ਪੰਜਾਬੀ-ਕਾਵਿ ਵਿੱਚੋਂ ਕਵੀਸ਼ਰੀ ਕਲਾ ਦਾ ਇੱਕ ਅਪਣਾ ਹੀ ਨਿਵੇਕਲ਼ਾ ਸਥਾਨ ਹੈ ਜੋ ਸਾਡੇ ਪੁਰਖਿਆਂ ਨੇ ਪੀੜ੍ਹੀ ਦਰ ਪੀੜ੍ਹੀ ਪੂਰੀ ਇਖਲਾਕੀ ਜ਼ਿੰਮੇਵਾਰੀ 'ਤੇ ਖਾਨਦਾਨੀ ਪਹਿਰਾ ਦਿੰਦੇ ਹੋਇਆਂ ਪੂਰੀ ਪੁਖਤਗੀ ਅਤੇ ਇਮਾਨਦਾਰੀ ਨਾਲ਼ ਬਿਨਾਂ ਕਿਸੇ ਸੰਸਥਾ ਦੇ ਦਿਸ਼ਾ-ਨਿਰਦੇਸ਼ ਦੇ ਭਲੀਭਾਂਤ ਸੰਭਾਲ਼ਕੇ ਰੱਖੀ ਹੈ ਜਿਸ ਵਿੱਚ ਪੰਜਾਬ ਦੇ ਪੁਰਾਤਨ ਇਤਿਹਾਸ ਤੋਂ ਲੈ ਕੇ ਭਗਤੀ-ਮਾਰਗ ਤੋਂ ਅੱਗੇ ਇਸ਼ਕ-ਮਜ਼ਾਜੀ ਦੇ ਕਿਸਿਆਂ ਤੋਂ ਲੈ ਕੇ ਦੇਸ਼-ਭਗਤੀ ਵਰਗੇ ਅਨੇਕਾਂ ਰੰਗਾਂ ਨਾਲ਼ ਸਰਸ਼ਾਰ ਰਹੀ ਹੈ। ਕਵੀਸ਼ਰੀ ਪੰਜਾਬੀ ਲੋਕ-ਗਾਇਕੀ ਦਾ ਇੱਕ ਖ਼ਾਸ ਜੋਸ਼ੀਲਾ ਅੰਦਾਜ਼ ਹੈ ਜਿਸ ਵਿੱਚ ਕਿਸੇ ਕਿਸਮ ਦੇ ਸਾਜ਼ਾਂ ਦੀ ਕੋਈ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਗਾਇਕ ਹੀ ਸਾਜ਼ਾਂ ਦੀ ਘਾਟ ਨੂੰ ਪੂਰਾ ਕਰਦੇ ਹਨ। ਅਸਲ ਵਿੱਚ ਆਮ ਤੌਰ ’ਤੇ ਕਵੀਸ਼ਰੀ ਬਿਨਾਂ ਕਿਸੇ ਸੰਗੀਤਕ ਸਾਜ਼ ਤੋਂ ਗਾਈ ਜਾਂਦੀ ਹੈ। ਇਸ ਦਾ ਜਨਮ ਪੰਜਾਬ ਦੀ ਜ਼ਰਖੇਜ਼ ਮਾਲਵੇ ਦੀ ਧਰਤੀ ’ਤੇ ਹੋਇਆ। ਇੱਥੇ ਉੱਚੀ ਅਤੇ ਲਚਕਦਾਰ ਅਵਾਜ਼ ਵਿੱਚ ਛੰਦ-ਬੱਧ ਕਵਿਤਾ ਗਾਉਣ ਨੂੰ ਕਵੀਸ਼ਰੀ ਆਖਦੇ ਹਨ। ਜੋ ਆਦਮੀ ਕਵੀਸ਼ਰੀ ਲਿਖਦਾ ਜਾਂ ਗਾਉਂਦਾ ਹੈ ਉਸਨੂੰ ਕਵੀਸ਼ਰ ਆਖਦੇ ਹਨ।ਕਵੀਸ਼ਰੀ ਆਮ ਤੌਰ ’ਤੇ ਮੇਲਿਆਂ, ਦੀਵਾਨਾ, ਵਿਆਹਾਂ ਅਤੇ ਮਹਿਫ਼ਲਾਂ ਆਦਿ ਵਿੱਚ ਗਾਈ ਜਾਂਦੀ ਹੈ। ਕਵੀਸ਼ਰੀ ਨੂੰ ਜੋੜੀ ਦੇ ਰੂਪ ’ਚ ਗਾਇਆ ਜਾਂਦਾ ਹੈ।
