ਇਸ ਦੁਨੀਆਂ ਨੂੰ ਕੱਲ੍ਹ ਅਲਵਿਦਾ ਕਹਿ ਗਏ ਪੀ.ਏ.ਯੂ ਲੁਧਿਆਣਾ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਅਚਾਰ ਵਿਭਾਗ ਦੇ ਸਾਬਕਾ ਮੁਖੀ ਡਾ: ਸ ਸ ਦੋਸਾਂਝ ਨਾਲ ਕਈ ਦਹਾਕਿਆਂ ਦੇ ਰਿਸ਼ਤੇ ਦੀਆਂ ਯਾਦਾਂ ਘੇਰਾ ਪਾਈ ਬੈਠੀਆਂ ਨੇ . .
. ਉਹਨਾਂ ਦੇ ਤੁਰ ਜਾਣ ਦਾ ਸਦਮਾ ਤਾਂ ਹੈ ਈ, ਪਰ ਓਹਨਾਂ ਦੀ ਛਤਰਛਾਇਆ ਹੇਠ, ਓਹਨਾਂ ਨਾਲ਼ ਬਿਤਾਏ ਵਕਤ ਨੂੰ ਚੇਤੇ ਕਰਕੇ ਓਹਨਾਂ ਦੇ ਆਸ-ਪਾਸ ਹੋਣ ਦੇ ਮਿੱਠੇ ਤੇ ਨਿੱਘੇ ਅਹਿਸਾਸ ਦਾ ਅਨੁਭਵ ਕਰਨ ਦੀ ਕੋਸ਼ਿਸ਼ ਕਰ ਰਿਹਾਂ।
ਗੱਲ ਸੱਤਰਵਿਆਂ ਦੀ ਹੈ . . . ਜਦੋਂ ਡਾ: ਸ ਸ ਦੋਸਾਂਝ ਨਾਲ਼ ਪਹਿਲੀ ਮੁਲਾਕਾਤ ਓਹਨਾਂ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ ਪੰਜਾਬੀ ਸੱਭਿਆਚਾਰ ਸਭਾ ਦੀ ਇਕ ਬੈਠਕ ਵਿੱਚ ਹੋਈ।
ਮਾਵੇ ਵਾਲੀ ਪੋਚਵੀਂ ਪੱਗ . . . ਫਿਕਸੋ ਲਾ ਕੇ ਬੰਨ੍ਹੀ ਹੋਈ ਦਾਹੜੀ . . . ਪੈਂਟ-ਕੋਟ ਨਾਲ਼ ਦੀ ਨੈਕਟਾਈ . .
. ਡਾ: ਐਮ.ਐਸ. ਰੰਧਾਵਾ ਦੀ ਇੱਛਾ ਨਾਲ ਯੂਨੀਵਰਸਿਟੀ ਚ ਬਣਾਏ ਰੌਕ-ਗਾਰਡਨ ਤੋਂ ਸੌ ਕੁ ਮੀਟਰ ਦੂਰ ਹਰੇ ਘਾਹ `ਤੇ ਬੈਠੇ, ਡਾ: ਸ ਸ ਦੋਸਾਂਝ ਮੈਨੂੰ ਇਕ ਪ੍ਰੋਫੈਸਰ ਘੱਟ ਤੇ ਇਕ ਚਾਚਾ-ਤਾਇਆ ਵੱਧ ਲੱਗੇ ਸਨ . .
. ਉਹਨਾਂ ਵਿੱਚ ਓਹ "ਪ੍ਰੋਫੈਸਰੀ" ਵਾਲਾ ਰੋਹਬ/ਦਬਕਾ ਗੈਰਹਾਜ਼ਰ ਸੀ ਤੇ ਇਕ ਵਡੇਰਿਆਂ ਵਾਲ਼ੀ ਅਪਣੱਤ ਡੁੱਲ੍ਹ ਡੁੱਲ੍ਹ ਪੈਂਦੀ ਸੀ।
ਉਹਨਾਂ ਦਾ ਹੱਸੂੰ ਹੱਸੂੰ ਕਰਦਾ ਚਿਹਰਾ ਤੇ ਸਰਲ ਬੋਲੀ ਸਾਨੂੰ ਪਿੰਡਾਂ ਤੋਂ ਆਏ ਮੁੰਡਿਆਂ ਨੂੰ ਇਕਦਮ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਖਿੱਚਦੀ ਸੀ। ਉਹਨਾਂ ਦਾ ਇਹ ਸੁਭਾਅ ਸਾਰੀ ਉਮਰ ਨਾਲ਼ ਨਾਲ਼ ਰਿਹਾ ਤੇ ਦੋਸਤੀ ਦੇ ਵਿਸ਼ਾਲ ਘੇਰੇ ਦਾ ਵੱਡਾ ਕਾਰਨ ਵੀ।
ਓਦੋਂ ਤੱਕ ਓਹਨਾਂ ਦਾ ਨਾਮ ਪੰਜਾਬ ਭਰ ਵਿੱਚ ਮਸ਼ਹੂਰ ਹੋ ਚੁੱਕਾ ਸੀ . . . ਕੁਝ ਅਖ਼ਬਾਰਾਂ ਵਿੱਚ ਛਪਦੀਆਂ ਉਹਨਾਂ ਦੀਆਂ ਮਹੱਤਵਪੂਰਨ ਲਿਖਤਾਂ ਕਰਕੇ . . .
ਕੁਝ ਨਕਸਲਬਾੜੀ ਲਹਿਰ ਤੇ ਪੰਜਾਬ ਸਟੂਡੈਂਟਸ ਯੂਨੀਅਨ (ਪ੍ਰਿਥੀਪਾਲ ਸਿੰਘ ਰੰਧਾਵਾ) ਦੇ ਆਗੂਆਂ ਦੀ ਰਹਿਨੁਮਾਈ ਕਰਨ ਕਰਕੇ . . .
ਕੁਝ ਪੰਜਾਬ ਖੇਤੀ ਯੂਨੀਵਰਸਿਟੀ ਅਧਿਆਪਕ ਜਥੇਬੰਦੀ PAUTA ਦੇ ਪ੍ਰਧਾਨ ਬਣਨ ਕਰਕੇ . . . ਕੁਝ ਪੰਜਾਬੀ ਸਾਹਿਤ ਅਕੈਡਮੀ ਦੇ ਸਕੱਤਰ ਹੋਣ ਕਰਕੇ . . . ਤੇ ਬਹੁਤਾ ਓਹਨਾਂ ਦੀ ਆਪਣੀ ਨਿੱਜੀ ਸ਼ਖ਼ਸੀਅਤ ਕਰਕੇ।
ਬੀ.ਐਸ.ਸੀ. ਦੀ ਡਿਗਰੀ ਮੁਕੰਮਲ ਕਰਨ ਉਪਰੰਤ ਮੈਂ ਐਮ.ਐਸ.ਸੀ (ਪੱਤਰਕਾਰੀ) ਵਿੱਚ ਦਾਖਲਾ ਤਾਂ ਲੈ ਲਿਆ ਪਰ ਪਹਿਲਾ ਹੀ ਟ੍ਰਾਈਮੈਸਟਰ ਖਤਮ ਹੋਣ `ਤੇ ਮੈਂ ਓਹਨਾਂ ਦੇ ਦਫ਼ਤਰ ਵਿੱਚ ‘ਮਾਈਗ੍ਰੇਸ਼ਨ' ਵਾਲ਼ੀ ਅਰਜ਼ੀ `ਤੇ ਉਹਨਾਂ ਦੀ ਸਹਿਮਤੀ ਦੇ ਦਸਤਖ਼ਤ ਕਰਾਉਣ ਲਈ ਲੈ ਗਿਆ ਪੱਤਰਕਾਰੀ ਤੋਂ ਇਕਨਾਮਿਕਸ ਵਿਭਾਗ ਵਿੱਚ ਜਾਣ ਦੀ ਆਗਿਆ ਲੈਣ ਲਈ।
ਉਹਨਾਂ ਨੇ ਮੈਨੂੰ ਆਪਣੇ ਸਾਹਮਣੇ ਬਿਠਾ ਕੇ ਪੁੱਛਿਆ ਕਿ 'ਤੂੰ ਵਿਸ਼ਾ ਬਦਲਣਾ ਕਿਉਂ ਚਾਹੁੰਨੈ'? . . .
