ਇਹ ਫੋਟੋ ਮੇਰੇ ਮਸੇਰ ਦਿਆਲ ਦੇ ਵਿਆਹ ਵੇਲੇ ਦੀ ਹੈ। ਮੇਰਾ ਨਾਨਾ ਤੇ ਮੇਰਾ ਮਸੇਰ, ਦਿਆਲ ਤੋਂ ਛੋਟਾ ਦੀਪਾ, ਬਰਾਤ ਵਿਚ ਖਾਣਾ ਖਾ ਰਹੇ ਹਨ। ਕਿੰਨੀ ਸਾਦੀ ਤਸਵੀਰ ਹੈ, ਸਾਦੇ ਸਮਿਆਂ ਵਿੱਚ ਖਿੱਚੀ ਹੋਈ ਹੈ। ਸਾਦੇ ਲੋਕ ਸਨ। ਸਾਦੇ ਖਾਣੇ ਬਾਣੇ ਤੇ ਸਾਦੇ ਰਹਿਣੇ ਸਹਿਣੇ ਸਨ।
ਅੱਜ ਕਲ ਦੀਪਾ ਮੋਗੇ ਵਸਦਾ ਹੈ। ਨਾਨਾ ਜੀ ਰੱਬ ਕੋਲ ਜਾ ਵੱਸੇ ਸਨ। ਇਹ ਤਸਵੀਰ ਦੇਖਦਿਆਂ ਮੈਨੂੰ ਆਪਣਾ ਬਚਪਨ, ਬੀਤੇ ਵੇਲੇ, ਨਾਨਾ ਨਾਨੀ,ਮਾਮੇ ਮਾਮੀਆਂ, ਤਾਏ ਚਾਚੇ, ਭੂਆ ਫੁੱਫੜ ਤੇ ਕਈ ਕੁਛ ਚੇਤੇ ਆਇਆ ਹੈ।
ਮੇਰਾ ਨਾਨਾ ਲੰਮੇ ਕੱਦ ਤੇ ਪਤਲੇ ਸਰੀਰ ਵਾਲਾ ਸੀ। ਫੁਰਤੀਲਾ ਸਿਰੇ ਦਾ, ਤੇਜ ਤੇਜ ਤੁਰਦਾ। ਖੇਤੀ ਉਹਨੇ ਖੂਬ ਕੀਤੀ। ਮੈਂ ਉਹਦੇ ਪਿਛੇ ਪਿਛੇ ਭਜਦਾ ਥੱਕ ਜਾਂਦਾ, ਉਹ ਪੱਠਿਆਂ ਦੀ ਭਰੀ ਸਿਰ ਉਤੇ ਰੱਖੀ, ਕੱਚੇ ਪਹੇ ਉਤੇ ਪਿੰਡ ਨੂੰ ਦੌੜਿਆ ਜਾਂਦਾ। ਮੈਂ ਨਿਆਣਾ ਮਗਰ ਭਜਦਾ ਹਫ ਜਾਂਦਾ, ਉਸਨੇ ਭਰੀ ਦੇ ਭਾਰ ਨਾਲ ਧੌਣ ਘੁਮਾਉਣੀ ਤੇ ਆਵਾਜ ਮਾਰਨੀ, "ਓ ਦੋਹਤਰਿਆ, ਭਿਆਂ ਤੇਰੀ ਓਏ, ਦਾਦੇ ਮਘਾਉਣਿਆ! ਭੱਜ ਭੱਜ ਨਾਨੇ ਦੇ ਬਰੋਬਰ ਉਏ, ਆਜਾ ਮੇਰਾ ਸ਼ੇਰ ਭਜਕੇ।"
ਨਾਨਾ ਕਸ਼ਮੀਰ ਚੰਦ ਸੱਭਰਵਾਲ ਹਵਾ ਦਾ ਬੁੱਲਾ ਸੀ। ਨਾਨੇ ਨੇ ਸਾਡੇ ਪਿੰਡ ਆਉਣਾ, ਚਾਅ ਚੁੱਕਿਆ ਨਾ ਜਾਣਾ। ਮੇਰੇ ਮਸੇਰਾਂ ਨੇ ਕਹਿਣਾ ਕਿ ਸਾਡੇ ਘਰੇ ਰਹੂਗਾ ਅਜ ਨਾਨਾ, ਮੈਂ ਤੇ ਛੋਟੇ ਭਰਾ ਸ਼ਿੰਦਰ ਨੇ ਰੌਲਾ ਪਾਉਣਾ ਕਿ ਨਹੀਂ, ਸਾਡੇ ਘਰੇ ਰਹੂਗਾ ਅਜ ਨਾਨਾ। ਬੜਾ ਜਿਦਣਾ ਅਸੀਂ। ਏਨਾ ਪਿਆਰ ਤੇ ਮੋਹ ਤਿਹੁ ਕਿਥੋਂ ਲਭੀਏ ਹੁਣ?
