ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਲ ਤੋਂ ਵੱਧ ਸਮੇਂ ਤੱਕ ਚਲਾਏ ਗਏ ਅੰਦੋਲਨ ਅੱਗੇ ਝੁਕਦੇ ਹੋਏ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਤਿੰਨੋ ਖੇਤੀ ਕਾਨੂੰਨ ਵਾਪਸ ਲੈ ਲੈਣ ਤੋਂ ਬਾਅਦ ਅੰਦੋਲਨ ਸਮਾਪਤ ਹੋਇਆ ਹੈ। ਬੜੀ ਸ਼ਾਨੋ ਸ਼ੌਕਤ ਨਾਲ ਕਿਸਾਨ ਜਥੇਬੰਦੀਆਂ ਨੇ ਘਰ ਵਾਪਸੀ ਕੀਤੀ ਹੈ। ਲੋਕਾਂ ਨੇ ਕਿਸਾਨ ਜਥੇਬੰਦੀਆਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਹਰ ਸ਼ਹਿਰ ਕਸਬੇ ਪਿੰਡ ਗਲੀ ਮੁਹੱਲੇ ਸਭ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਜੇਕਰ ਥੋੜਾ ਜਿਹਾ ਪਿੱਛੇ ਝਾਤ ਮਾਰਦੇ ਹਾਂ ਤਾਂ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਸਭ ਤੋਂ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸ਼ੁਰੂ ਕੀਤਾ। ਜਿਸਨੂੰ ਪੰਜਾਬ ਦੇ ਲੋਕਾਂ ਨੇ ਹੁੰਗਾਰਾ ਦਿੱਤਾ ਤਾਂ ਇਹ ਜਥੇਬੰਦੀਆਂ ਨੇ ਪੰਜਾਬ ਹਰਿਆਣਾ ਸਰਹੱਦ ‘ਤੇ ਜਾ ਧਰਨਾ ਲਾਇਆ। ਜਿੱਥੋਂ ਕੁਝ ਦਿਨਾਂ ਬਾਅਦ ਇਹਨਾਂ ਦਾ ਰੁਖ ਭਾਰਤ ਦੀ ਰਾਜਧਾਨੀ ਦਿੱਲੀ ਵੱਲ ਹੋਇਆ ਤਾਂ ਹਰਿਆਣਾ ਦੀ ਖੱਟਰ ਸਰਕਾਰ ਨੇ ਜਬਰਦਸਤ ਪਾਬੰਦੀਆਂ ਦਾ ਇੰਤਜ਼ਾਮ ਕੀਤਾ। ਪਰ ਲੋਕਾਂ ਦੇ ਸੈਲਾਬ ਅੱਗੇ ਸਰਕਾਰ ਦੀਆਂ ਸਭ ਰੋਕਾਂ ਬਿਫਲ ਰਹੀਆਂ ਅਤੇ ਕਿਸਾਨ ਜਥੇਬੰਦੀਆਂ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਜਾ ਕੇ ਡੱਟ ਗਈਆਂ।
ਕਿਸਾਨ ਅੰਦੋਲਨ ਦੀ ਇਹ ਪ੍ਰਾਪਤੀ ਸੀ ਕਿ ਇਸਨੂੰ ਹਰ ਵਰਗ ਨੇ ਬੜਾ ਵੱਡਾ ਹੁੰਗਾਰਾ ਦਿੱਤਾ। ਕਿਸਾਨ ਤੋਂ ਬਾਅਦ ਮਜਦੂਰ ਫਿਰ ਆਮ ਲੋਕਾਂ ਤੋਂ ਲੈ ਕੇ ਵਕੀਲ, ਅਧਿਆਪਕ, ਬੈਂਕ ਕਰਮਚਾਰੀ, ਡਰਾਈਵਰ, ਟਰਾਂਸਪੋਰਟਰ, ਆਈ ਏ ਐਸ, ਆਈ ਪੀ ਐਸ ਅਧਿਕਾਰੀ, ਪੁਲਿਸ ਕਰਮੀ, ਲੇਖਕ, ਬੁੱਧੀਜੀਵੀ ਵਰਗ, ਗਾਇਕ, ਅਦਾਕਾਰ, ਧਾਰਮਿਕ ਤੇ ਗੈਰਧਾਰਮਿਕ ਸੰਸਥਾਵਾਂ, ਸੰਪਰਦਾਵਾਂ ਗੱਲ ਕੀ ਹਰ ਵਰਗ ਨੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ। ਲੋਕ ਅੰਦੋਲਨ ਵਿੱਚ ਇਸ ਤਰ੍ਹਾਂ ਜਾਂਦੇ ਸਨ ਜਿਵੇਂ ਕਿਸੇ ਧਾਰਮਿਕ ਸਥਾਨ ਉੱਪਰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨ ਜਾਂਦੇ ਹੋਣ। ਦੁਨੀਆ ਭਰ ਵਿੱਚ ਇਸ ਕਿਸਾਨ ਅੰਦੋਲਨ ਦੀ ਗੂੰਜ ਪਈ ਅਤੇ ਅਖੀਰ ਭਾਰਤ ਸਰਕਾਰ ਨੂੰ ਆਪਣਾ ਕਦਮ ਪਿੱਛੇ ਹਟਾਉਣਾ ਪਿਆ। ਜਿਸਦੇ ਫਲਸਰੂਪ ਖੇਤੀ ਕਾਨੂੰਨਾਂ ਦੀ ਵਾਪਸੀ ਹੋਈ।
ਇਸ ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਪੈਦਾ ਕੀਤੇ। ਲੋਕਾਂ ਵਿੱਚ ਭਾਈਚਾਰਕ ਸਾਂਝ ਪੈਦਾ ਕੀਤੀ। ਜਿੱਥੇ ਰਾਜਸੀ ਤੇ ਫਿਰਕੂ ਤਾਕਤਾਂ ਨੀਂਵੇਂ ਪੱਧਰ ਦੀ ਸਿਆਸਤ ਕਰਕੇ ਲੋਕਾਂ ਨੂੰ ਜਾਤ, ਧਰਮ ਅਤੇ ਫਿਰਕੇ ਦੇ ਆਧਾਰ ਤੇ ਵੰਡਣ ਲਈ ਕੋਝੀਆਂ ਚਾਲਾਂ ਚੱਲ ਰਹੇ ਸਨ। ਉੱਥੇ ਇਸ ਅੰਦੋਲਨ ਨੇ ਇੱਕ ਨਵੀਂ ਲਹਿਰ ਨੂੰ ਜਨਮ ਦਿੱਤਾ। ਸਭ ਧਰਮਾਂ ਦੇ ਲੋਕ ਇੱਕੋ ਮੰਚ ਉੱਪਰ ਇੱਕੋ ਪੰਡਾਲ ਵਿੱਚ ਸਰਕਾਰ ਦੀ ਦਮਨਮਈ ਨੀਤੀ ਵਿਰੁੱਧ ਲੜਦੇ ਦੇਖੇ ਗਏ। ਸਮਾਜਿਕ, ਸਭਿਆਚਾਰਕ ਤੇ ਧਾਰਮਿਕ ਕਦਰਾਂ ਕੀਮਤਾਂ ਨੇ ਇੱਕ ਵਾਰ ਫਿਰ ਅੰਗੜਾਈ ਲਈ। ਲੋਕਾਂ ਨੂੰ ਸਾਹਿਤ ਪੜਦੇ, ਵੰਡਦੇ ਤੇ ਸਾਹਿਤਕ ਵਿਚਾਰਾਂ ਲਈ ਜੁੜਦੇ ਦੇਖਿਆ ਗਿਆ। ਲੋਕ ਕਿਤਾਬਾਂ ਦੇ ਲੰਗਰ ਲਾਉਂਦੇ ਦੇਖੇ ਗਏ। ਬੱਚਾ ਬੁੱਢਾ, ਜਵਾਨ, ਮਾਈਆਂ, ਭੈਣਾਂ ਸਭ ਨੇ ਸਾਂਝਾਂ ਪਾਈਆਂ। ਪੰਜਾਬ ਹਰਿਆਣਾ ਦੇ ਲੋਕ ਸਕੇ ਭਰਾਵਾਂ ਵਾਂਗ ਜੱਫੀਆਂ ਪਾਉਂਦੇ ਦੇਖੇ ਗਏ।