ਤੇ ਮੈਂ ਭੋਲ਼ਾ ਜਿਹਾ ਜਵਾਬ ਦਿੱਤਾ, 'ਓਧਰ ਨੌਕਰੀ ਮਿਲਣ ਦੇ ਵੱਧ ਆਸਾਰ ਨੇ'।
ਡਾ: ਦੋਸਾਂਝ ਨੇ ਨਾਲ਼ ਹੀ ਕਿਹਾ, 'ਤੂੰ ਨੌਕਰੀ ਦਾ ਫ਼ਿਕਰ ਨਾ ਕਰ, ਜੇ ਏਥੇ ਚੰਗੇ ਨੰਬਰ ਲਵੇਂਗਾ, ਕੁਝ ਸਿੱਖੇਂਗਾ ਤਾਂ ਨੌਕਰੀ ਪੱਤਰਕਾਰੀ ਖੇਤਰ `ਚ ਵੀ ਮਿਲ ਜੂ . . . ਤੂੰ ਏਥੇ ਈ ਰਹਿ ਤੇ ਮਿਹਨਤ ਕਰ।
ਬੱਸ, ਓਹਨਾਂ ਦੀ ਓਸ ਅਪਣੱਤ ਭਰੀ ਨਸੀਹਤ ਨੇ ਮੇਰੀ ਜ਼ਿੰਦਗੀ ਦਾ ਚੰਗੇਰੇ ਭਵਿੱਖ ਦਾ ਮੁੱਢ ਬੰਨ੍ਹ ਦਿੱਤਾ। ਬਾਅਦ ਵਿੱਚ ਮੈਂ ਓਥੇ ਹੀ ਅਸਿਸਟੈਂਟ ਪ੍ਰੋਫੈਸਰ ਬਣਿਆ . . . ਓਥੋਂ ਹੀ ਇੰਗਲੈਂਡ ਪੀ.ਐਚ.ਡੀ ਕਰਨ ਗਿਆ, ਕਈ ਅੰਤਰਰਾਸ਼ਟਰੀ ਕਾਨਫਰੰਸਾਂ `ਚ ਹਿੱਸਾ ਲੈਣ ਗਿਆ . . . ਓਥੇ ਹੀ ਵਾਪਿਸ ਆ ਕੇ ਐਸੋਸੀਏਟ ਪ੍ਰੋਫੈਸਰ ਬਣਿਆ।
ਮੈਂ ਡਾ: ਸ ਸ ਦੋਸਾਂਝ ਹੋਰਾਂ ਦੇ ਪਰਿਵਾਰ ਦਾ ਇਕ ਤਰ੍ਹਾਂ ਮੈਂਬਰ ਹੀ ਸੀ . . . ਜਦੋਂ ਜੀਅ ਕਰਨਾ ਚਲੇ ਜਾਣਾ . . . ਚਾਹ ਦਾ ਵਕਤ ਹੋਵੇ ਤਾਂ ਚਾਹ . . . ਰੋਟੀ-ਪਾਣੀ ਦਾ ਸਮਾਂ ਹੋਵੇ ਤਾਂ ਓਹ। ਮੈਂ ਉਹਨਾਂ ਕੋਲ਼ੋਂ ਕਲਾਸ-ਰੂਮ ਵਿੱਚ ਤਾਂ ਜੋ ਸਿੱਖਣਾ ਸੀ ਓਹ ਸਿਖਿਆ ਹੀ, ਬਹੁਤਾ ਮੈਂ ਓਹਨਾਂ ਨਾਲ਼ ਰਹਿ ਕੇ, ਵਿੱਚਰ ਕੇ ਗ੍ਰਹਿਣ ਕੀਤਾ।
ਓਹ ਜੋ ਕਹਿੰਦੇ ਸੀ ਓਹਦੇ `ਤੇ ਪੂਰਾ ਉਤਰਦੇ ਸੀ . . . ਮੈਂ ਕਦੇ ਓਹਨਾਂ ਨੂੰ ਕਿਸੇ ਨੂੰ ਟਰਕਾਉਂਦੇ ਨਹੀਂ ਦੇਖਿਆ . . . ਉਹਨਾਂ ਨੇ ਕਦੀ ਕਿਸੇ ਸਵਾਲੀਏ ਨੂੰ ਨਿਰਾਸ਼ ਨਹੀਂ ਮੋੜਿਆ . . .
