ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਸੰਕਲਪ ਸਮਝਾਉਣ ਚਾਹੀਦਾ
ਭੌਤਿਕ ਵਿਗਿਆਨ ਰੋਚਕ ਤੇ ਵਿਸਥਾਰਤ ਵਿਸ਼ਾ ਹੈ, ਜਿਸ ਨੂੰ ਪ੍ਰਫੁੱਲਿਤ ਕਰਨ ਦੀ ਬਹੁਤ ਲੋੜ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸਾਲਾਨਾ ਨਤੀਜਿਆਂ ’ਤੇ ਝਾਤ ਮਾਰਨ ’ਤੇ ਇਹ ਗੱਲ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਭੌਤਿਕ ਵਿਗਿਆਨ ਵਿਸ਼ੇ ਦੀ ਚੋਣ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ। ਉਨ੍ਹਾਂ ਕਾਰਨਾਂ ਦੀ ਘੋਖ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਕਰਕੇ ਵਿਦਿਆਰਥੀ ਭੌਤਿਕ ਵਿਗਿਆਨ ਦੀ ਪੜ੍ਹਾਈ ਕਰਨ ਤੋਂ ਕਤਰਾਉਂਦੇ ਹਨ। ਵੇਖਿਆ ਜਾਵੇ ਤਾਂ ਭੌਤਿਕ ਵਿਗਿਆਨ ਦੀ ਵੱਡੀ ਸਮੱਸਿਆ ਇਸ ਨੂੰ ਗਿਆਰਵੀਂ ਜਮਾਤ ਤੋਂ ਸਿਰਫ਼ ਅੰਗਰੇਜ਼ੀ ਮੀਡੀਅਮ ’ਚ ਪੜ੍ਹਾਇਆ ਜਾਣਾ ਹੈ। ’ਚ ਭੌਤਿਕ ਵਿਗਿਆਨ ਨੂੰ ਸੂਬਿਆਂ ਦੇ ਮਾਧਿਅਮ ’ਚ ਪੜ੍ਹਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਬਹੁਤ ਸਾਰੇ ਵਿਦਿਆਰਥੀ ਇਸ ਵਿਸ਼ੇ ’ਚ ਨੀਂਹ ਮਜ਼ਬੂਤ ਹੋਣ ਦੇ ਬਾਵਜੂਦ ਵੀ ਅੰਗਰੇਜੀ ਭਾਸ਼ਾ ’ਚ ਮੁਹਾਰਤ ਨਾ ਹੋਣ ਦੇ ਚੱਲਦਿਆਂ ਮਾਰ ਖਾ ਜਾਂਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਾਵੇਂ ਭੌਤਿਕ ਵਿਗਿਆਨ ਦੀਆਂ ਕਿਤਾਬਾਂ ਪੰਜਾਬੀ ਮਾਧਿਅਮ ’ਚ ਛਾਪੀਆਂ ਗਈਆਂ ਹਨ ਪਰ ਕਿਤਾਬਾਂ ਪੰਜਾਬੀ ’ਚ ਛਾਪ ਲੈਣੀਆਂ ਕਾਫ਼ੀ ਨਹੀਂ, ਇਸ ਨੂੰ ਪੜ੍ਹਾਉਣ ਲਈ ਲੋੜੀਂਦੇ ਕਦਮ ਪੁੱਟਣੇ ਵੀ ਓਨੇ ਹੀ ਜ਼ਰੂਰੀ ਹਨ।
ਭੌਤਿਕ ਵਿਗਿਆਨ ਦੀ ਉੱਚ ਸਿੱਖਿਆ ਲੈਣ ਲਈ ਬਹੁਤਾਤ ’ਚ ਵਿਦਿਆਰਥੀ ਵਿਦੇਸ਼ ਦਾ ਰੁਖ ਕਰਦੇ ਹਨ ਤੇ ਜੋ ਭਾਰਤ ’ਚ ਰਹਿ ਕੇ ਗ੍ਰੈਜੂਏਸ਼ਨ ਜਾਂ ਪੋਸਟ-ਗ੍ਰੈਜੂਏਸ਼ਨ ਕਰਦੇ ਹਨ, ਉਨ੍ਹਾਂ ਦੇ ਮਨ ’ਚ ਇਹ ਡਰ ਸਦੀਵੀ ਥਾਂ ਬਣਾ ਚੁੱਕਿਆ ਹੈ ਕਿ ਭੌਤਿਕ ਵਿਗਿਆਨ ਦੀ ਪੜ੍ਹਾਈ ਦੀਆਂ ਉੱਚ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਲੰਮਾ ਸੰਤਾਪ ਹੰਡਾਉਣਾ ਪਵੇਗਾ। ਭਾਰਤੀ ਕਾਲਜਾਂ ਵੱਲੋਂ ਭੌਤਿਕ ਵਿਗਿਆਨ ਦੇ ਆਫ਼ਰ ਕੀਤੇ ਜਾਂਦੇ ਉੱਚ ਪ੍ਰੋਗਰਾਮਾਂ ’ਚ ਗੁਣਵੱਤਾ ਦੀ ਕਮੀ ਹੈ। ਹੁਣ ਵੀ ਬੀਐੱਸਸੀ ਤੇ ਐੱਮਐੱਸਸੀ ਤਕ ਦੇ ਪੁਰਾਣੇ ਕੋਰਸ ਹੀ ਮੁਹੱਈਆ ਹਨ, ਜਿਨ੍ਹਾਂ ਦਾ ਵਿਸਥਾਰ ਕਰਨਾ ਅਤਿ-ਜ਼ਰੂਰੀ ਹੈ। ਪੂਰੀ ਦੁਨੀਆ ’ਚ ਬਦਲ ਰਹੇ ਹਾਲਾਤਾਂ ਅਨੁਸਾਰ ਹੀ ਕੋਰਸ ਡਿਜ਼ਾਈਨ ਕਰਨੇ ਚਾਹੀਦੇ ਹਨ। ਫੋਰੈਂਸਿਕ ਸਾਇੰਸ, ਨੈਨੋ-ਤਕਨਾਲੋਜੀ ਵਰਗੇ ਕੋਰਸਾਂ ਨੂੰ ਜ਼ਿਆਦਾ ਤਰਜੀਹ ਦੇਣ ਦੀ ਲੋੜ ਹੈ। ਭਾਰਤ ’ਚ ਚੋਟੀ ਦੇ ਕਾਲਜਾਂ ’ਚ ਵੀ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੀ ਘਾਟ ਹੈ। ਇਸ ਦੇ ਨਾਲ ਹੀ ਅਧਿਆਪਕਾਂ ਦੀ ਗੁਣਵੱਤਾ ’ਚ ਵੀ ਚੋਖਾ ਵਾਧਾ ਕਰਨਾ ਬਣਦਾ ਹੈ।
ਭੌਤਿਕ ਵਿਗਿਆਨ ਵਿਸ਼ੇ ਦਾ ਅਧਿਆਪਕ ਬਣਨਾ ਭਾਰਤ ’ਚ ਵਧੀਆ ਕਰੀਅਰ ਬਦਲ ਨਹੀਂ ਮੰਨਿਆ ਜਾਂਦਾ। ਭੌਤਿਕ ਵਿਗਿਆਨ ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਭਾਰਤ ਦੇ ਰਵਾਇਤੀ ਅਦਾਰੇ ਸਾਰਾ ਜ਼ੋਰ ਬੱਚਿਆਂ ਨੂੰ ਬਾਹਰੀ ਮੁਕਾਬਲੇ ਦੇ ਯੋਗ ਬਣਾਉਣ ’ਤੇ ਲਾਉਂਦੇ ਹਨ ਪਰ ਬੱਚੇ ਦੀ ਕਾਬਲੀਅਤ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਸ ’ਚ ਅੱਗੇ ਵਧਣ ਦਾ ਆਤਮ-ਵਿਸ਼ਵਾਸ ਕਿੰਨਾ ਹੈ। ਅੱਜ ਬਹੁਤ ਸਾਰੇ ਅਦਾਰੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਸੰਕਲਪ ਸਮਝਾਉਣ ਦੀ ਥਾਂ ’ਤੇ ਰੱਟਾ ਸਿਸਟਮ ਨਾਲ ਸਿਖਾਉਣ ਨੂੰ ਪਹਿਲ ਦਿੰਦੇ ਹਨ, ਜੋ ਸਰਾਸਰ ਗ਼ਲਤ ਹੈ। ਸਿੱਖਿਆ ਸ਼ਾਸਤਰੀ ਭੌਤਿਕ ਵਿਗਿਆਨ ਦੀ ਪੜ੍ਹਾਈ ਦੇ ਮਾੜੇ ਮਿਆਰ ਦਾ ਕਾਰਨ ਰੱਟਾ ਵਿਧੀ ਨੂੰ ਮੰਨਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਭਾਰਤ ’ਚ ਚੱਲ ਰਹੇ ਭੌਤਿਕ ਵਿਗਿਆਨ ਪਾਠਕ੍ਰਮ ਨੇ ਸਿਰਜਣਾਤਮਕ ਸੋਚ ਨੂੰ ਕੁਝ ਖ਼ਾਸ ਜਗ੍ਹਾ ਨਹੀਂ ਦਿੱਤੀ। ਜੇ ਵਿਦਿਆਰਥੀ ਅੰਦਰਲੀ ਭੌਤਿਕ ਵਿਗਿਆਨ ਦੀ ਪ੍ਰਤਿਭਾ ਦਾ ਸਹੀ ਮੁਲਾਂਕਣ ਕਰਨਾ ਹੈ ਤਾਂ ਫੋਕਸ ਹੁਨਰ-ਅਧਾਰਿਤ ਸਿੱਖਿਆ ’ਤੇ ਹੋਣਾ ਚਾਹੀਦਾ ਹੈ। ਯੂਨੀਵਰਸਿਟਿੀਆਂ ਪ੍ਰੀਖਿਆਵਾਂ ਲੈਣ, ਮੁਲਾਂਕਣ ਤੇ ਨਤੀਜੇ ਪ੍ਰਕਾਸ਼ਨ ਵਰਗੇ ਕੰਮਾਂ ਦੇ ਬੋਝ ਥੱਲੇ ਦੱਬੀਆਂ ਰਹਿੰਦੀਆਂ ਹਨ, ਇਸ ’ਚ ਤਬਦੀਲੀ ਹੋਣੀ ਚਾਹੀਦੀ ਹੈ। ਯੂਨੀਵਰਸਟੀਆਂ ਦਾ ਧਿਆਨ ਖੋਜ ’ਤੇ ਹੋਣਾ ਚਾਹੀਦਾ ਹੈ।
ਭੌਤਿਕ ਵਿਗਿਆਨ ਦੇ ਜ਼ਿਆਦਾ ਤੋਂ ਜ਼ਿਆਦਾ ਖੋਜ ਪੇਪਰ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ ਤੇ ਨਵੀਨਤਮ ਅਧਿਆਪਨ ਵਿਧੀਆਂ ਅਪਨਾਉਣੀਆਂ ਚਾਹੀਦੀਆਂ ਹਨ। ਭੌਤਿਕ ਵਿਗਿਆਨ ਵਿਸ਼ਿਆਂ ਉੱਪਰ ਖੋਜ ਲਈ ਫੰਡਾਂ ਦੀ ਕਮੀ ਨੂੰ ਦੂਰ ਕਰ ਕੇ ਖੋਜਾਰਥੀਆਂ ਨੂੰ ਪ੍ਰੋਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰਾਂ ਵੱਲੋਂ ਖੋਜ ਨੂੰ ਪ੍ਰੋਤਸ਼ਾਹਿਤ ਕਰਨ ਦੇ ਨਾਲ-ਨਾਲ ਇੰਡਸਟਰੀ ਤੇ ਅਕਾਦਮਿਕ ’ਚ ਵੱਧ ਰਹੇ ਪਾੜੇ ਨੂੰ ਵੀ ਖ਼ਤਮ ਕਰਨ ਦੀ ਜ਼ਰੂਰਤ ਹੈ। ਸਾਨੂੰ ਬਿਨਾਂ ਕੋਈ ਸਮਾਂ ਗਵਾਏ ਤੁਰੰਤ ਭੌਤਿਕ ਵਿਗਿਆਨ ਦੀ ਪੜ੍ਹਾਈ ਲਈ ਕਦਮ ਪੁੱਟਣ ਚਾਹੀਦੇ ਹਨ। ਜੇ ਭਾਰਤ ਵਿਸ਼ਵ ਪੱਧਰ ’ਤੇ ਆਪਣੀ ਵਿਗਿਆਨਕ ਸ਼ਕਤੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਸਰਕਾਰਾਂ ਨੂੰ ਭੌਤਿਕ ਵਿਗਿਆਨ ਵਰਗੇ ਅਹਿਮ ਵਿਸ਼ੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ, ਤਾਂ ਹੀ ਅਸੀਂ ਸਮੇਂ ਦੇ ਹਾਣ ਦਾ ਬਣ ਸਕਾਂਗੇ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.