ਜਦੋਂ ਵੀ ਪਮਾਲ਼, ਜ਼ਿਲ੍ਹਾ ਲੁਧਿਆਣਾ, ਦਾ ਜ਼ਿਕਰ ਚੱਲੇਗਾ ਤਾਂ ਦੋ ਗੁਰਸਿੱਖ ਚਿਹਰੇ ਅੱਖਾਂ ਦੇ ਸਾਹਮਣੇ ਆਉਣਗੇ ਉਹ ਹਨ: ਕਵੀਸ਼ਰ ਬਲਵੰਤ ਸਿੰਘ ਪਮਾਲ਼ ਅਤੇ ਉਸ ਦਾ ਫਰਜੰਦ ਸਿਰਮੌਰ ਢਾਡੀ ਰਛਪਾਲ ਸਿੰਘ ਪਮਾਲ਼।
ਕਵੀਸ਼ਰ ਬਲਵੰਤ ਸਿੰਘ ਪਮਾਲ਼ ਦਾ ਜਨਮ 30 ਜੁਲਾਈ, 1930 ਨੂੰ ਲੁਧਿਆਣੇ ਸ਼ਹਿਰ ਦੇ ਲਹਿੰਦੇ ਪਾਸੇ ਵਸੇ ਪਿੰਡ ਪਮਾਲ਼ ਵਿਖੇ ਪਿਤਾ ਸ੍ਰ: ਬਚਨ ਸਿੰਘ ਅਤੇ ਮਾਤਾ ਸੰਤ ਕੌਰ ਦੇ ਗ੍ਰਹਿ ਵਿਖੇ ਹੋਇਆ। ਸ੍ਰ: ਬਲਵੰਤ ਸਿੰਘ ਅਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਆਪ ਸਕੂਲੀ ਵਿੱਦਿਆ ਸਿਰਫ਼ ਪੰਜ ਜਮਾਤਾਂ ਤੱਕ ਹੀ ਹਾਸਲ ਕਰ ਸਕੇ, ਪਰ ਆਪ ਜੀ ਦੀ ਮਾਤਾ ਸਰਦਾਰਨੀ ਸੰਤ ਕੌਰ ਜੀ ਨੇ ਆਪ ਜੀ ਨੂੰ ਸਾਧੂ-ਸੰਤਾਂ ਅਤੇ ਗੁਰੂਆਂ-ਪੀਰਾਂ ਦੀਆਂ ਸਾਖੀਆਂ ਸੁਣਾ ਕੇ ਆਪ ਜੀ ਦੇ ਅੰਦਰ ਪੰਜਾਬੀ ਕਿਸਾਕਾਰੀ ਦਾ ਇੱਕ ਅਜਿਹਾ ਜਾਗ ਲਗਾਇਆ ਕਿ ਆਪ ਜੀ ਦੇ ਅੰਦਰ ਪੰਜਾਬੀ ਕਵਿਤਾ ਇੱਕ ਝਰਨੇ ਵਾਂਗੂੰ ਫੁੱਟਣ ਲੱਗ ਪਈ। 'ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ' - ਇਹ ਕਹਾਵਤ ਸ੍ਰ: ਬਲਵੰਤ ਸਿੰਘ ਪਮਾਲ਼ ਤੇ ਬਿਲਕੁੱਲ ਫਿੱਟ ਬੈਠਦੀ ਹੈ। ਸੋਨੇ 