ਓਹ ਜਿੱਥੇ ਪੀ.ਏ.ਯੂ ਦੇ ਅਧਿਆਪਕਾਂ ਦੀ ਜੱਥੇਬੰਦੀ ਵਿੱਚ ਕੰਮ ਕਰਨ ਲਈ ਸਦਾ ਤਿਆਰ-ਬਰ-ਤਿਆਰ ਰਹਿੰਦੇ, ਓਥੇ ਨੌਨ-ਟੀਚਿੰਗ ਸਟਾਫ਼ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਵੀ ਪੂਰਾ ਸਹਿਯੋਗ ਦਿੰਦੇ . . . PAU non-teaching ਜੱਥੇਬੰਦੀ ਦੇ ਲੀਡਰਾਂ ਰੂਪ ਸਿੰਘ ਰੂਪਾ ਤੇ ਸਰਦੂਲ ਸਿੰਘ ਸੰਧੂ ਨਾਲ਼ ਉਹਨਾਂ ਦੀ ਗੂੜ੍ਹੀ ਦੋਸਤੀ ਸੀ . . . ਇਕ ਵਾਰ ਜਦ ਰੂਪ ਸਿੰਘ ਰੂਪਾ ਹੋਰਾਂ ਉਪਰ ਗੋਲੀ ਚੱਲੀ ਤਾਂ ਉਹਨਾਂ ਨੂੰ ਡਾ: ਸ ਸ ਦੋਸਾਂਝ ਹੀ ਆਪਣੀ ਕਾਰ ਵਿੱਚ ਦਯਾਨੰਦ ਹਸਤਪਾਲ ਲੈ ਕੇ ਗਏ . . . ਓਹਨਾਂ ਦੀ ਵਾਈਸ-ਚਾਂਸਲਰ ਤੋ ਲੈ ਕੇ ਚਪੜਾਸੀ ਤੱਕ ਸਭ ਨਾਲ ਬਣਦੀ ਸੀ।ਡਾ: ਦੋਸਾਂਝ ਇਕ ਬਹੁ-ਪੱਖੀ ਸ਼ਖ਼ਸੀਅਤ ਸਨ . . .
ਓਹ ਵਿਦਿਆਰਥੀਆਂ ਨੂੰ ਸੇਧ ਦੇਣ ਵਾਲ਼ੇ ਨਿਪੁੰਨ ਅਧਿਆਪਕ, ਨਿਧੜਕ ਨੇਤਾ, ਬੇਬਾਕ ਲੇਖਕ, ਸੰਗੀਤ ਦੇ ਰਸੀਏ, ਸਾਹਿਤਕ ਸਰਗਰਮੀਆਂ ਦੇ ਸੰਚਾਲਕ, ਮਹਿਫ਼ਲਾਂ ਦੇ ਦਿਲਦਾਰ, ਸਿਆਸੀ ਨੇਤਾ ਪੈਦਾ ਕਰਨ ਵਾਲ਼ੇ ਤੇ ਸਿਆਸਤਦਾਨਾਂ ਨੂੰ ਸਲਾਹ ਦੇਣ ਵਾਲ਼ੇ, ਯਾਰਾਂ ਦੇ ਯਾਰ ਸਨ। ਮੈਂ ਉਹਨਾਂ ਨੂੰ ਕਦੀ ਵੀ ਤਲਖ਼ੀ ਵਿੱਚ ਨਹੀਂ ਸੀ ਦੇਖਿਆ . . . ਉਹਨਾਂ ਦੇ ਬਥੇਰੇ ਲੋਕਾਂ ਨਾਲ਼ ਪੇਚੇ ਵੀ ਪਏ, ਪਰ ਓਹ ਕਦੀ ਵੀ ਕਿਸੇ ਦਾ ਬੁਰਾ ਤੱਕ ਕੇ ਓਹਦਾ ਨਾ ਤਾਂ ਜਵਾਬ ਦਿੰਦੇ ਤੇ ਨਾ ਹੀ ਕੋਈ ਵਿਉਂਤਾਂ ਘੜਦੇ (ਏਸੇ ਲਈ ਮੈਂ ਕਈ ਉਹਨਾਂ ਲੋਕਾਂ ਨੂੰ ਵੀ ਫਿਰ ਤੋਂ ਡਾ: ਸ ਸ ਦੋਸਾਂਝ ਨਾਲ਼ ਦੋਸਤੀਆਂ ਗੰਢਦੇ ਦੇਖਿਆ ਤੇ ਓਹਨਾਂ ਨਾਲ਼ ਖਾਂਦੇ-ਪੀਂਦੇ ਦੇਖਿਆ) . . .
