ਅੱਜ ਦੀ ਔਰਤ ਆਜ਼ਾਦ
ਔਰਤ ਘਰ ਦੀ ਨੀਂਹ ਹੁੰਦੀ ਹੈ। ਔਰਤ ਦੇ ਨਾਲ ਹੀ ਘਰ, ਪਰਿਵਾਰ ਅਤੇ ਸਮਾਜ ਅੱਗੇ ਵਧ ਰਿਹਾ ਹੈ। । ਪਰ ਫੇਰ ਵੀ ਔਰਤ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅੱਜ ਵੀ ਕਰਨਾ ਪੈ ਰਿਹਾ ਹੈ। ਔਰਤ ਕਈ ਤਰ੍ਹਾਂ ਦੀਆਂ ਸਰੀਰਿਕ, ਮਾਨਸਿਕ ਅਤੇ ਭਾਵਨਾਤਮਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੀ ਆਈ ਹੈ ਅਤੇ ਅੱਜ ਵੀ ਕਰਨਾ ਪੈ ਰਿਹਾ ਹੈ।
ਦੇਸ਼ ਦੀ ਅਜਾਦੀ ਤੋਂ ਬਾਅਦ ਸੰਵਿਧਾਨ ਵਿੱਚ ਮਰਦ ਦੇ ਬਰਾਬਰ ਅਧਿਕਾਰ ਨਸੀਬ ਹੋਏ। ਫੇਰ ਹੌਲੀ-ਹੌਲੀ ਔਰਤ ਨੂੰ ਪੜ੍ਹਨ ਲਿਖਣ ਅਤੇ ਨੌਕਰੀ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ। ਪਹਿਲਾਂ ਔਰਤ ਨੂੰ ਹਮੇਸ਼ਾ ਪਰਦੇ ਦੇ ਪਿੱਛੇ ਹੀ ਰਹਿਣਾ ਪਿਆ ਹੈ ਤੇ ਮਰਦ – ਪ੍ਰਧਾਨ ਸਮਾਜ ਦੇ ਅੰਦਰ ਮਰਦਾਂ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਕਰਦੇ ਹੋਏ ਤਰਸ ਦੀ ਪਾਤਰ ਬਣ ਕੇ ਰਹਿਣਾ ਪਿਆ ਹੈ । ਔਰਤ ਹਮੇਸ਼ਾ ਘਰ ਦੀ ਚਾਰ – ਦੀਵਾਰੀ ਅੰਦਰ ਘਰੇਲੂ ਕੰਮ ਹੀ ਕਰਦੀ ਸੀ ਤੇ ਉਸ ਨੂੰ ਪੜਾਈ ਤੇ ਨੌਕਰੀ ਦੀ ਇਜਾਜ਼ਤ ਨਹੀਂ ਸੀ ।
ਪਰ ਹੁਣ ਸਮਾਂ ਬਦਲ ਗਿਆ ਹੈ। ਅੱਜ ਦੀ ਔਰਤ ਪੜ-ਲਿਖ ਸਕਦੀ ਹੈ, ਨੌਕਰੀ ਕਰ ਸਕਦੀ ਹੈ ਅਤੇ ਵਿੱਤੀ ਪੱਧਰ ਤੇ ਵੀ ਮਰਦ ਦੀ ਸਹਾਇਤਾ ਕਰਦੀ ਹੈ। ਕਿਉਂਕਿ ਅੱਜ ਦੇ ਸਮੇਂ ਵਿੱਚ ਵਕਤ ਦੇ ਬਦਲਣ ਨਾਲ ਸਾਡੀਆਂ ਜ਼ਰੂਰਤਾਂ ਬਹੁਤ ਵਧ ਗਈਆਂ ਹਨ ਅਤੇ ਮਹਿੰਗਾਈ ਵੀ ਵਧ ਗਈ ਹੈ। ਸਮੇਂ ਦੀ ਲੋੜ ਮੁਤਾਬਿਕ ਅੱਜ ਦੀ ਔਰਤ ਵੀ ਮਰਦ ਦੇ ਬਰਾਬਰ ਹਰ ਖੇਤਰ ਵਿਚ ਨੌਕਰੀ ਕਰਦੀ ਹੈ ਅਤੇ ਵੱਡੇ- ਵੱਡੇ ਅਹੁਦਿਆਂ ਤੇ ਬਿਰਾਜਮਾਨ ਵੀ ਹੈ। ਅੱਜ ਦੀ ਔਰਤ ਆਪਣੇ ਪੈਰਾਂ ਤੇ ਖੜ੍ਹੀ ਹੈ। ਉਹ ਕਮਾਈ ਕਰਦੀ ਹੈ। ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਪਰਿਵਾਰ ਦੇ ਕਿਸੇ ਮੈਂਬਰ ਜਾਂ ਮਰਦ ਅੱਗੇ ਹੱਥ ਅੱਡਣ ਦੀ ਲੋੜ ਨਹੀਂ।
ਇਹ ਬਹੁਤ ਵਧੀਆ ਹੈ ਪਰ ਕੀ ਸੱਚਮੁੱਚ ਹੀ ਔਰਤ ਖੁਸ਼ ਹੈ? ਕੀ ਇਹ ਸੱਚ ਹੈ ਕਿ ਔਰਤ ਦੀ ਜ਼ਿੰਦਗੀ ਪਹਿਲੇ ਸਮਿਆਂ ਤੋਂ ਵਧੇਰੇ ਚੰਗੀ ਹੋ ਗਈ ਹੈ? ਕੀ ਸੱਚ ਹੀ ਅੱਜ ਦੀ ਔਰਤ ਦੀ ਜ਼ਿੰਦਗੀ ਬਹੁਤ ਸੁਖਾਲੀ ਹੋ ਗਈ ਹੈ? ਪਰ ਇਸਦਾ ਜਵਾਬ ਹੋਵੇਗਾ ਬਿਲਕੁਲ ਨਹੀਂ। ਸਗੋਂ ਅੱਜ ਦੀ ਔਰਤ ਦੀਆਂ ਕਈ ਜ਼ਿੰਮੇਵਾਰੀਆਂ, ਉਸਦੇ ਕੰਮ ਹੋਰ ਵਧ ਗਏ ਹਨ। ਅੱਜ ਦੀ ਔਰਤ ਨੂੰ ਘਰੇਲੂ ਜਿੰਮੇਵਾਰੀਆਂ ਦੇ ਨਾਲ ਆਪਣੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਸਮਾਂ, ਧਿਆਨ ਅਤੇ ਤਵੱਜੋ ਦੇਣੀ ਪੈਂਦੀ ਹੈ। ਪਰ ਫੇਰ ਵੀ ਔਰਤ ਆਪਣੇ ਸਾਰੇ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ ਪਰ ਇਸਦੇ ਬਾਵਜੂਦ ਵੀ ਉਸਨੂੰ ਕਈ ਤਰ੍ਹਾਂ ਦੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਔਰਤ ਘਰ-ਪਰਿਵਾਰ, ਸਮਾਜਿਕ ਜ਼ਿੰਮੇਵਾਰੀਆਂ ਅਤੇ ਨੌਕਰੀ ਵਿੱਚ ਤਾਲ-ਮੇਲ ਬਿਠਾਉਂਦੀ ਹੋਈ ਆਪਣਾ ਆਪ ਤਾਂ ਭੁੱਲ ਹੀ ਜਾਂਦੀ ਹੈ ।ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਹੈ ਆਪਣੇ ਬੱਚਿਆਂ, ਪਤੀ ਅਤੇ ਪਰਿਵਾਰ ਲਈ ਖਾਣਾ ਤਿਆਰ ਕਰਦੀ ਹੈ ਤੇ ਹੋਰ ਘਰੇਲੂ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨੇਪਰੇ ਚਾੜ੍ਹਦੀ ਹੋਈ ਬਹੁਤ ਹੀ ਕਾਹਲੀ ਨਾਲ ਆਪਣੇ ਕੰਮ ਲਈ ਜਾਣ ਲਈ ਤਿਆਰ ਹੁੰਦੀ ਹੈ । ਔਰਤ ਦੇ ਮਨ ਨੂੰ ਸੰਤੁਸ਼ਟੀ ਉਦੋਂ ਹੀ ਆਉਂਦੀ ਹੈ ਜਦੋਂ ਉਹ ਆਪਣੇ ਬੱਚਿਆਂ ਅਤੇ ਪਤੀ ਦੇ ਲਈ ਆਪ ਖਾਣਾ ਤਿਆਰ ਕਰਦੀ ਹੈ ਤੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਆਪ ਦੇਖਦੀ ਹੈ। ਇਸ ਸਭ ਦੇ ਵਿਚ ਉਹ ਇੰਨੀ ਰੁੱਝ ਜਾਂਦੀ ਹੈ ਕਿ ਉਹ ਆਪਣਾ ਖਾਣ ਪੀਣ ਵੇਲ- ਕੁਵੇਲ ਕਰਦੀ ਹੈ ਅਤੇ ਕਈ ਵਾਰ ਉਹ ਅਗਲੇ ਡੰਗ ਤੇ ਟਾਲ ਦਿੰਦੀ ਹੈ। ਸਮੇਂ ਸਿਰ ਅਤੇ ਸੰਤੁਲਿਤ ਖੁਰਾਕ ਨਾਂ ਲੈਣ ਕਾਰਨ ਉਹ ਕੁਪੋਸ਼ਣ ਦੀਆਂ ਸ਼ਿਕਾਰ ਵੀ ਹੋ ਜਾਂਦੀਆਂ ਹਨ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੀਆਂ ਹਨ । ਮਿਹਨਤ ਅਤੇ ਮੁਸ਼ੱਕਤ ਭਰੀ ਜ਼ਿੰਦਗੀ ਤੋਂ ਬਾਅਦ ਵੀ ਕਈ ਪਰਿਵਾਰਾਂ ਵਿਚ ਔਰਤਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ ।
ਸਭ ਤੋਂ ਵੱਧ ਮੁਸੀਬਤਾਂ ਉਨ੍ਹਾਂ ਔਰਤਾਂ ਨੂੰ ਆਉਂਦੀਆਂ ਹਨ ਜਿਨ੍ਹਾਂ ਦੇ ਛੋਟੇ ਬੱਚੇ ਹਨ। ਨੌਕਰੀ ਦੇ ਨਾਲ, ਉਨ੍ਹਾਂ ਨੇ ਆਪਣੇ ਪਰਿਵਾਰ ਤੇ ਬੱਚਿਆਂ ਵੱਲ ਵੀ ਧਿਆਨ ਦੇਣਾ ਹੁੰਦਾ ਹੈ। ਇਸ ਕਾਰਨ ਉਹ ਕਈ ਵਾਰ ਚਿੜਚਿੜਾਪਨ ਮਹਿਸੂਸ ਕਰਦੀਆਂ ਹਨ। ਨਾਲ ਹੀ, ਉਹ ਚੰਗੀ ਤਰ੍ਹਾਂ ਨੀਂਦ ਨਹੀਂ ਲੈਂ ਪਾਉਂਦੀਆਂ।
ਕਈ ਔਰਤਾਂ ਹਰ ਸਮੇਂ ਕੋਹਲੂ ਦਾ ਬੈਲ ਬਣੀਆਂ ਰਹਿੰਦੀਆਂ ਹਨ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਦੀਆਂ ਹਨ ਪਰ ਇਨ੍ਹਾਂ ਨੂੰ ਆਪਣੀ ਕਮਾਈ ਦੇ ਉੱਪਰ ਹੀ ਹੱਕ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਦੀ ਤਨਖਾਹ ਬੈਂਕਾਂ ਵਿਚ ਆਉਂਦੀ ਹੈ ਤੇ ਖਾਤੇ ਦੇ ਏ ਟੀ ਐਮ ਪਰਿਵਾਰ ਵਾਲਿਆਂ ਨੇ ਸਾਂਭੇ ਹੁੰਦੇ ਹਨ ਤੇ ਆਪਣੀਆਂ ਨਿੱਜੀ ਜ਼ਰੂਰਤਾਂ ਲਈ ਪਤੀ ਜਾਂ ਪਰਿਵਾਰ ਦੀ ਤਰਸ ਦਾ ਪਾਤਰ ਬਣਨਾ ਪੈਂਦਾ ਹੈ। ਆਪਣੇ ਰੋਜ਼ਾਨਾ ਦੇ ਖਰਚਿਆਂ ਲਈ ਵੀ ਮੰਗ ਕੇ ਪੈਸੇ ਲੈਣੇ ਪੈਂਦੇ ਹਨ। ਘਰੇਲੂ ਜ਼ਿੰਮੇਵਾਰੀਆਂ ਤੇ ਡਿਊਟੀ ਨਿਭਾਉਣ ਦੀ ਚੱਕੀ ਵਿੱਚ ਪਿਸਦਿਆਂ ਇਹ ਔਰਤਾਂ ਆਪਣੇ ਬਾਰੇ ਸੋਚਣਾ ਭੁੱਲ ਹੀ ਜਾਂਦੀਆਂ ਹਨ।
