ਚਾਰ ਸਾਹਿਬਜ਼ਾਦਿਆਂ ਦੇ ਜਨਮ ਅਤੇ ਸ਼ਹਾਦਤਾਂ ਦੇ ਕੁੱਝ ਅਗਿਆਤ ਪਹਿਲੂਆਂ ਬਾਰੇ ਸਰਬੰਗ ਜਾਣਕਾਰੀ
ਭਾਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਅੱਜ 317 ਵਰ੍ਹੇ ਹੋ ਗਏ ਹਨ, ਪਰ ਹਾਲੇ ਤੀਕਰ ਵੀ ਗੁਰੂ ਕੇ ਮਹਿਲਾਂ ਅਤੇ ਚਾਰ ਸਾਹਿਬਜ਼ਾਦਿਆਂ ਸਬੰਧੀ, ਸਹੀ ਜਾਣਕਾਰੀਆਂ ਦਾ ਅਭਾਵ ਮਹਿਸੂਸ ਹੋ ਰਿਹਾ ਹੈ।ਪਿਛਲੇ ਦਿਨੀਂ ਸਭ ਤੋ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਸਬੰਧੀ ਇੱਕ ਜਾਣਕਾਰੀ ਸੋਸ਼ਲ ਮੀਡੀਏ ਤੇ ਘੁੰਮ ਰਹੀ ਸੀ, ਕਿ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ, ਜਦ ਕਿ ਸਚਾਈ ਇਹ ਨਹੀਂ ਹੈ।ਮੈਂ ਬਹੁਤ ਸਾਰੇ ਵੱਟਸਐਪ ਗਰੁੱਪਾਂ ਤੇ ਇਸ ਬਾਰੇ ਸੁਧਾਈ ਵੀ ਕਰਵਾਈ, ਪਰ ਤਦ ਤੱਕ ਇਹ ਗ਼ਲਤ ਜਾਣਕਾਰੀ ਬਹੁਤ ਵਾਇਰਲ ਹੋ ਚੁੱਕੀ ਸੀ। ਮੇਰੇ ਮਨ ਵਿੱਚ ਉਸੇ ਵੇਲੇ ਇਹ ਖ਼ਿਆਲ ਆਇਆ ਕਿ ਕਿਉਂ ਨਾ ਇਸ ਵਿਸ਼ੇ ਸਬੰਧੀ, ਸਰਬੰਗ ਜਾਣਕਾਰੀ, ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਨਮਨ ਕਰਦੇ ਹੋਏ ਇੱਕ ਸ਼ਰਧਾਂਜਲੀ ਵਜੋਂ, ਸਿੱਖ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ।
ਗੁਰੂ ਕੇ ਮਹਿਲਾਂ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਜਨਮ ਅਤੇ ਸ਼ਹੀਦੀਆਂ ਦਾ ਬਿਰਤਾਂਤ ਕੁੱਝ ਇਸ ਤਰ੍ਹਾਂ ਹੈ;
ਦਸਮ ਪਾਤਸ਼ਾਹ ਹਜ਼ੂਰ ਦੇ ਤਿੰਨ ਮਹਿਲ ਸਨ, ਸਭ ਤੋਂ ਵੱਡੇ ਮਾਤਾ ਜੀਤੋ ਜੀ ਸਨ, ਦੂਸਰੇ ਨੰਬਰ ਤੇ ਮਾਤਾ ਸੁੰਦਰੀ ਜੀ ਸਨ ਅਤੇ ਤੀਸਰੇ ਨੰਬਰ ਤੇ ਮਾਤਾ ਸਾਹਿਬ ਕੌਰ ਜੀ ਸਨ, ਜਿਨ੍ਹਾਂ ਦੀ ਝੋਲੀ ਵਿੱਚ , ਗੁਰੂ ਗੋਬਿੰਦ ਸਿੰਘ ਜੀ ਨੇ 'ਖ਼ਾਲਸਾ ਜੀ' ਨੂੰ ਪਾਇਆ ਹੈ। ਕੁੱਝ ਇਤਿਹਾਸਕਾਰ ਤਾਂ ਮਾਤਾ ਸਾਹਿਬ ਕੌਰ ਜੀ ਨੂੰ 'ਗੁਰੂ ਸਾਹਿਬ ਦੇ ਕੁਆਰੇ ਡੋਲ਼ੇ' ਦੇ ਅਰਥਾਂ ਨਾਲ ਵੀ ਸੰਗਿਆ ਦਿੰਦੇ ਹਨ।