ਮੈਂ ਓਹਨਾਂ ਨੂੰ ਕਦੀ ਨਿਰਾਸ਼ ਵੀ ਨਹੀਂ ਦੇਖਿਆ . . . ਜੇ ਕਦੀ ਇਸ ਤਰ੍ਹਾਂ ਦੀ ਸਥਿਤੀ ਬਣੀ ਵੀ ਤਾਂ ਓਹ ਹੱਥ ਤੇ ਹੱਥ ਰੱਖ ਕੇ ਨਹੀਂ ਬੈਠੇ (ਨਾ ਕਿਸੇ ਕੋਲ਼ੋਂ ਮੱਦਦ ਮੰਗੀ), ਸਗੋਂ ਓਹਦਾ ਹੱਲ ਲੱਭਿਆ ਤੇ ਖ਼ੁਦ ਸਿਰੇ ਚੜ੍ਹਾਇਆ। ਓਹ ਇਕ ਅਣਥੱਕ ਵਿਅਕਤੀ ਸਨ . . . ਅਸੀਂ ਓਸ ਵੇਲੇ ਇਕ ਪਰਚਾ ਲੋਕ ਹੱਕ ਕੱਢਿਆ ਸੀ ਜਿਸ ਵਿੱਚ ਛਾਪਣ ਲਈ ਇਸ਼ਤਿਹਾਰ ਇਕੱਠੇ ਕਰਨ ਲਈ ਡਾ: ਸ ਸ ਦੋਸਾਂਝ ਤੇ ਮੈਂ ਗਰਮੀਆਂ ਦੀ ਰੁੱਤੇ ਸਿਖਰ ਦੁਪਹਿਰੇ ਲੁਧਿਆਣਾ ਦੇ ਇੰਡਸਟਰੀਅਲ ਏਰੀਏ ਚਲੇ ਜਾਣਾ . . .
ਇਕ ਵਾਰ ਕਾਰ ਵਿੱਚ ਰਾਤ ਨੂੰ ਜੰਮੂ ਜਾਂਦਿਆਂ ਸਾਡਾ ਐਕਸੀਡੈਂਟ ਹੋ ਗਿਆ (ਮਿਸਜ਼ ਅੰਮ੍ਰਿਤ ਦੋਸਾਂਝ ਤੇ ਓਹਨਾਂ ਦਾ ਬੇਟਾ ਸੋਨੂੰ ਵੀ ਨਾਲ ਸਨ) . . .
ਠੰਢ ਦਾ ਮੌਸਮ, ਬਾਰਸ਼ ਹੋਵੇ . . . ਓਦੋਂ ਕੋਈ ਸੈੱਲ-ਫੋਨ ਨਹੀਂ ਸੀ ਹੁੰਦੇ . . . ਕਿੰਨੀ ਹੀ ਉਡੀਕ ਤੋਂ ਬਾਅਦ ਇਕ ਟਰੱਕ ਵਾਲ਼ੇ ਕੋਲ਼ੋਂ ਗੱਡੀ ਟੋਅ ਕਰਵਾ ਕੇ ਜੰਮੂ ਪਹੁੰਚਾਈ ਤੇ ਰਾਤ ਇਕ ਗੈਸ ਸਟੇਸ਼ਨ `ਤੇ ਕੱਟੀ। ਏਸ ਸਾਰੇ ਸਮੇਂ ਦੌਰਾਨ ਮੇਰੇ ਤਾਂ ਭਾਅ ਦੀ ਬਣੀ ਰਹੀ ਪਰ ਓਹਨਾਂ ਦੇ ਮੱਥੇ `ਤੇ ਕੋਈ ਸ਼ਿਕਨ ਨਹੀਂ ਸੀ - ਏਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਸਨ ਡਾ: ਦੋਸਾਂਝ ।
ਓਹ, ਪ੍ਰੋਫੈਸਰੀ ਛੱਡ ਕੇ ਮੇਰੇ ਕਨੇਡਾ ਆਉਣ ਦੇ ਹੱਕ ਵਿੱਚ ਨਹੀਂ ਸਨ, ਪਰ ਓਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਮੈਂ ਹੁਣ ਓਥੇ ਨਹੀਂ ਰਹਿਣਾ, ਏਸ ਲਈ ਓਹਨਾਂ ਨੇ ਇਕ ਵਾਰ ਵੀ ਮੈਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੇਰਾ ਫ਼ੈਸਲਾ ਬਹੁਤਾ ਸਹੀ ਨਹੀਂ ਸੀ ਤੇ ਖੁਸ਼ੀ-ਖੁਸ਼ੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਅਸ਼ੀਰਵਾਦ ਦੇ ਕੇ ਤੋਰਿਆ।
