ਅੱਜ ਮੈਂ ਪਟਿਆਲੇ ਗਿਆ ਸੀ ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਵਿਸ਼ੇਸ਼ ਸਮਾਗਮ ਸੀ ਮਾਂ ਬੋਲੀ ਦਿਵਸ ਦੇ ਮਹੀਨੇ ਦਾ ਆਖਰੀ ਸਮਾਰੋਹ। ਦੋਸਤੋ, ਏਥੇ ਕਦੀ ਮੈਂ ਮਾਲੀ-ਚਪੜਾਸੀ ਹੁੰਦਾ ਸੀ (1996)ਦੇ ਵੇਲੇ, ਤੇ ਅੱਜ ਇਸੇ ਵਿਭਾਗ ਨੇ 'ਵਿਸ਼ੇਸ਼ ਮਹਿਮਾਨ' ਦੇ ਰੂਪ ਵਿਚ ਸੱਦਿਆ ਹੋਇਆ ਸੀ ਤੇ ਇਸੇ ਵਿਭਾਗ ਨੇ ਰਾਜ ਸਲਾਹਕਾਰ ਬੋਰਡ ਦਾ ਮੈਂਬਰ ਵੀ ਮੈਨੂੰ 2007 ਵਿੱਚ ਬਣਾਇਆ ਸੀ। ਇਸੇ ਵਿਭਾਗ ਨੇ 2020 ਦਾ ਮੈਨੂੰ "ਸ਼ਰੋਮਣੀ ਲੇਖਕ ਪੁਰਸਕਾਰ" ਵੀ ਐਲਾਨਿਆਂ ਤੇ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਜੀ ਦੀ ਜੀਵਨੀ ਵੀ ਲਿਖਵਾਕੇ ਰਿਲੀਜ ਕੀਤੀ ਸੀ ਇਸੇ ਵਿਭਾਗ ਨੇ। ਮੇਰੀਆਂ ਦੋ ਪੁਸਤਕਾਂ ਨੂੰ 'ਗੁਰਮੁਖ ਸਿੰਘ ਮੁਸਾਫਿਰ' ਤੇ 'ਗੁਰਬਖਸ਼ ਸਿੰਘ ਪ੍ਰੀਤਲੜੀ' ਪੁਰਸਕਾਰ ਵੀ ਇਸੇ ਵਿਭਾਗ ਨੇ ਹੀ ਪ੍ਰਦਾਨ ਕਰੇ ਸਨ। ਅੱਜਕਲ ਡਾਇਰੈਕਟਰ ਇਸ ਵਿਭਾਗ ਦੀ ਮੈਡਮ ਕਰਮਜੀਤ ਕੌਰ ਜੀ ਹਨ। ਨਿਮਰ ਤੇ ਗਿਆਨਵਾਨ ਹਨ। ਲਗਨਸ਼ੀਲ ਤੇ ਅਗੇ ਵਧੂ।
*****
ਕੀ ਇਕ ਕਲਾਸ ਫੋਰ ਰਿਹਾ ਕਰਮਚਾਰੀ ਵੀ, ਇਸੇ ਵਿਭਾਗ ਵਿਚੋਂ ਏਨਾ ਮਾਣ ਖੱਟ ਪਾਵੇਗਾ ਕਦੀ? ਮੈਂ ਨਹੀਂ ਸੀ ਸੋਚਿਆ। ਇਹ ਸਭ ਓਹਦੇ ਹੱਥ ਹੈ ਡੋਰੇ! ਖੈਰ!
***
ਸਾਡੀ ਸਮਰੱਥ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਵੀ ਵਿਸ਼ੇਸ਼ ਤੌਰ ਉਤੇ ਇਸੇ ਸਮਾਗਮ ਵਿਚ ਆਈ ਹੋਈ ਸੀ ਅੱਜ। ਇਥੇ ਇਹ ਵੀ ਦੱਸ ਦਿਆਂ ਕਿ ਨੂਰੀ ਦੇ ਪਰਿਵਾਰ ਨਾਲ ਮੇਰਾ ਕੀ ਰਿਸ਼ਤਾ ਹੈ? ਅਮਰ ਨੂਰੀ ਦੇ ਪਿਤਾ ਜੀ ਸ਼੍ਰੀ ਰੌਸ਼ਨ ਲਾਲ ਸਾਗਰ, ਮੇਰੇ ਇਸ ਕਰਕੇ (ਵੱਡੇ ਭਰਾ) ਸਨ ਕਿਉਂਕਿ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਬੜੇ ਸੀਨੀਅਰ ਚੇਲੇ ਸਨ ਤੇ ਮੇਰੇ ਗੁਰਭਾਈ ਲੱਗੇ। ਸੋ, ਇਓਂ ਕਲਾਕਾਰੀ ਦੇ ਰਿਸ਼ਤੇ ਵਜੋਂ ਮੈਂ ਨੂਰੀ ਦਾ 'ਚਾਚਾ' ਲੱਗਿਆ ਪਰ ਉਮਰ ਦੇ ਆਦਰ ਵਜੋਂ ਉਹ ਮੇਰੀ "ਵੱਡੀ ਭੈਣ" ਹੀ ਹੈ। ਮੈਂ ਨਿਕਾ ਜਿਹਾ ਸੀ ਹਾਲੇ। ੲਆਡੇ ਪਿੰਡ ਲਾਗੇ ਬੇਗੂਵਾਲਾ ਵਿਖੇ ਫਿਲਮ ' ਉਡੀਕਾਂ ਸਾਉਣ ਦੀਆਂ' ਦੀ ਸ਼ੂਟਿੰਗ ਚੱਲ ਰਹੀ ਸੀ ਤੇ ਮੇਰੀ ਮਾਸੀ ਦਾ ਮੁੰਡਾ ਦਿਆਲ ਚੰਦ ਤੇ ਮੈਂ ਸ਼ੂਟਿੰਗ ਦੇਖਣ ਗਏ ਸਾਂ। ਨੂਰੀ ਨੂੰ ਮੈਂ ਪਹਿਲੀ ਵਾਰੀ ਉਦੋਂ ਈ ਦੇਖਿਆ ਸੀ ਤੇ ਇਹ ਨੂਰੀ ਭੈਣ ਮੇਰੀ ੳਦੋਂ ਦੀ ਕਦਰਦਾਨ ਹੈ, ਜਦ ਮੈਂ ਨਿੱਕੜਾ ਜਿਆ ਬਾਲ ਕਲਾਕਾਰ ਸੀ ਹਾਲੇ ਤੇ ਉਹਦੇ ਪਿਤਾ ਨੂੰ ਮਿਲਣ ਏਧਰ ਓਧਰ ਭਟਕ ਰਿਹਾ ਸਾਂ। ਤੇ ਅੱਜ ਜਦੋਂ ਨੂਰੀ ਆਪਣੇ 'ਸਿਰ ਦੇ ਸਾਈਂ' ਤੇ 'ਸੁਰਾਂ ਦੇ ਸਿਕੰਦਰ' ਸਰਦੂਲ ਨੂੰ ਝੂਰਦੀ ਹੋਈ ਦੀਦਾਰ ਸੰਧੂ ਦਾ ਲਿਖਿਆ ਹੋਇਆ ਅਮਰ ਗੀਤ ਗਾ ਰਹੀ ਸੀ ਤੇ ਰੋ ਰਹੀ ਸੀ, ਉਹਦੇ ਬੋਲ ਸਨ: ਮਾਏ ਛੇਤੀ ਕੰਮ ਨਿਬੇੜ ਤੇ ਅੱਜ ਮੈਂ ਸੌਣਾ ਨੀ।
ਮੈਨੂੰ ਮਿਲਣ ਸੁਪਨੇ ਵਿਚ ਮਾਹੀ ਨੇ ਅੱਜ ਆਉਣਾ ਨੀਂ।
ਇਹ ਸੁਣ ਕੇ ਵਿਦਵਾਨਾਂ ਦਾ ਸਾਰਾ ਪੰਡਾਲ ਹੀ ਬੜਾ ਭਾਵੁਕ ਹੋ ਗਿਆ ਤੇ ਸ਼ਮਿਆਨੇ ਵੀ ਹੰਝੂਆਂ ਵਿਚ ਭਿੱਜੇ ਭਿੱਜੇ ਜਾਪਣ ਲੱਗੇ। ਮੇਰੇ ਨਾਲ ਆਏ ਕਹਾਣੀਕਾਰ ਹਰਪ੍ਰੀਤ ਸਿੰਘ ਚੰਨੂ ਨੇ ਭਰੇ ਗਲੇ ਨਾਲ ਆਖਿਆ ਕਿ ਪੁੱਤਰਾ, ਨੂਰੀ ਧੀ ਨੂੰ ਹੌਸਲਾ ਦੇਈਏ ਤੇ ਏਹਦਾ ਸਾਥ ਕਦੇ ਨਾ ਛੱਡੀਏ।
ਭੈਣੇ ਨੂਰੀਏ, ਮੈਂ ਤੇਰਾ ਵੀਰ ਹਾਂ, ਤੇ ਤੇਰਾ ਚਾਚਾ ਵੀ ਹਾਂ। ਤੇਰੇ ਨਾਲ ਖੜੇ ਹਾਂ। ਡੋਲੀਂ ਨਾ। ਘਬਰਾਈਂ ਨਾ। ਵਕਤ ਨਾਲ ਆਹਢਾ ਲਾਵੀਂ ਤੂੰ ਭੈਣੇ ਨੂਰੀਏ। ਸੁਰਾਂ ਦਾ ਸਿਕੰਦਰ ਰੱਬ ਦੀ ਰਜਾ ਵਿਚ ਮੁਸਕਰਾ ਰਿਹਾ ਹੋਵੇਗਾ ਤੇਰੀ ਦਲੇਰੀ, ਹਿੰਮਤ ਤੇ ਤੇਰਾ ਹੌਸਲਾ ਵੇਖਕੇ!
ਰੱਬ ਭਲਾ ਕਰੇ!
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.