ਪੱਥਰ ਪਾੜਕੇ ਉਗਿਆ ਖ਼ੁਸ਼ਬੂਦਾਰ ਫੁੱਲ
ਜਿਹੜੇ ਫੁੱਲ ਨੇ ਖ਼ੁਸ਼ਬੂ ਨਾਲ ਇਨਸਾਨੀਅਤ ਨੂੰ ਸ਼ਰਸਾਰ ਕਰਨਾ ਹੋਵੇ, ਜਿਸ ਬੂਟੇ ਨੇ ਫਲ ਦੇਣੇ ਹੋਣ, ਜਿਸ ਰੁੱਖ ਨੇ ਸੰਘਣੀ ਛਾਂ ਦੇਣੀ ਹੋਵੇ, ਜਿਸ ਦਰਖ਼ਤ ‘ ਤੇ ਪੰਛੀਆਂ ਨੇ ਆਲ੍ਹਣੇ ਪਾਉਣੇ ਹੋਣ ਅਤੇ ਜਿਸਤੇ ਚਿੜੀਆਂ ਨੇ ਚਹਿਕਣਾ ਹੋਵੇ, ਉਹ ਪੱਥਰ ਪਾੜਕੇ ਵੀ ਉਗ ਪੈਂਦਾ ਹੈ।
ਬਿਲਕੁਲ ਉਸੇ ਤਰ੍ਹਾਂ ਇਨਸਾਨੀਅਤ ਦੇ ਰੂਪ ਵਿਚ ਆਪਣੀਆਂ ਰਹਿਮਤਾਂ ਦੀਆਂ ਖ਼ੁਸ਼ਬੋਆਂ ਵੰਡਣ ਲਈ ਭੀਮ ਇੰਦਰ ਸਿੰਘ ਇਸ ਪਦਾਰਥਵਾਦੀ ਸੰਸਾਰ ਵਿੱਚ ਆਏ ਅਤੇ ਵਿਦਿਆ ਦੀ ਰੌਸ਼ਨੀ ਨਾਲ ਵਿਦਿਆਰਥੀਆਂ ਦਾ ਭਵਿਖ ਸੁਨਹਿਰਾ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟੇ ਹੋਏ ਹਨ। ਪੱਥਰ ਪਾੜਕੇ ਸੰਸਾਰ ਵਿਚ ਆਉਣ ਨੂੰ ਭਾਵੇਂ ਅਸੀਂ ਕੁਦਰਤ ਦਾ ਕਿ੍ਰਸ਼ਮਾ ਤਾਂ ਕਹਿ ਦਿੰਦੇ ਹਾਂ ਪ੍ਰੰਤੂ ਇਹ ਸਾਰਾ ਕੁਝ ਉਸ ਰੁੱਖ ਰੂਪੀ ਇਨਸਾਨ ਦੀ ਲਗਨ, ਦਿ੍ਰੜ੍ਹਤਾ, ਮਿਹਨਤ ਅਤੇ ਦੂਰਅੰਦੇਸ਼ੀ ‘ਤੇ ਨਿਰਭਰ ਕਰਦਾ ਹੈ। ਉਹ ਸੰਸਾਰ ਵਿਚ ਆ ਕੇ ਆਪਣੀ ਕਾਬਲੀਅਤ ਦਾ ਸਦਉਪਯੋਗ ਕਰਦਾ ਹੈ ਜਾਂ ਇਨਸਾਨੀ ਜੀਵਨ ਨੂੰ ਅਜਾਈਂ ਗੁਆ ਦਿੰਦਾ ਹੈ। ਪਰਮਾਤਮਾ ਇਕ ਮੌਕਾ ਤਾਂ ਹਰ ਇਨਸਾਨ ਨੂੰ ਦੇ ਦਿੰਦਾ ਹੈ ਪ੍ਰੰਤੂ ਉਸ ਅਵਸਰ ਨੂੰ ਸਾਂਭਣਾ ਤਾਂ ਉਸ ਇਨਸਾਨ ਦੀ ਕਾਬਲੀਅਤ ‘ਤੇ ਨਿਰਭਰ ਕਰਦਾ ਹੈ। ਬਿਲਕੁਲ ਉਸੇ ਤਰ੍ਹਾਂ ਭੀਮ ਇੰਦਰ ਸਿੰਘ ਦਾ ਜਦੋਜਹਿਦ ਅਤੇ ਦੁਸ਼ਾਵਰੀਆਂ ਵਾਲਾ ਬਚਪਨ ਸੀ, ਭਵਿਖ ਧੁੰਧਲਾ ਵਿਖਾਈ ਦਿੰਦਾ ਸੀ, ਜਦੋਂ ਸਿਰਫ਼ ਢਾਈ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੀ ਮਾਤਾ ਰਣਜੀਤ ਕੌਰ 1973 ਵਿਚ ਕਿਸਾਨੀ ਸੰਕਟ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਆਤਮ ਹੱਤਿਆ ਕਰ ਗਏ, ਬੱਚੇ ਨੇ ਅਜੇ ਮਾਂ ਦੀ ਗੋਦ ਦਾ ਨਿੱਘ ਮਾਣਦਿਆਂ ਉਭਰਨਾ ਸੀ ਤਾਂ ਉਹ ਸਮਾਂ ਉਨ੍ਹਾਂ ਦੇ ਹੱਥੋਂ ਰੇਤ ਦੀ ਤਰ੍ਹਾਂ ਕਿਰ ਗਿਆ ਪ੍ਰੰਤੂ ਭੀਮ ਇੰਦਰ ਸਿੰਘ ਨੇ ਪਰਮਾਤਮਾ ਦੀ ਉਸ ਅਣਹੋਣੀ ਦੇ ਮੌਕੇ ਨੂੰ ਵੀ ਵੰਗਾਰ ਸਮਝਦਿਆਂ ਆਪਣੇ ਆਪ ਨੂੰ ਸੰਭਾਲਿਆ ਅਤੇ ਉਸਦਾ ਨਤੀਜਾ ਤੁਹਾਡੇ ਸਾਹਮਣੇ ਅੱਜ ਡਾ ਭੀਮ ਇੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਅਧਿਐਨ ਵਿਭਾਗ ਦੇ ਮੁੱਖੀ ਦੇ ਰੂਪ ਵਿਚ ਹਾਜ਼ਰ ਹਨ। ਉਨ੍ਹਾਂ ਦੀ ਮਾਤਾ ਦੀ ਮੌਤ ਤੋਂ ਬਾਅਦ ਪਿਤਾ ਨੇ ਦੂਜੀ ਸ਼ਾਦੀ ਕਰਵਾ ਲਈ, ਜਿਥੋਂ ਭੀਮ ਇੰਦਰ ਸਿੰਘ ਦੀ ਸੰਘਰਮਈ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਦੋ ਛੋਟੀਆਂ ਭੈਣਾ ਵੀ ਮਾਂ ਦੇ ਨਾਲ ਹੀ ਇਸ ਸੰਸਾਰ ਤੋਂ ਵਿਦਾ ਹੋ ਗਈਆਂ।
ਸੰਗਰੂਰ ਵਿਖੇ ਤੀਜੀ ਕਲਾਸ ਵਿਚੋਂ ਫ਼ੇਲ੍ਹ ਹੋਣ ਤੇ ਸਕੂਲ ਦੇ ਅਧਿਆਪਕ ਨੇ ਉਨ੍ਹਾਂ ਨੂੰ ਪਿੰਡ ਜਾ ਕੇ ਡੰਗਰ ਚਾਰਨ ਦਾ ਮਸ਼ਵਰਾ ਦਿੰਦਿਆਂ ਕਿਹਾ ਕਿ ਇਹ ਬੱਚਾ ਪੜ੍ਹ ਨਹੀਂ ਸਕਦਾ। ਪਿਤਾ ਨੇ ਭੀਮ ਇੰਦਰ ਸਿੰਘ ਨੂੰ 1979 ਵਿੱਚ ਦਾਦਾ-ਦਾਦੀ ਕੋਲ ਉਨ੍ਹਾਂ ਦੇ ਪਿੰਡ ਲੌਂਗੋਵਾਲ ਭੇਜ ਦਿੱਤਾ। ਉਥੇ ਪ੍ਰਾਈਵੇਟ ਸਕੂਲ ਵਿਚ ਦਾਖ਼ਲਾ ਲੈ ਲਿਆ। ਜਦੋਂ ਪੰਜਵੀਂ ਵਿਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਚਾਚਾ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕਸ਼ੀ ਕਰ ਲਈ। ਉਹ ਪਰਿਵਾਰਿਕ ਖੇਤੀਬਾੜੀ ਵਿਚ ਹੱਥ ਵਟਾਉਂਦੇ ਰਹੇ ਅਤੇ ਡੰਗਰ ਚਾਰਦੇ ਰਹੇ। 6ਵੀਂ ਕਲਾਸ ਵਿਚ ਹੈਂਡਬਾਲ ਖੇਡਣਾ ਸ਼ੁਰੂ ਕੀਤਾ। ਹੈਂਡਬਾਲ ਦੀ ਕੋਚਿੰਗ ਲਈ ਹਰ ਰੋਜ਼ ਲੌਂਗੋਵਾਲ ਤੋਂ ਸੰਗਰੂਰ 18 ਕਿਲੋਮੀਟਰ ਜਾਣਾ ਪੈਂਦਾ ਸੀ। 8ਵੀਂ ਨੌਵੀਂ ਤੱਕ ਹੈਂਡਬਾਲ ਵਿਚ ਨੈਸ਼ਨਲ ਖੇਡਣ ਲਈ ਜੰਮੂ ਕਸ਼ਮੀਰ ਗਏ। ਜਦੋਂ ਉਹ 9ਵੀਂ ਕਲਾਸ ਵਿਚ ਪੜ੍ਹਦੇ ਸਨ ਤਾਂ ਦਾਦੀ ਵੀ ਸਵਰਗ ਸਿਧਾਰ ਗਏ। ਫਿਰ ਉਹ ਆਪਣੀ ਨਾਨੀ ਕੋਲ ਮੰਗਵਾਲ ਪਿੰਡ ਚਲੇ ਗਏ। ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਵੱਖ-ਵੱਖ ਰਿਸ਼ਤੇਦਾਰਾਂ ਕੋਲ ਪੜ੍ਹਨ ਲਈ ਜਾਣ ਕਰਕੇ 5 ਸਕੂਲ ਬਦਲਣੇ ਪਏ ਕਿਉਂਕਿ ਕੋਈ ਬਾਂਹ ਫੜਨ ਵਾਲਾ ਨਹੀਂ ਸੀ।
ਪਿਤਾ ਨੇ ਮੁੜਕੇ ਸਾਰ ਨਾ ਲਈ। ਅਜਿਹੇ ਹਾਲਾਤ ਵਿਚ ਭੀਮ ਇੰਦਰ ਸਿੰਘ ਦੇ ਅੰਦਰੋਂ ਆਵਾਜ਼ ਆਈ ਕਿ ਉਨ੍ਹਾਂ ਨੂੰ ਇਕੱਲਿਆਂ ਹੀ ਆਪਣਾ ਜੀਵਨ ਜਿਓਣ ਅਤੇ ਭਵਿਖ ਬਣਾਉਣ ਲਈ ਪੜ੍ਹਾਈ ਕਰਨੀ ਪਵੇਗੀ। ਪੜ੍ਹਾਈ ਅਤੇ ਰੋਜ਼ੀ ਰੋਟੀ ਲਈ ਵੀ ਆਪ ਹੀ ਹਿੰਮਤ ਕਰਨੀ ਪਵੇਗੀ। ਫਿਰ ਉਨ੍ਹਾਂ ਨੇ ਪੜ੍ਹਾਈ ਕਰਕੇ ਆਪਣਾ ਜੀਵਨ ਸਾਰਥਿਕ ਬਣਾਉਣ ਦਾ ਫ਼ੈਸਲਾ ਕਰ ਲਿਆ। ਜਦੋਂ ਉਨ੍ਹਾਂ 10+2 ਪਾਸ ਕੀਤੀ ਤਾਂ ਕਿਸੇ ਨੇ ਦੱਸਿਆ ਕਿ ਜੇਕਰ ਸਪੋਰਟਸ ਵਿਚ ਡੀ ਏ ਵੀ ਕਾਲਜ ਚੰਡੀਗੜ੍ਹ ਦਾਖ਼ਲਾ ਲੈ ਲਵੇਂ ਤਾਂ ਫੀਸ ਮਾਫ ਅਤੇ ਖਾਣ ਪੀਣ ਦਾ ਸਾਰਾ ਖ਼ਰਚਾ ਕਾਲਜ ਦੇਵੇਗਾ। ਚੰਡੀਗੜ੍ਹ ਇੰਟਰਵਿਊ ‘ਤੇ ਜਾਣ ਲਈ ਜੇਬ ਵਿਚ ਦੋ ਰੁਪਏ ਸਨ, ਜਦੋਂ ਕਿਰਾਇਆ 7 ਰੁਪਏ ਸੀ। ਦੋਸਤਾਂ ਮਿੱਤਰਾਂ ਤੋਂ ਉਧਾਰ ਫੜਕੇ ਚੰਡੀਗੜ੍ਹ ਗਿਆ ਅਤੇ ਸਪੋਰਟਸ ਵਿੰਗ ਵਿਚ ਦਾਖਲਾ ਮਿਲ ਗਿਆ। ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਟਰਨਿੰਗ ਪੁਆਇੰਟ ਸੀ। ਚੰਡਗੜ੍ਹ ਪੜ੍ਹਦਿਆਂ ਵੀ ਉਨ੍ਹਾਂ ਨੂੰ ਗੁਜ਼ਾਰਾ ਤੋਰਨ ਲਈ ਕਈ ਵੇਲਣ ਵੇਲਣੇ ਪਏ, ਰਿਕਸ਼ਾ ਚਲਾਇਆ, ਲਾਂਗਰੀਪੁਣਾ ਕੀਤਾ, ਸਬਜ਼ੀ ਮੰਡੀ ਵਿਚ ਸਬਜ਼ੀ ਵੇਚੀ, ਦੋਧੀ ਦਾ ਕੰਮ ਵੀ ਕੀਤਾ ਅਤੇ ਵਿਆਹਾਂ ਸ਼ਾਦੀਆਂ ਵਿਚ ਆਰਕੈਸਟਰਾ ਨਾਲ ਗਾਉਣ ਦਾ ਕੰਮ ਵੀ ਕੀਤਾ। ਸੰਘਰਸ਼ਮਈ ਜੀਵਨ ਤੋਂ ਜ਼ਿੰਦਗੀ ਜਿਓਣ ਦਾ ਲਈ ਬੜਾ ਕੁਝ ਸਿਖਿਆ। ਉਨ੍ਹਾਂ ਇਹ ਵੀ ਮਹਿਸੂਸ ਕੀਤਾ ਕਿ ਸਾਧਾਰਨ ਜ਼ਿੰਦਗੀ ਜਿਓਣਾ, ਜ਼ਮੀਨ ਨਾਲ ਜੁੜੇ ਰਹਿਣਾ ਅਤੇ ਨਮਰਤਾ ਦਾ ਪੱਲਾ ਫੜਕੇ ਰੱਖਣਾ ਸਫਲਤਾ ਲਈ ਸਹਾਈ ਹੋਵੇਗਾ। ਚੰਡੀਗੜ੍ਹ ਦੀਆਂ ਗਲੀਆਂ ਵਿਚ ਗੁਰਸ਼ਰਨ ਸਿੰਘ ਭਾਅ ਜੀ ਨਾਲ ਨੁਕੜ ਨਾਟਕ ਕਰਦੇ ਰਹੇ। ਜਦੋਂ ਉਹ ਬੀ ਏ ਦੂਜੇ ਸਾਲ ਵਿਚ ਪੜ੍ਹ ਰਹੇ ਸਨ ਤਾਂ ਨਾਰਥ ਜੋਨ ਕਲਚਰ ਸੈਂਟਰ ਦੇ ਡਾਇਰੈਕਟਰ ਐਸ ਕੇ ਆਹਲੂਵਾਲੀਆ ਨੇ ਉਨ੍ਹਾਂ ਵੱਲੋਂ ਚੰਡੀਗੜ੍ਹ ਵਿਚ ਲਗਾਈਆਂ ਜਾਂਦੀਆਂ ਨੁਮਾਇਸ਼ਾਂ ਵਿਚ ਕੰਮ ਕਰਨ ਲਈ ਪਾਰਟ ਟਾਈਮ ਨੌਕਰੀ ਦਿੱਤੀ।
ਭੀਮ ਇੰਦਰ ਸਿੰਘ ਨੂੰ ਜਦੋਜਹਿਦ ਵਾਲੀ ਜ਼ਿੰਦਗੀ ਦੌਰਾਨ 6ਵੀਂ ਕਲਾਸ ਵਿਚ ਹੀ ਕਵਿਤਾਵਾਂ ਅਤੇ ਕਹਾਣੀਆਂ ਲਿਖਣ ਦਾ ਲੱਗ ਗਿਆ ਸੀ, ਜਦੋਂ ਉਹ ਆਦਰਸ਼ ਮਾਡਲ ਸਕੂਲ ਵਿਚ ਪੜ੍ਹ ਰਹੇ ਸਨ। ਇਹ ਕਵਿਤਾਵਾਂ ਅਤੇ ਕਹਾਣੀਆਂ ਉਨ੍ਹਾਂ ਦੀ ਆਪਣੀ ਸੰਘਰਸ਼ ਵਾਲੀ ਜ਼ਿੰਦਗੀ ਤੇ ਤਜ਼ਰਬਿਆਂ ‘ਤੇ ਅਧਾਰਤ ਸਨ। ਕਹਾਣੀਕਾਰ ਗੁਰਮੇਲ ਮਡਾਹੜ ਨੇ ਆਪਣੇ ਰਸਾਲੇ ਸੋਖ਼ੀਆਂ ਵਿਚ ਪ੍ਰਕਾਸ਼ਤ ਕੀਤੀਆਂ। ਉਨ੍ਹਾਂ ਦੇ ਸਾਹਿਤਕ ਮਸ ਨੂੰ ਸ਼ਕਤੀ ਚੰਡੀਗੜ੍ਹ ਦੀ ਸਾਹਿਤ ਸਭਾ ਵਿਚ ਜਾਣ ਤੋਂ ਹੋਰ ਮਿਲੀ। ਚੰਡੀਗੜ੍ਹ ਸਾਹਿਤ ਸਭਾ ਵਿਚ ਉਨ੍ਹਾਂ ਦਾ ਮੇਲ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਨਾਲ ਹੋਇਆ, ਜਿਨ੍ਹਾਂ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁੱਖੀ ਮਾਰਕਸਵਾਦੀ ਚਿੰਤਕ ਪ੍ਰੋ ਡਾ ਕੇਸਰ ਸਿੰਘ ਕੇਸਰ ਨਾਲ ਮਿਲਾਇਆ। ਉਨ੍ਹਾਂ ਦੀ ਅਗਵਾਈ ਵਿਚ ਭੀਮ ਇੰਦਰ ਸਿੰਘ ਨੇ ਐਮ ਏ ਪੰਜਾਬੀ ਆਨਰਜ਼ ਅਤੇ ‘‘ ਪੰਜਾਬੀ ਕਹਾਣੀ ਵਿਚ ਰਾਜਨੀਤਕ ਚੇਤਨਾ’’ ਵਿਸ਼ੇ ‘ਤੇ ਪੀ ਐਚ ਡੀ ਕੀਤੀ। ਪੀ ਐਚ ਡੀ 1994 ਵਿੱਚ ਸ਼ੁਰੂ ਕੀਤੀ ਅਤੇ ਅਤੇ 8 ਸਾਲ ਦੀ ਖੋਜ ਤੋਂ ਬਾਅਦ 2002 ਵਿਚ ਮੁਕੰਮਲ ਕੀਤੀ। ਡਾ ਕੇਸਰ ਦੀ ਅਗਵਾਈ ਵਿਚ ਹੀ ਉਹ ਕਹਾਣੀਆਂ ਤੋਂ ਹਟਕੇ ਆਲੋਚਨਾ ਦੇ ਖੇਤਰ ਵਿਚ ਸਰਗਰਮ ਹੋ ਗਏ। 1994 ਵਿਚ ਜਦੋਂ ਅਜੇ ਉਨ੍ਹਾਂ ਦਾ ਐਮ ਏ ਪੰਜਾਬੀ ਦਾ ਨਤੀਜਾ ਆਇਆ ਨਹੀਂ ਸੀ ਤਾਂ ਉਨ੍ਹਾਂ ਦੀ ਚੋਣ ਯਾਦਿਵੰਦਰਾ ਪਬਲਿਕ ਸਕੂਲ ਪਟਿਆਲਾ ਵਿਚ ਪੰਜਾਬੀ ਅਧਿਆਪਕ ਦੀ ਹੋ ਗਈ। ਯਾਦਵਿੰਦਰਾ ਪਬਲਿਕ ਸਕੂਲ ਵਿਚ ਅੰਗਰੇਜ਼ੀ ਦੇ ਪ੍ਰਸਿੱਧ ਕਹਾਣੀਕਾਰ ਪਿ੍ਰੰਸੀਪਲ ਡਾ ਹਰੀਸ਼ ਢਿਲੋਂ ਦੇ ਸਹਿਯੋਗ ਨੇ ਉਨ੍ਹਾਂ ਹੋਰ ਉਤਸ਼ਾਹਤ ਕੀਤਾ। ਯਾਦਵਿੰਦਰਾ ਸਕੂਲ ਵਿਚ ਪੜ੍ਹਾਉਂਦਿਆਂ ਹੀ ਉਨ੍ਹਾਂ ਦੀ ਪਹਿਲੀ ਆਲੋਚਨਾਤਮਿਕ ਲੇਖਾਂ ਦੀ ਪੁਸਤਕ 2000 ਵਿੱਚ ‘‘ਸਮਾਜ, ਸਿਆਸਤ ਅਤੇ ਸਾਹਿਤ’’ ਪ੍ਰਕਾਸ਼ਤ ਹੋਈ। ਦੂਜੀ ਆਲੋਚਨਾ ਦੀ ਪੁਸਤਕ ਵੀ ਇਸੇ ਸਾਲ ‘‘ਸਮਕਾਲੀ ਮਾਰਕਸੀ ਚਿੰਤਨ’’ ਪ੍ਰਕਾਸ਼ਤ ਹੋਈ।