ਮੈਨੂੰ ਯਾਦ ਹੈ ਕਿ ਮੈਂ ਤੁਰਨ ਲੱਗਿਆਂ ਜਦ ਉਹਨਾਂ ਦੇ ਗਲ਼ ਲੱਗ ਕੇ ਧਾਹ ਮਾਰੀ ਸੀ ਤਾਂ ਉਹਨਾਂ ਨੇ ਮੈਨੂੰ ਹੌਸਲਾ ਦਿੰਦਿਆਂ ਇਹ ਕਿਹਾ ਸੀ ਕਿ ਆਪਣੀ ਮਰਜ਼ੀ ਦਾ ਕੰਮ ਕਰਨ ਲੱਗਿਆਂ ਏਸ ਤਰ੍ਹਾਂ ਨਹੀਂ ਕਰੀਦਾ। ਨਾਲ ਹੀ ਮੇਰੀ ਸਫ਼ਲਤਾ ਲਈ ਸ਼ੁਭ-ਇਛਾਵਾਂ ਦਿੱਤੀਆਂ ਸਨ . . . ਬੱਸ ਅੱਜ ਤੋਂ ਬਾਦ ਉਹਨਾਂ ਸ਼ੁਭਇਛਾਵਾਂ ਦੀ ਹੀ ਕਮੀ ਮਹਿਸੂਸ ਹੋਵੇਗੀ।
. . . ਹੁਣ ਰਹਿੰਦੀ ਜ਼ਿੰਦਗੀ ਇਹੀ ਸੱਲ ਰਹੇਗਾ ਕਿ ਲੁਧਿਆਣਾ ਜਾ ਕੇ ਡਾ: ਦੋਸਾਂਝ ਨਾਲ਼ ਮੁਲਾਕਾਤ ਨਹੀਂ ਹੋਵੇਗੀ . . . ਓਹਨਾਂ ਦੀ ਗਲਵੱਕੜੀ ਦਾ ਨਿੱਘ ਨਹੀਂ ਮਿਲੇਗਾ . . .ਉਹਨਾਂ ਨਾਲ ਦੁਖ-ਸੁਖ ਸਾਂਝਾ ਨਹੀਂ ਹੋ ਸਕੇਗਾ।
ਡਾਕਟਰ ਸਾਹਿਬ ਤੁਸੀਂ ਗ੍ਰੇਟ ਸੀ . . . ਤੁਸੀਂ ਮੈਨੂੰ ਹਰ ਕਦਮ `ਤੇ ਨਸੀਹਤ ਦੇ ਕੇ ਮੇਰੀ ਜ਼ਿੰਦਗੀ ਸੰਵਾਰਨ ਵਿੱਚ ਬੜਾ ਵੱਡਾ ਯੋਗਦਾਨ ਪਾਇਆ . . .
ਮੈਂ ਹਮੇਸ਼ਾਂ ਤੁਹਾਡਾ ਰਿਣੀ ਰਹਾਂਗਾ . . . ਤੁਹਾਡੀ ਸੋਹਬਤ ਵਿੱਚ ਗੁਜ਼ਾਰੇ ਕਈ ਦਹਾਕਿਆਂ ਦੀਆਂ ਮਿੱਠੀਆਂ ਯਾਦਾਂ ਮੇਰੇ ਅੰਗ-ਸੰਗ ਰਹਿਣਗੀਆਂ . . . ਅਲਵਿਦਾ!
ਤੁਹਾਡੇ ਬਿਨਾ ਸੱਖਣਾ
-ਬਲਵਿੰਦਰ
ਰੇਡੀਓ 'ਸਰਗਮ' ਟੋਰਾਂਟੋ
-
ਡਾ: ਬਲਵਿੰਦਰ ਸਿੰਘ, ਰੇਡੀਓ ਸਰਗਮ ਟੋਰਾਂਟੋ (ਕੈਨੇਡਾ)
*****************
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.