ਅਜੀਤ ਦੇ ਧਨਵਾਦ ਸਾਹਿਤ- 23 ਦਸੰਬਰ, 2021
ਧੜੱਲੇਦਾਰ ਨੌਜਵਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਜੋ ਕੇਸ ਪਾਇਆ ਗਿਆ ਹੈ, ਉਸ ਨੇ ਸੂਬੇ ਦੀ ਸਿਆਸਤ ਵਿਚ ਇਕ ਤਰ੍ਹਾਂ ਦੀ ਤਰਥੱਲੀ ਮਚਾ ਦਿੱਤੀ ਹੈ। ਬਿਕਰਮ ਸਿੰਘ ਮਜੀਠੀਆ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚ ਸਰਗਰਮ ਅਤੇ ਚਰਚਿਤ ਰਹੇ ਹਨ। ਉਨ੍ਹਾਂ ਦੇ ਪ੍ਰਭਾਵ ਨੂੰ ਅਕਸਰ ਮਹਿਸੂਸ ਵੀ ਕੀਤਾ ਜਾਂਦਾ ਰਿਹਾ ਹੈ। ਵਿਰੋਧੀਆਂ ਵਲੋਂ ਉਨ੍ਹਾਂ ਦੀ ਸਖ਼ਤ ਆਲੋਚਨਾ ਵੀ ਹੁੰਦੀ ਰਹੀ ਹੈ ਪਰ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਾਥੀਆਂ ਨੇ ਹਮੇਸ਼ਾ ਉਨ੍ਹਾਂ ਲਈ ਦਮ ਭਰਿਆ ਹੈ। ਚਾਹੇ ਬਾਦਲ ਪਰਿਵਾਰ ਨਾਲ ਉਨ੍ਹਾਂ ਦੇ ਸੰਬੰਧ ਹੋਣ ਕਰਕੇ ਉਹ ਤੇਜ਼ੀ ਨਾਲ ਸਿਆਸਤ ਦੀਆਂ ਪੌੜੀਆਂ ਚੜ੍ਹੇ ਹਨ ਅਤੇ ਅਕਾਲੀ-ਭਾਜਪਾ ਹਕੂਮਤ ਸਮੇਂ ਉਹ ਮੰਤਰੀ ਵੀ ਰਹੇ ਹਨ। ਉਸ ਸਮੇਂ ਸਰਕਾਰ ਵਿਚ ਉਨ੍ਹਾਂ ਦੀ ਤੂਤੀ ਬੋਲਦੀ ਰਹੀ ਹੈ, ਪਰ ਉਨ੍ਹਾਂ ਸਖ਼ਤ ਮਿਹਨਤ ਕਰਕੇ ਅਤੇ ਲੋਕਾਂ ਵਿਚ ਵਿਚਰ ਕੇ ਆਪਣੇ ਬਲਬੂਤੇ 'ਤੇ ਵੀ ਪੰਜਾਬ ਦੀ ਸਿਆਸਤ ਵਿਚ ਆਪਣੀ ਥਾਂ ਬਣਾਈ ਹੈ। ਆਪਣੇ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ 'ਤੇ ਅਨੇਕਾਂ ਤਰ੍ਹਾਂ ਦੇ ਇਲਜ਼ਾਮ ਲਗਦੇ ਰਹੇ ਹਨ ਪਰ ਨਸ਼ਿਆਂ ਦੇ ਮਾਮਲੇ ਵਿਚ ਉਨ੍ਹਾਂ 'ਤੇ ਲਗਾਏ ਜਾਂਦੇ ਇਲਜ਼ਾਮਾਂ ਵਿਚ ਕਦੀ ਵੀ ਕੋਈ ਵਜ਼ਨ ਦਿਖਾਈ ਨਹੀਂ ਦਿੰਦਾ ਰਿਹਾ। ਚਾਹੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਪਿਛਲੇ ਲੰਮੇ ਸਮੇਂ ਤੋਂ ਘੇਰਨ ਦਾ ਯਤਨ ਹੁੰਦਾ ਰਿਹਾ ਹੈ ਪਰ ਅੱਜ ਤੱਕ ਇਸ ਬਾਰੇ ਕਦੇ ਕੋਈ ਪੁਖਤਾ ਪ੍ਰਮਾਣ ਪੇਸ਼ ਨਹੀਂ ਕੀਤੇ ਜਾ ਸਕੇ।