'ਤੇ ਸੁਹਾਗੇ ਵਾਲ਼ੀ ਇੱਕ ਗੱਲ ਇਹ ਹੋ ਗਈ ਕਿ ਆਪ ਜੀ ਦੇ ਦਾਦਾ ਜੀ ਵੀ ਗਾਉਂਦੇ ਸਨ, ਜਿਸ ਨਾਲ਼ ਆਪ ਜੀ ਦੇ ਅੰਦਰ ਪਿਤਾ-ਪੁਰਖੀ ਗਾਇਕੀ ਨੇ ਇੱਕ ਬੀਜ ਦੇ ਅੰਕੁਰ ਦਾ ਕੰਮ ਕੀਤਾ ਜਿਸ ਦੀ ਗਾਇਕੀ ਦੇ ਬੂਟੇ ਨੇ ਆਪ-ਮੁਹਾਰੇ ਪੰਖੜੀਆਂ ਕੱਢ ਲਈਆਂ ਸਨ ਜਿਸ ਦੀ ਸੁਚੱਜੀ ਦੇਖ-ਰੇਖ ਲਈ ਸ੍ਰ: ਬਲਵੰਤ ਸਿੰਘ ਪਮਾਲ਼ ਜੀ ਨੇ ਬਚਪਨ ਵਿੱਚ ਅਪਣੇ ਗੁਆਂਢੀ ਪਿੰਡ ਬੱਦੋਵਾਲ ਦੇ ਨਾਮਵਰ ਕਵੀਸ਼ਰ ਸ੍ਰ: ਅਜਾਇਬ ਸਿੰਘ ਜੀ ਨੂੰ ਅਪਣਾ ਉਸਤਾਦ ਧਾਰਨ ਕਰ ਲਿਆ ਅਤੇ ਉਨ੍ਹਾਂ ਦੇ ਨਾਲ਼ ਹੀ ਕਵੀਸ਼ਰੀ ਵੀ ਗਾਉਣ ਲੱਗ ਪਏ।
ਸ੍ਰ: ਬਲਵੰਤ ਸਿੰਘ ਪਮਾਲ਼ ਅਪਣੀ ਸਿਰਫ਼ 15 ਸਾਲ ਦੀ ਉਮਰ ਵਿੱਚ ਅਪਣੇ ਉਸਤਾਦ ਸ੍ਰ: ਅਜਾਇਬ ਸਿੰਘ ਜੀ ਨੂੰ ਅਪਣੇ ਦੁਆਰਾ ਰਚਿਤ ਰਮਾਇਣ ਕਵੀਸ਼ਰੀ ਦੇ ਰੂਪ ਵਿੱਚ ਸੁਣਾਈ ਜਿਸ ਨੂੰ ਸੁਣਕੇ ਉਹ ਦੰਗ ਰਹਿ ਗਏ। ਉਸ ਤੋਂ ਬਾਅਦ ਪਮਾਲ਼ ਸਾਹਿਬ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਪਣੇ ਮਨ ਦੇ ਵਲਵਲਿਆਂ ਰਾਹੀਂ ਉਮਡ ਰਹੀ ਅਥਾਹ ਕਵਿਤਾ ਨੂੰ ਕੋਰੜੇ, ਦਵੱਈਏ, ਦੋਹਰੇ, ਬੈਂਤ, ਕਲੀ, ਡਿਉਢੇ, ਢਾਈਏ, ਕਾਫੀ, ਦੋਤਾਰਾ, ਜੰਗਲ਼ਾ, ਝੋਕ, ਟਰਲ, ਰੁਬਾਈ ਅਤੇ ਦੁੱਖ-ਹਰਨ ਛੰਦਾਂ ਵਿੱਚ ਦਬੋਚਣਾ ਸ਼ੁਰੂ ਕਰ ਦਿੱਤਾ। ਜਦੋਂ ਆਪ ਜੀ ਪਾਸ ਅਪਣੀਆਂ ਲਿਖੀਆਂ ਅਨੇਕਾਂ ਲੜੀਵਾਰ ਕਵੀਸ਼ਰੀਆਂ ਹੋ ਗਈਆਂ ਤਾਂ ਆਪ ਜੀ ਨੇ ਅਪਣੇ ਹੀ ਪਿੰਡ ਦੇ ਦੋ ਸੁਰੀਲੇ ਬੋਲਾਂ ਵਾਲ਼ੇ ਪਾਸ਼ੂ ਮੁੰਡਿਆਂ ਸ੍ਰ: ਗੁਰਦੇਵ ਸਿੰਘ ਅਤੇ ਸ੍ਰ: ਸਾਧੂ ਸਿੰਘ ਜੀ ਹੋਰਾਂ ਨੂੰ ਲੈ ਕੇ ਅਪਣਾ ਪਮਾਲ਼ ਵਾਲ਼ਾ ਕਵੀਸ਼ਰੀ ਜੱਥਾ ਬਣਾ ਲਿਆ। ਇਹ ਕਵੀਸ਼ਰੀ ਕਲਾ ਦਾ ਇੱਕ ਸੁਨਹਿਰੀ ਦੌਰ ਸੀ ਜਦੋਂ ਸਰੋਤੇ ਕਵੀਸ਼ਰਾਂ ਨੂੰ ਬਿਨਾਂ ਕਿਸੇ ਲਾਊਡ ਸਪੀਕਰ ਦੇ ਅਖਾੜੇ ਦੇ ਰੂਪ ਵਿੱਚ ਜ਼ਮੀਨ 'ਤੇ ਬਹਿ ਕੇ ਇੱਕ-ਮਨ ਇੱਕ-ਚਿੱਤ ਹੋ ਕੇ ਬੜੀ ਸ਼ਰਧਾ ਪੂਰਵਕ ਸੁਣਦੇ ਸਨ। ਕਵੀਸ਼ਰ ਬਲਵੰਤ ਸਿੰਘ ਜੀ ਨੇ ਜਦੋਂ ਅਪਣਾ ਕਵੀਸ਼ਰੀ ਜੱਥਾ ਸ਼ੁਰੂ ਕੀਤਾ ਸੀ ਉਨ੍ਹਾਂ ਵੇਲ਼ਿਆਂ ਵਿੱਚ ਪੰਜਾਬ ਦੇ ਨਾਮਵਰ ਕਵੀਸ਼ਰ ਕਰਨੈਲ ਸਿੰਘ ਪਾਰਸ (ਰਾਮੂੰਵਾਲੀਆ) ਅਤੇ ਰਣਜੀਤ ਸਿੰਘ ਸਿੱਧਵਾਂ ਦੇ ਢਾਡੀ ਜੱਥੇ ਨੇ ਕਵੀਸ਼ਰੀ ਦੇ ਖੇਤਰ ਵਿੱਚ ਨੇਹਰੀ ਲਿਆਂਦੀ ਪਈ ਸੀ ਅਤੇ ਦੋਆਬੇ ਦੇ ਖੇਤਰ ਵਿੱਚ ਜੋਗਾ ਸਿੰਘ ਜੋਗੀ ਜੀ ਦਾ ਕਵੀਸ਼ਰੀ ਜੱਥਾ ਯਤਨਸ਼ੀਲ ਸੀ। ਅਪਣੀ ਦਮਦਾਰ ਕਵੀਸ਼ਰੀ ਦੇ ਬੋਲਾਂ ਅਤੇ ਸੁਰੀਲੇ ਜੱਥੇ ਦੇ ਸਦਕਾ ਕਵੀਸ਼ਰ ਬਲਵੰਤ ਸਿੰਘ ਪਮਾਲ਼ ਸਾਹਿਬ ਨੇ ਕਵੀਸ਼ਰੀ ਦੇ ਰੰਗ ਵਿੱਚ ਅਪਣਾ ਵਿਲੱਖਣ ਮੁਕਾਮ ਬਣਾ ਲਿਆ। ਉਨ੍ਹਾਂ ਦਿਨਾਂ ਵਿੱਚ ਐੱਚ.ਐੱਮ.