ਦੇਸ਼ ਭਰ ਦੇ ਲੋਕਾਂ ਨੇ ਪੰਜਾਬ ਦੇ ਕਿਸਾਨ ਆਗੂਆਂ ਦੇ ਹੌਂਸਲੇ ਦੀ ਦਾਦ ਦਿੱਤੀ। ਜਿਸ ਤਰ੍ਹਾਂ ਕਿਸਾਨ ਆਗੂਆਂ ਨੇ ਮੋਰਚੇ ਦੀ ਅਗਵਾਈ ਕੀਤੀ। ਉਸ ਨਾਲ ਭਾਰਤ ਦੀ ਸੰਸਕ੍ਰਿਤੀ ਦੇ ਡਿੱਗ ਰਹੇ ਮਿਆਰ ਨੂੰ ਇੱਕ ਨਵਾਂ ਹੌਂਸਲਾ ਮਿਲਿਆ, ਨਵੀਂ ਊਰਜਾ ਮਿਲੀ। ਇੱਕ ਵਾਰ ਫਿਰ ਦਸਤਾਰ ਉੱਭਰ ਕੇ ਸਾਹਮਣੇ ਆਈ। ਸਿੱਖ ਚਿਹਰਾ ਸਭ ਦੇ ਦਿਲੋ ਦਿਮਾਗ ‘ਤੇ ਛਾ ਗਿਆ। ਮੋਰਚੇ ਵਿੱਚ ਚੱਲਦੇ ਲੰਗਰਾਂ, ਲੋਕਾਂ ਦੇ ਉਤਸ਼ਾਹ, ਜਲੌਅ ਅਤੇ ਚੜਦੀ ਕਲਾ ਦੇ ਨਜ਼ਾਰਿਆਂ ਦੀਆਂ ਗੱਲਾਂ ਦੁਨੀਆਂ ਭਰ ਵਿੱਚ ਹੋਣ ਲੱਗੀਆਂ। ਕਿਸਾਨ ਜਥੇਬੰਦੀਆਂ ਦਾ ਏਕੀਕਰਨ ਪੰਜਾਬ ਤੋਂ ਤੁਰ ਕੇ ਹਰਿਆਣਾ, ਯੂਪੀ, ਰਾਜਸਥਾਨ, ਮਹਾਂਰਾਸ਼ਟਰ, ਪੱਛਮੀ ਬੰਗਾਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਅਤੇ ਦੇਸ਼ ਦੇ ਹੋਰ ਵੀ ਕਈ ਹਿੱਿਸਆਂ ਦੇ ਕਿਸਾਨਾਂ ਤੋਂ ਇਲਾਵਾ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਅਤੇ ਆਪਣੇ ਤੋਰਨ ਵਿੱਚ ਕਾਮਯਾਬ ਰਿਹਾ। ਇਸ ਅੰਦੋਲਨ ਦਾ ਇੱਕ ਹੋਰ ਵਿਲੱਖਣ ਪੱਖ ਦੇਖਣ ਨੂੰ ਮਿਲਿਆ ਉਹ ਇਹ ਕਿ ਇਸ ਵਿੱਚ ਕਿਸੇ ਵੀ ਰਾਜਨੀਤਕ ਦਲ ਨੂੰ ਇਸ ਦੇ ਮੰਚ ਨੇੜੇ ਵੀ ਫਟਕਣ ਨਾ ਦਿੱਤਾ ਗਿਆ। ਜਿਸ ਕਰਕੇ ਲੋਕਾਂ ਦਾ ਭਰੋਸਾ ਹੋਰ ਵੀ ਗੂੜ੍ਹਾ ਹੋਇਆ। ਬਹੁਤ ਸਾਰੀਆਂ ਰਾਜਨੀਤਕ ਹਸਤੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਵਾਹ ਵਾਹ ਲੈਣ ਦੀ ਕੋਸਿ਼ਸ਼ ਕੀਤੀ, ਪਰ ਸਭ ਨੂੰ ਖਾਲੀ ਹੱਥ ਪਰਤਣਾ ਪਿਆ।
ਹੋਰ ਕਈ ਪੱਖਾਂ ਨੂੰ ਛੱਡ ਕੇ ਰਾਜਨੀਤਕ ਲੋਕਾਂ ਕੋਲੋਂ ਬਣਾਈ ਦੂਰੀ ਨੇ ਕਿਸਾਨ ਆਗੂਆਂ ਨੂੰ ਲੋਕਾਂ ਦੇ ਹੋਰ ਨੇੜੇ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ। ਕਿਉਂਕਿ ਰਾਜਨੀਤਕ ਲੋਕਾਂ ਦੇ ਦਿਲ ਲੁਭਾਊ ਭਾਸ਼ਣਾਂ ਤੋਂ ਲੋਕ ਅੱਕ ਚੁੱਕੇ ਹੋਣ ਕਰਕੇ ਇੱਕ ਨਵੀਂ ਆਸ ਦੀ ਕਿਰਨ ਦੇਖਣ ਲੱਗੇ। ਬਹੁਗਿਣਤੀ ਲੋਕਾਂ ਨੇ ਸੋਚਿਆ ਕਿ ਇਹ ਕਿਸਾਨ ਆਗੂ ਕਿਸੇ ਨਵੀਂ ਲਹਿਰ ਨੂੰ ਜਨਮ ਦੇ ਸਕਦੇ ਹਨ। ਸਰਕਾਰ ਦੀਆਂ ਮਨਮਾਨੀਆਂ ਨੂੰ ਲੋਕਾਂ ਸਾਹਮਣੇ ਨਾ ਸਿਰਫ਼ ਲਿਆ ਸਕਦੇ ਹਨ ਸਗੋਂ ਸਰਕਾਰ ਨੂੰ ਚਣੌਤੀ ਵੀ ਦੇ ਸਕਦੇ ਹਨ। ਬਹੁਤ ਸਾਰੀਆਂ ਨਵੀਆਂ ਆਸਾਂ ਉਮੀਦਾਂ ਨੇ ਜਨਮ ਲਿਆ। ਕਈ ਤਰ੍ਹਾਂ ਦੇ ਟੁੱਟ ਚੁੱਕੇ ਭਰੋਸੇ ਦੁਬਾਰਾ ਬੱਝਣ ਲੱਗੇ।
ਪਰ ਹੁਣ ਜਦੋਂ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਗ ਲੈਣ ਬਾਰੇ ਫੈਸਲਾ ਲਿਆ ਹੈ ਤਾਂ ਕੁਝ ਨੇ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਇਰਾਦਾ ਜ਼ਾਹਿਰ ਕੀਤਾ ਹੈ। ਇਸ ਗੱਲ ਨਾਲ ਕਿਸਾਨ ਜਥੇਬੰਦੀਆਂ ਵਿਚਲੇ ਮੱਤਭੇਦ ਸਾਹਮਣੇ ਆਉਣ ਲੱਗੇ ਹਨ। ਬੇਸ਼ੱਕ ਕਿਸਾਨ ਅੰਦੋਲਨ ਸਮੇਂ ਇਹਨਾਂ ਜਥੇਬੰਦੀਆਂ ਨੇ ਏਕਤਾ ਦਾ ਸਬੂਤ ਦਿੱਤਾ। ਪਰ ਹੁਣ ਇਹਨਾਂ ਵੱਲੋਂ ਚੋਣਾਂ ਦੇ ਨਾਂ ਤੇ ਜੋ ਬਿਆਨਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਉਸਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਜਿੱਥੇ ਕੁਝ ਲੋਕ ਸੰਯੁਕਤ ਸਮਾਜ ਮੋਰਚਾ ਦੇ ਗਠਨ ਨੂੰ ਲੈ ਕੇ ਨਵੇਂ ਬਦਲ ਦੇ ਸਾਹਮਣੇ ਆਉਣ ਕਰਕੇ ਆਸਵੰਦ ਹਨ। ਉੱਥੇ ਬਹੁਤ ਸਾਰੇ ਲੋਕ ਇਸ ਗਠਨ ਤੋਂ ਨਾਖੁਸ਼ ਹਨ। ਉੱਪਰ ਦੱਸੇ ਅਨੁਸਾਰ ਕੁਝ ਕਿਸਾਨ ਜਥੇਬੰਦੀਆਂ ਵੀ ਸੰਯੁਕਤ ਸਮਾਜ ਮੋਰਚਾ ਨਾਲ ਚੋਣਾਂ ਲੜਨ ਨੂੰ ਲੈ ਕੇ ਸਹਿਮਤ ਨਹੀਂ ਹਨ।