ਔਰਤਾਂ ਨੂੰ ਦਫ਼ਤਰ ਵਿੱਚ ਕਿੰਨਾ ਕੰਮ ਕਰਨਾ ਪੈਂਦਾ ਹੈ, ਉਸ ਨੂੰ ਘਰ ਆ ਕੇ ਘਰੇਲੂ ਕੰਮ ਵੀ ਕਰਨੇ ਹੀ ਪੈਂਦੇ ਹਨ ਕਿਉਂਕਿ ਘਰ ਦੇ ਆਦਮੀ ਘਰ ਦੇ ਕੰਮਾਂ ਵਿੱਚ ਔਰਤਾਂ ਦੀ ਮਦਦ ਨਹੀਂ ਕਰਦੇ। ਕੁਝ ਮਰਦਾਂ ਨੂੰ ਲੱਗਦਾ ਹੈ ਕਿ ਮੈਂ ਰਸੋਈ ਦਾ ਕੰਮ ਜਾਂ ਹੋਰ ਘਰੇਲੂ ਕੰਮ ਕਰਵਾਵਾਂ ਇਹ ਮੇਰੀ ਹੇਠੀ ਹੋਵੇਗੀ, ਇਹ ਕੰਮ ਔਰਤਾਂ ਦੇ ਕਰਨ ਵਾਲੇ ਹੀ ਹਨ ਮਰਦਾਂ ਦੇ ਕਰਨ ਵਾਲੇ ਨਹੀਂ। ਇਸ ਕਾਰਨ ਔਰਤ ਦੇ ਸਿਰ ‘ਤੇ ਦੁੱਗਣਾ ਦਬਾਅ ਬਣਿਆ ਰਹਿੰਦਾ ਹੈ।
ਕਈ ਜਗ੍ਹਾ ਕੰਮਕਾਜੀ ਸਥਾਨ ਅਤੇ ਦਫਤਰਾਂ ਵਿਚ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਕਈ ਵਾਰ ਔਰਤ ਨੂੰ ਮਰਦ ਸਹਿਕਰਮੀਆਂ ਦੀਆਂ ਵਧੀਕੀਆਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ।। ਕਈ ਵਾਰੀ ਤਾਂ ਮਹਿਲਾਵਾਂ ਨੂੰ ਜਿਸਮਾਨੀ ਛੇੜਛਾੜ ਵੀ ਸਹਿਣੀ ਪੈਂਦੀ ਹੈ। ਪਰ ਔਰਤਾਂ ਅਜਿਹੀਆਂ ਘਟਨਾਵਾਂ ਬਾਰੇ ਚੁੱਪ ਹੋ ਜਾਂਦੀਆਂ ਹਨ ਕਿਉਂਕਿ ਉਹ ਸੋਚਦੀਆਂ ਹਨ ਜੇ
ਅਸੀਂ ਸ਼ਿਕਾਇਤ ਵੀ ਕੀਤੀ ਤਾਂ ਇਸ ਨਾਲ ਸਾਡੀ ਇੱਜ਼ਤ ਖਰਾਬ ਹੋਵੇਗੀ ਅਤੇ ਸਾਡੇ ਪਰਿਵਾਰ ਅਤੇ ਸਮਾਜ ਦਾ ਸਾਡੇ ਪ੍ਰਤੀ ਗ਼ਲਤ ਰਵੱਈਆ ਹੋਵੇਗਾ । ਇਸ ਤਰ੍ਹਾਂ ਦੀਆਂ ਮਹਿਲਾਵਾਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਦੀਆਂ ਹਨ ਜਿਸ ਦਾ ਅਸਰ ਉਸ ਦੇ ਪਰਿਵਾਰ ਅਤੇ ਕੰਮ ਤੇ ਪੈਂਦਾ ਹੈ ।
ਜੇਕਰ ਔਰਤ ਦੂਰ ਦੁਰੇਡੇ ਨੌਕਰੀ ਕਰਦੀ ਹੈ ਤਾਂ ਉਹ ਆਉਣ ਜਾਣ ਵਿੱਚ ਵੀ ਸੁਰੱਖਿਅਤ ਨਹੀਂ ਹੈ। ਜਨਤਕ ਆਵਾਜਾਈ ਦੇ ਸਾਧਨਾਂ ਵਿੱਚ ਵੀ ਕਈ ਵਾਰ ਛੇੜਖਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਉਹ ਇਕੱਲੀ ਆਪਣੇ ਸਾਧਨ ਤੇ ਜਾਂਦੀ ਹੈ ਤਾਂ ਵੀ ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦੀ।