ਗੁਰੂ ਸਾਹਿਬ ਦੇ ਸਭ ਤੋਂ ਵੱਡੇ ਮਹਿਲ, ਮਾਤਾ ਜੀਤੋ ਜੀ ਦਾ ਵਿਆਹ 23 ਹਾੜ੍ਹ 1734 ਨੂੰ ਗੁਰੂ ਕੀ ਲਾਹੌਰ ਵਿਖੇ ਹੋਇਆ। ਇਸ ਵਿਆਹ ਵਿੱਚ, ਗੁਰੂ ਤੇਗ ਬਹਾਦਰ ਜੀ ਆਪ ਚੱਕ ਨਾਨਕੀ (ਹੁਣ ਅਨੰਦਪੁਰ ਸਾਹਿਬ) ਤੋਂ ਆਪਣੇ ਪੁੱਤਰ ਗੋਬਿੰਦ ਰਾਏ ਦੀ ਜੰਝ ਲੈ ਕੇ ਗੁਰੂ ਕੀ ਲਹੌਰ ਢੁੱਕੇ ਸਨ।
ਦਸਮ ਪਾਤਸ਼ਾਹ ਹਜ਼ੂਰ ਦਾ ਦੂਸਰਾ ਵਿਆਹ 7 ਵੈਸਾਖ ਸੰਮਤ 1741 ਨੂੰ ਮਾਤਾ ਸੁੰਦਰੀ ਜੀ ਨਾਲ ਪਾਉਂਟਾ ਸਾਹਿਬ ਵਿਖੇ ਹੋਇਆ ਅਤੇ ਉਨ੍ਹਾਂ ਦੀ ਕੁੱਖ ਤੋਂ ਹੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ 23 ਮਾਘ ਸੰਮਤ 1743 ਨੂੰ, ਪਾਉਂਟਾ ਸਾਹਿਬ ਵਿਖੇ ਹੋਇਆ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦਸਮ ਪਾਤਸ਼ਾਹ ਦੀ ਜੇਠੀ ਸੰਤਾਨ ਸਨ।ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ, ਚਮਕੌਰ ਸਾਹਿਬ ਦੇ ਖਾੜਾ-ਏ- ਜੰਗ ਵਿੱਚ, ਦਸ਼ਮੇਸ਼ ਪਿਤਾ ਦੀਆਂ ਨਜ਼ਰਾਂ ਦੇ ਸਾਹਮਣੇ, 8 ਪੋਹ ਸੰਮਤ 1761 ਨੂੰ ਹੋਈ ।
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿਖੇ ਸੰਮਤ 1747 ਵਿੱਚ ਹੋਇਆ ਅਤੇ ਆਪ ਦੀ ਸ਼ਹੀਦੀ ਵੀ, ਚਮਕੌਰ ਸਾਹਿਬ ਦੇ ਖਾੜਾ-ਏ- ਜੰਗ ਵਿੱਚ, ਗੁਰੂ ਪਿਤਾ ਦੀਆਂ ਨਜ਼ਰਾਂ ਦੇ ਸਾਹਮਣੇ 8 ਪੋਹ ਸੰਮਤ 1761 ਨੂੰ ਹੋਈ ।