ਸੰਯੁਕਤ ਸਮਾਜ ਮੋਰਚਾ ਦਾ ਕਹਿਣਾ ਇਹ ਹੈ ਕਿ ਅਸੀਂ ਲੋਕ ਮਸਲਿਆਂ ਬਾਰੇ ਪੂਰੀ ਤਰ੍ਹਾਂ ਜਾਣਦੇ ਹਾਂ। ਜੇਕਰ ਅਸੀਂ ਸੱਤਾ ਵਿੱਚ ਆਉਂਦੇ ਹਾਂ ਤਾਂ ਸਭ ਮਾਮਲੇ ਸੁਲਝਾਉਣ ਵਿੱਚ ਪਹਿਲ ਕਰਾਂਗੇ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਰਾਜਨੀਤਕ ਦਲਾਂ ਨੂੰ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ, ਜਿਹਨਾਂ ਨੇ ਸਿਵਾਏ ਲੁੱਟ ਖਸੁੱਟ ਦੇ ਹੋਰ ਕੁਝ ਵੀ ਨਹੀਂ ਕੀਤਾ। ਪਰ ਕੀ ਸੰਯੁਕਤ ਸਮਾਜ ਮੋਰਚਾ ਲੋਕਾਂ ਦਾ ਪੂਰਾ ਸਮਰਥਨ ਪ੍ਰਾਪਤ ਕਰਦਾ ਹੈ? ਜੇਕਰ ਕਰਦਾ ਹੈ ਤਾਂ ਕੀ ਪੰਜਾਬ ਦੀਆਂ 117 ਸੀਟਾਂ ਤੇ ਯੋਗ ਉਮੀਦਵਾਰ ਖੜੇ ਕਰਨ ਤੋਂ ਬਾਅਦ ਕਿੰਨੀਆਂ ਸੀਟਾਂ ‘ਤੇ ਜਿੱਤ ਪ੍ਰਾਪਤ ਕਰਦਾ ਹੈ। ਇਹ ਬਹੁਤ ਗੰਭੀਰ ਸਵਾਲ ਸੰਯੁਕਤ ਸਮਾਜ ਮੋਰਚਾ ਦੇ ਸਾਹਮਣੇ ਹੈ।
ਜੇਕਰ ਥੋੜੀ ਜਿਹੀ ਤੀਖਣ ਅੱਖ ਨਾਲ ਦੇਖੀਏ ਤਾਂ ਕਿਸਾਨ ਅੰਦੋਲਨ ਨੇ ਨਾ ਸਿਰਫ਼ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਸਮੁੱਚੇ ਭਾਰਤ ਦੇਸ਼ ਦੀ ਰਾਜਨੀਤੀ ‘ਤੇ ਬੜਾ ਗੂੜਾ ਤੇ ਪ੍ਰਭਾਵਸ਼ਾਲੀ ਅਸਰ ਛੱਡਿਆ ਹੈ। ਹੁਣ ਜੇਕਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸੰਯੁਕਤ ਸਮਾਜ ਮੋਰਚਾ ਕੋਈ ਸਫ਼ਲਤਾ ਪ੍ਰਾਪਤ ਨਹੀਂ ਕਰਦਾ ਤਾਂ ਇਸ ਦਾ ਅਕਸ ਸਮੁੱਚੇ ਅੰਦੋਲਨ ਦੀ ਕਾਰਗੁਜ਼ਾਰੀ ‘ਤੇ ਪੈਣਾ ਸੁਭਾਵਿਕ ਹੈ। ਜਿਹੜੇ ਲੋਕ ਇਸ ਅੰਦੋਲਨ ਤੋਂ ਬਹੁਤ ਸਾਰੀਆਂ ਆਸਾਂ ਲੈ ਕੇ ਘਰਾਂ ਨੂੰ ਪਰਤੇ ਹਨ। ਕਿਤੇ ਨਾ ਕਿਤੇ ਉਹ ਲੋਕ ਵੀ ਨਿਰਾਸ਼ ਹੋਣਗੇ। ਕਿਉਂਕਿ ਇਹ ਅੰਦੋਲਨ ਦੇਸ਼ ਵਿਆਪੀ ਹੋ ਕੇ ਖਤਮ ਹੋਇਆ ਹੈ, ਪਰ ਸ਼ੁਰੂ ਪੰਜਾਬ ਤੋਂ ਹੋਇਆ ਸੀ। ਇਸੇ ਕਰਕੇ ਇਸ ਅੰਦੋਲਨ ਵਿੱਚੋਂ ਦਸਤਾਰ, ਸਿੱਖ ਵਿਚਾਰਧਾਰਾ ਅਤੇ ਪੰਜਾਬੀਅਤ ਦਾ ਝਲਕਾਰਾ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਪ੍ਰਤੱਖ ਦਿਸਿਆ ਹੈ।
ਇਹੀ ਗੱਲ ਵਿਚਾਰਨ ਵਾਲੀ ਹੈ ਕਿ ਜੇਕਰ ਪੰਜਾਬ ਵਿੱਚ ਹੀ ਸੰਯੁਕਤ ਸਮਾਜ ਮੋਰਚੇ ਦੀ ਹਾਰ ਹੁੰਦੀ ਹੈ ਤਾਂ ਬਾਕੀ ਦੇਸ਼ ਦੇ ਲੋਕਾਂ ਨੂੰ ਕੀ ਸੁਨੇਹਾ ਜਾਂਦਾ ਹੈ। ਦੇਸ਼ ਦੇ ਲੋਕ ਇਸ ਅੰਦੋਲਨ ਤੋਂ ਬਾਅਦ ਇੱਕ ਵੱਡੇ ਬਦਲਾਅ ਦੀ ਆਸ ਲਾਈ ਬੈਠੇ ਹਨ। ਇਹ ਸੱਚ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਅੰਦੋਲਨ ਵਾਲੀਆਂ ਜਥੇਬੰਦੀਆਂ ਲੋਕਾਂ ਨੂੰ ਕਈ ਪ੍ਰਕਾਰ ਦੀ ਸੇਧ ਦੇਣ ਦੇ ਸਮਰੱਥ ਹਨ। ਪਰ ਜੇਕਰ ਉਹ ਖੁਦ ਹੀ ਰਾਜਨੀਤੀ ਵਿੱਚ ਚਲੇ ਗਈਆਂ ਤਾਂ ਕਿਤੇ ਤਾਕਤ ਦੇ ਨਸ਼ੇ ਵਿੱਚ ਚੂਰ ਹੋ ਕੇ ਨਾ ਰਹਿ ਜਾਣ ਅਤੇ ਆਪਣੇ ਅਸਲੀ ਮਕਸਦ ਤੋਂ ਖੁੰਝ ਜਾਣ। ਜੋ ਜਿ਼ੰਮੇਵਾਰੀ ਲੈ ਕੇ ਉਹਨਾਂ ਨੇ ਝੰਡਾ ਚੁੱਕਿਆ ਸੀ ਉਸਨੂੰ ਕਿਤੇ ਵਿਸਾਰ ਨਾ ਦੇਣ। ਕਿਉਂਕਿ ਇਹਨਾਂ ਜਥੇਬੰਦੀਆਂ ਨੇ ਅਜੇ ਹੋਰ ਬਹੁਤ ਸਾਰੇ ਕੰਮ ਕਰਨੇ ਹਨ। ਕਿਤੇ ਪੰਜਾਬ ਦੀ ਸਿਆਸਤ ਵਿੱਚ ਹੀ ਉਲਝ ਕੇ ਨਾ ਰਹਿ। ਇਹਨਾਂ ਨੂੰ ਸੋਚਣਾ ਪਵੇਗਾ ਕਿ ਇਹਨਾਂ ਨੇ 117 ਵਿਧਾਨ ਸਭਾ ਸੀਟਾਂ ਤੇ ਆਪਣਾ ਜ਼ੋਰ ਅਜ਼ਮਾਈ ਕਰਨਾ ਹੈ ਜਾਂ ਫਿਰ ਸਮੁੱਚੇ ਭਾਰਤ ਵਿੱਚ ਲੋਕ ਲਹਿਰ ਦੀ ਅਗਵਾਈ ਕਰਨੀ ਹੈ।
-
ਬਲਵਿੰਦਰ ਸਿੰਘ ਚਾਹਲ, ਲੇਖਕ
bindachahal@gmail.com
++44 74910 73808
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.