ਵੀ. (ਹਿਜ਼ ਮਾਸਟਰਜ਼ ਵਾਇਸ/ਕੁੱਤਾ ਮਾਰਕਾ) ਤੋਂ ਪ੍ਰਮਾਣਿਤ ਕਲਾਕਾਰ ਹੋਣਾ ਅਪਣੇ-ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਸੀ। ਕਵੀਸ਼ਰ ਬਲਵੰਤ ਸਿੰਘ ਪਮਾਲ਼ ਨੇ ਐੱਚ.ਐੱਮ.ਵੀ. ਕੰਪਨੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਪੂਰਨ ਭਗਤ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਹਿਬਾਂ ਅਤੇ ਹੀਰ ਰਾਂਝੇ ਦੇ ਪ੍ਰਸੰਗ ਰਿਕਾਰਡ ਕਰਵਾ ਕੇ ਕਵੀਸ਼ਰੀ ਦੇ ਖੇਤਰ ਵਿੱਚ ਅਪਣੇ ਕਵੀਸ਼ਰੀ ਜੱਥੇ ਦੇ ਨਾਮ ਦਾ ਇੱਕ ਤਹਿਲਕਾ ਮਚਾ ਦਿੱਤਾ ਸੀ।
ਕਵੀਸ਼ਰ ਬਲਵੰਤ ਸਿੰਘ ਪਮਾਲ਼ ਸਾਹਿਬ ਜੀ ਨੂੰ ਦੂਰਦਰਸ਼ਨ, ਦਿੱਲੀ ਤੋਂ ਕਵੀਸ਼ਰੀ ਰੰਗ ਵਿੱਚ ਦੇਸ਼-ਭਗਤੀ (ਸ਼ਹੀਦ ਭਗਤ ਸਿੰਘ) ਦੇ ਪ੍ਰਸੰਗ ਗਾਉਣ ਦਾ ਮਾਣ ਹਾਸਿਲ ਹੈ। ਆਪ ਜੀ ਦੇ ਜੱਥੇ ਨੇ ਜਲੰਧਰ ਦੂਰਦਰਸ਼ਨ ਤੋਂ ਅਨੇਕਾਂ ਵਾਰ ਅਪਣੀ ਕਵੀਸ਼ਰੀ ਦੀ ਕਲਾ ਦਾ ਲੋਹਾ ਮਨਵਾਇਆ ਹੈ। ਆਪ ਜੀ ਦੀ ਕਵੀਸ਼ਰੀ ਦੀ ਚੜ੍ਹਦੀਕਲਾ ਸਮੇਂ ਆਪ ਜੀ ਦੀ ਸ਼ਾਦੀ ਪਿੰਡ ਫੱਲੇਵਾਲ ਦੇ ਸ੍ਰ: ਬੰਤਾ ਸਿੰਘ ਜੀ ਦੀ ਬੇਟੀ ਸ੍ਰੀਮਤੀ ਮਹਿੰਦਰ ਕੌਰ ਜੀ ਨਾਲ਼ ਹੋਈ। ਆਪ ਜੀ ਦੇ ਘਰ ਚਾਰ ਬੇਟੀਆਂ ਅਤੇ ਇੱਕ ਬੇਟੇ (ਅੱਜ ਦੇ ਪ੍ਰਸਿੱਧ ਢਾਡੀ ਸ੍ਰ: ਰਛਪਾਲ ਸਿੰਘ ਪਮਾਲ਼) ਨੇ ਜਨਮ ਲਿਆ।
