ਭਾਰਤ ਸਰਕਾਰ ਵਲੋਂ ਘੋਸ਼ਤ ਵੀਰ ਬਾਲ ਦਿਵਸ ਸਿੱਖ ਪ੍ਰੰਪਰਾਵਾਂ ਦੀ ਤਰਜਮਾਨੀ ਨਹੀਂ ਕਰਦਾ
ਭਾਰਤ ਸਰਕਾਰ ਨੇ 26 ਦਸੰਬਰ ਨੂੰ ਬਾਲ ਦਿਵਸ ਸਾਰੇ ਭਾਰਤ ਵਿਚ ਮਨਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਭਾਰਤ ਸਰਕਾਰ ਜਾਂ ਮੋਦੀ ਸਰਕਾਰ ਦੀ ਭਾਵਨਾ ਦੀ ਕਦਰ ਕਰਦੇ ਹੋਇਆਂ ਸਮੁੱਚੇ ਭਾਰਤ ਵਿਚ ਲਾਗੂ ਹੋਣ ਵਾਲੇ ਇਸ ਘੋਸ਼ਨਾ ਦੀ ਮੁਬਾਰਕਬਾਦ ਦਿੰਦਾ ਹਾਂ। ਇਸ ਨਾਲ ਇਹ ਵੀ ਆਸ ਰੱਖਦਾ ਹਾਂ ਕਿ ਸਿੱਖ ਪਰੰਪਰਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਿਨ ਦਾ ਨਾਂਅ ਬਾਲ ਦਿਵਸ ਤੋਂ ਬਦਲ ਕੇ ਸਾਹਿਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਖੀ ਵਿਰਾਸਤ ਅਨੁਕੂਲ ਕੀਰਤੀਮਾਨ ਕੀਤਾ ਜਾਵੇ।
ਆਓ ਇਸ ਬਾਲ ਦਿਵਸ ਦੀ ਭੂਮਿਕਾ ਬਾਰੇ ਵੀ ਕੁਝ ਕੁ ਵਿਚਾਰ ਲਈਏ। ਰਾਜਨੀਤਕ ਤੌਰ ਤੇ ਇਸ ਦਾ ਸੰਬੰਧ ਕਾਂਗਰਸ ਦੇ ਮਰਹੂਮ ਪਰਧਾਨ ਪੰ. ਜਵਾਹਰ ਲਾਲ ਨਹਿਰੂ ਜੀ ਨਾਲ ਜੁੜਿਆ ਹੋਇਆ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਭਾਰਤ ਦੇ ਬੱਚੇ ਪਰਧਾਨ ਮੰਤਰੀ ਜੀ ਨੂੰ “ਚਾਚਾ ਨਹਿਰੂ” ਆਖ ਕੇ ਬੁਲਾਇਆ ਕਰਦੇ ਸਨ। ਇਸ ਤਰ੍ਹਾਂ ਇਕ ਸਨਮਾਨਿਤ ਵਿਅਕਤੀ ਦੀ ਪਰੇਰਨਾ ਸਰੋਤ ਤੋਂ ਉਸ ਜਿਹਾ ਹੀ ਬਨਣ ਦੀ ਜੀ ਜਾਚ ਸਿੱਖ ਸਕਣ ਜਾਂ ਉਸ ਜਿਹਾ ਹੀ ਬਣ ਸਕਣ। ਦੂਸਰੇ ਇਸ ਦਿਨ ਤੇ ਬੱਚਿਆਂ ਨੂੰ ਆਪਣਾ ਜੀਵਨ ਪੜ੍ਹਨ ਲਿਖਣ, ਖੇਡ ਕੁਦਣ ਬਿਨਾਂ ਕਿਸੇ ਡਰ ਜਾਂ ਸਹਿਮ ਦੇ ਗੁਜ਼ਾਰਨ ਅਤੇ ਸਰਕਾਰ ਵਲੋਂ ਇਹੋ ਜਿਹਾ ਖੁੱਲ੍ਹਾ ਵਾਤਾਵਰਨ ਪ੍ਰਦਾਨ ਕੀਤੇ ਜਾਣ ਦੀ ਬਚਨਬੱਧਤਾ ਦੁਹਰਾਈ ਤੇ ਅਪਣਾਈ ਜਾਵੇ। ਬਾਲ ਮਜੂਰੀ ਨੂੰ ਨੱਥ ਪਾਉਣ ਦਾ ਉਪਰਾਲਾ ਵੀ ਕੀਤਾ ਜਾਵੇ।
ਰਾਜਨੀਤਕ ਤੌਰ ਤੇ “ਬਾਲ ਦਿਵਸ” ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਤੇ ਭਾਰਤੀ ਜਨਤਾ ਪਾਰਟੀ ਕਾਂਗਰਸ ਦੀ ਵਿਰੋਧੀ ਪਾਰਟੀ ਹੈ। ਸਰਕਾਰ ਵਲੋਂ ਲਿਆ ਫੈਸਲਾ ਸਰਕਾਰ ਦੇ ਹੱਕ ਵਿਚ ਜਾਂ ਵਿਰੋਧ ਵਿਚ ਵੀ ਬਦਲ ਹੋ ਸਕਦਾ ਹੈ। ਸਿੱਖ ਧਰਮ ਨਾਲ ਜੋੜ ਕੇ ਪਿਛਲੇ ਪਰਧਾਨ ਮੰਤਰੀ ਦੇ ਨਾਂਅ ਨਾਲੋਂ ਹਟਾਉਣ ਦੇ ਹੱਕ ਦੀ ਸ਼ਾਹਦੀ ਭਰਨੀ ਕਿਸੇ ਹੱਦ ਤੀਕ ਸ਼ਾਇਦ ਵਾਜਬ ਨਹੀਂ ਹੈ। ਪਿਛਲੇ ਕੁਝ ਸਮੇਂ ਤੋਂ ਸਨਾਤਨ ਧਰਮ ਦੇ ਅਨੁਆਈਆਂ ਵਲੋਂ ਵੀ ਸਿੱਖ ਸਨਮਾਨ ਨੂੰ ਧਿਆਨ ਵਿਚ ਰੱਖਦਿਆ ਹੋਇਆਂ 26 ਦਸੰਬਰ ਨੂੰ ਬਾਲ ਦਿਵਸ ਘੋਸ਼ਤ ਕਰਵਾਉਣ ਲਈ ਬੜੀ ਵੱਡੀ ਲਾਬੀ ਕੀਤੀ ਜਾ ਰਹੀ ਸੀ। ਸਿੱਖ ਧਰਮ ਸੰਬੰਧੀ ਉਹਨਾਂ ਦੀ ਭਾਵਨਾ ਉਤੇ ਕੋਈ ਕਿਸਮ ਦੀ ਕਿੰਤੂ ਪ੍ਰੰਤੂ ਨਹੀਂ ਹੈ। ਐਪਰ ਸਿੱਖ ਧਰਮ ਦੀ ਓਟ ਲੈ ਕੇ ਕਿਸੇ ਵੀ ਪਾਰਟੀ ਨੂੰ ਲਾਹਾ ਲੈਣ ਜਾਂ ਕਿਸੇ ਪਾਰਟੀ ਤੋਂ ਤੋੜ ਵਿਛੋੜੇ ਦੀ ਆਗਿਆ ਵੀ ਕਦਾਚਿੱਤ ਨਹੀਂ ਹੋਣੀ ਚਾਹੀਦੀ।
ਸਿੱਖੀ ਪਰੰਪਰਾ ਅਤੇ ਵਿਰਾਸਤ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਛੋਟੀਆਂ ਉਮਰਾਂ ਵਿਚ ਆਪਣੇ ਧਰਮ ਲਈ ਦ੍ਰਿੜਤਾ ਨਾਲ ਦਿਤੀ ਅਦੁੱਤੀ ਸ਼ਹਾਦਤ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਅਸੀਂ ਇਸ ਛੋਟੀ ੳਮਰ ਦੇ ਸ਼ਹੀਦਾਂ ਨੂੰ ਸਨਮਾਨ ਵਜੋਂ “ਬਾਬਾ” ਸ਼ਬਦ ਨਾਲ ਸੰਬੋਧਨ ਕਰਦੇ ਹਾਂ। ਸਤਿਕਾਰ ਸਹਿਤ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਨਾਲ ਹੀ ਪੁਕਾਰਦੇ ਹਾਂ। ਬੇਸ਼ੱਕ ਭਾਰਤ ਸਰਕਾਰ ਵਲੋਂ “ਵੀਰ ਬਾਲ ਦਿਵਸ” ਦੇ ਨਾਂਅ ਨਾਲ 26 ਦਸੰਬਰ ਨੂੰ ਨਿਵਾਜਿਆ ਜਾ ਰਿਹਾ ਹੈ ਪਰ ਇਹ ਟਾਈਟਲ ਉਹਨਾਂ ਮਹਾਨ ਰੂਹਾਂ ਦੀ ਸ਼ਹਾਦਤ ਨੂੰ ਇਕ ਦੁਨਿਆਵੀ ਬਾਲਾਂ ਦੇ ਰੂਪ ਵਿਚ ਬਦਲ ਕੇ ਸ਼ਹੀਦੀ ਸਾਕੇ ਨੂੰ ਘਟਾ ਕੇ ਅਤੇ ਛੁਟਿਆ ਕੇ ਜਾਹਿਰ ਕਰਦਾ ਹੈ।
ਸਿੱਖ ਧਰਮ ਵਿਚ “ਬਾਬਾ” ਸ਼ਬਦ ਅਹਿਮ ਮਹੱਤਤਾ ਰੱਖਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਗੁਰਦਾਸ ਜੀ ਵਲੋਂ ਬਾਬਾ ਨਾਨਕ ਆਖਣਾ ਤੇ ਇਸੇ ਤਰ੍ਹਾਂ ਬਾਬਾ ਬੁੱਢਾ ਜੀ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਆਪਣੀ ਛੋਟੀ ਉਮਰ ਵਿਚ ਸਿੱਖਾਂ ਦੇ ਗੁਰੂ ਬਣੇ ਅਤੇ ਸਿਖਾਂ ਦੀ ਰਾਹਨੁਮਾਈ ਕੀਤੀ ਅਸੀਂ ਸਿੱਖ ਪ੍ਰੰਪਰਾਵਾਂ ਅਨੁਸਾਰ ਸ੍ਰੀ ਗੁਰੂ ਜੀ ਦੀ ਪਦਵੀ ਦੇ ਸਨਮਾਨ ਨਾਲ ਹੀ ਪੁਕਾਰਦੇ ਤੇ ਚੇਤੇ ਕਰਦੇ ਹਾਂ। ਉਹਨਾਂ ਨੂੰ ਕਦਾਚਿੱਤ ਵੀ ਬਾਲ ਗੁਰੂ ਨਾਲ ਸੰਬੋਧਨ ਨਹੀਂ ਕੀਤਾ। ਅਧਿਆਤਮਕ ਦੁਨੀਆਂ ਵਿਚ ਸਿੱਖ ਫਲਸਫੇ ਅਨੁਸਾਰ ਬਾਲਪਨ ਜਾਂ ਬੁਢੇਪਾ ਸਾਲਾਂ ਦੀ ਗਿਣਤੀ ਵਾਲੀ ਉਮਰ ਨਾਲ ਨਹੀਂ ਦੇਖਿਆ ਜਾਂਦਾ। ਉਹ ਤਾਂ ਰੁਹਾਨੀਅਤ ਜੀਵਨ ਦੇ ਫਲਸਫੇ ਦੀ ਪ੍ਰਪੱਕਤਾ ਤੇ ਕੀਰਤੀਮਾਨ ਜੀਵਨ ਤੋਂ ਹੀ ਲਾਇਆ ਜਾਂਦਾ ਹੈ। ਲਾਸਾਨੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦਾ ਨਾਉਂ ਦੇ ਕੇ “ਨਿੱਕੀਆਂ ਜਿੰਦਾਂ ਵੱਡੇ ਸਾਕੇ” ਨੂੰ ਛੁਟਿਆਉਣ ਬਰਾਬਰ ਹੈ ਤੇ ਪ੍ਰੰਪਰਾ ਅਨੁਸਾਰ ਪ੍ਰਵਾਨ ਨਹੀਂ ਹੈ। ਗੁਰਬਾਣੀ ਦਾ ਕਥਨ ਹੈ ਕਿ “ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ”। ਉਹ ਸਿੱਧ ਜੋ ਵੱਡੀਆਂ ਉਮਰਾਂ ਵਾਲੇ ਸਨ ਅਪਣੀਆਂ ਉਮਰਾਂ ਦੇ ਮਾਣ ਕਰਕੇ ਗੁਰੂ ਨਾਨਕ ਦੇਵ ਜੀ “ਬਾਲਾ” ਆਖ ਕੇ ਸਿੱਧ ਗੋਸ਼ਟ ਵਿਚ ਗੁਸਤਾਖੀ ਕਰ ਰਹੇ ਸਨ ਪਰ ਉਹਨਾਂ ਨੂੰ ਵੀ ਮੂੰਹ ਦੀ ਖਾਣੀ ਪਈ।
ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਰਾਹਨੁਮਾਈ ਹੇਠ ‘ਭਾਜਪਾ’ ਭਾਰਤ ਸਰਕਾਰ ਦੀ ਸਿੱਖ ਧਰਮ ਪ੍ਰਤੀ ਸੁਹਿਰਦਤਾ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਜੋ ਕੁਝ ਭਾਜਪਾ ਸਹਿਯੋਗੀ ਆਰ ਐਸ ਐਸ ਵਲੋਂ ਪ੍ਰਤੱਖ ਰੂਪ ਵਿਚ ਵਰਤਮਾਨ ਸਮੇਂ ਕਿਹਾ ਜਾ ਕੀਤਾ ਜਾ ਰਿਹਾ ਹੈ ਉਹ ਮੋਦੀ ਸਰਕਾਰ ਨੂੰ ਜ਼ਰੂਰ ਹੀ ਸ਼ੱਕ ਦੇ ਘੇਰੇ ਵਿਚ ਲਿਆ ਖੜ੍ਹਾ ਕਰਦਾ ਹੈ! ਆਰ ਐਸ ਐਸ ਦੀ ਕਥਨੀ ਤੇ ਕਰਨੀ ਕਦਾਚਿਤ ਵੀ ਸਿੱਖ ਫਲਸਫੇ ਨਾਲ ਮੇਲ ਨਹੀਂ ਖਾਂਦੀ ! ਤਦੇ ਤਾਂ ਭਾਜਪਾ ਸਰਕਾਰ ਆਪਣੇ ਵਲੋਂ ਚੰਗਾ ਕਰਨ ਦੀ ਕਾਮਨਾ ਕਰਦੀ ਹੋਈ ਵੀ ਨਾਮਨਾ ਖੱਟਣ ਵਿਚ ਅਸਫਲ ਰਹਿ ਜਾਂਦੀ ਹੈ। ਜਦੋਂ ਵਿਸ਼ਵਾਸ ਹੀ ਟੁੱਟ ਜਾਵੇ ਤਾਂ ਉਸਨੂੰ ਦੁਬਾਰਾ ਪਾਉਣ ਲਈ ਬੜੇ ਜੱਫਰ ਜਾਲਣੇ ਪੈਂਦੇ ਹਨ। ਨਿਸ਼ਾਨਾ ਸੁਹਿਰਦ ਹੈ ਪਰ ਨਾਉਂ ਦੀ ਸੁਹਿਰਦਤਾ ਵਿਚ ਸਿੱਖ ਪ੍ਰੰਪਰਾ ਦੀ ਘਾਟ ਨਜ਼ਰ ਆਉਂਦੀ ਹੈ।
ਭਾਜਪਾ ਸਰਕਾਰ ਵਿਚ ਤਾਲਮੇਲ ਵਾਲੇ ਸਿੱਖ ਧਰਮ ਦੇ ਮੋਹਰੀਆਂ ਵੱਲ ਜਦੋਂ ਝਾਤੀ ਮਾਰਦੇ ਹਾਂ ਤਾਂ 16 ਜਨਵਰੀ 2018 ਦੀ ਟ੍ਰਿਬੀਊਨ ਇੰਡੀਆ ਦੀ ਖਬਰ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਵਲੋਂ ਮਨਾਉਣ ਦਾ ਪ੍ਰਸਤਾਵ ਯੂਨੀਅਨ ਟੈਕਸਟਾਇਲ ਮਨਿਸਟਰ ਸਮਿਰਤੀ ਈਰਾਨੀ ਅੱਗੇ ਮਨਜੀਤ ਸਿੰਘ ਜੀ.