“ਬੇ ਹਿੰਮਤੇ ਨੇ ਜਿਹੜੇ, ਬਹਿਕੇ ਸ਼ਿਕਵਾ ਕਰਨ ਮੁਕਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ।”
ਇਹ ਸ਼ਬਦ ਮਾਨਸਾ ਸ਼ਹਿਰ ਦੇ ਖਾਂਦੇ ਪੀਂਦੇ ਪਰਿਵਾਰ ਡਾ. ਦਾਤਾ ਰਾਮ ਦੀ ਪੁੱਤਰੀ ਐਡਵਕੇਟ ਰੇਖਾ ਸ਼ਰਮਾ ਤੇ ਪੂਰੀ ਤਰ੍ਹਾਂ ਢੁੱਕਦੇ ਹਨ। ਕਿਉਂਕਿ ਕੁਝ ਗੱਲਾਂ ਕਹਿਣ ਵਿੱਚ ਸੁਖਾਲੀਆਂ ਤੇ ਨਰਮ ਜਾਪਦੀਆਂ ਨੇ ਪ੍ਰੰਤੂ ਅਮਲ ਵਿੱਚ ਬਹੁਤ ਔਖੀਆ ਤੇ ਕਠਿਨ ਹੁੰਦੀਆਂ ਨੇ। ਡਾ. ਦਾਤਾ ਰਾਮ ਦੇ ਘਰ 5 ਫਰਵਰੀ 1955 ਨੂੰ ਮਾਤਾ ਸੁਰਜੀਤ ਦੇਵੀ ਦੀ ਕੁੱਖੋਂ ਜਨਮ ਲੈਣ ਵਾਲੀ ਰੇਖਾ ਸ਼ਰਮਾਂ ਬਾਰੇ ਅਦਾਜਾ ਲਾਉਣਾ ਬੜਾ ਅਸੰਭਵ ਜਾਪ ਰਿਹਾ ਸੀ। ਕਿ ਮੁੱਢਲੀ ਵਿਦਿਆ ਗਾਂਧੀ ਹਾਇਰ ਸੈਕੰਡਰੀ ਸਕੂਲ ਤੋਂ ਸ਼ੁਰੂ ਕਰਕੇ ਐਸ.ਡੀ. ਕਾਲਜ ਤੋਂ ਬੀ.ਏ., ਐਮ.ਏ. ਨਹਿਰੂ ਕਾਲਜ, ਬੀ.ਐਡ ਲੋਪੋਕੇ ਕਾਲਜ (ਮੋਗਾ) ਅਤੇ ਐਲ.ਐਲ.ਬੀ. ਦੀ ਡਿਗਰੀ ਗੰਗਾ ਨਗਰ ਤੋਂ ਕਰਨ ਵਾਲੀ ਨਰਮ ਸੁਭਾਅ, ਇਰਾਦੇ ਦੀ ਪੱਕੀ, ਖੁਸ਼ ਦਿੱਲ, ਸ਼ਹਿਰ ਦੀਆਂ ਅਨੇਕਾਂ ਜਨਤਕ, ਸਮਾਜਿਕ ਸੰਸਥਾਵਾਂ, ਸਰਕਾਰੀ ਕਮੇਟੀਆਂ ਤੇ ਰਾਜਨੀਤਿਕ ਤੌਰ ਤੇ ਆਪਣਾ ਨਾਮਣਾ ਖੱਟਕੇ ਪਰਿਵਾਰ, ਸ਼ਹਿਰ ਅਤੇ ਪਾਰਟੀ ਲਈ ਸਖ਼ਸ਼ੀਅਤ ਬਣ ਕੇ ਉੱਭਰੇਗੀ। ਐਸ.