ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਅਰਜਨਟੀਨਾ ਨੇ ਆਪਣਾ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ ।ਅਰਜਨਟੀਨਾ ਨੇ 2005 ਤੋਂ ਬਾਅਦ ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਮੁੜ ਚੈਂਪੀਅਨ ਬਣਨ ਦਾ ਆਪਣਾ ਸੁਪਨਾ ਸਾਕਾਰ ਕੀਤਾ ਹੈ । ਅਰਜਨਟੀਨਾ ਨੇ ਫਾਈਨਲ ਮੁਕਾਬਲੇ ਵਿੱਚ 6 ਵਾਰ ਦੀ ਵਿਸ਼ਵ ਚੈਂਪੀਅਨ ਅਰਜਨਟੀਨਾ ਜਰਮਨੀ ਨੂੰ 4-2 ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਜਦ ਕਿ ਭਾਰਤ ਜੋ ਜੂਨੀਅਰ ਵਿਸ਼ਵ ਕੱਪ ਦਾ ਵਰਤਮਾਨ ਚੈਂਪੀਅਨ ਸੀ ਇਸ ਵਾਰ ਭਾਰਤ ਦੀ ਹਾਕੀ ਸਰਦਾਰੀ ਖੁੱਸ ਗਈ ਹੈ ।
ਭਾਰਤ ਨੂੰ ਸੈਮੀ ਫਾਈਨਲ ਮੁਕਾਬਲੇ ਵਿੱਚ ਜਰਮਨੀ ਹੱਥੋਂ 2-4 ਗੋਲਾਂ ਦੀ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਸੀ ਤਗ਼ਮੇ ਲਈ ਹੋਏ ਮੈਚ ਵਿੱਚ ਵੀ ਫਰਾਂਸ ਨੇ ਭਾਰਤ ਨੂੰ 1-3 ਗੋਲਾਂ ਨਾਲ ਹਰਾ ਕੇ ਚੌਥੇ ਸਥਾਨ ਤੇ ਧਕੇਲ ਦਿੱਤਾ ਹੈ ।ਭਾਰਤੀ ਹਾਕੀ ਲਈ ਇੱਕ ਵੱਡੀ ਖ਼ਤਰੇ ਦੀ ਘੰਟੀ ਹੈ ਕਿਉਂਕਿ ਭਾਰਤੀ ਟੀਮ ਪੂਰੇ ਵਿਸ਼ਵ ਕੱਪ ਵਿੱਚ ਇੱਕ ਵਾਰ ਵਿੱਚ ਚੈਂਪੀਅਨ ਟੀਮ ਵਾਂਗ ਹਾਕੀ ਦਾ ਪ੍ਰਦਰਸ਼ਨ ਨਹੀਂ ਕਰ ਸਕੀ ਇਹ ਚੰਗੇ ਭਾਗ ਸਨ ਕਿ ਭਾਰਤ ਚੰਗੀ ਕਿਸਮਤ ਨਾਲ ਸੈਮੀਫਾਈਨਲ ਵਿਚ ਪੁੱਜ ਗਿਆ ਹੈ ਕਿਉਂਕਿ ਗਰਾਸ ਰੂਟ ਤੇ ਹਾਕੀ ਦੀ ਬਿਹਤਰੀ ਲਈ ਭਾਰਤ ਵਿੱਚ ਕੋਈ ਬਹੁਤਾ ਵਧੀਆ ਕੰਮ ਨਹੀਂ ਹੋ ਰਿਹਾ ਹੈ ਜਦਕਿ ਅਰਜਨਟੀਨਾ ਜਰਮਨੀ ਫਰਾਂਸ ਤੋਂ ਇਲਾਵਾ ਹਾਲੈਂਡ ਬੈਲਜੀਅਮ ਸਪੇਨ ਨੇ ਕਾਫੀ ਆਲਾ ਦਰਜੇ ਦੀ ਹਾਕੀ ਦਾ ਵਿਖਾਵਾ ਕੀਤਾ ਹੈ ਭਾਵੇਂ ਹਾਲੈਂਡ ਅਤੇ ਬੈਲਜੀਅਮ ਦੀਆਂ ਟੀਮਾਂ ਸੈਮੀ ਫਾਈਨਲ ਵਿੱਚ ਨਹੀਂ ਪੁੱਜ ਸਕੀਆਂ ਪਰ ਉਨ੍ਹਾਂ ਦਾ ਹਾਕੀ ਹੁਨਰ ਇਹ ਜ਼ਰੂਰ ਦੱਸ ਰਿਹਾ ਸੀ ਕਿ ਆਉਣ ਵਾਲਾ ਭਵਿੱਖ ਉਨ੍ਹਾਂ ਟੀਮਾਂ ਦਾ ਸੁਨਹਿਰੀ ਹੈ ।
ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਜਰਮਨੀ ਹੁਣ ਤੱਕ 6 ਵਾਰ ਚੈਂਪੀਅਨ ਬਣਿਆ ਹੈ ਜਦ ਕਿ ਭਾਰਤ ਅਤੇ ਅਰਜਨਟੀਨਾ 2-2 ਵਾਰ ਚੈਂਪੀਅਨ ਬਣੇ ਹਨ ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਪਾਕਿਸਤਾਨ ਨੇ ਇੱਕ ਇੱਕ ਵਾਰ ਜੇਤੂ ਖ਼ਿਤਾਬ ਆਪਣੇ ਨਾਮ ਕੀਤਾ ਹੈ । ਜੂਨੀਅਰ ਵਿਸ਼ਵ ਕੱਪ ਚ ਭਾਵੇਂ ਪਾਕਿਸਤਾਨ ਕੋਈ ਵੱਡਾ ਕ੍ਰਿਸ਼ਮਾ ਨਹੀਂ ਕਰ ਸਕਿਆ ਪਾਕਿਸਤਾਨ ਨੂੰ 11ਵੇਂ ਸਥਾਨ ਤੇ ਹੀ ਰਹਿਣਾ ਪਿਆ ਪਰ ਉਸ ਨੇ ਅਮਰੀਕਾ ਨੂੰ 18-2 ਨਾਲ ਹਰਾ ਕੇ ਟੂਰਨਾਮੈਂਟ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਇਸ ਤੋਂ ਇਲਾਵਾ ਸਪੇਨ ਨੇ ਅਮਰੀਕਾ ਨੂੰ 17-0 ਨਾਲ ਹਰਾ ਕੇ ਇਕ ਹੋਰ ਵੱਡੀ ਜਿੱਤ ਆਪਣੇ ਨਾਮ ਦਰਜ ਕੀਤੀ ਹੈ। ਇਸ ਵਾਰ ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਕੁੱਲ ਰਿਕਾਰਡ ਗੋਲ ਹੋਏ ਪੂਰੇ ਟੂਰਨਾਮੈਂਟ ਵਿੱਚ 327 ਗੋਲ ਹੋਏ ਜਿਨ੍ਹਾਂ ਵਿੱਚ 172 ਫੀਲਡ ਗੋਲ 139 ਪਨੈਲਟੀ ਕਾਰਨਰ ਦੇ ਜ਼ਰੀਏ ਗੋਲ ਹੋਏ ਜਦ ਕਿ 16 ਗੋਲ ਪਨੈਲਟੀ ਸਟਰੋਕਾਂ ਤੋਂ ਹੋਏ । ਹਾਲੈਂਡ ਦਾ ਬੁੱਕ ਮਾਈਲਜ਼ 18 ਗੋਲ ਕਰਕੇ ਟੂਰਨਾਮੈਂਟ ਦਾ ਸਰਵੋਤਮ ਸਕੋਰਰ ਬਣਿਆ ਭਾਰਤ ਵੱਲੋਂ ਸਭ ਤੋਂ ਵੱਧ ਗੋਲ ਸੰਜੇ ਨੇ ਕੀਤੇ, ਸੰਜੇ ਕੁਮਾਰ ਦੇ ਹਿੱਸੇ 8 ਕੋਲ ਆਏ । ਹਾਲੈਂਡ ਨੇ ਸਭ ਤੋਂ ਵੱਧ 45 ਗੋਲ ਕੀਤੇ ਹਨ । ਭਾਰਤੀ ਹਾਕੀ ਟੀਮ ਭਾਵੇਂ ਖ਼ਿਤਾਬ ਤਾਂ ਨਹੀਂ ਬਚਾ ਸਕੀ ਪਰ ਸਭ ਤੋਂ ਵੱਧ ਹਮਲਾਵਰ ਟੀਮ ਰਹੀ ਜਿਸ ਨੇ 175 ਵਾਰ ਭਾਰਤ ਵਿਰੋਧੀ ਟੀਮਾਂ ਦੀ ਰੱਖਿਆ ਪੰਕਤੀ ਤੌੜੀ ।
ਕੁੱਲ ਮਿਲਾ ਕੇ 12ਵਾਂ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਭੁਵਨੇਸ਼ਵਰ ਦੇ ਵਿਚ ਹਾਕੀ ਦੇ ਜਨੂੰਨ ਵਿੱਚ ਹੋਰ ਵੱਡਾ ਵਾਧਾ ਕਰਦਾ ਹੋਇਆ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ। ਹੁਣ ਭੁਵਨੇਸ਼ਵਰ ਦੇ ਹਾਕੀ ਸਟੇਡੀਅਮ ਨੂੰ ਅਗਲੇ ਵਰ੍ਹੇ ਸੀਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਇੰਤਜ਼ਾਰ ਰਹੇਗਾ ਸੀਨੀਅਰ ਵਿਸ਼ਵ ਹਾਕੀ ਕੱਪ ਸਾਲ 2023 ਵਿੱਚ ਜਨਵਰੀ ਮਹੀਨੇ ਹੋਵੇਗਾ । ਆਸ ਕਰਦੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਭਾਰਤੀ ਹਾਕੀ ਟੀਮ ਸੀਨੀਅਰ ਵਿਸ਼ਵ ਹਾਕੀ ਕੱਪ ਵਿਚ ਇਕ ਨਵਾਂ ਇਤਿਹਾਸ ਸਿਰਜ ਦੀ ਹੋਈ ਚੈਂਪੀਅਨ ਬਣਕੇ ਭਾਰਤੀ ਹਾਕੀ ਦਾ ਝੰਡਾ ਪੂਰੀ ਦੁਨੀਆਂ ਵਿੱਚ ਬੁਲੰਦ ਕਰੇ । ਰੱਬ ਰਾਖਾ !
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.