ਪੋਲੀਥੀਨ ਲਿਫਾਫੇ ਮਨੁੱਖ ਤੇ ਵਾਤਾਵਰਣ ਲਈ ਨੁਕਸਾਨਦਾਇਕ
ਪੋਲੀਥੀਨ ਦੀ ਵਰਤੋਂ ਨੂੰ ਠੱਲ ਪਾਉਣਾ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ,ਜਿਆਦਾਤਰ ਲੋਕਾਂ ਦੀ ਤਾਂ ਸਵੇਰ ਦੀ ਸ਼ੁਰੂਆਤ ਹੀ ਪਲਾਸਟਿਕ ਦੀ ਦੁੱਧ ਦੀ ਥੈਲੀ ਜਾਂ ਸਬਜ਼ੀ ਦੇ ਭਰੇ ਪੋਲੀਥੀਨ ਲਿਫਾਫੇ ਨਾਲ ਹੁੰਦੀ ਹੈ।ਪੋਲੀਥੀਨ-ਸਿੰਗਲ ਯੂਜ਼ ਪਲਾਸਟਿਕ ਲਿਫਾਫਾ ਸਭ ਤੋਂ ਖਤਰਨਾਕ ਚੀਜ਼ਾਂ ਵਿੱਚੋਂ ਇੱਕ ਹੈ,ਪਰ ਅਜੇ ਵੀ ਲੋਕ ਅਣਜਾਣ ਹਨ।ਇਹ ਸਾਡੀ ਸਿਹਤ ਤੇ ਵਾਤਾਵਰਣ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ,ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਦੇ ਨਾਲ ਆਲੇ-ਦੁਆਲੇ ਕੂੜਾ-ਕਰਕਟ ਦੇ ਢੇਰ ਲੱਗ ਜਾਂਦੇ ਹਨ।
ਜੰਗਲ,ਨਦੀਆਂ,ਝੀਲਾਂ,ਸਮੁੰਦਰ ਅਤੇ ਸਾਗਰ ਪ੍ਰਦੂਸ਼ਿ਼ਤ ਹੁੰਦੇ ਜਾ ਰਹੇ ਹਨ ਹਵਾ ਇਨ੍ਹਾਂ ਲਿਫਾਫਿਆਂ ਨੂੰ ਆਪਣੇ ਨਾਲ ਹਰ ਪਾਸੇ ਲੈ ਜਾਂਦੀ ਹੈ।ਇਹ ਪੋਲੀਥੀਨ ਪੇੜ-ਪੌਦਿਆਂ ਦੇ ਵਾਧੇ ‘ਚ ਵੀ ਰੁਕਾਵਟ ਬਣਦਾ ਹੈ।ਇਸਦੀ ਅੰਨੇਵਾਹ ਵਰਤੋਂ ਨਾਲ ਅਸੀਂ ਆਪਣੀ ਧਰਤੀ ਮਾਂ ਨੂੰ ਤਬਾਹ ਕਰਦੇ ਜਾ ਰਹੇ ਹਾਂ,ਦੁੱਖ ਤੇ ਚਿੰਤਾਂ ਦੀ ਗੱਲ ਤਾਂ ਇਹ ਹੈ ਕਿ ਜਿਆਦਾਤਰ ਲੋਕਾਂ ਨੂੰ ਪਲਾਸਟਿਕ ਬੈਗ ਦੀ ਵਰਤੋਂ ਦੇ ਦੁਸ਼ਪ੍ਰਭਾਵਾਂ ਦਾ ਅਹਿਸਾਸ ਤੱਕ ਵੀ ਨਹੀਂ ਹੈ,ਜਦ ਕਿ ਇਹ ਪਲਾਸਟਿਕ ਦੀ ਵੱਧ ਰਹੀ ਵਰਤੋਂ ਮਨੁੱਖਾਂ ‘ਚ ਕੈਂਸਰ,ਚਮੜੀ ਦੇ ਰੋਗ ਅਤੇ ਦਮੇ ਵਰਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਹੈ।