਅਫਸਰ, ਪਟਿਆਲਾ
manpreet11984@gmail.com
98150—29410
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.