ਬਹੁਤਿਆਂ ਪੜਨ ਲਿਖਣ ਵਾਲਿਆਂ ਨੂੰ ਪਤਾ ਹੈ ਕਿ ਮੈਂ ਪਟਿਆਲੇ ਸ਼ੇਰਾਂ ਵਾਲੇ ਗੇਟ ਨੇੜੇ ਭਾਸ਼ਾ ਸਦਨ (ਮਿੰਨੀ ਸਕੱਤਰੇਤ) ਵਿਚ ਲੱਗਭਗ ਚਾਰ ਸਾਲ ਦਾ ਅਰਸਾ ਦਰਜਾ ਚਾਰ ਮੁਲਾਜ਼ਮ (ਕੱਚਾ) ਰਿਹਾ ਸਾਂ, 1997 ਵੇਲੇ। ਮੈਂ ਦਫਤਰ ਵਿਚ ਹੀ ਸੌਂਦਾ ਸੀ। ਸਵੇਰੇ ਸਦੇਹਾਂ ਹੀ ਉਠਕੇ ਬਾਹਰੋਂ ਫੌਜੀ ਦੀ ਰੇਹੜੀ ਤੋਂ ਚਾਹ ਪੀਂਦਾ ਤੇ ਫਿਰ ਮੋਟੀ ਕਾਲੀ ਪਾਈਪ ਲਗਾ ਕੇ ਛੇ ਮੰਜਿਲਾਂ ਤੀਕ ਲੱਗੇ ਕੂਲਰਾਂ ਵਿਚ ਪਾਣੀ ਭਰਨ ਜੁਟ ਜਾਂਦਾ। ਆਪਣੇ ਵਕਤ ਉਤੇ ਸਫਾਈ ਸੇਵਿਕਾ ਗੀਤਾ ਵੀ ਆ ਜਾਂਦੀ। ਮੈਂ ਉਸਨੂੰ 'ਨਮਸਕਾਰ' ਬੋਲਦਾ। ਉਹ ਲੰਬੇ ਸਾਲਾਂ ਤੋਂ ਉਥੇ ਕੱਚੇ ਤੌਰ ਉਤੇ ਹੀ ਕੰਮ ਕਰਦੀ ਆ ਰਹੀ ਸੀ। ਜਦ ਕਿਸੇ ਕੂਲਰ ਵਿਚ ਪਾਣੀ ਪਾਉਣ ਸਮੇਂ ਦੂਰੋਂ ਪਾਈਪ ਨਿੱਕਲਦੀ, ਕਮਰੇ ਜਾਂ ਫਲੋਰ ਦੀ ਫਰਸ਼ ਪਾਣੀ ਨਾਲ ਭਰ ਜਾਂਦੀ, ਤਾਂ ਮੈਨੂੰ ਗੀਤਾ ਡਾਂਟਣ ਲਗਦੀ, "ਅਰੇ ਤੰਨੈ ਅਕਲ ਨੀ, ਅਕਲ ਕੇ ਆਂਧੇ ਲੜਕੇ?" ਉਸਨੂੰ ਦੋਬਾਰਾ ਪੋਚਾ ਲਾਉਣਾ ਪੈਂਦਾ। ਥਾਂ ਥਾਂ ਤੋਂ ਗਲੀ ਪਈ ਸਰਕਾਰੀ ਪਾਈਪ ਟੁਟਦੀ ਹੀ ਰਹਿੰਦੀ ਸੀ। ਜਿਸ ਦਿਨ ਸਵੇਰੇ ਮੈਂ ਬਹੁਤਾ ਉਦਾਸ ਜਾਂ ਪ੍ਰੇਸ਼ਾਨ ਹੁੰਦਾ, ਉਸ ਦਿਨ ਗੀਤਾ ਨੂੰ 'ਨਮਸਕਾਰ' ਨਾ ਬੋਲਦਾ। ਉਸਨੂੰ ਪਤਾ ਚਲ ਜਾਂਦਾ ਕਿ ਅੱਜ ਮਾਹੌਲ 'ਠੀਕ' ਨਹੀਂ ਹੈ। ਅਸੀਂ ਨੇੜੇ ਨੇੜੇ ਫਿਰਦੇ ਆਪੋ ਆਪਣੇ ਕੰਮ ਕਰਦੇ ਰਹਿੰਦੇ ਪਰ ਗੱਲਬਾਤ ਨਾ ਕਰਦੇ।
ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ 'ਸਾਹਿਤ ਸਦਨ' ਵਿਚ ਬੈਠੀ ਗੀਤਾ ਕੋਲ ਮੈਂ ਦੋ ਘੜੀਆਂ ਰੰਬੀ ਰੱਖ ਕੇ ਬਹਿ ਜਾਂਦਾ। ਕੂਲਰ ਭਰ ਹਟਣ ਮਗਰੋ 'ਸਰਕਾਰੀ ਰੰਬੀ' ਨਾਲ ਮੈਂ ਬੂਟਿਆਂ-ਫੁੱਲਾਂ ਦੀ ਗੋਡ ਗੋਡਾਈ ਕਰਦਾ ਰਹਿੰਦਾ। ਕਈ ਵਾਰ ਬੈਠੀ ਗੀਤਾ ਮੈਨੂੰ ਮੇਰੇ ਘਰ-ਬਾਰ ਦੀਆਂ ਗੱਲਾਂ ਪੁਛਦੀ ਰਹਿੰਦੀ। ਇਕ ਦਿਨ ਬੈਠੀ ਬੈਠੀ ਉਹ ਮੈਨੂੰ ਆਖਣ ਲੱਗੀ, "ਵੇ ਬੀਰਾ, ਤੂੰ ਚੰਗਾ ਬਹੁਤ ਐਂ, ਰੱਬ ਤੇਰੀ ਤਰੱਕੀ ਕਰੂਗਾ, ਰੱਬ ਤੈਨੂੰ ਸੁਖ ਦੇਵੇ ਵੇ ਬੀਰਾ।" ਗੀਤਾ ਦੀਆਂ ਦਿੱਤੀਆਂ ਅਸੀਸਾਂ ਸੁਣ ਮੇਰੀਆਂ ਅੱਖਾਂ ਭਰ ਆਉਣੀਆਂ।
*
ਜਿਸ ਦਿਨ ਮੈਂ ਮਹਿਕਮਾ ਛੱਡ ਕੇ ਪਿੰਡ ਨੂੰ ਆਉਣਾ ਸੀ, ਤਾਂ ਗੀਤਾ ਉਸ ਦਿਨ ਛੁੱਟੀ ਉੱਤੇ ਸੀ। ਉਸ ਨੂੰ ਮੇਰੇ ਨੌਕਰੀ ਛੱਡਣ ਦਾ ਵੀ ਨਹੀਂ ਸੀ ਪਤਾ। ਦੂਸਰੇ ਦਿਨ ਖਾਲਸਾ ਸੁਰਜੀਤ ਸਿੰਘ ਚੌਕੀਦਾਰ ਉਹਨੂੰ ਦਸਦਾ ਹੈ ਕਿ ਤੇਰਾ ਬੀਰਾ ਤਾਂ ਚਲਾ ਗਿਆ ਹੈ ਪਿੰਡ, ਹੁਣ ਨਹੀਂ ਆਉਂਦਾ। ਗੀਤਾ ਨੇ ਸੁਰਜੀਤ ਸਿੰਘ ਤੋਂ ਮੇਰੇ ਘਰ ਦਾ ਫੋਨ ਨੰਬਰ ਲਿਆ ਤੇ ਸਾਰੇ ਕੰਮ ਛੱਡਕੇ ਐਸ ਟੀਡੀ ਪੀਸੀਓ ਵੱਲ ਨੂੰ ਭੱਜੀ ਤੇ ਮੇਰੇ ਘਰ ਫੋਨ ਲਾਇਆ। ਆਖਣ ਲੱਗੀ, "ਵੇ ਬੀਰੇ ਵੇ, ਤੂੰ ਬਿਨਾਂ ਦੱਸੇ ਚਲਾ ਗਿਆ। ਰੱਬ ਤੇਰੀ ਬਹੁਤ ਤਰੱਕੀ ਕਰੂ,ਸੁਖੀ ਰੱਖੇ ਤੈਨੂੰ ਰੱਬ, ਪਰ ਆਪਣੀ ਭੈਣ ਨੂੰ ਜਰੂਰ ਯਾਦ ਰੱਖੀਂ, ਭੁੱਲ ਨਾ ਜਾਵੀਂ।" ਉਹ ਫੋਨ ਵਿਚ ਰੋ ਰਹੀ ਸੀ।
*
ਲਗਪਗ 24 ਸਾਲ ਬਾਅਦ। 