ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿੱਥੇ ਖੜ੍ਹੇ ਹਨ ਰਾਜਨੀਤਕ ਦਲ?
ਪੰਜਾਬ ਵਿੱਚ ਚੋਣਾਂ ਨੇੜੇ ਹੋਣ ਕਰਕੇ ਰਾਜਨੀਤਕ ਸਰਗਰਮੀਆਂ ਕਾਰਨ ਮਾਹੌਲ ਕਈ ਤਰ੍ਹਾਂ ਨਾਲ ਗਰਮ ਹੈ। ਜਿੱਥੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਸੱਤਾ ਪ੍ਰਾਪਤੀ ਲਈ ਸਿਰਤੋੜ ਯਤਨ ਕਰ ਰਹੀਆਂ ਹਨ। ਉੱਥੇ ਆਪ ਦਾ ਵੀ ਪੂਰਾ ਤਾਣ ਲੱਗਾ ਹੋਇਆ ਹੈ ਕਿ 22 ਤੋਂ 82 ਦਾ ਅੰਕੜਾ ਤੈਅ ਕੀਤਾ ਜਾਵੇ। ਇਸਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਵੀ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਰਾਜਨੀਤਕ ਸਮੀਕਰਨਾਂ ਵਿੱਚ ਤੇਜੀ ਨਾਲ ਬਦਲਾਅ ਆਇਆ ਹੈ। ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਭਾਜਪਾ ਨੇ ਆਪਣੀਆਂ ਸਰਗਰਮੀਆਂ ਨੂੰ ਪੰਜਾਬ ਵਿੱਚ ਬੜੀ ਵੱਡੀ ਤਵੱਜੋ ਦੇਣੀ ਆਰੰਭ ਦਿੱਤੀ ਹੈ। ਅਕਾਲੀ ਦਲ ਬਾਦਲ ਨਾਲ ਤੋੜ ਵਿਛੋੜੇ ਤੋਂ ਬਾਅਦ ਭਾਜਪਾ ਰਾਜਨੀਤਕ ਪਿੜ ਵਿੱਚ ਧਮਾਕੇਦਾਰ ਵਾਪਸੀ ਕਰਨ ਲਈ ਕਈ ਤਰ੍ਹਾਂ ਹੱਥਕੰਡੇ ਅਪਣਾ ਰਹੀ ਸੀ। ਕਿਉਂਕਿ ਭਾਜਪਾ ਪੰਜਾਬ ਵਿੱਚ ਰਾਜਸੀ ਵਾਪਸੀ ਕਰਕੇ ਇਹ ਦਿਖਾਉਣ ਦੇ ਰਉਂ ਵਿੱਚ ਹੈ ਕਿ ਉਸ ਨਾਲ ਸਿੱਖਾਂ ਜਾਂ ਪੰਜਾਬੀਆਂ ਦਾ ਖਾਸ ਮੋਹ ਹੈ। ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਭਾਜਪਾ ਪੰਜਾਬ ਵਿੱਚ ਕਿੰਨੀ ਕੁ ਸਫਲਤਾ ਪ੍ਰਾਪਤ ਕਰਦੀ ਹੈ। ਭਾਂਵੇ ਕਿ ਭਾਜਪਾ ਨੇ ਪੰਜਾਬ ਦੇ ਕਈ ਨੇਤਾਵਾਂ ਨੂੰ ਆਪਣੇ ਕਮਲ ਦੀ ਮਹਿਕ ਸੁੰਘਾ ਕੇ ਮੰਤਰਮੁਗਧ ਕਰ ਲਿਆ ਲੱਗਦਾ ਹੈ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਗੁਰੂ ਨਾਨਕ ਜੀ ਦੇ ਗੁਰਪੁਰਬ ਵਾਲੇ ਦਿਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਕੇ ਚਾਰੋਂ ਪਾਸੇ ਅਸਚਰਜਤਾ ਫੈਲ ਗਈ। ਪਰ ਸਰਕਾਰ ਵੱਲੋਂ ਲਏ ਫੈਸਲੇ ਦਾ ਹਰ ਵਰਗ ਨੇ ਸਵਾਗਤ ਕੀਤਾ ਅਤੇ ਕਿਸਾਨ ਜਥੇਬੰਦੀਆਂ ਨੇ ਕੁਝ ਮੁੱਦਿਆਂ ਉੱਪਰ ਗੱਲਬਾਤ ਕਰਕੇ ਅੰਦੋਲਨ ਸਮਾਪਤ ਕਰ ਦਿੱਤਾ। ਅੰਦੋਲਨ ਦੇ ਚੱਲਦਿਆਂ ਹੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਸਿਆਸੀ ਮਾਹੌਲ ਗਰਮ ਹੋਣਾ ਸ਼ੁਰੂ ਹੋ ਚੁੱਕਾ ਸੀ। ਪਰ ਹੁਣ ਪੰਜਾਬ ਵਿੱਚ ਰਾਜਨੀਤਕ ਧਿਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਪਿਆ। ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਭਰਮਾਊ ਭਾਸ਼ਨਾਂ ਦੁਆਰਾ ਹਰ ਰਾਜਨੀਤਕ ਦਲ ਆਪਣੇ ਖੇਮੇ ਵਿੱਚ ਭੁਗਤਾਉਣ ਲਈ ਯਤਨਸ਼ੀਲ ਹੈ। ਲੋਕ ਕੀ ਫੈਸਲਾ ਦਿੰਦੇ ਹਨ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਰ ਇਸ ਸਭ ਦੇ ਚੱਲਦਿਆਂ ਜੋ ਗੱਲ ਸਭ ਤੋਂ ਜਿਆਦਾ ਪ੍ਰੇਸ਼ਾਨ ਕਰਨ ਵਾਲੀ ਹੈ ਉਹ ਇਹ ਹੈ ਕਿ ਪੰਜਾਬ ਕੋਲ ਕੋਈ ਅਜਿਹਾ ਰਾਜਨੀਤਕ ਚਿਹਰਾ ਨਹੀਂ ਹੈ। ਜਿਸ ਉੱਪਰ ਨਾ ਸਿਰਫ਼ ਆਮ ਲੋਕ ਹੀ ਭਰੋਸਾ ਕਰ ਸਕਣ। ਸਗੋਂ ਇਸਦੇ ਨਾਲ ਉਹ ਜਿਸ ਰਾਜਨੀਤਕ ਦਲ ਨਾਲ ਸੰਬੰਧਤ ਹੋਵੇ, ਉਸਦਾ ਆਪਣਾ ਦਲ ਵੀ ਉਸ ਪ੍ਰਤੀ ਭਰੋਸੇਯੋਗਤਾ ਰੱਖਦਾ ਹੋਵੇ। ਇਹ ਦੇਖਣਾ ਹੋਵੇਗਾ ਕਿ ਕੀ ਪੰਜਾਬ ਕੋਲ ਬੰਗਾਲ ਦੀ ਸ਼ੇਰਨੀ ਮਮਤਾ ਬੈਨਰਜੀ ਵਰਗਾ ਯੋਗ, ਦ੍ਰਿੜ ਇਰਾਦੇ ਵਾਲਾ, ਪੰਜਾਬ ਦਾ ਸੱਚਾ ਦਰਦੀ ਤੇ ਆਪਣੇ ਨਫ਼ੇ ਨੁਕਸਾਨ ਨੂੰ ਦੇਖੇ ਬਗੈਰ ਪੰਜਾਬ ਨੂੰ ਸਹੀ ਲੀਹ ਤੇ ਲਿਆਉਣ ਵਾਲਾ ਹੋਵੇ। ਜੋ ਕੇਂਦਰ ਨਾਲ ਪੰਜਾਬ ਦੇ ਹੱਕਾਂ ਨੂੰ ਲੈ ਕੇ ਸੁਹਿਰਦ ਹੋਵੇ ਅਤੇ ਪੰਜਾਬੀਅਤ ਦਾ ਅਸਲ ਨਮੂਨਾ ਪੇਸ਼ ਕਰਨ ਦੀ ਹਿੰਮਤ ਰੱਖਦਾ ਹੋਵੇ। ਜਿਸ ਚਿਹਰੇ ਦੀ ਪੰਜਾਬੀਆਂ ਨੂੰ ਕਈ ਸਾਲਾਂ ਤੋਂ ਭਾਲ ਹੈ ਉਹ ਭਾਲ ਕਦੋਂ ਪੂਰੀ ਹੁੰਦੀ ਹੈ, ਇਸ ਬਾਰੇ ਕੁਝ ਵੀ ਕਹਿਣਾ ਨਾਮੁਮਕਿਨ ਹੈ।
ਜਾਬ ਨੂੰ ਕੈਲੇਫੋਰਨੀਆਂ ਬਣਾਉਣ ਦੇ ਸੁਪਨੇ ਦਿਖਾਉਣ ਵਾਲਾ ਅਕਾਲੀ ਦਲ ਵੀ ਆਪਣਾ ਵੋਟ ਬੈਂਕ ਬਹੁਤੀ ਹੱਦ ਤੱਕ ਗੁਆਉਣ ਤੋਂ ਬਾਅਦ ਦੁਬਾਰਾ ਸੱਤਾ ਪ੍ਰਾਪਤੀ ਲਈ ਭਾਜਪਾ ਤੋਂ ਟੁੱਟ ਕੇ ਬਸਪਾ ਨਾਲ ਯਾਰੀ ਗੰਢ ਚੁੱਕਾ ਹੈ। ਪਰ ਕੀ ਅਕਾਲੀ ਦਲ ਦਲਿਤ ਵੋਟ ਪ੍ਰਾਪਤ ਕਰਦਾ ਹੈ ਜਾਂ ਨਹੀਂ ਇਹ ਸਮੇਂ ਦੇ ਗਰਭ ਵਿੱਚ ਹੈ। ਪਰ ਹਾਲਾਤ ਦੇਖਦਿਆਂ ਸਾਫ਼ ਦਿਸ ਰਿਹਾ ਹੈ ਕਿ ਅਕਾਲੀ ਦਲ ਦੀ ਤਕੜੀ ਨੂੰ ਅਜੇ ਝੰਡੀ ਵਾਲੀ ਕਾਰ ਮਿਲਦੀ ਨਸੀਬ ਨਹੀਂ ਹੋ ਰਹੀ ਹੈ। ਹਾਥੀ ਆਪਣੇ ਭਾਰੀ ਭਰਕਮ ਸਰੀਰ ਨਾਲ ਤੱਕੜੀ ਦੇ ਡਿੱਗਦੇ ਜਾ ਰਹੇ ਪੱਲੜਿਆਂ ਨੂੰ ਉੱਪਰ ਚੁੱਕਦਾ ਨਜ਼ਰ ਨਹੀਂ ਆ ਰਿਹਾ। ਭਾਂਵੇਂ ਕਿ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਹਿਟਲਰਸ਼ਾਹੀ ਕਾਰਨ ਇਸ ਦਲ ਤੋਂ ਕਿਨਾਰਾ ਕਰ ਗਏ ਸਨ। ਪਰ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਖੁੰਡੇ ਹਥਿਆਰ ਦੁਬਾਰਾ ਅਕਾਲੀ ਦਲ ਬਾਦਲ ਦੀ ਝੋਲੀ ਡਿਗਣ ਨਾਲ ਵੀ ਅਕਾਲੀ ਦਲ ਬਾਦਲ ਦਾ ਗ੍ਰਾਫ਼ ਉੱਥੇ ਹੀ ਹੈ। ਇਸਦੇ ਨਾਲ ਨਾਲ ਅਕਾਲੀ ਦਲ ਬਾਦਲ ਨੂੰ ਅੰਦਰੋ ਅੰਦਰੀ ਖਾਰ ਵੀ ਲੱਗ ਰਹੀ ਹੈ। ਜਿਸ ਦੀ ਉਦਾਹਰਨ ਬਹੁਤ ਸਾਰੇ ਆਗੂਆਂ ਦਾ ਭਾਜਪਾ ਵੱਲ ਚਲੇ ਜਾਣਾ ਹੈ।
ਕਾਂਗਰਸ ਦੀ ਗੱਲ ਕਰੀਏ ਤਾਂ ਇਸ ਪਾਰਟੀ ਨੇ ਬੀਤੇ ਦੋ ਕੁ ਮਹੀਨੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਤੋਂ ਪਹਿਲਾਂ ਸੁਨੀਲ ਜਾਖੜ ਕੋਲੋਂ ਪ੍ਰਦੇਸ਼ ਪ੍ਰਧਾਨਗੀ ਲੈ ਕੇ ਨਵਜੋਤ ਸਿੱਧੂ ਨੂੰ ਕਮਾਨ ਸੰਭਾਲੀ। ਫਿਰ ਕੈਪਟਨ ਸਾਬ੍ਹ ਨੂੰ ਪਰੇ੍ਹ ਕੀਤਾ ਤੇ ਦਲਿਤ ਵੋਟ ਨੂੰ ਪ੍ਰਭਾਵਿਤ ਕਰਨ ਖਾਤਿਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਨਵਾਂ ਨਕੋਰ ਚਿਹਰਾ ਮੂਹਰੇ ਲਿਆਂਦਾ। ਕਾਂਗਰਸ ਸੋਚ ਰਹੀ ਹੈ ਸ਼ਾਇਦ ਚੰਨੀ ਵਾਲਾ ਪੱਤਾ ਕਾਂਗਰਸ ਦੀ ਹਰਦੀ ਜਾ ਰਹੀ ਬਾਜ਼ੀ ਨੂੰ ਹੁਕਮ ਦੇ ਯੱਕੇ ਵਾਂਗ ਆਖਰੀ ਵਾਰੀ ਵਿੱਚ ਜਿਤਾ ਦੇਵੇ। ਪਰ ਲੋਕ ਨਵਜੋਤ ਸਿੱਧੂ ਤੇ ਚੰਨੀ ਬਾਰੇ ਕੀ ਸੋਚਦੇ ਹਨ, ਕੀ ਪ੍ਰਤੀਕਰਮ ਦਿੰਦੇ ਹਨ। ਇਹ ਚੋਣਾਂ ਦੇ ਨਤੀਜੇ ਹੀ ਦੱਸਣਗੇ। ਹੁਣ ਤੱਕ ਚੰਨੀ ਸਰਕਾਰ ਵੱਲੋਂ ਨਿੱਤ ਨਵੇਂ ਐਲਾਨ ਤੇ ਨਵੀਆਂ ਯੋਜਨਾਵਾਂ ਦਾ ਆਗਾਜ਼ ਪੰਜਾਬੀਆਂ ਦਾ ਦਿਲ ਜਿੱਤਦਾ ਹੈ ਜਾਂ ਫਿਰ ਪੰਜਾਬੀ ਕੈਪਟਨ ਸਰਕਾਰ ਦੀ ਸਾਢੇ ਚਾਰ ਸਾਲ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਕੀ ਫੈਸਲੇ ਦਿੰਦੇ ਹਨ, ਇਹ ਵੀ ਦੇਖਣ ਵਾਲੀ ਗੱਲ ਹੈ।