ਸਿੱਖੀ ਸਿਦਕ ਦੇ ਸਭ ਤੋਂ ਮਹਾਨ ਸ਼ਹੀਦ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਵੀ ਅਨੰਦਪੁਰ ਸਾਹਿਬ ਵਿਖੇ, ਮਾਤਾ ਜੀਤੋ ਜੀ ਦੀ ਕੁੱਖ ਤੋਂ, ਮੱਘਰ ਸੁਦੀ 3 ਸੰਮਤ 1753 ਨੂੰ ਹੋਇਆ ਅਤੇ ਆਪ ਜੀ ਨੂੰ ਸਿੱਖੀ ਸਿਦਕ ਉੱਤੇ ਪੂਰੇ ਸਿਰੜ ਨਾਲ ਪਹਿਰਾ ਦੇਣ ਕਾਰਨ ਅਤੇ ਇਸਲਾਮ ਦੀ ਈਨ ਨਾ ਮੰਨਣ ਕਾਰਨ, ਉਸ ਸਮੇਂ ਦੇ ਜ਼ਾਲਮ ਸੂਬੇਦਾਰ ਸਰਹੰਦ , ਵਜੀਦ ਖਾਂ ਦੇ ਹੁਕਮ ਨਾਲ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਜਿੰਦਾ ਕੰਧਾਂ ਵਿੱਚ ਚਿਣ ਕੇ, 13 ਪੋਹ ਸੰਮਤ 1761 ਵਿੱਚ ਸ਼ਹੀਦ ਕਰ ਦਿੱਤਾ ਗਿਆ।ਸ਼ਹੀਦੀ ਸਮੇਂ ਆਪਜੀ ਦੀ ਉਮਰ, ਲਗਪਗ 8 ਸਾਲ ਦੀ ਸੀ।
ਸਿੱਖੀ ਸਿਦਕ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ, ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਵੀ ਮਾਤਾ ਜੀਤੋ ਜੀ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿਖੇ, ਫੱਗਣ ਸ਼ੁਦੀ 7 ਸੰਮਤ1755 ਨੂੰ ਹੋਇਆ। ਆਪ ਜੀ ਨੂੰ ਵੀ ਵੱਡੇ ਭਰਾ ਬਾਬਾ ਜ਼ੋਰਾਵਰ ਸਿੰਘ ਵਾਂਗ ਹੀ ਸਿੱਖੀ ਸਿਦਕ ਦੀ ਸਭ ਤੋਂ ਕਠਨ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਿਆ ਅਤੇ ਨਿੱਕੀ ਜੇਹੀ ਪਿਆਰੀ ਤੇ ਲਾਡਲੀ ਜਿੰਦੜੀ ਨੂੰ, ਸਿੱਖੀ ਸਿਦਕ ਖ਼ਾਤਰ ਅਤੇ ਦਸ਼ਮੇਸ਼ ਪਿਤਾ ਦੀ ਲਾਜ ਖ਼ਾਤਰ ਅਨੇਕਾਂ ਤਸੀਹੇ ਜਰਨੇ ਪਏ, ਜਿਸ ਦਾ ਬਿਆਨ ਕਰਦਿਆਂ, ਮੇਰੀ ਕਲਮ ਵੀ ਕੁਰਲਾ ਉੱਠਦੀ ਹੈ।ਆਪ ਜੀ ਨੂੰ ਵੀ ਸਿੱਖੀ ਸਿਦਕ ਉੱਤੇ ਪੂਰੇ ਸਿਰੜ ਨਾਲ ਪਹਿਰਾ ਦੇਣ ਕਾਰਨ ਅਤੇ ਪਰਾਏ ਦੀਨ, ਇਸਲਾਮ ਦੀ ਈਨ ਨਾ ਮੰਨਣ ਕਾਰਨ, ਸਰਹੰਦ ਦੇ ਉਸ ਸਮੇਂ ਦੇ ਜ਼ਾਲਮ ਸੂਬੇਦਾਰ, ਵਜੀਦ ਖਾਂ ਦੇ ਹੁਕਮ ਨਾਲ ਅਕਹਿ ਤਸੀਹੇ ਦੇਣ ਬਾਅਦ ਅੰਤ ਨੂੰ ਜਿੰਦਾ ਕੰਧਾਂ ਵਿੱਚ ਚਿਣ ਕੇ, 13 ਪੋਹ ਸੰਮਤ 1761 ਵਿੱਚ ਸ਼ਹੀਦ ਕਰ ਦਿੱਤਾ ਗਿਆ।