ਕੇ. ਅਤੇ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ, ਤੇ ਹੁਣ ਭਾਜਪਾ ਸਰਕਾਰ ਨੇ ਇਸ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਨਾਲ ਜੋੜ ਕੇ ਵੀਰ ਬਾਲ ਦਿਵਸ ਦੇ ਨਾਂਅ ਹੇਠ ਅਨਾਊਂਸ ਕਰ ਦਿੱਤਾ। ਜਿਥੇ ਅੱਜ ਅਸੀਂ ਸਿੱਖ ਪ੍ਰੰਪਰਾ ਨੂੰ ਅਣਦੇਖਾ ਕਰਨ ਦਾ ਸ਼ਿਕਵਾ ਭਾਜਪਾ ਸਰਕਾਰ ਤੇ ਕਰਦੇ ਹਾਂ ਉਥੇ ਅੱਜ ਸਾਨੂੰ ਭਾਜਪਾ ਪਾਰਟੀ ਵਿਚਲੇ ਮੁੱਖ ਸਿੱਖ ਸਲਾਹਕਾਰ,ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਵੀ ਗਿਲਾ ਕਰਨ ਦੇ ਨਾਲ ਨਾਲ ਸਿੱਖ ਪ੍ਰੰਪਰਾਵਾਂ ਦੀ ਨੁਮਾਇੰਦਗੀ ਤੋਂ ਵੀ ਪਰ੍ਹੇ ਕਰ ਦੇਣਾ ਚਾਹੀਦਾ ਹੈ।
ਭਾਰਤ ਸਰਕਾਰ ਨੂੰ ਨਿਮਰਤਾ ਸਹਿਤ ਪੁਰਜ਼ੋਰ ਅਪੀਲ ਹੈ ਕਿ ਸਿੱਖ ਸੰਗਤ ਦਾ ਵਿਸ਼ਵਾਸ ਹਾਸਲ ਕਰਨ ਲਈ ਅੱਵਲ ਤਾਂ 26 ਦਸੰਬਰ ਨੂੰ “ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਸ਼ਹੀਦੀ ਦਿਵਸ” ਘੋਸ਼ਿਤ ਕੀਤਾ ਜਾਵੇ ਨਹੀਂ ਤਾਂ ਵੀਰ ਬਾਲ ਦਿਵਸ ਨਾਉਂ ਸਿੱਖ ਪ੍ਰੰਪਰਾ ਅਨੁਸਾਰ ਬਦਲ ਦਿੱਤਾ ਜਾਵੇ ਤਾਂ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਆਉਂਦੀ ਪੀੜ੍ਹੀ ਵਾਸਤੇ ਬੀਰ ਬਹਾਦਰ ਤੇ ਧਰਮ ਤੋਂ ਕੁਰਬਾਨ ਹੋਣ ਵਾਲੀ ਰਾਹ ਦਿਸੇਰਾ ਬਣ ਸਕੇ।
-
ਸੁਰਿੰਦਰ ਸਿੰਘ ਜੱਬਲ, ਪਬਲਿਕ ਰਿਲੇਸ਼ਨ ਸੈਕਟਰੀ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ
maanbabushahi@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.