ਆਪ ਵੱਲ ਦੇਖੀਏ ਤਾਂ ਆਪ ਨੇ ਪਿਛਲੀਆਂ ਚੋਣਾਂ ਵਿੱਚ ਪਹਿਲੀ ਵਾਰ ਹੀ ਧਮਾਕਾ ਕਰਕੇ ਵਿਰੋਧੀ ਧਿਰ ਦਾ ਦਰਜਾ ਹਾਸਲ ਕਰ ਲਿਆ ਸੀ। ਬਹੁਤ ਸਾਰੇ ਲੋਕ ਇਹ ਕਹਿ ਰਹੇ ਸਨ ਕਿ ਜੇਕਰ ਆਪ ਨੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਲਿਆਂਦਾ ਹੁੰਦਾ ਤਾਂ ਸ਼ਾਇਦ ਚੋਣ ਨਤੀਜੇ ਹੋਰ ਵੀ ਆਪ ਦੇ ਹੱਕ ਵਿੱਚ ਹੋਣੇ ਸਨ। ਪਰ ਇਸ ਵਾਰ ਵੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਨਾਂ ਐਲਾਨ ਨਹੀਂ ਕਰ ਰਹੇ ਹਨ। ਇਸਦੇ ਇਲਾਵਾ ਆਪ ਵਿੱਚੋਂ ਬਹੁਤ ਸਾਰੇ ਵੱਡੇ ਆਗੂ ਕਿਨਾਰਾ ਕਰ ਗਏ ਹਨ ਜਾਂ ਕੁਝ ਨੂੰ ਪਾਸੇ ਕਰ ਦਿੱਤਾ ਗਿਆ ਹੈ। ਪਟਿਆਲਾ ਤੋਂ ਡਾ ਧਰਮਵੀਰ ਗਾਂਧੀ, ਗੁਰਦਾਸਪੁਰ ਤੋਂ ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਖਹਿਰਾ, ਗੁਰਪ੍ਰੀਤ ਘੁੱਗੀ ਤੇ ਹੋਰ ਅਨੇਕਾਂ ਚਰਚਿਤ ਨਾਂ ਹਨ ਜੋ ਆਪ ਦੇ ਝਾੜੂ ਨੂੰ ਛੱਡ ਕੇ ਕਿਤੇ ਹੋਰ ਸਫਾਈ ਕਰਨ ਕਰਾਉਣ ਦੇ ਚੱਕਰ ਵਿੱਚ ਹਨ। ਕੇਜਰੀਵਾਲ ਨੇ ਪੰਜਾਬ ਵਿੱਚ ਸਿੱਖਿਆ, ਸਿਹਤ ਅਤੇ ਔਰਤਾਂ ਨੂੰ ਮੁੱਖ ਰੱਖ ਕੇ ਕੁਝ ਧਮਾਕੇਦਾਰ ਐਲਾਨ ਵੀ ਕੀਤੇ ਹਨ। ਉਹ ਵਾਰ ਵਾਰ ਪੰਜਾਬ ਫੇਰੀ ਤੇ ਆ ਰਹੇ ਹਨ। ਚੰਡੀਗੜ੍ਹ ਮਿਊਂਸਪਲ ਦੀਆਂ ਚੋਣਾਂ ਨੇ ਆਪ ਵਿੱਚ ਨਵੀਂ ਰੂਹ ਫੂਕੀ ਹੈ ਅਤੇ ਭਾਜਪਾ ਦਾ ਭਰਮ ਟੁੱਟਾ ਹੈ। ਪਰ ਚੰਡੀਗੜ੍ਹ ਚੋਣ ਨਤੀਜਿਆਂ ਨੂੰ ਪੰਜਾਬ ਨਾਲ ਜੋੜ ਕੇ ਵੇਖਣਾ ਬਹੁਤੀ ਸਿਆਣਪ ਨਹੀਂ ਹੋਵੇਗੀ। ਕਿਉਂਕਿ ਚੰਡੀਗੜ੍ਹ ਦੇ ਵੋਟਰ ਅਤੇ ਪੰਜਾਬ ਦੇ ਵੋਟਰ ਵਿੱਚ ਹਾਲਾਤ ਅਤੇ ਸੋਚਣ ਦੇ ਢੰਗ ਵਿੱਚ ਬਹੁਤ ਵੱਡਾ ਅੰਤਰ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚਾ ਨੇ ਜਦੋਂ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਉਦੋਂ ਤੋਂ ਰਵਾਇਤੀ ਦਲਾਂ ਵਿੱਚ ਖਲਬਲੀ ਮਚੀ ਪਈ ਹੈ। ਪਰ ਕੀ ਮੋਰਚਾ ਲੋਕਾਂ ਦਾ ਸਮਰਥਨ ਉਵੇਂ ਪ੍ਰਾਪਤ ਕਰਦਾ ਹੈ ਜਿਵੇਂ ਕਿਸਾਨ ਅੰਦੋਲਨ ਵਿੱਚ ਮਿਲਿਆ ਸੀ। ਦੂਸਰੀ ਗੱਲ ਇਹ ਧਿਆਨ ਮੰਗਦੀ ਹੈ ਕਿ ਹਰ ਪਾਰਟੀ ਦਾ ਆਪਣਾ ਵੋਟ ਕੇਡਰ ਹੈ। ਹਰ ਪਾਰਟੀ ਕੋਲ ਅਜਿਹੇ ਵੋਟਰ ਹੁੰਦੇ ਹਨ ਜੋ ਸਿਰਫ਼ ਪਾਰਟੀ ਨੂੰ ਵੋਟ ਪਾਉਂਦੇ ਹਨ। ਇਸ ਕਰਕੇ ਸੰਯੁਕਤ ਸਮਾਜ ਮੋਰਚਾ ਕਿਸ ਕਿਸ ਪਾਰਟੀ ਦੀ ਵੋਟ ਆਪਣੇ ਹੱਕ ਵਿੱਚ ਕਰਦਾ ਹੈ ਇਹ ਵੀ ਸਮਾਂ ਹੀ ਦੱਸੇਗਾ। ਹੋ ਸਕਦਾ ਹੈ ਕਿਸਾਨ ਵੋਟ ਮੋਰਚੇ ਨੂੰ ਪੈ ਜਾਵੇ ਪਰ ਕੀ ਮੋਰਚਾ ਇੰਨੇ ਥੋੜੇ ਸਮੇਂ ਵਿੱਚ ਆਪਣੀ ਚੋਣ ਮੁਹਿੰਮ ਚਲਾ ਸਕੇਗਾ? ਭਾਂਵੇਂ ਕਿ ਕਿਸਾਨ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮਜਬੂਤ ਅਤੇ ਦ੍ਰਿੜ ਸਰਕਾਰ ਨੂੰ ਵੱਡੀ ਟੱਕਰ ਦਿੱਤੀ ਹੈ। ਪਰ ਪੰਜਾਬ ਚੋਣਾਂ ਸਮੇਂ ਹਾਲਾਤ ਅਤੇ ਸਮੀਕਰਨ ਵੱਖ ਹੋਣਗੇ। ਲੋਕਾਂ ਦਾ ਨਜ਼ਰੀਆ ਵੱਖ ਹੋਵੇਗਾ ਜਿਸਦਾ ਸਾਹਮਣਾ ਮੋਰਚੇ ਨੂੰ ਕਰਨਾ ਹੋਵੇਗਾ। ਕਿਸਾਨ ਜਥੇਬੰਦੀਆਂ ਜਿੰਨਾ ਚਿਰ ਅੰਦੋਲਨ ਕਰ ਰਹੀਆਂ ਸਨ ਉਦੋਂ ਉਹਨਾਂ ਨੇ ਰਾਜਨੀਤਕਾਂ ਤੋਂ ਦੂਰੀ ਬਣਾਈ ਰੱਖੀ ਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਪ੍ਰਭਾਵਸ਼ਾਲੀ ਰਿਹਾ। ਹੁਣ ਜਦੋਂ ਇਹ ਜਥੇਬੰਦੀਆਂ ਆਪ ਸਿਆਸਤ ਵਿੱਚ ਕੁੱਦ ਪਈਆਂ ਹਨ ਤਾਂ ਲੋਕਾਂ ਕਿਸ ਤਰ੍ਹਾਂ ਪ੍ਰਤੀਕਰਮ ਦਿੰਦੇ ਹਨ ਇਹ ਦੇ ਜਵਾਬ ਲਈ ਸਾਨੂੰ ਚੋਣ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਵੇਗਾ।
ਖੱਬੇ ਪੱਖੀਆਂ ਅਤੇ ਅਕਾਲੀ ਦਲ ਮਾਨ ਦਾ ਕਿਸੇ ਧਰਾਤਲ ਉੱਪਰ ਕੋਈ ਵਜੂਦ ਨਜ਼ਰ ਨਹੀਂ ਆ ਰਿਹਾ ਹੈ। ਇਸ ਕਰਕੇ ਇਹ ਆ ਰਹੀਆਂ ਚੋਣਾਂ ਉੱਪਰ ਕਿਸੇ ਤਰ੍ਹਾਂ ਦਾ ਅਸਰ ਨਹੀਂ ਪਾਉਣਗੇ। ਕਿਸੇ ਸਮੇਂ ਖੱਬੇ ਪੱਖੀਆਂ ਦਾ ਪੰਜਾਬ ਵਿੱਚ ਵੱਡਾ ਵੋਟ ਬੈਂਕ ਸੀ, ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਇਸੇ ਤਰ੍ਹਾਂ ਹੀ ਸਿਮਰਨਜੀਤ ਸਿੰਘ ਵੀ ਇੱਕ ਸਮੇਂ ਵੱਡੇ ਸਿੱਖ ਆਗੂ ਵਜੋਂ ਉੱਭਰੇ ਸਨ। ਪਰ ਹੌਲੀ ਹੌਲੀ ਉਹਨਾਂ ਨੇ ਪੰਜਾਬੀਆਂ ਵਿੱਚ ਆਪਣੀ ਸਾਖ਼ ਨੂੰ ਧੁੰਦਲਾ ਪਾ ਲਿਆ ਤੇ ਸਿਮਟ ਕੇ ਰਹਿ ਗਏ ਹਨ। ਹੋਰ ਵੀ ਕਈ ਅਜਿਹੇ ਆਗੂ ਹਨ ਜਿਹਨਾਂ ਨੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ। ਪਰ ਸਦੀਵੀ ਇਸ ਰਾਜ ਨੂੰ ਕਾਇਮ ਨਾ ਰੱਖ ਸਕੇ। ਜਿਹਨਾਂ ਵਿੱਚ ਜਗਮੀਤ ਸਿੰਘ ਬਰਾੜ ਦਾ ਨਾਂ ਸਭ ਤੋਂ ਮੂਹਰਲੀਆਂ ਸਫ਼ਾਂ ਵਿੱਚ ਆਉਂਦਾ ਹੈ।
ਅਖੀਰ ਵਿੱਚ ਆਪਾਂ ਗੱਲ ਕਰਦੇ ਹਾਂ ਭਾਜਪਾ ਦੀ ਅਜੋਕੀ ਚੋਣ ਮੁਹਿੰਮ ਦੀ, ਖਾਸ ਕਰਕੇ ਪੰਜਾਬ ਵਿੱਚ ਭਾਜਪਾ ਬੜੀ ਤੇਜੀ ਨਾਲ ਪੈਰ ਪਸਾਰ ਰਹੀ ਹੈ। ਭਾਜਪਾ ਪੰਜਾਬ ਦੇ ਇੱਕ ਦੋ ਨਹੀਂ ਸਗੋਂ ਬਹੁਤ ਸਾਰੇ ਨੇਤਾਵਾਂ ਨੂੰ ਆਪਣੇ ਨਾਲ ਰਲਾਉਣ ਵਿੱਚ ਕਾਮਯਾਬ ਵੀ ਹੋਈ ਹੈ ਅਤੇ ਨਿਤ ਦਿਨ ਭਾਜਪਾ ਵਿੱਚ ਜਾਣ ਵਾਲਿਆਂ ਦੇ ਨਵੇਂ ਨਵੇਂ ਨਾਂ ਸਾਹਮਣੇ ਆ ਰਹੇ ਹਨ। ਪਰ ਕੀ ਭਾਜਪਾ ਇਹਨਾਂ ਆਸਰੇ ਪੰਜਾਬ ਚੋਣਾਂ ਜਿੱਤਦੀ ਹੈ ਜਾਂ ਨਹੀਂ ਇਹ ਕਹਿਣਾ ਮੁਸ਼ਕਿਲ ਹੈ। ਪਰ ਕੁਝ ਹੱਦ ਤੱਕ ਚੋਣ ਨਤੀਜਿਆਂ ਤੇ ਅਸਰ ਜਰੂਰ ਪਾਵੇਗੀ। ਭਾਜਪਾ ਵਿੱਚ ਜਾਣ ਵਾਲੇ ਲੋਕ ਇਹ ਕਹਿ ਕੇ ਸਫਾਈ ਦੇ ਰਹੇ ਹਨ ਕਿ ਕੇਂਦਰ ਸਰਕਾਰ ਨਾਲ ਸਾਂਝ ਪਾ ਕੇ ਪੰਜਾਬ ਦੇ ਮਸਲੇ ਹੱਲ ਕਰਵਾਉਣੇ ਆਸਾਨ ਹਨ। ਪਰ ਕੋਈ ਪੁੱਛੇ ਕਿ ਅਕਾਲੀ ਦਲ ਬਾਦਲ ਨੇ ਕਈ ਸਾਲ ਭਾਜਪਾ ਨਾਲ ਸਾਂਝ ਪੁਗਾਈ ਹੈ। ਦੋਵਾਂ ਦੀਆਂ ਸਰਕਾਰਾਂ ਵੀ ਕੇਂਦਰ ਤੇ ਪੰਜਾਬ ਵਿੱਚ ਰਹੀਆਂ ਹਨ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਹੁਣ ਕਿਹੜਾ ਕੱਦੂ ਵਿੱਚ ਤੀਰ ਮਾਰ ਲਉਗੇ। ਜਿਸ ਭਾਜਪਾ ਨੇ ਪ੍ਰਕਾਸ਼ ਸਿੰਘ ਬਾਦਲ ਜਿਹੇ ਰਾਜਨੀਤੀ ਦੇ ਭੀਸ਼ਮ ਪਿਤਾਮਾ ਨੂੰ ਵੀ ਲੋੜੋਂ ਵੱਧ ਤਰਜੀਹ ਨਹੀਂ ਦਿੱਤੀ। ਉਹ ਤੁਹਾਡੇ ਜਿਹੇ ਦਲ ਬਦਲੂਆਂ ਦੇ ਪੱਲੇ ਕੀ ਪਾਉਣਗੇ। ਇਸਦਾ ਜਵਾਬ ਸਮਾਂ ਦੇਵੇਗਾ।
ਪੰਜਾਬ ਦੇ ਸਿਆਸੀ ਆਗੂਆਂ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਪ੍ਰੋ ਗੁਰਭਜਨ ਗਿੱਲ ਦਾ ਇੱਕ ਸ਼ੇਅਰ ਯਾਦ ਆਉਂਦਾ ਹੈ ਕਿ ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ। ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।
-
ਬਲਵਿੰਦਰ ਸਿੰਘ ਚਾਹਲ, ਲੇਖਕ
bindachahal@gmail.com
0044 74 910 73808
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.