ਸ਼ਹੀਦੀ ਸਮੇਂ ਆਪਜੀ ਦੀ ਉਮਰ, ਦੇਸੀ ਕਲੰਡਰ ਅਨੁਸਾਰ ਲਗਪਗ 6 ਸਾਲ ਬਣਦੀ ਸੀ।ਛੋਟੇ ਲਾਡਲੇ ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਹੀ ਮਾਤਾ ਗੁਜਰੀ ਜੀ ਵੀ ਆਪਣੇ ਸ਼ਹੀਦ ਪੋਤਰਿਆਂ ਨੂੰ ਆਪਣੀ ਨਿੱਘੀ ਗੋਦ ਵਿੱਚ ਸਮੇਟ ਕੇ, ਸਦੀਵਤਾ ਦੀ ਗੋਦ ਵਿੱਚ ਜਾ ਬਿਰਾਜੇ, ਅਤੇ ਦੁਨੀਆਂ ਦੇ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਜਿਹਾ ਬਾਬ ਲਿਖ ਗਏ ਜੋ ਜ਼ੁਲਮ ਤੇ ਅਨਿਆਂ ਵਿਰੁੱਧ ਲੜੀ ਗਈ ਸਬਰ ਅਤੇ ਸਿਦਕ ਦੀ ਜੰਗ ਦਾ ਇੱਕ ਸੁਨਹਿਰੀ ਪੰਨਾ ਹੋ ਨਿੱਬੜਿਆ।
ਇੱਥੇ ਇਹ ਦੱਸਣਾ ਅਜ਼ਹਦ ਜ਼ਰੂਰੀ ਹੈ ਕਿ ਮਾਤਾ ਜੀਤੋ ਜੀ (ਬਾਅਦ ਵਿੱਚ ਅਜੀਤ ਕੌਰ ਜੀ) 13 ਅੱਸੂ ਸੰਮਤ 1757 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ। ਉਸ ਵੇਲੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੀ ਉਮਰ ਕੇਵਲ 4 ਸਾਲ ਦੀ ਸੀ ਅਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਦੀ ਉਮਰ ਕੇਵਲ 2 ਸਾਲ ਦੀ ਹੀ ਸੀ ਅਤੇ ਦੋਵੇਂ ਸਾਹਿਬਜ਼ਾਦੇ ਹਾਲੇ ਮਾਤਾ ਜੀ ਦਾ ਦੁੱਧ ਚੁੰਘਦੇ ਸਨ।ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਅਗੰਮਪੁਰ (ਸ੍ਰੀ ਅਨੰਦਪੁਰ) ਵਿਖੇ ਮਾਤਾ ਜੀਤੋ ਜੀ ਦੀਆਂ ਸਾਰੀਆਂ ਅੰਤਮ ਰਸਮਾਂ ਅਤੇ ਸਸਕਾਰ , ਮਾਤਾ ਗੁਜਰੀ ਜੀ ਦੀ ਦੇਖ-ਰੇਖ ਵਿੱਚ, ਆਪਣੇ ਹੱਥੀਂ ਕੀਤਾ ।ਸਰਬੰਸ ਦਾਨੀ ਨੂੰ ਆਪਣੇ ਮਹਾਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਅਤੇ ਮਾਤਾ ਜੀਤੋ ਜੀ ਦਾ ਸਸਕਾਰ ਹੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਹੱਥੀਂ ਕਰਨਾ ਨਸੀਬ ਹੋਇਆ, ਬਾਕੀ ਚਾਰੇ ਪੁੱਤਰਾਂ ਅਤੇ ਮਾਤਾ ਗੁਜਰੀ ਜੀ ਦੇ ਬਲਦੇ ਅੰਗੀਠਿਆਂ ਦੇ ਸੇਕ ਤੋਂ ਗੁਰੂ ਸਾਹਿਬ ਮਹਿਰੂਮ ਰਹੇ। ਗੁਰੂ ਜੀ ਨੇ ਮਾਤਾ ਜੀਤੋ ਜੀ ਦੇ ਜੋਤੀ-ਜੋਤ ਸਮਾ ਜਾਣ ਤੋਂ ਬਾਅਦ ਦੋਵੇਂ ਛੋਟੇ ਸਾਹਿਬਜ਼ਾਦਿਆਂ, ਭਾਵ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦਾ ਪਾਲਣ-ਪੋਸ਼ਣ ਅਤੇ ਸਿੱਖੀ ਸਿਦਕ ਦੀ ਤਰਬੀਅਤ ਦੀ ਸਾਰੀ ਜ਼ਿੰਮੇਵਾਰੀ, ਸਾਹਿਬਜ਼ਾਦਿਆਂ ਦੀ ਦਾਦੀ, ਮਾਤਾ ਗੁਜਰੀ ਜੀ ਦੇ ਸਪੁਰਦ ਕਰ ਦਿੱਤੀ ਸੀ । ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦਾ ਸ਼ਾਸਤਰ ਗਿਆਨ, ਸਿੱਖੀ ਸਿਦਕ ਦਾ ਬੋਧ, ਸ਼ਸਤਰ ਕਲਾ ਅਤੇ ਯੁੱਧ ਵਿੱਦਿਆ ਤੇ ਨਿਪੁੰਨ ਘੋੜ-ਸਵਾਰੀ ਦੀ ਸਿਖਲਾਈ, ਦਸਮ ਪਾਤਸ਼ਾਹ ਹਜ਼ੂਰ ਆਪ ਖ਼ੁਦ ਦਿੰਦੇ ਸਨ ।
ਗੁਰੂ ਕੇ ਤੀਜੇ ਮਹਿਲ, ਮਾਤਾ ਸਾਹਿਬ ਕੌਰ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ 18 ਵੈਸਾਖ ਸੰਮਤ 1757 ਨੂੰ ਅਨੰਦਪੁਰ ਸਾਹਿਬ ਵਿਖੇ, ਸਿੱਖ ਸੰਗਤਾਂ ਦੇ ਬੇਹੱਦ ਜ਼ੋਰ ਦੇਣ ਕਾਰਨ ਹੋਇਆ। ਇਸ ਵਿਆਹ ਦਾ ਇੱਕ ਦਿਲਚਸਪ ਪਹਿਲੂ ਇਹ ਹੈ, ਕਿ ਦਸਮ ਪਾਤਸ਼ਾਹ ਹਜ਼ੂਰ ਨੇ ਸਿੱਖ ਸੰਗਤ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਸਾਫ ਅਤੇ ਸਪਸ਼ਟ ਕਹਿ ਦਿੱਤਾ ਸੀ ਕਿ ਮੈ ਗ੍ਰਹਿਸਤ ਦਾ ਸਦਾ ਲਈ ਤਿਆਗ ਕਰ ਦਿੱਤਾ ਹੈ ਅਤੇ ਹੁਣ ਮੇਰਾ ਦ੍ਰਿੜ੍ਹ ਸੰਕਲਪ ਤੇ ਪ੍ਰਤਿੱਗਿਆ ਹੈ ਮੈਂ ਗ੍ਰਹਿਸਤ ਆਸ਼ਰਮ ਵਿੱਚ ਪੁਨਰ ਪ੍ਰਵੇਸ਼ ਨਹੀਂ ਕਰਾਂਗਾ ਅਤੇ ਇਸ ਵਿਆਹ ਵਿੱਚ ਮੇਰੀ ਇਹ ਸਭ ਤੋਂ ਵੱਡੀ ਸ਼ਰਤ ਹ ਕਿ ਇਹ ਵਿਆਹ, ਗ੍ਰਹਿਸਤ ਦੀ ਲੋਚਾ ਤੋਂ ਸਦਾ ਮੁਕਤ ਰਹੇਗਾ। ਇਸ ਪ੍ਰਸਤਾਵ ਉੱਤੇ ਮਾਤਾ ਸਾਹਿਬ ਕੌਰ ਦਾ ਕਹਿਣਾ ਸੀ ਕਿ ਮੈਂ ਵੀ ਸਵਾਸ-ਸਵਾਸ ਪ੍ਰਤਿੱਗਿਆ ਕੀਤੀ ਹੈ, ਕਿ ਮੈਂ ਹੁਣ ਕੇਵਲ ਆਪ ਜੀ ਚਰਨਾ ਵਿੱਚ ਹੀ ਰਹਿਣਾ ਹੈ। ਇਸ ਸੰਵਾਦ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਠੀਕ ਹੈ ਸਾਹਿਬ ਕੌਰ, ਤੁਸੀਂ ਮੇਰੀ ਪ੍ਰਤਿੱਗਿਆ ਨਿਭਾਅ ਦੇਣਾ ਤੇ ਅਸੀਂ ਤੁਹਾਡੀ ਪ੍ਰਤਿੱਗਿਆ ਨਿਭਾ ਦੇਵਾਂਗੇ। ਇਹ ਆਖ ਕੇ ਗੁਰੂ ਜੀ ਨੇ ਸਿੱਖ ਸੰਗਤ ਦੀ ਹਾਜ਼ਰੀ ਇਹ ਵਿਆਹ ਕਬੂਲ ਕਰ ਲਿਆ। ਇਤਿਹਾਸ ਗਵਾਹ ਹੈ ਕਿ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਦਸਮ ਪਾਤਸ਼ਾਹ ਨੇ ਪੰਥ-ਖ਼ਾਲਸੇ ਨੂੰ ਪਾ ਦਿੱਤਾ ਅਤੇ ਮਾਤਾ ਸਾਹਿਬ ਕੌਰ ਨੂੰ, ਸਿੱਖਾਂ ਦੇ ਗੌਰਵਮਈ ਇਤਿਹਾਸ ਵਿੱਚ, ਖ਼ਾਲਸੇ ਦੀ ਮਾਤਾ ਹੋਣ ਦੇ ਲਕਬ ਤੇ ਮਾਣ-ਸਨਮਾਨ ਨਾਲ ਸਤਿਕਾਰਿਆ ਜਾਂਦਾ ਹੈ।ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਗੁਰੂ ਦਸਮ ਪਾਤਸ਼ਾਹ ਹਜ਼ੂਰ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ, ਅਬਚਲ ਨਗਰ, ਹਜ਼ੂਰ ਸਾਹਿਬ ਤੋਂ ਮਾਤਾ ਸਾਹਿਬ ਕੌਰ ਨੂੰ ਦਿੱਲੀ ਲਈ ਰਵਾਨਾ ਕਰਨ ਸਮੇਂ, ਉਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸ਼ਸਤਰ ਵੀ, ਪੂਰੇ ਸਨਮਾਨ ਨਾਲ ਰੱਖਣ ਲਈ, ਉਨ੍ਹਾਂ ਦੇ ਸਪੁਰਦ ਕੀਤੇ ਸਨ, ਜੋ ਇਸ ਸਮੇਂ ਦਿੱਲੀ ਦੇ ਗੁਰਦਵਾਰਾ ਰਕਾਬਗੰਜ ਸਾਹਿਬ ਵਿੱਚ ਸਸ਼ੋਭਿਤ ਹਨ।ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ ਤੋਂ ਬਹੁਤ ਸਮਾਂ ਪਹਿਲਾਂ ਹੀ, ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ ਸਨ ਅਤੇ ਆਪ ਜੀ ਦਾ ਅਸਥਾਨ ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਦੇ ਦੇਹਰੇ ਦੇ ਪਾਸ ਹੀ, ਦਿੱਲੀ ਵਿੱਚ ਸਸ਼ੋਭਿਤ ਹੈ।