30 ਨਵੰਬਰ 2021 ਦਾ ਦਿਨ,ਮੈਂ ਉਸੇ ਦਫਤਰ ਭਾਸ਼ਾ ਭਵਨ ਵਿਖੇ ਹੋ ਰਹੇ ਸਮਾਗਮ ਵਿਚ ਸ਼ਰੋਮਣੀ ਲੇਖਕ ਵਜੋਂ ਵਿਸ਼ੇਸ਼ ਮਹਿਮਾਨ ਸਾਂ। ਸਮਾਗਮ ਮੁੱਕਿਆ। ਮੈਂ ਤੇ ਬਾਈ ਧਰਮ ਕੰਮੇਆਣਾ ਬਾਹਰ ਆਉਣ ਲੱਗੇ, ਤਾਂ ਗੀਤਾ ਪੰਡਾਲ ਵਾਲੇ ਗੇਟ ਉਤੇ ਮਿਲਣ ਆਈ ਖੜੀ ਸੀ। ਉਸਦੇ ਬੜੇ ਸੋਹਣੇ ਕਪੜੇ ਪਹਿਨੇ ਹੋਏ ਸਨ। ਮੈਂ ਉਸਦੇ ਪੈਰੀਂ ਹੱਥ ਲਾਏ। ਉਸਨੇ ਆਖਿਆ ਕਿ ਮੈਂ ਤੇਰੇ ਨਾਲ ਫੋਟੋ ਖਿਚਵਾਣੀ ਹੈ। ਮੈਂ ਛੇਤੀ ਛੇਤੀ ਬਟੂਏ ਚੋਂ ਜੋ ਕੁਛ ਲੱਭਿਆ, ਉਹਨੂੰ ਭੇਟਾ ਕੀਤਾ। ਮੇਰੇ ਕੋਲ ਮੂੰਹ ਕਰਕੇ ਬੋਲੀ, "ਬੀਰੇ,ਸੱਚੀਂ ਰੱਬ ਨੇ ਤੈਨੂੰ ਤਰੱਕੀ ਦਿੱਤੀ, ਅੱਜ ਤਾਂ ਤੂੰ ਵੱਡਾ ਅਪਸਰ ਬਣ ਗਿਆ।ਮੈਂ ਤੈਨੂੰ ਕਿਹਾ ਸੀ ਨਾ ਬੀਰੇ---।"
ਉਹਨੇ ਸੋਹਣੇ ਸ਼ਾਲ ਨਾਲ ਅੱਖਾਂ ਪੂੰਝੀਆਂ। ਜਦ ਕਾਰ ਚੰਡੀਗੜ ਨੂੰ ਪਈ ਤੇ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰਵੀਨ ਕੁਮਾਰ ਦਾ ਫੋਨ ਆਇਆ। ਕਹਿਣ ਲੱਗੇ ਕਿ ਗੀਤਾ ਨਾਲ ਮੈਂ ਤੇਰੀ ਫੋਟੋ ਖਿੱਚ ਦਿੱਤੀ ਸੀ, ਵੈਟਸ ਐਪ ਕਰ ਦਿੱਤੀ ਹੈ। ਤੇ ਹਾਂ, ਮੈਂ ਦੱਸਣਾ ਭੁੱਲ ਗਿਆ ਕਿ ਗੀਤਾ ਅੱਜ ਰਿਟਾਇਰ ਵੀ ਹੋ ਗਈ ਹੈ। ਮੈਂ ਹੈਰਾਨ ਹੋਕੇ ਪੁਛਿਆ ਕਿ ਹੈਂ? ਸੱਚੀਓਂ ਅੱਜ ਫੰਕਸ਼ਨ ਵਾਲੇ ਦਿਨ ਹੀ ਗੀਤਾ ਦੀ ਰਿਟਾਇਰਮੈਂਟ ਸੀ? ਉਸਨੇ ਵੀ ਦੱਸਿਆ ਨਹੀਂ ਯਾਰ। ਪ੍ਰਵੀਨ ਕੁਮਾਰ ਬੋਲੇ, "ਹਾਂਜੀ, ਅੱਜ ਹੀ ਸੀ ਉਸਦੀ ਸੇਵਾਮੁਕਤੀ, ਇਸੇ ਲਈ ਤਾਂ ਵਿਚਾਰੀ ਨੇ ਸੋਹਣਾ ਸ਼ਾਲ ਲੈ ਰੱਖਿਆ ਸੀ ਸਿਰ ਉਤੇ।" ਮੇਰੇ ਮੂੰਹੋਂ ਨਿਕਲਿਆ, "ਹੇ ਗੀਤਾ ਭੈਣ, ਰੱਬ ਤੈਨੂੰ ਹਮੇਸ਼ਾ ਸੁਖ ਦੇਵੇ ਤੇ ਤੇਰੇ ਸਿਰ ਉਤੇ ਸਦਾ ਸੋਹਣਾ ਸ਼ਾਲ ਸੋਂਹਦਾ ਰਹਵੇ।"
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.