ਅੱਜ ਸਰਕਾਰ ਵਿਚ ਬੈਠੇ ਕੁਝ ਬੜਬੋਲੇ ਕਾਂਗਰਸੀ ਆਗੂਆਂ ਵਲੋਂ ਅਤੇ ਖ਼ਾਸ ਤੌਰ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਉਨ੍ਹਾਂ ਵਿਰੁੱਧ ਇਲਜ਼ਾਮਬਾਜ਼ੀ ਕਰਨ ਤੋਂ ਬਾਅਦ ਮੁਹਿੰਮ ਵੀ ਛੇੜੀ ਗਈ ਜੋ ਅੱਜ ਤੱਕ ਜਾਰੀ ਹੈ। ਹੁਣ ਜਿਨ੍ਹਾਂ ਕੇਸਾਂ ਵਿਚ ਸੰਗੀਨ ਧਾਰਾਵਾਂ ਲਗਾ ਕੇ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ, ਉਸ ਨੂੰ ਅਸੀਂ ਬਦਲਾਖੋਰੀ ਤੋਂ ਵੱਧ ਕੁਝ ਨਹੀਂ ਸਮਝਦੇ। ਇਸੇ ਲਈ ਹੀ ਕਾਂਗਰਸੀਆਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀਆਂ ਸਮੇਤ ਲਗਭਗ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਬਦਲੇ ਦੀ ਕੀਤੀ ਗਈ ਕਾਰਵਾਈ ਹੀ ਕਿਹਾ ਹੈ। ਚਾਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਇਕ ਵੱਡੀ ਲੜਾਈ ਆਖ ਕੇ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ ਪਰ ਅਸੀਂ ਇਸ ਲੜਾਈ ਨੂੰ ਕੁਝ ਕਾਂਗਰਸੀ ਆਗੂਆਂ ਦੀ ਨਿੱਜੀ ਲੜਾਈ ਹੀ ਸਮਝਦੇ ਹਾਂ। ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਅੱਜ ਜਿਹੜੇ ਕਾਂਗਰਸੀ ਉੱਚ ਅਹੁਦਿਆਂ 'ਤੇ ਬੈਠੇ ਹਨ ਅਤੇ ਜੋ ਨਵਜੋਤ ਸਿੰਘ ਸਿੱਧੂ ਨਾਲ ਖੜ੍ਹੇ ਹੋ ਕੇ ਵੱਡੇ-ਵੱਡੇ ਬਿਆਨ ਦਾਗ ਰਹੇ ਹਨ, ਉਨ੍ਹਾਂ 'ਚੋਂ ਬਹੁਤਿਆਂ ਦਾ ਕਿਰਦਾਰ ਕੀ ਹੈ? ਇਸ ਬਾਰੇ ਵੀ ਸਭ ਨੂੰ ਪਤਾ ਹੈ। ਜੇਕਰ ਅਕਾਲੀ ਆਗੂਆਂ 'ਤੇ ਰੇਤਾ ਬਜਰੀ ਦੇ ਕਾਲੇ ਕਾਰੋਬਾਰ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ ਤਾਂ ਆਪਣੀ ਸਰਕਾਰ ਸਮੇਂ ਵੀ ਬਹੁਤੇ ਕਾਂਗਰਸੀ ਵਜ਼ੀਰਾਂ ਅਤੇ ਅਹੁਦੇਦਾਰਾਂ ਨੇ ਕਿਸੇ ਵੀ ਤਰ੍ਹਾਂ ਘੱਟ ਨਹੀਂ ਗੁਜ਼ਾਰੀ। ਕਾਂਗਰਸ ਸਰਕਾਰ ਸਮੇਂ ਵੀ ਨਸ਼ਿਆਂ ਦਾ ਵਪਾਰ ਉਸੇ ਤਰ੍ਹਾਂ ਜਾਰੀ ਰਿਹਾ ਹੈ।
