ਪੰਜਾਬੀ ਸਾਹਿਤ ਦੇ ਮਹਾਨ ਵਿਦਵਾਨ ਡਾ ਕਰਨੈਲ ਸਿੰਘ ਥਿੰਦ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਚੜ੍ਹਾਈ ਕਰ ਗਏ ਹਨ। ਆਪ ਜੀ 93 ਵਰ੍ਹਿਆਂ ਦੇ ਸਨ ਅਤੇ ਇਸ ਸਮੇਂ ਆਪਣੇ ਸਪੁੱਤਰ
ਰਾਜਬੀਰ ਸਿੰਘ ਥਿੰਦ ਕੋਲ ਕੈਨੇਡਾ ਵਿਖੇ ਰਹਿ ਰਹੇ ਸਨ। ਸਪੁੱਤਰ ਅਤੇ ਨੂੰਹ ਤੋਂ ਇਲਾਵਾ, ਆਪ ਜੀ ਦੀਆਂ ਦੋ ਧੀਆਂ ਅਤੇ ਜਵਾਈ ਇਸ ਸਮੇਂ ਇੰਡੀਆ ਵਿਚ ਹਨ। ਪਰਿਵਾਰਕ ਸੂਤਰਾਂ ਅਨੁਸਾਰ ਡਾ. ਸਾਹਿਬ ਸਿਹਤ ਪੱਖੋਂ ਚੜ੍ਹਦੀ ਕਲਾ ਵਿੱਚ ਸਨ ਅਤੇ ਬੀਤੀ ਰਾਤ ਆਰਾਮ ਨਾਲ ਸੁੱਤੇ, ਪਰ ਸਵੇਰੇ ਸ਼ਾਂਤਮਈ ਢੰਗ ਨਾਲ ਸਵਾਸ ਤਿਆਗ ਗਏ। ਡਾ ਕਰਨੈਲ ਸਿੰਘ ਥਿੰਦ ਦੇ ਵਿਛੋੜੇ 'ਤੇ ਸੋਗਮਈ ਇਜ਼ਹਾਰ ਕਰਦਿਆਂ ਸਾਊਥ ਏਸ਼ੀਅਨ ਰੀਵਿਊ ਦੇ ਸਮੂਹ ਮੈਂਬਰਾਂ, ਜਿਨ੍ਹਾਂ ਵੱਲੋਂ ਵੱਖ -ਵੱਖ ਸਮੇਂ 'ਤੇ ਕੀਤੀਆਂ ਗਈਆਂ ਤਿੰਨ ਵਿਸ਼ਵ ਕਾਨਫਰੰਸਾਂ ਦੀ ਪ੍ਰਧਾਨਗੀ ਡਾ ਕਰਨੈਲ ਸਿੰਘ ਥਿੰਦ ਹੁਰਾਂ ਕੀਤੀ ਸੀ, ਕਿਹਾ ਹੈ ਕਿ ਡਾ ਸਾਹਿਬ ਦਾ ਵਿਛੋੜਾ ਪੰਜਾਬੀ ਸਾਹਿਤ ਜਗਤ ਲਈ ਵੱਡਾ ਘਾਟਾ ਹੈ। ਭੁਪਿੰਦਰ ਸਿੰਘ ਮੱਲ੍ਹੀ, ਸੁੱਚਾ ਸਿੰਘ ਦੀਪਕ, ਸੈਂਡਰਾ ਸਮਿੱਥ, ਡਾ ਜਸਪਾਲ ਸਿੰਘ ਸਮੇਤ 'ਜੀਵੇ ਪੰਜਾਬ ਅਦਬੀ ਸੰਗਤ' ਅਤੇ 'ਵਿਰਾਸਤ ਫਾਉਂਡੇਸ਼ਨ', 'ਸਾਊਥ ਏਸ਼ੀਅਨ ਰੀਵਿਊ' ਤੋਂ ਇਲਾਵਾ 'ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿ. ਐਬਟਸਫੋਰਡ ਵੱਲੋਂ ਡਾ ਸਾਹਿਬ ਦੀ ਸਾਹਿਤਕ ਦੇਣ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ।
ਡਾ ਸਾਹਿਬ ਦੀ ਸਾਹਿਤਕ ਦੇਣ ਅਤੇ ਸ਼ਖ਼ਸੀਅਤ ਪ੍ਰਤੀ ਸਤਿਕਾਰ ਵਜੋਂ ਇਹਨਾਂ ਸਭਨਾਂ ਨੇ ਵਿਚਾਰ ਕੀਤਾ ਹੈ ਕਿ ਭਵਿੱਖ ਵਿਚ "ਡਾ ਕਰਨੈਲ ਸਿੰਘ ਥਿੰਦ ਸਮ੍ਰਿਤੀ ਗ੍ਰੰਥ" ਪ੍ਰਕਾਸ਼ਤ ਕਰਕੇ, ਡਾ ਸਾਹਿਬ ਦੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਡਾ ਕਰਨੈਲ ਸਿੰਘ ਥਿੰਦ ਜੀਵਨ ਪੰਧ 'ਤੇ ਝਾਤੀ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਆਪ ਦਾ ਜਨਮ ਸਾਂਝੇ ਪੰਜਾਬ ਦੇ ਜਿਲ੍ਹਾ ਲਾਇਲਪੁਰ, ਹੁਣ ਪਾਕਿਸਤਾਨ, ਵਿੱਚ ਮਾਤਾ ਅਨੰਦ ਕੌਰ ਅਤੇ ਪਿਤਾ ਭਾਨ ਸਿੰਘ ਦੇ ਘਰ 12 ਜਨਵਰੀ 1929 ਨੂੰ ਹੋਇਆ । ਆਪ ਦਾ ਵਿਆਹ ਬੀਬੀ ਬਲਵੰਤ ਕੌਰ ਨਾਲ ਹੋਇਆ। ਡਾ. ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਵਿੱਚ ਪ੍ਰੋਫੈਸਰ ਅਤੇ ਪੰਜਾਬੀ ਇਤਿਹਾਸ, ਸਾਹਿਤ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਰਹੇ ਅਤੇ ਮਗਰੋਂ ਯੂਨੀਵਰਸਿਟੀ ਵਿੱਚ ਰਜਿਸਟਰਾਰ ਦੇ ਤੌਰ 'ਤੇ ਨਿਯੁਕਤ ਹੋਏ। ਡਾ. ਥਿੰਦ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਮੁਖੀ ਵੀ ਰਹੇ। 1972-1976 ਤੱਕ ਡਾ. ਥਿੰਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੰਜਾਬੀ ਸਟੱਡੀਜ਼ ਦੇ ਬੋਰਡ ਦੇ ਕਨਵੀਨਰ ਅਤੇ 1977-1978 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਿੰਡੀਕੇਟ ਦੇ ਮੈਂਬਰ ਰਹੇ।
ਡਾ. ਥਿੰਦ ਚਾਹੇ ਪੰਜਾਬੀ ਸਾਹਿਤ ਦੇ ਹਰ ਪਹਿਲੂ ਦੇ ਗਿਆਤਾ ਸਨ, ਪਰ ਆਪ ਦਾ ਮੁੱਖ ਖੇਤਰ ਪੰਜਾਬੀ ਭਾਸ਼ਾ, ਪੰਜਾਬੀ ਦਾ ਲੋਕਯਾਨ ਤੇ ਸਭਿਆਚਾਰ ਰਿਹਾ। ਡਾ. ਕਰਨੈਲ ਸਿੰਘ ਥਿੰਦ ਪੰਜਾਬੀ ਲੋਕਧਾਰਾ, ਸਾਹਿਤ ਅਤੇ ਸੱਭਿਆਚਾਰ ਦੇ ਟਕਸਾਲੀ ਵਿਦਵਾਨ ਸਨ। ਲੋਕਧਾਰਾ ਦੇ ਮਹਾਨ ਲਿਖਾਰੀ ਡਾ ਸੋਹਿੰਦਰ ਸਿੰਘ ਵਣਜਾਰਾ ਬੇਦੀ ਤੋਂ ਇਲਾਵਾ ਡਾ ਕਰਨੈੈੈਲ ਸਿੰਘ ਥਿੰਦ ਹੀ ਅਜਿਹੇ ਵਿਦਵਾਨ ਹਨ ਹਨ, ਜਿਹਨਾਂ ਨੇ ਸਭ ਤੋਂ ਵਧੇਰੇ ਪੰੰਜਾਬੀ ਲੋਕਧਾਰਾ ਉਪਰ ਕੰਮ ਸ਼ੁਰੂ ਕੀਤਾ ਅਤੇ ਉਸ ਨੂੰ ਅੱੱਗੇ ਤੋਰਿਆ। 'ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ (1973)'- ਡਾ ਕਰਨੈਲ ਸਿੰਘ ਥਿੰਦ ਦੇ ਪੀ ਐੱਚ ਡੀ ਸ਼ੋਧ ਪ੍ਰਬੰਧ ਦਾ ਪੁਸਤਕ ਰੂਪ ਹੈ, ਜਿਸਦਾ ਅਸਲੀ ਸਿਰਲੇਖ 'ਲੋਕਯਾਨ ਤੇ ਪੰਜਾਬੀ ਸਾਹਿਤ ਦਾ ਪ੍ਰਭਾਵ 1500 ਤੋਂ 1800 ਈ. ਸੀ। ਇਸ ਵਿੱਚ ਸੋਲ੍ਹਵੀਂ ਸਦੀ ਤੋਂ ਅਠਾਰ੍ਹਵੀਂ ਸਦੀ ਤੱਕ ਉਪਲਬਧ ਪੰਜਾਬੀ ਸਾਹਿਤ ਦਾ ਲੋਕਯਾਨਿਕ ਅਧਿਐਨ ਪ੍ਰਸਤੁਤ ਕਰਨ ਦਾ ਯਤਨ ਕੀਤਾ ਗਿਆ। ਡਾ. ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਨੂੰ 'ਲੋਕਯਾਨ' ਦਾ ਨਾਂ ਦੇ ਕੇ, 'ਫੋਕਲੋਰ' ਦੀ ਭਾਵਨਾ ਨੂੰ ਵਿਅਕਤ ਕਰਨ ਵਾਲਾ ਠੀਕ ਸ਼ਬਦ ਪ੍ਰਵਾਨ ਕੀਤਾ।
ਡਾ. ਥਿੰਦ ਲੋਕਧਾਰਾ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੰਦੇ ਹਨ : "ਪਰੰਪਰਾਗਤ ਰੂਪ ਵਿੱਚ ਪ੍ਰਾਪਤ ਲੋਕ ਸਾਹਿਤ ਸੰਸਕ੍ਰਿਤੀ ਦੇ ਅੰਸ਼ਾ ਅਤੇ ਪ੍ਰਾਚੀਨ ਸਭਿਆਚਾਰਾਂ ਦੇ ਅਵਸ਼ੇਸ਼ਾ ਨਾਲ ਭਰਪੂਰ ਲੋਕ ਸਮੂਹ ਦਾ ਉਹ ਗਿਆਨ, ਜਿਸ ਵਿਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ ਅਤੇ ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਦੇ ਕੇ ਪੀੜ੍ਹੀਓ ਪੀੜ੍ਹੀ ਅੱਗੇ ਤੋਰੇ ਲੋਕਯਾਨ ਹੈ। ਇਸ ਵਿਚ ਕਲਾ, ਸਾਹਿਤ, ਭਾਸ਼ਾ, ਅਨੁਸਠਾਨ, ਵਿਸ਼ਵਾਸ, ਕਿੱਤੇੇ, ਮਨੋਰੰਜਨ ਆਦਿ ਲੋਕ ਜੀਵਨ ਦੇ ਕਿਸੇ ਵੀ ਖੇਤਰ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੋ ਸਕਦੀ ਹੈ।" ਪੰਜਾਬੀ ਲੋਕਯਾਨ ਦੀ ਪ੍ਰਮਾਣਿਕ ਪਛਾਣ ਬਣਾਉਣ ਅਤੇ ਇਕ ਅਹਿਮ ਵਿਸ਼ੇ ਵੱਜੋਂ ਇਸਨੂੰ ਅਕਾਦਮਿਕ ਕੋਰਸਾਂ ਦਾ ਸਜੀਵ ਤੇ ਸ਼ਕਤੀਸ਼ਾਲੀ ਅੰਗ ਬਣਾਉਣ ਵਿਚ ਉਹਨਾਂ ਨੇ ਮੁਲਵਾਨ ਯੋਗਦਾਨ ਪਾਇਆ।
ਡਾ ਕਰਨੈਲ ਸਿੰਘ ਥਿੰਦ ਜਿਥੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਤ ਡੇਢ ਦਰਜਨ ਪੁਸਤਕਾਂ ਦੇ ਲੇਖਕ/ ਸੰਪਾਦਕ ਰਹੇ, ਉਥੇ ਆਪ ਦੇ ਪਝੰਤਰ ਦੇ ਲਗਭਗ ਖੋਜ ਪੱਤਰ ਵੀ ਛਪੇ। ਡਾ. ਥਿੰਦ ਨੇ ਸੱਤਰ ਦੇ ਲਗਭਗ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਵਿਚ ਯੋਗਦਾਨ ਪਾਇਆ। ਡਾ ਕਰਨੈਲ ਸਿੰਘ ਥਿੰਦ ਸਾਲ 2000 ਅਤੇ 2003 ਵਿਚ ਅਦਾਰਾ ਸਾਊਥ ਏਸ਼ੀਆ ਰੀਵਿਊ ਵੱਲੋਂ ਪ੍ਰਿੰਸ ਜਾਰਜ ਕੈਨੇਡਾ ਵਿਖੇ ਅਤੇ 2007 ਵਿਚ ਦੇਸ਼ ਭਗਤ ਯਾਦਗਰ ਹਾਲ ਜਲੰਧਰ ਪੰਜਾਬ ਵਿਖੇ ਕਰਵਾਈ ਗਈ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਪ੍ਰਧਾਨ ਸਨ। ਦੋਹਾਂ ਪੰਜਾਬਾਂ ਦਰਮਿਆਨ ਸਾਹਿਤ ਦੇ ਆਦਾਨ-ਪ੍ਰਦਾਨ ਰਾਹੀਂ ਹਿੰਦ-ਪਾਕਿ ਸੰਬੰਧਾਂ ਨੂੰ ਸੁਖਾਵੇਂ ਬਣਾਉਣ ਲਈ, ਆਪ ਨੇ ਪਾਕਿਸਤਾਨ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੀਆਂ ਦੋ ਦਰਜਨ ਪੁਸਤਕਾਂ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਤਿਆਰ ਕਰਵਾ ਕੇ ਪੰਜਾਬੀ ਪਾਠਕਾਂ ਤੱਕ ਪਹੁੰਚਾਈਆਂ। ਇਸੇ ਹੀ ਕਾਰਨ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ, ਦੋਹਾਂ ਹੀ ਥਾਂਵਾਂ 'ਤੇ ਡਾ ਕਰਨੈਲ ਸਿੰਘ ਥਿੰਦ ਬੇਹੱਦ ਸਤਿਕਾਰ ਹੈ।
ਡਾ ਕਰਨੈਲ ਸਿੰਘ ਥਿੰਦ ਦੀ ਦੂਰ ਅੰਦੇਸ਼ ਦ੍ਰਿਸ਼ਟੀ, ਉਚੇਰੀ ਸੂਝ ਤੇ ਖੋਜੀ ਬਿਰਤੀ ਨੇ ਸੱਭਿਆਚਾਰ ਵਿਗਿਆਨ ਤੇ ਵਿਰਾਸਤੀ ਗੌਰਵ ਦਾ ਸੁਮੇਲ ਕਰਦਿਆਂ ਮੌਲਿਕ ਧਾਰਨਾਵਾਂ ਪ੍ਰਸਤੁਤ ਕੀਤੀਆਂ, ਜੋ ਆਪ ਦੀਆਂ ਵਡਮੁੱਲੀਆਂ ਲਿਖਤਾਂ ਵਿਚ ਝਲਕਦੀਆਂ ਹਨ। ਮਹਾਨ ਪੰਜਾਬੀ ਲੇਖਕ ਵਜੋਂ ਡਾ ਕਰਨੈਲ ਸਿੰਘ ਥਿੰਦ ਹੁਰਾਂ; 'ਅਨਮੋਲ ਪੰਜਾਬੀ ਲੇਖ, ਪੰਜਾਬੀ ਲੋਕਯਾਨ, ਸੱਭਿਆਚਾਰ, ਭਾਸ਼ਾ ਅਤੇ ਸਾਹਿਤ (ਡਾ ਕਰਨੈਲ ਸਿੰਘ ਥਿੰਦ ਦੇ ਚੋਣਵੇਂ ਖੋਜ ਪੱਤਰ) , ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ, ਪੰਜਾਬੀ ਨਾਵਲ ਦਾ ਸਰਵੇਖਣ ਤੇ ਮੁਲਾਂਕਣ (ਸੰਪਾਦਿਤ), ਸਾਹਿਤ ਅਧਿਐਨ ਪ੍ਰਣਾਲੀਆਂ', ਪੰਜਾਬੀ ਕਹਾਣੀਆਂ ਨੂੰ ਨੂਰ ਦਾ ਵਣਜਾਰਾ, ਸਰੋਤ ਬਲ ਵਿਸ਼ਵਕੋਸ਼, ਗਦ ਪ੍ਰਕਾਸ਼, ਭਾਸ਼ਾ, ਸਾਹਿਤ ਅਤੇ ਸੱਭਿਆਚਾਰ' ਅਤੇ 'ਪੰਜਾਬੀ ਦਾ ਲੋਕ ਵਿਰਸਾ' (1-2) ਸਮੇਤ ਡੇਢ ਦਰਜਨ ਦੇ ਕਰੀਬ ਵਡਮੁੱਲੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਡਾ ਕਰਨੈਲ ਸਿੰਘ ਥਿੰਦ ਨੂੰ ਉਨ੍ਹਾਂ ਦੀ ਸਾਹਿਤਕ ਦੇਣ ਲਈ ਅਨੇਕਾਂ ਮਾਣ ਸਨਮਾਨ ਮਿਲੇ, ਜਿਨ੍ਹਾਂ ਵਿਚ ਕੈਨੇਡਾ ਦੀਆਂ ਸਾਹਿਤਕ ਸੰਸਥਾਵਾਂ, ਵਿਸ਼ੇਸ਼ਕਰ ਸਾਊਥ ਏਸ਼ੀਅਨ ਰੀਵਿਊ ਵਲੋਂ 2000, 2003 ਅਤੇ 2007 ਵਿਸ਼ਵ ਕਾਨਫਰੰਸਾਂ ਮੌਕੇ ਵਿਸ਼ੇਸ਼ ਤੌਰ 'ਤੇ ਸਨਮਾਨਿਆ ਗਿਆ। ਇਸ ਤੋਂ ਇਲਾਵਾ 1993-1995 ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ ਵਲੋਂ ਫੈਲੋਸ਼ਿਪ ਦਿੱਤੀ, ਜਦਕਿ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਅਧਿਐਨ ਉੱਤੇ ਕੰਮ ਕਰਨ ਲਈ 'ਬਾਬਾ ਫਰੀਦ ਸਾਹਿਤ ਪੁਰਸਕਾਰ' ਦੇ ਕੇ ਨਿਵਾਜਿਆ ਗਿਆ।
ਡਾ ਕਰਨੈਲ ਸਿੰਘ ਥਿੰਦ ਦੀ ਸਾਹਿਤਕ ਦੇਣ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਦੇਸ਼-ਵਿਦੇਸ਼ ਵਿੱਚ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਲਈ, ਉਨ੍ਹਾਂ ਨੂੰ ਪੰਜਾਬੀ ਪ੍ਰੇਮੀਆਂ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।
-
ਡਾ ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ
singhnewscanada@gmail.com
001-604-825-1550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.