ਮਾਸੀ ਕਾ ਘਰ ਜਮਾਂ ਨਾਲ ਸੀ ਸਾਡੇ। ਨਾਨਾ ਦੋ ਦਿਨ ਜਰੂਰ ਰਹਿੰਦਾ ਸੀ, ਇਕ ਦਿਨ ਵੱਡੀ ਧੀ ਦੇ ਘਰ, ਦੂਜਾ ਦਿਨ ਛੋਟੀ ਧੀ ਦੇ ਘਰ। ਜਮਾਈਆਂ ਨਾਲ ਬਹਿਕੇ ਘੁਟ ਘੁਟ ਲਾ ਵੀ ਲੈਂਦਾ ਤੇ ਕਈ ਵਾਰ ਮੁਰਗਾ ਵੀ ਆਪੇ ਹੀ ਧਰਦਾ ਨਿੰਮੀ ਨਿੰਮੀ ਪਾਥੀਆਂ ਦੀ ਅੱਗ ਉਤੇ। ਉਦੋਂ ਖੁੱਲੇ ਦਿਲ ਸਨ। ਖੁੱਲੇ ਸਮੇਂ ਸਨ। ਖੁੱਲੇ ਵਿਹੜੇ ਤੇ ਖੁੱਲੇ ਖੇਤ ਸਨ। ਨਾਨਾ ਸਾਡੇ ਖੇਤਾਂ ਵਿਚ ਵੀ ਗੇੜਾ ਮਾਰਦਾ ਤੇ ਖੁਸ਼ੀ ਜਾਹਰ ਕਰਦਾ ਕਿ ਧੀਆਂ ਦੇ ਖੇਤ ਹਰੇ ਭਰੇ ਨੇ।
ਮੈਨੂੰ ਯਾਦ ਹੈ, ਮੇਰੀ ਮਾਂ ਨਾਨਕਿਓਂ ਆਈ। ਬੜੀ ਉਦਾਸ। ਮੈਂ ਵਕੀਲ ਦਾ ਮੁਣਸ਼ੀ ਹੁੰਦਾ ਸੀ ਉਦੋਂ। ਕਚਹਿਰੀਓਂ ਆਇਆ। ਸਾਈਕਲ ਕੰਧ ਨਾਲ ਲਾਇਆ। ਮਾਂ ਚੌਂਕੇ 'ਚ ਬੈਠੀ ਚਟਣੀ ਰਗੜੀ ਜਾਵੇ। ਬੋਲੀ ਨਹੀਂ। ਮੈਂ ਕੰਧੋਲੀ ਉਤੋਂ ਗੜਵੀ ਚੁਕ ਕੇ ਘੜੇ ਵਿਚ ਡੋਬੀ। ਓਕ ਲਾਕੇ ਪਾਣੀ ਪੀਤਾ। ਮਾਂ ਭਰੇ ਗਲੇ ਨਾਲ ਬੋਲੀ, " ਤੇਰੇ ਨਾਨੇ ਦੇ ਗਲੇ 'ਚ ਚੰਦਰੀ ਬਿਮਾਰੀ ਹੋਗੀ ਪੁੱਤ।" ਮੈਨੂੰ ਉਦੋਂ ਚੰਦਰੀ ਬਿਮਾਰੀ ਦੇ ਅਰਥਾਂ ਦਾ ਪਤਾ ਨਹੀਂ ਸੀ। ਉਸ ਆਥਣ, ਸਾਡੇ ਘਰੇ ਬੇਹੱਦ ਉਦਾਸੀ ਸੀ। ਖੈਰ। ਔਖਾ ਸੌਖਾ ਹੋ ਕੇ ਨਾਨਾ ਮਿਲਣ ਆਇਆ। ਉਹਦੀ ਧੀਆਂ ਘਰੇ ਇਹ ਆਖਰੀ ਫੇਰੀ ਸੀ। ਉਹਨੇ ਗਲ ਉਤੇ ਪਰਨਾ ਲਪੇਟਿਆ ਹੋਇਆ ਸੀ। ਗਲ ਉਤੇ ਫੋੜੇ ਵਿਚੋਂ ਪਾਣੀ ਸਿੰਮਦਾ ਸੀ। ਬੜਾ ਔਖਾ ਸੀ। ਇਕ ਦੋ ਦਿਨ ਰਹਿ ਕੇ ਮੁੜ ਗਿਆ। ਤੇ ਮੁੜ ਨਾ ਆਇਆ ਨਾਨਾ। ਮੁੜ ਕਦੀ ਵੀ ਨਾ ਆਇਆ ਨਾਨਾ!
ਬਸ, ਯਾਦਾਂ ਹੀ ਬਾਕੀ ਨੇ ਨਾਨੇ ਦੀਆਂ!
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.