ਚਾਹੇ ਅੱਜ ਇਹ ਕਾਂਗਰਸੀ ਆਗੂ ਜਿੰਨੀਆਂ ਵੀ ਮਰਜ਼ੀ ਟਾਹਰਾਂ ਮਾਰ ਲੈਣ, ਉਹ ਇਸ ਕਾਲੇ ਧੰਦੇ ਨੂੰ ਤਿਲ ਮਾਤਰ ਵੀ ਖ਼ਤਮ ਕਰਨ ਵਿਚ ਕਾਮਯਾਬ ਨਹੀਂ ਹੋਏ। ਕਾਂਗਰਸ ਸਰਕਾਰ ਸਮੇਂ ਹੀ ਕਈ ਸ਼ਹਿਰਾਂ ਵਿਚ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਗਿਣਤੀ ਵਧਦੀ ਰਹੀ ਹੈ। ਇਸੇ ਸਰਕਾਰ ਸਮੇਂ ਹੀ ਨਕਲੀ ਸ਼ਰਾਬ ਦੇ ਕਾਰਖਾਨੇ ਫੜੇ ਜਾਂਦੇ ਰਹੇ ਹਨ ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਇਹ ਕਾਲੇ ਧੰਦੇ ਨਿਰਵਿਘਨ ਹੁਣ ਵੀ ਜਾਰੀ ਹਨ ਤਾਂ ਕਾਂਗਰਸੀ ਆਗੂ ਆਪਣੇ-ਆਪ ਨੂੰ ਪਾਕਿ-ਸਾਫ਼ ਦੱਸਣ ਦੀਆਂ ਟਾਹਰਾਂ ਕਿਵੇਂ ਮਾਰ ਰਹੇ ਹਨ? ਕਾਂਗਰਸ ਸਰਕਾਰ ਵੇਲੇ ਹੁਣ ਤੱਕ ਇਨ੍ਹਾਂ ਖੇਤਰਾਂ ਵਿਚ ਕੋਈ ਗੰਭੀਰ ਅਮਲੀ ਯੋਜਨਾਬੰਦੀ ਸਾਹਮਣੇ ਨਹੀਂ ਆਈ। ਇਸ ਦੀ ਬਜਾਏ ਅੱਜ ਵੀ ਵਿਰੋਧੀਆਂ 'ਤੇ ਹਰ ਜਗ੍ਹਾ ਬਦਲੇ ਦੀ ਭਾਵਨਾ ਨਾਲ ਸੈਂਕੜੇ ਹੀ ਕੇਸ ਦਰਜ ਕੀਤੇ ਜਾ ਰਹੇ ਹਨ। ਇਕ ਪਾਸੇ ਸੂਬਾ ਵੱਡੀ ਤ੍ਰਾਸਦੀ ਵਿਚ ਫਸਿਆ ਹੋਇਆ ਨਜ਼ਰ ਆਉਂਦਾ ਹੈ ਅਤੇ ਦੂਜੇ ਪਾਸੇ ਅਪਣਾਈਆਂ ਜਾ ਰਹੀਆਂ ਅਜਿਹੀਆਂ ਨੀਤੀਆਂ ਇਸ ਨੂੰ ਹੋਰ ਖਸਾਰੇ ਵਿਚ ਲਿਜਾਣ ਵਿਚ ਹੀ ਸਹਾਈ ਹੋਣਗੀਆਂ। ਪਹਿਲਾਂ ਹੀ ਬਿਮਾਰ ਹੋ ਚੁੱਕੇ ਸੂਬੇ ਵਿਚ ਸਿਰਜਿਆ ਜਾ ਰਿਹਾ ਅਜਿਹਾ ਮਾਹੌਲ ਇਸ ਨੂੰ ਹੋਰ ਵੀ ਨਿਵਾਣਾਂ ਵਿਚ ਹੀ ਲਿਜਾਣ ਵਿਚ ਸਹਾਈ ਹੋਵੇਗਾ।
-ਬਰਜਿੰਦਰ ਸਿੰਘ ਹਮਦਰਦ
ਇਸ ਸੰਪਾਦਕੀ ਦਾ ਅਜੀਤ ਲਿੰਕ :
https://beta.ajitjalandhar.com/edition/20211223/4.cms
-
ਡਾਕਟਰ ਬਰਜਿੰਦਰ ਸਿੰਘ ਹਮਦਰਦ, ਮੈਨੇਜਿੰਗ ਐਡੀਟਰ , ਅਜੀਤ ਗਰੁੱਪ
ajit@ajitjalandhar.com
91-181-2455961, 2455962, 2455963
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.