ਡੀ. ਕਾਲਜ ਵਿੱਚ ਇਕ ਸੈਮੀਨਾਰ ਦੌਰਾਨ ਮੌਕੇ ਜਾਤ-ਪਾਤ ਦੇ ਖ਼ਾਤਮੇ ਲਈ ਅਤੇ ਦਾਜ-ਦਹੇਜ ਪ੍ਰਥਾ ਪ੍ਰਤੀ ਖਾਧੀ ਗਈ ਕਸਮ ਨੇ ਜਿੰਦਗੀ ਵਿੱਚ ਇਕ ਨਵਾਂ ਉਭਾਰ ਪੈਦਾ ਕੀਤਾ ਅਤੇ ਉਸੇ ਸਮੇਂ ਤੋਂ ਮਜਲੂਮਾਂ ਤੇ ਔਰਤਾਂ ਦੀ ਆਸ ਦੀ ਕਿਰਨ ਅਤੇ ਔਰਤਾਂ ਤੇ ਹੁੰਦੇ ਅੱਤਿਆਚਾਰ, ਜੁਲਮਾਂ ਤੋ ਛੁੱਟਕਾਰਾ ਪਾਉਣ ਸਮੇਤ ਔਰਤਾਂ ਨੂੰ ਇਨਸਾਫ਼ ਦਿਵਾਉਣ ਵਾਲੀ ਪਹਿਲੀ ਔਰਤ ਆਗੂ ਬਣੀ। ਰੋਟਰੀ ਕਲੱਬ ਵਿੱਚ ਸਮਾਜ ਸੇਵਾ ਤੋਂ ਆਪਣਾ ਸਮਾਜਿਕ ਖੇਤਰ ਵਿੱਚ ਸਫਰ ਦੌਰਾਨ ਉੱਘੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਜਤਿੰਦਰ ਆਗਰਾ ਅਤੇ ਸੰਤ ਰਾਮ ਵਕੀਲ ਦੀ ਬੇਟੀ ਨਿਰਮਲਾ ਸਮੇਤ ਅਨੇਕਾਂ ਸਾਥੀਆਂ ਦੇ ਸਹਿਯੋਗ ਨਾਲ ਦਰਿਆ ਦੇ ਪਾਣੀ ਵਾਂਗ ਅੱਗੇ ਵਧਦੀ ਗਈ।
7 ਦਸੰਬਰ 1977 ਨੂੰ ਪ੍ਰੋਫੈਸਰ ਸੂਰਜਪਾਲ ਨਾਲ ਆਪਣੀ ਵਿਆਹੁਤਾ ਜਿੰਦਗੀ ਸੁਰੂ ਕਰਕੇ ਬੇਟਾ ਰੋਹਿਤ, ਕਪਿਲ ਅਤੇ ਬੇਟੀ ਗਿਤਾਂਜ਼ਲੀ ਨੂੰ ਸਮੇ ਦਾ ਹਾਣੀ ਬਣਾ ਕੇ ਅਤੇ ਬੇਟੇ ਨੂੰ ਇੰਜੀਨੀਅਰ, ਬੇਟੀ ਡਾਕਟਰ ਦੇ ਰੁਤਬੇ ਤੱਕ ਪਹੁੰਚਾ ਕੇ ਆਪਣੀ ਪਰਿਵਾਰਿਕ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਰੋਹਿਤ, ਕਪਿਲ ਆਪਣੀ ਪਤਨੀ ਪ੍ਰਿੰਅਕਾ ਨਾਲ ਪਰਿਵਾਰ ਸਮੇਤ ਵਿਦੇਸ਼ ਕੈਲੇਫੋਰਨੀਆ ਵਿਖੇ ਸੇਵਾਵਾ ਕਰ ਰਹੇ ਹਨ ਅਤੇ ਬੇਟੀ ਗਿਤਾਜ਼ਲੀ ਅਤੇ ਜਮਾਈ ਰਾਜਾ ਨਾਲ ਡਾਕਟਰੀ ਪੇਸ਼ੇ ਵਿੱਚ ਬਿਹਾਰ ਵਿਖੇ ਆਪਣੇ ਪੇਸ਼ੇ ਵਿੱਚ ਨਾਮਨਾ ਖੱਟ ਰਹੇ ਹਨ।