ਭਾਵੇਂ ਔਰਤ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਹੋਵੇ ਤਾਂ ਇਹ ਸਮੱਸਿਆਵਾਂ ਆਪਣੇ ਆਪ ਹੀ ਛੋਟੀਆਂ ਜਾਪਣ ਲੱਗ ਪੈਂਦੀਆਂ ਹਨ। ਸਰਕਾਰ ਨੂੰ ਵੀ ਨੌਕਰੀ ਪੇਸ਼ਾ ਔਰਤਾਂ ਦੀਆਂ ਸਮੱਸਿਆਂਵਾਂ ਦੇ ਨਿਪਟਾਰੇ ਲਈ ਕੋਈ ਕਮੇਟੀ ਬਣਾਉਣੀ ਚਾਹੀਦੀ ਹੈ। ਇਸ ਸਭ ਤੋਂ ਉੱਪਰ ਔਰਤਾਂ ਨੂੰ ਖੁਦ ਆਪਣੇ ਹੱਕਾਂ ਪ੍ਰਤੀ ਜਾਗਰੂਕ ਅਤੇ ਨਿਡਰ ਹੋਣ ਦੀ ਲੋੜ ਹੈ। ਜੇਕਰ ਕਿਤੇ ਉਨ੍ਹਾਂ ਨਾਲ ਕੋਈ ਵਧੀਕੀ ਹੁੰਦੀ ਹੈ ਤਾਂ ਉੱਥੇ ਉਨ੍ਹਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਅੱਜ ਦੀ ਔਰਤ ਨੂੰ ਸਰੀਰਿਕ ਪੱਖੋਂ ਮਜ਼ਬੂਤ ਹੋਣ ਦੇ ਨਾਲ-ਨਾਲ ਕਰਾਟੇ ਆਦਿ ਵੀ ਸਿੱਖਣ ਦੀ ਲੋੜ ਹੈ। ਜੇ ਕਿਧਰੇ ਰਾਹ ਖੇੜੇ ਉਨ੍ਹਾਂ ਨਾਲ ਕੁਝ ਗਲਤ ਹੁੰਦਾ ਹੈ ਤਾਂ ਉਹ ਮੁਕਾਬਲਾ ਕਰ ਸਕਣ। ਮਰਦਾਂ ਨੂੰ ਵੀ ਚਾਹੀਦਾ ਹੈ ਕਿ ਸਮੇਂ ਦੇ ਨਾਲ ਆਪਣੀ ਸੋਚ ਬਦਲਣ ਅਤੇ ਕੰਮਕਾਜੀ ਔਰਤਾਂ ਦੇ ਨਾਲ ਉਨ੍ਹਾਂ ਦੇ ਘਰੇਲੂ ਕੰਮਾਂ ਵਿਚ ਸਹਿਯੋਗ ਦੇਣ।
ਅੱਜ ਦੀਆਂ ਔਰਤਾਂ ਕਿਸੇ ਪੱਖੋਂ ਘੱਟ ਨਹੀਂ ਹਨ। ਔਰਤਾਂ ਪੁਲਾੜ ਵਿੱਚ ਵੀ ਪੁੱਜ ਚੁੱਕੀਆਂ ਹਨ। ਖੇਡ ਦੇ ਮੈਦਾਨ ਵਿੱਚ ਵੀ ਨਾਮ ਚਮਕਾ ਰਹੀਆਂ ਹਨ। ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੀ ਔਰਤਾਂ ਰਹੀਆਂ ਹਨ। ਭਾਵੇਂ ਚੰਨ ਦੀ ਧਰਤੀ ਹੋਵੇ, ਹਿਮਾਲੀਆਂ ਪਰਬਤ ਦੀ ਚੋਟੀ ਹੋਵੇ , ਜਹਾਜ਼ਾਂ ਦੀ ਪਾਇਲਟ ਜਾਂ ਟੈਕਸੀ ਡਰਾਈਵਰ ਹੋਵੇ,ਔਰਤਾਂ ਦੀ ਮਹੱਤਤਾ ਸਭ ਦੇ ਸਾਹਮਣੇ ਹੈ। ਅੱਜ ਪੜ੍ਹਾਈ ਦੇ ਵਿੱਚ ਵੀ ਔਰਤਾਂ ਸਭ ਤੋਂ ਅੱਗੇ ਨਿਕਲ ਰਹੀਆਂ ਹਨ | ਸਭ ਕੁਝ ਦੇ ਬਾਵਜੂਦ ਅੱਜ ਦੀ ਔਰਤ ਆਜ਼ਾਦ ਹੋ ਕੇ ਬੁਲੰਦੀਆਂ ਨੂੰ ਛੂਹ ਰਹੀ ਹੈ |
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.