ਕਵੀਸ਼ਰ ਬਲਵੰਤ ਸਿੰਘ ਪਮਾਲ਼ ਜੀ ਨੇ ਕਈ ਮਹਾ-ਕਾਵਿ ਵੀ ਲਿਖਕੇ ਪੰਜਾਬੀ ਮਾਂ-ਬੋਲੀ ਦੀ ਝੋਲ਼ੀ ਵਿੱਚ ਪਾ ਕੇ ਅਪਣੀ ਮਾਂ-ਬੋਲੀ ਨੂੰ ਦੇ ਘੇਰੇ ਨੂੰ ਹੋਰ ਵੀ ਵਿਸ਼ਾਲ ਕੀਤਾ ਹੈ ਜਿਨ੍ਹਾਂ ਉੱਪਰ ਕਈ ਖੋਜ ਪੱਤਰਾਂ ਦੇ ਅਧਾਰ 'ਤੇ ਥੀਸਿਜ਼ ਲਿਖੇ ਜਾ ਸਕਦੇ ਹਨ।
ਪੰਜਾਬ ਦਿਆਂ ਮੇਲਿਆਂ, ਤੀਰਥ ਅਸਥਾਨਾਂ ਅਤੇ ਵਿਆਹ-ਸ਼ਾਦੀਆਂ 'ਤੇ ਕੋਈ ਚਾਰ ਦਹਾਕੇ ਅਪਣੀ ਕਵੀਸ਼ਰੀ ਦੀਆਂ ਮਿੱਠੀਆਂ ਸੁਰਾਂ ਨੂੰ ਪੰਜਾਬ ਦੀ ਫਿਜ਼ਾ ਵਿੱਚ ਬਿਖੇਰਦਾ ਹੋਇਆ ਇਹ ਮਾਣ-ਮੱਤਾ ਸ਼੍ਰੋਮਣੀ ਕਵੀਸ਼ਰ ਬਲਵੰਤ ਸਿੰਘ ਪਮਾਲ਼ ਮਿਤੀ 13 ਦਸੰਬਰ, 1988 ਨੂੰ ਪਿੰਡ ਖੋਸਾ ਪਾਂਡੋ (ਮੋਗਾ)ਵਿੱਚ ਪੂਰਾ ਦਿਨ ਨਗਰ-ਕੀਰਤਨ ਵਿੱਚ ਅਪਣੇ ਕਵੀਸ਼ਰੀ-ਜੱਥੇ ਨਾਲ਼
ਸੇਵਾਵਾਂ ਨਿਭਾਅ ਕੇ ਸ਼ਾਮ ਦੇ ਅੱਠ ਵਜੇ ਅਪਣੇ ਪਿੰਡ ਦੇ ਪਾਸ਼ੂ ਸਾਥੀਆਂ ਨਾਲ਼ 35 ਸਾਲ ਦਾ ਲੰਬਾ ਅਰਸਾ ਸਾਥ ਨਿਭਾ ਕੇ ਅਪਣੇ ਪਰਿਵਾਰ ਅਤੇ ਕਵੀਸ਼ਰੀ ਕਲਾ ਦੇ ਸ਼ੁਦਾਈ ਸਮੂਹ ਸਰੋਤਾ-ਜਨ ਨੂੰ ਆਖਰੀ ਗੁਰ-ਫਤਹਿ ਗੁਜ਼ਾਰ ਕੇ ਨੂਰਾਨੀ ਜੋਤ ਵਿੱਚ ਬ੍ਰਹਮਲੀਨ ਹੋ ਗਏ।
ਰਛਪਾਲ ਸਿੰਘ ਪਮਾਲ਼ ਸਾਹਿਬ ਸ਼੍ਰੋਮਣੀ ਕਵੀਸ਼ਰ ਬਲਵੰਤ ਸਿੰਘ ਪਮਾਲ਼ ਸਾਹਿਬ ਜੀ ਇਕਲੌਤੇ ਸਪੁੱਤਰ ਹਨ ਜੋ ਢਾਡੀ ਕਲਾ ਦੀ ਛੰਦਾਬੰਦੀ ਵਾਲ਼ੀ ਪੁਰਾਤਨ ਪਰੰਪਰਾ ਨੂੰ ਦੁਨੀਆਂ ਦੇ ਕੋਨੇ-ਕੋਨੇ ਬਹੁਤ ਹੀ ਮਿਹਨਤ ਨਾਲ ਪਹੁੰਚਾ ਰਹੇ ਹਨ।
-
ਸਵਰਨ ਸਿੰਘ ਸਿਵੀਆ, ਲੇਖਕ
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.