1990 ਵਿੱਚ ਆਪਣੀ ਸਮੇਂ ਦੇ ਜਮਾਤੀ ਅਤੇ ਉੱਘੀ ਸਖਸ਼ੀਅਤ ਬਲਰਾਜ ਮਾਨ ਰਾਹੀਂ ਭਾਰਤੀ ਕਮਿਉਨਿਸ਼ਟ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਲਈ, ਦੱਬੇ ਕੁੱਚਲੇ ਸਮਾਜ, ਕਿਰਤੀ ਵਰਗ ਦੀਆਂ ਮੁਸ਼ਕਿਲਾਂ ਤੇ ਮਸਲਿਆਂ ਨੂੰ ਹੱਲ ਕਰਵਾਉਣ ਵਿੱਚ ਜੁੱਟਗੇ। 1992 ਦੀਆਂ ਵਿਧਾਨ ਸਭਾ ਚੋਣਾਂ (ਅੱਤਵਾਦ ਸਮੇਂ) ਵਿਸ਼ੇਸ਼ ਕਰਕੇ ਲੀਡਰਸ਼ਿਪ ਅਤੇ ਨਾਲ ਜੁੱੜੇ ਕਾਡਰ ਲਈ ਚੌਣਤੀ ਦਾ ਸਮਾਂ ਸੀ। ਜਿਸ ਵਿੱਚ ਆਪਣੀ ਬਣਦੀ ਜਿੰਮੇਵਾਰੀ ਨੂੰ ਨਿਭਾਉਂਦੀਆਂ ਜਾਨ ਦੀ ਪ੍ਰਵਾਹ ਨਾ ਕਰਦਿਆ ਕਾਮਰੇਡ ਬੂਟਾ ਸਿੰਘ ਅਤੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਚੋਣ ਵਿੱਚ ਆਗੂ ਰੋਲ ਅਦਾ ਕੀਤਾ ਅਤੇ ਪਾਰਟੀ ਵੱਲੋਂ ਆਪਣੀ ਜਿੰਮੇਵਾਰੀ ਸਮਝਣ ਵਾਲੀ ਰੇਖਾ ਨੂੰ ਸਰਵ ਸੰਮਤੀ ਨਾਲ ਤਿੰਨ ਵਾਰ ਸ਼ਹਿਰੀ ਸਕੱਤਰ ਚੁਣਿਆ, ਜਿਲ੍ਹਾ ਕਾਰਜਕਾਰਣੀ ਮੈਂਬਰ ਅਤੇ ਸਟੇਟ ਕੌਂਸਲ ਮੈਂਬਰ ਚੁਣੇ ਗਏ।
ਸਮੇਂ ਦੇ ਪਾਬੰਦ ਐਡਵੋਕੇਟ ਰੇਖਾ ਸ਼ਰਮਾਂ ਨੇ ਜਿਲਾ ਕਚਿਹਰੀ ਮਾਨਸਾ ਵਿਖੇ 1 ਅਪ੍ਰੈਲ 1996 ਨੂੰ ਐਡਵੋਕੇਟ ਰਜਿੰਦਰ ਸ਼ਰਮਾਂ ਨਾਲ ਆਪਣਾ ਵਕਾਲਤ ਦਾ ਕਾਰਜਕਾਲ ਸ਼ੁਰੂ ਕੀਤਾ ਅਤੇ ਇਸੇ ਸਮੇਂ ਆਪ ਜੀ ਨੂੰ ਰੈੱਡ ਕਰਾਸ ਦੇ ਲਾਈਫ ਮੈਂਬਰ, ਲੰਮਾ ਸਮਾਂ ਵੂਮੈਨ ਸੈੱਲ ਦੇ ਫਾਊਡਰ ਮੈਂਬਰ, ਇੰਡੋਫਰੈਡਸ਼ਿਪ ਐਂਡ ਕਲੱਚਰ ਸੁਸਾਇਟੀ ਦੇ ਮੈਂਬਰ ਇੰਡੀਅਨ ਐਸੋਸੀਏਸ਼ਨ ਦੇ ਸਟੇਟ ਕਾਰਜਕਾਰਨੀ ਮੈਂਬਰ, ਯੂਨਾਈ ਜਸ਼ਟਿਸ ਵੈਲਫੇਅਰ ਕਮੇਟੀ ਬਠਿੰਡਾ ਦੇ ਮੈਂਬਰ, ਬੱਚਿਆਂ ਦੀ ਅਦਾਲਤ ਮਾਨਸਾ ਦੇ ਮੈਂਬਰ ਕਈ ਲੋਕ ਅਦਾਲਤਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ। ਜਿਲ੍ਹਾ ਕਾਨੂੰਨੀ ਅਥਾਰਟੀ ਕਮੇਟੀ ਦੇ (ਝਗੜਾ ਨਿਪਟਾਊ) ਤਿੰਨ ਮੈਂਬਰੀ ਕਮੇਟੀ ਵਿੱਚੋਂ ਇੱਕ ਮੈਂਬਰ ਸਬ-ਡਵੀਜਨ ਮਾਨਸਾ ਦੇ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ, ਐਂਟੀ ਕੁਰੱਪਸ਼ਨ ਕਮੇਟੀ ਮੈਂਬਰ, ਬੰਧੂਆ ਲੇਬਰ ਕਮੇਟੀ ਮੈਂਬਰ, ਕੰਸਟ੍ਰਕਸ਼ਨ ਵੇਲਫੇਅਰ ਬੋਰਡ ਦੇ ਮੈਂਬਰ ਤਹਿਤ ਆਪਣੀਆਂ ਨਿਰੰਤਰ ਸੇਵਾਵਾਂ ਤੇ ਪਹਿਰਾ ਦਿੰਦੇ ਰਹੇ।
ਔਰਤਾਂ ਤੇ ਹੁੰਦੇ ਜੁਲਮਾਂ ਖਿਲਾਫ ਆਵਾਜ ਨੂੰ ਬੁਲੰਦ ਕਰਨ ਵਾਲੀ ਪੰਜਾਬ ਇਸਤਰੀ ਸਭਾ ਦੇ ਜਿਲਾ ਪ੍ਰਧਾਨ, ਐਨ.ਐਫ. ਡਬਲਯੂ.ਆਈ. ਦੇ ਨੈਸ਼ਨਲ ਕੌਂਸਲ ਮੈਂਬਰ ਰਹੇ। ਪਾਰਟੀ ਲਾਈਨ ਨੂੰ ਆਪਣਾ ਮਿਸ਼ਨ ਮੰਨਦਿਆ ਅਨੇਕਾਂ ਘੋਲਾਂ ਵਿੱਚ ਗਰੀਬ ਮਜਲੂਮਾਂ ਅਤੇ ਅਤਿਆਚਾਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਕਾਰੀ ਤੰਤਰ ਖਿਲਾਫ ਵੱਡੇ ਅੰਦੋਲਨ ਕੀਤੇ, ਨੋਜਵਾਨਾਂ, ਵਿਦਿਆਰਥੀਆਂ, ਔਰਤਾਂ, ਕਿਸਾਨਾਂ, ਮਜ਼ੂਦਰਾਂ ਦੇ ਹੱਕ ਵਿੱਚ ਕਈ ਘੋਲਾਂ ਵਿੱਚ ਗਿਫ਼ਤਾਰੀਆਂ ਵੀ ਦਿੱਤੀਆਂ।
ਮੋਦੀ ਸਰਕਾਰ ਵੱਲੋਂ ਭਾਈਚਾਰਕ ਵੰਡ ਤਹਿਤ ਐਨ.ਆਰ.ਸੀ. ਅਤੇ ਐਨ.ਪੀ.ਆਰ. ਅੰਦੋਲਨ ਮੌਕੇ ਮਾਰਚ 2020 ਵਿੱਚ ਕਰੋਨਾ ਕਾਲ ਵਿੱਚ ਔਰਤਾਂ ਦਾ ਵੱਡਾ ਇਕੱਠ ਕਰਕੇ 8 ਮਾਰਚ 2020 ਵਿੱਚ ਔਰਤਾਂ ਨੂੰ ਲਾਮਬੰਦ ਕੀਤਾ।