ਇਨ੍ਹਾਂ ਪੁਸਤਕਾਂ ਤੋਂ ਬਾਅਦ ਭੀਮ ਇੰਦਰ ਸਿੰਘ ਦੀ ਆਲੋਚਨਾ ਦੇ ਖੇਤਰ ਵਿਚ ਪਛਾਣ ਬਣ ਗਈ। ਇਸ ਤੋਂ ਬਾਅਦ ਤਾਂ ਚਲ ਸੋ ਚਲ ਹੁਣ ਤੱਕ ਉਨ੍ਹਾਂ ਦੀਆਂ ਦੋ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ 8 ਮੌਲਿਕ, 4 ਅਨੁਵਾਦ, 7 ਸੰਪਾਦਤ ਪੁਸਤਕਾਂ ਅਤੇ 6 ਖੋਜ ਨਾਲ ਸਬੰਧਤ ਪੱਤਰਿਕਾ ਸੰਪਾਦਿਤ ਸ਼ਾਮਲ ਹਨ। ਉਨ੍ਹਾਂ ਦੇ ਖੋਜ ਭਰਪੂਰ ਆਲੋਚਨਾ ਦੇ ਖੇਤਰ ਵਿਚ ਖੋਜ ਪੇਪਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਅਤੇ ਸਿਮਪੋਜੀਅਮ ਵਿਚ ਪ੍ਰਕਾਸ਼ਤ ਹੋਏ ਹਨ। ਇਸੇ ਤਰ੍ਹਾਂ 150 ਖੋਜ ਵਾਲੇ ਲੇਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪ ਚੁੱਕੇ ਹਨ। ਦੋ ਦਸਤਾਵੇਜੀ ਫਿਲਮਾਂ ਮੋਹਨ ਭੰਡਾਰੀ ਅਤੇ ਜਸਵੰਤ ਸਿੰਘ ਕੰਵਲ ਦੀ ਸਾਹਿਤਕ ਦੇਣ ਬਾਰੇ ਵਿਭਾਗ ਵੱਲੋਂ ਤਿਆਰ ਕੀਤੀਆਂ ਹਨ। ਉਨ੍ਹਾਂ ਦਾ ਖੇਤਰ ਮਾਰਕਸਵਾਦੀ ਵਿਚਾਰਧਾਰ ਅਤੇ ਆਲੋਚਨਾ ਹੈ। ਲਿਖਣ ਦਾ ਇਹ ਪ੍ਰਵਾਹ ਲਗਾਤਾਰ ਚਾਲੂ ਹੈ। ਉਹ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਲੇਖਕ ਸਭਾਅਤੇ ਪਾਸ਼ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਹਨ। 9 ਸਾਲ ਯਾਦਵਿੰਦਰਾ ਪਬਲਿਕ ਸਕੂਲ ਵਿਚ ਪੜ੍ਹਾਉਣ ਤੋਂ ਬਾਅਦ ਉਨ੍ਹਾਂ ਦੀ ਚੋਣ 2003 ਵਿਚ ਪਬਲਿਕ ਕਾਲਜ ਸਮਾਣਾ ਵਿਚ ਲੈਕਚਰਾਰ ਦੀ ਹੋ ਗਈ। ਉਸ ਸਮੇਂ ਤੱਕ ਉਨ੍ਹਾਂ ਦੀਆਂ 4 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਸਨ। ਉਸ ਤੋਂ ਬਾਅਦ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿਤ ਅਧਿਐਨ ਵਿਭਾਗ ਵਿਚ ਲੈਕਚਰਾਰ ਦੀ ਹੋ ਗਈ। ਉਨ੍ਹਾਂ ਦੀ ਅਗਵਾਈ ਵਿਚ 7 ਖੋਜਾਰਥੀ ਪੀ ਐਚ ਡੀ ਕਰ ਚੁੱਕੇ ਹਨ ਅਤੇ 12 ਖੋਜਾਰਥੀ ਪੀ ਐਚ ਡੀ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ ਐਮ ਫਿਲ ਵੀ ਕੀਤੀ ਹੈ ਅਤੇ ਹੋਰ ਵੀ ਕਰ ਰਹੇ ਹਨ। ਡਾ ਭੀਮ ਇੰਦਰ ਸਿੰਘ ਨੂੰ ਕਰਨਲ ਨਰੈਣ ਸਿੰਘ ਭੱਠਲ ਅਵਾਰਡ 1997 ਵਿਚ, ਨਛੱਤਰ ਕੌਰ ਯਾਦਗਾਰੀ ਅਵਾਰਡ ਅਤੇ ਪੰਜ ਪਾਂਡਵ ਯਾਦਗਾਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ ਹੈ।
1997 ਵਿਚ ਭੀਮ ਇੰਦਰ ਸਿੰਘ ਦਾ ਵਿਆਹ ਡਾ ਨਿਵੇਦਿਤਾ ਸਿੰਘ ਨਾਲ ਹੋ ਗਿਆ ਜੋ ਕਲਾਸਿਕੀ ਮੌਸਿਕੀ ਦੇ ਚੋਟੀ ਦੇ ਸੰਗੀਤਕਾਰ ਹਨ। ਉਨ੍ਹਾਂ ਦੀ ਸੱਸ ਡਾ ਕਮਲੇਸ਼ ਉਪਲ ਰੰਗ ਮੰਚ ਦੇ ਵਿਦਵਾਨ ਆਲੋਚਕ ਅਤੇ ਉਨ੍ਹਾਂ ਦੇ ਸਹੁਰਾ ਦਲੀਪ ਸਿੰਘ ਉਪਲ ਉਘੇ ਵਾਰਤਕਕਾਰ ਅਤੇ ਪੰਜਾਬੀ ਸਾਹਿਤ ਦੇ ਸੁਜੱਗ ਪਾਠਕ ਹਨ। ਡਾ ਭੀਮ ਇੰਦਰ ਸਿੰਘ ਦਾ ਇਸ ਪਰਿਵਾਰ ਨਾਲ ਸੰਬਧ ਵਰਦਾਨ ਸਾਬਤ ਹੋਇਆ ਕਿਉਂਕਿ ਸਾਹਿਤਕ ਅਤੇ ਸੰਗੀਤਕ ਪਰਿਵਾਰ ਦਾ ਮੇਲ ਉਸਾਰੂ ਸਾਬਤ ਹੋਇਆ। ਭੀਮ ਇੰਦਰ ਸਿੰਘ ਦੇ ਇਕ ਲੜਕਾ ਰਿਆਜ਼ ਅਤੇ ਲੜਕੀ ਅਸਾਵਰੀ ਹਨ ਜੋ ਚੰਡੀਗੜ੍ਹ ਵਿਖੇ ਉਚ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਫਰਵਰੀ 1972 ਨੂੰ ਪਿਤਾ ਨਿਰੰਜਨ ਸਿੰਘ ਅਤੇ ਮਾਤਾ ਰਣਜੀਤ ਕੌਰ ਦੇ ਘਰ ਹੋਇਆ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.