ਫਿਰ ਤੁਰ ਕੇ
ਮੇਲਾ ਵੇਖਦਿਆਂ
ਅਜਬ ਦ੍ਰਿਸ਼ ਹੈ ਜਨਾਬ।
ਕੁਰਬਲ ਕੁਰਬਲ ਹੋ ਰਹੀ ਹੈ।
ਬੁਰਕੀਆਂ ਚੁਗਣ ਵਾਲੇ
ਧੜਾਧੜ ਪਾਰਟੀਆਂ ਤੇ
ਧਿਰਾਂ ਬਦਲ ਰਹੇ ਨੇ।
ਨਾਅਰੇ ਤੇ ਲਾਰੇ ਸਿਖ਼ਰ ਤੇ ਨੇ।
ਗਾਉਣ ਵਜਾਉਣ ਵਾਲੇ
ਨਵੀਆਂ ਪਾਰਟੀਆਂ ਦੇ ਸੁਪਨੇ
ਵੇਚ ਵੱਟ ਰਹੇ ਨੇ।
ਧਰਮ ਸਥਾਨਾਂ ਨੂੰ ਸਿਆਸਤੀ
ਵਰਤਣ ਦੇ ਰੌਂ ‘ਚ ਨੇ।
ਮਿੱਟੀ ਪੱਥਰ ਰੇਤਾ ਦੀ ਕਮਾਈ
ਸ਼ਰਾਬ ਦੀਆਂ ਪੇਟੀਆਂ ਵਿੱਚ
ਤਬਦੀਲ ਹੋ ਰਹੀ ਹੈ।
ਕਰਮਚਾਰੀ ਸੜਕਾਂ ਤੇ ਨੇ
ਹਸਪਤਾਲ ਆਕਸੀਜਨ ਤੇ ਨੇ
ਨਿੱਜੀ ਹਸਪਤਾਲ ਜੇਬਾਂ ਕੱਟ ਰਹੇ ਨੇ।
ਸਕੂਲ ਠਰ ਰਹੇ ਨੇ ਕੰਬ ਰਹੇ ਨੇ
ਪੋਹ ਮਹੀਨੇ ਚਮਕੌਰ ਸਰਹੰਦ ਮਾਛੀਵਾੜਾ ਖਿਦਰਾਣਾ
ਐਤਕੀਂ ਚੇਤੇ ਨਹੀਂ ਆਉਣਾ।
ਰਾਗੀਆਂ ਰਬਾਬੀਆਂ
ਕਥਾਵਾਚਕਾਂ ਤੋਂ ਬਗੈਰ ਕਿਸੇ ਨੂੰ।
ਕਿਸਾਨ ਮੋਰਚੇ ਦੀ
ਜਿੱਤ ਦੇ ਜਸ਼ਨ
ਸਿਰੋਪਿਆਂ ਦੀ ਬਖ਼ਸ਼ਿਸ਼ ਤੋਂ ਬਾਦ।
ਥੋੜੇ ਰਹਿ ਜਾਣਗੇ
ਪਿੱਪਲੀਂ ਪਈਆਂ ਫਾਹੀਆਂ ਦੇ
ਰੱਸੇ ਵੱਢਣ ਵਾਲੇ।
ਬਹੁਤੇ ਸੱਤਾ ਦੀ ਵਾਢੀ ਵੱਲ
ਤੁਰ ਪੈਣਗੇ।
ਸੇਵਾ ਚੋਂ ਮੇਵਾ ਢੂੰਡਣ ਵਾਲੇ
ਵੈਦ ਹਕੀਮ
ਟਿਕਟਾਂ ਦੀ ਜੂਨੇ ਪੈ ਜਾਣਗੇ।
ਸੁਰਖ਼ ਲਹੂ ਸਫ਼ੈਦ ਹੋ ਜਾਵੇਗਾ
ਚਿੱਟਾ ਚਿੱਟਾ ਚਿੱਟਾ
ਖੋਤੀ ਫੇਰ
ਬੋਹੜ ਥੱਲੇ ਆਣ ਖਲੋਵੇਗੀ।
ਉਵੇਂ ਚੱਲਣਗੀਆਂ ਬੇਨਾਮੀਆਂ ਮੋਟਰਾਂ
ਜੇ ਸੀ ਬੀ ਮਸ਼ੀਨਾਂ
ਸਾਡੀ ਮਿੱਟੀ ਪੁੱਟਦੀਆਂ।
ਕੁਰਬਲ ਕੁਰਬਲ ਹੋਵੇਗੀ
ਸਕੱਤਰੇਤ ਦੀਆਂ ਪੌੜੀਆਂ ਵਿੱਚ।
ਹੂਟਰ ਗੂੰਜਣਗੇ
ਜਿਪਸੀ ਸਵਾਰ ਬਦਲ ਕੇ।
ਅਖ਼ਬਾਰਾਂ ਟੀ ਵੀ ਰੇਡੀਉ ਰੁੱਝ ਜਾਣਗੇ
ਕੁਰਸੀ ਧਾਰਕਾਂ ਦੇ
ਨਾਨਕੇ ਦਾਦਕੇ ਦੱਸਣ ਵਿੱਚ।
ਸਾਡੇ ਗੱਡੇ ਦੇ ਪਹੀਏ ਨੂੰ
ਲੱਗੀ ਚੀਕਨੀ ਮਿੱਟੀ
ਅਗਲੇ ਫੇਰ ਹੋਰ ਵਧ ਜਾਵੇਗੀ
ਪੰਜਾਬ ਸਿਰ ਚੜ੍ਹੇ ਕਰਜ਼ੇ ਵਾਂਗ।
ਪੂੰਗ ਖਾਣੀਆਂ ਮੱਛੀਆਂ
ਫਿਰ ਤਰਨਗੀਆਂ
ਸੱਤਾ ਦੇ ਛੱਪੜ ਵਿੱਚ ਬੇਖ਼ੌਫ਼
ਸੁਰੱਖਿਆ ਕਵਚ ਪਹਿਨ ਕੇ।
ਹਿੱਲਦੇ ਸਿਰ ਦੁਖ਼ਦੇ ਗੋਡੇ
ਮੱਲ ਬਹਿਣਗੇ
ਜਾਂਚ ਕਮਿਸ਼ਨ ਦੀਆਂ ਕੁਰਸੀਆਂ।
ਫੰਡਰ ਅਹਿਲਕਾਰੀਆਂ
ਨਾ ਸੂਣਾ ਨਾ ਤੂਣਾ ਨਾ ਕੂਣਾ
ਭੁੱਖਾ ਭਾਂਡਾ ਊਣੇ ਦਾ ਊਣਾ।
ਇਹ ਤਾਂ ਸਿਰਫ਼ ਟਰੇਲਰ ਹੈ
ਪੂਰੀ ਫ਼ਿਲਮ ਕਦੇ ਫਿਰ ਸਹੀ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.