ਮਾਤਾ ਸੁੰਦਰੀ ਜੀ ਸੰਮਤ 1804 ਵਿੱਚ ਦਿੱਲੀ ਵਿਖੇ ਹੀ ਜੋਤੀ-ਜੋਤ ਸਮਾ ਗਏ ਸਨ । ਮਾਤਾ ਸੁੰਦਰੀ ਜੀ ਦੀ ਹਵੇਲੀ ਤੁਰ ਕਮਾਨ ਦਰਵਾਜ਼ੇ ਤੋਂ ਬਾਹਰ ਗੁਰਦਵਾਰਾ ਸੀਸ ਗੰਜ ਸਾਹਿਬ ਤੋਂ ਡੇਢ ਮੀਲ ਦੀ ਵਿੱਥ ਤੇ ਸਸ਼ੋਭਿਤ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਦਰਦਨਾਕ ਸ਼ਹੀਦੀ ਦੀ ਵੇਦਨਾ ਦਾ ਦਰਦ ਮੇਰੀ ਸੰਵੇਦਨਾ ਵਿੱਚ ਹੋਰ ਗਹਿਰਾ ਉਤਰ ਜਾਂਦਾ ਹੈ, ਜਦੋਂ ਇਹ ਖ਼ਿਆਲ ਮੇਰੇ ਤਖੱਯਲ ਵਿੱਚ, ਇੱਕ ਅਸਗਾਹ ਪੀੜਾ ਦੀ ਕੁਰਲਾਹਟ ਛੇੜ ਦਿੰਦਾ ਹੈ ਤੇ ਮੈਂ ਅੱਥਰੂ-ਅੱਥਰੂ ਹੋ ਉੱਠਦਾ ਹਾਂ; ਕਿ ਜਦੋਂ ਮਾਸੂਮ ਸਾਹਿਬਜ਼ਾਦਿਆਂ ਨੂੰ, ਸਰਹੰਦ ਦੀ ਖ਼ੂਨੀ ਦੀਵਾਰ ਵਿੱਚ ਚਿਣਿਆ ਜਾ ਰਿਹਾ ਹੋਵੇਗਾ ਅਤੇ ਲਾੜੀ ਮੌਤ ਨੂੰ ਵਿਆਹੁਣ ਤੋਂ ਪਹਿਲਾਂ , ਉਨ੍ਹਾਂ ਮਾਸੂਮ ਜਿੰਦਾਂ ਨੂੰ ਆਪਣੀ ਅੰਮੜੀ, ਮਾਤਾ ਜੀਤੋ ਦੀ ਯਾਦ ਜ਼ਰੂਰ ਆਈ ਹੋਵੇਗੀ , ਜੋ ਆਪਣੇ ਲਾਡਲੇ ਪੁੱਤਰਾਂ ਨੂੰ ਦੁੱਧ ਚੁੰਘਾਉਂਦੀ ਹੋਈ , ਸਦਾ ਲਈ ਵਿਛੋੜਾ ਦੇ ਗਈ ਸੀ। ਇਸ ਦਰਦਨਾਕ ਦਾਸਤਾਂ ਨੂੰ ਇੱਕ ਸ਼ਾਇਰ ਇੰਜ ਬਿਆਨ ਕਰਦਾ ਹੈ ;
"ਜਿਨ ਕਾ ਮੂੰਹ ਸੂੰਘਨੇ ਸੇ, ਦੂਧ ਕੀ ਬੂ ਆਤੀ ਥੀ,
ਵੋਹੀ ਮਾਸੂਮ ਮੇਰੀ ਕੌਮ ਕੇ ਰਾਹਬਰ ਨਿਕਲੇ "
ਜ਼ਰੂਰੀ ਨੋਟ : ਇਹ ਨਿਬੰਧ ਕੇਵਲ 27 ਦਸੰਬਰ 2021 ਨੂੰ ਹੀ ਛਾਪਿਆ ਜਾਵੇ ਜੀ ।
ਬੀਰ ਦਵਿੰਦਰ ਸਿੰਘ
-
ਬੀਰ ਦਵਿੰਦਰ ਸਿੰਘ, ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ
birdevinders@gmail.com
+91- 9814033362
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.