ਲਾਕਡਾਊਨ ਸਮੇਂ ਮੋਦੀ ਸਰਕਾਰ ਵੱਲੋਂ ਲਗਾਈ ਗਈ ਅਣ-ਐਲਾਨੀ ਐਮਰਜੈਂਸੀ ਮੌਕੇ ਸਰਕਾਰ ਦੇ ਸਿਹਤ ਸਿਸਟਮ ਦੇ ਮਾੜੇ ਪ੍ਰਬੰਧਾਂ ਕਾਰਨ ਬਾਂਹ ਦੇ ਦਰਦ ਤੋਂ ਨਾਮੁਰਾਦ ਬਿਮਾਰੀ ਛਾਤੀ ਦੇ ਕੈਂਸਰ ਦੀ ਪੀੜਤ ਹੋ ਗਈ। ਜਿਕਰਯੋਗ ਹੈ ਕਿ ਅਗਾਂਹਵਧੂ ਵਿਚਾਰਾਂ ਦੀ ਧਾਰਨੀ ਰੇਖਾ ਸ਼ਰਮਾਂ ਨੇ ਬਿਮਾਰੀ ਦਾ ਆਖਰੀ ਸਮੇਂ ਤੱਕ ਹੌਂਸਲੇ ਨਾਲ ਮੁਕਾਬਲਾ ਕੀਤਾ ਅਤੇ ਆਖੀਰ 2 ਦਸੰਬਰ 2021 ਨੂੰ ਆਪਣੀ ਜਿੰਦਗੀ ਦੀ ਜੰਗ ਹਾਰਦਿਆ ਆਖ਼ਰੀ ਸਾਹ ਲਿਆ ਅਤੇ ਸਦਾ ਲਈ ਵਿਛੋੜਾ ਦੇ ਗਏ। ਆਪਣੇ ਪਿੱਛੇ ਪਰਿਵਾਰ, ਪਾਰਟੀ ਅਤੇ ਅਨੇਕਾਂ ਸੁਨੇਹੀਆਂ ਨੂੰ ਅਲਵਿਦਾ ਕਹਿ ਗਏ। ਅੱਜ ਉਨ੍ਹਾਂ ਦੇ ਸ਼ਰਧਾਂਜ਼ਲੀ ਸਮਾਰੋਹ ਮੌਕੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਜਨਤਕ ਸਖ਼ਸੀਅਤਾਂ ਵੱਲੋਂ ਨਮਨ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਅਸੀਂ ਆਪਣੀ ਪਿਆਰੀ ਅਤੇ ਸਤਿਕਾਰ ਯੋਗ ਭੈਣ ਐਡਵੋਕੇਟ ਰੇਖਾ ਸਰਮਾਂ ਵੱਲੋਂ ਪਰਿਵਾਰਿਕ ਜਿੰਮੇਵਾਰਾਂ ਦੇ ਨਾਲ-ਨਾਲ ਪਾਰਟੀ ਅਤੇ ਸਮਾਜਿਕ ਖੇਤਰ ਵਿੱਚ ਕੀਤੀਆਂ ਗਈਆਂ ਅਣਥੱਕ ਸੇਵਾਵਾਂ ਤੇ ਮਾਣ ਤੇ ਫਕਰ ਮਹਿਸੂਸ ਕਰਦੇ ਹਾਂ।
-
ਕਾਮਰੇਡ ਕ੍ਰਿਸ਼ਨ ਚੌਹਾਨ, ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਮਾਨਸਾ
krishanchouhan544@gmail.com
90418-60378
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.