ਹਰ ਸਾਲ ਲੱਖਾਂ ਥਣਧਾਰੀ ਜੀਵ,ਸਮੁੰਦਰੀ ਜੀਵ ਅਤੇ ਪੰਛੀ ਪਲਾਸਟਿਕ ਦੀਆਂ ਥੈਲੀਆਂ ਨੂੰ ਜੈਲੀ-ਭੋਜਣ ਸਮਝ ਕੇ ਨਿਗਲਣ ਨਾਲ ਮਰ ਜਾਂਦੇ ਹਨ।ਪਲਾਸਟਿਕ ਦੇ ਥੈਲੇ ਪੋਲੀਥਾਈਲੀਨ ਅਤੇ ਥਰਮੋਕੋਲ ਦੇ ਭਾਂਡੇ ਪੋਲੀਸਟਰਈਲੀਨ ਨਾਮਕ ਪਦਾਰਥ ਤੋਂ ਤਿਆਰ ਕੀਤੇ ਜਾਂਦੇ ਹਨ ਜਿੰਨਾਂ ਦੀ ਵਰਤੋਂ ਕਰਨ ਤੇ ਰਿਸਦੀ ਸਿਟਰੀਨ ਗੈਸ ਮਨੁੱਖੀ ਸਿਹਤ ਲਈ ਵਧੇਰੇ ਘਾਤਕ ਹੁੰਦੀ ਹੈ,ਆਮ ਵਰਤੋਂ ਵਿੱਚ ਵਰਤੇ ਜਾਣ ਵਾਲੇ ਪਲਾਸਟਿਕ ਦੇ ਸੂਰਜ ਦੀਆਂ ਕਿਰਨਾਂ ਦੇ ਜਿਆਦਾ ਸਮੇਂ ਲਈ ਸੰਪਰਕ ‘ਚ ਆਉਣ ਤੇ ਮੇਥੀਨ ਅਤੇ ਏਥੀਲੀਨ ਗੈਸਾਂ ਨਿੱਕਲ ਕੇ ਹਵਾ ਵਿੱਚੋਂ ਆਕਸੀਜਨ ਦੀ ਮਾਤਰਾ ਨੂੰ ਘੱਟ ਕਰ ਦਿੰਦੀਆਂ ਹਨ,ਇਸੇ ਲਈ ਹੀ ਤਾਂ ਸਿੰਗਲ ਯੂਜ਼ ਪਲਾਸਟਿਕ ਨੂੰ ਮਿੱਠਾ ਜ਼ਹਿਰ ਕਿਹਾ ਜਾਂਦਾ ਹੈ।ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਪਲਾਸਟਿਕ ਬੈਗ ਨੂੰ ਗਲਣ ਜਾਂ ਖਤਮ ਹੋਣ ਵਿੱਚ 1,000 ਸਾਲ ਲੱਗ ਜਾਂਦੇ ਹਨ ਹਾਲਾਂਕਿ ਅਸੀਂ ਕਦੇ ਵੀ ਇਸਦੇ ਅਸਲ ਡੀਗਰੇਡੇਸ਼ਨ ਸਮੇਂ ਨੂੰ ਨਹੀਂ ਜਾਣ ਸਕੇ,ਕਿਉਂਕਿ ਇਹ ਸਮੱਗਰੀ ਪਿਛਲੀ ਸਦੀ ਤੋਂ ਹੀ ਲੰਬੇ ਸਮੇਂ ਦੀ ਵਰਤੋਂ ਵਿੱਚ ਹੈ।
ਇਸ ਤਰ੍ਹਾਂ ਇਹ ਗੈਰ-ਬਾਇਓਡੀਗ੍ਰੇਡੇਬਲ ਹਨ।ਇਨ੍ਹਾਂ ਪੋਲੀਥੀਨ ਬੈਗਾਂ ਨੂੰ ਅੱਗ ਲਗਾਉਣ ਨਾਲ ਵੀ ਕੋਈ ਫਾਇਦਾ ਨਹੀਂ ਹੁੰਦਾ,ਸਗੋਂ ਇਹ ਜ਼ਹਿਰੀਲੇ ਧੂੰਏ ਨਾਲ ਹਵਾ ਪ੍ਰਦਸ਼ੂਣ ਦਾ ਕਾਰਨ ਬਣਦਾ ਹੈ ਜੋ ਖਾਸ ਕਰ ਬੱਚਿਆਂ ਤੇ ਬਜ਼ੁਰਗਾਂ ‘ਚ ਜ਼ੁਕਾਮ,ਖਾਂਸੀ,ਸਾਹ ਦੀਆਂ ਬਿਮਾਰੀਆਂ,ਚਮੜੀ ਦੇ ਰੋਗ,ਸਿਰ ਦਰਦ ਅਤੇ ਅੱਖਾਂ ਦੀ ਐਲਰਜੀ ਵਰਗੇ ਹੋਰ ਕਈ ਗੰਭੀਰ ਅਸਰ ਪਾਉਂਦਾ ਹੈ,ਪੋਲੀਥੀਨ ਬੈਗ ਸ਼ਹਿਰਾਂ ਅਤੇ ਕਸਬਿਆਂ ਵਿੱਚ ਨਾਲੀਆਂ,ਸੀਵਰੇਜ਼-ਡਰੇਨਜ਼ ਪ੍ਰਣਾਲੀਆਂ ਵਿੱਚ ਰੁਕਾਵਟ ਲਈ ਵੀ ਜਿੰਮੇਵਾਰ ਹਨ ਮੀਂਹ ਦੇ ਮੌਸਮ ‘ਚ ਤਾਂ ਇਹ ਪੋਲੀਥਿਨ ਲਿਫਾਫੇ ਪਾਣੀ ਖੜ੍ਹਾ ਹੋਣ ਦਾ ਕਾਰਨ ਬਣਦੇ ਹਨ ਤੇ ਫਿਰ ਉਸੇ ਪਾਣੀ ‘ਚ ਮੱਛਰ ਪੈਦਾ ਹੁੰਦਾ ਹੈ ਤੇ ਫਿਰ ਡੇਂਗੂ-ਮਲੇਰੀਆਂ ਆਪਣਾ ਰੰਗ ਵਿਖਾਉਂਦਾ ਹੈ ਤੇ ਕਈਆਂ ਨੂੰ ਆਪਣੀ ਲਪੇਟ ‘ਚ ਲੈ ਲੈਂਦਾ ਹੈ।ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਾਗਜ,ਕੱਪੜੇ ਜਾਂ ਜੂਟ ਤੋਂ ਬਣੇ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਅਜਿਹੇ ਥੈਲੇ ਵਾਤਾਵਰਨ ਦੇ ਅਨੁਕੂਲ ਹੁੰਦੇ ਹਨ।ਉਹਨਾਂ ਨੂੰ ਹੋਰ ਆਸਾਨੀ ਨਾਲ ਰੀਸਾਈਕਲ ਕੀਤਾ ਜਾ ਸਕਦਾ ਹੈ,ਕਪੜੇ ਦੇ ਥੈਲੇ ਤਾਂ ਹੰਢਣਸਾਰ ਹੁੰਦੇ ਹਨ,ਸਮੇਂ-ਸਮੇਂ ਧੋਅ ਕੇ ਵੀ ਵਰਤੋਂ ‘ਚ ਲਿਆਂਦੇ ਜਾ ਸਕਦੇ ਹਨ।ਪਿਛਲੇ ਕੁਝ ਸਾਲਾਂ ਵਿੱਚ ਪੋਲੀਥੀਨ ਦੀ ਪੈਕਿੰਗ ਵਿੱਚ ਵਰਤੋਂ ਦਾ ਭਾਰੀ ਵਾਧਾ ਹੋਇਆ ਹੈ,ਹਰ ਬਜ਼ਾਰੀ ਚੀਜ਼ ਅਤੇ ਖਾਣ-ਪਾਣ ਦਾ ਸਮਾਨ ਪੋਲੀਥੀਨ ਨਾਲ ਰੈਪ ਕਰਕੇ ਹੀ ਖੱਪਤਕਾਰ ਨੂੰ ਵੇਚਿਆ ਜਾਂਦਾ ਹੈ।ਹਾਲਾਂਕਿ,ਪੋਲੀਥਿਨ ‘ਚੋਂ ਨਿਕਲਦਾ ਟੋਕਸਿਕ-ਕੈਮੀਕਲ ਦਾ ਮਨੁੱਖਤਾ,ਜਾਨਵਰਾਂ ਅਤੇ ਸਾਡੇ ਵਾਤਾਵਰਣ `ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।ਸਾਡੇ ਕੋਲ ਰਹਿਣ ਲਈ ਸਿਰਫ਼ ਇੱਕ ਇਹ ਧਰਤੀ ਹੀ ਤਾਂ ਹੈ,ਇਸ ਲਈ ਇਸਦੀ ਦੇਖਭਾਲ ਕਰਨ ਵਿੱਚ ਵਧੇਰੇ ਸੁਰੱਖਿਆ ਤੇ ਸਿਆਣਪ ਦੀ ਲੋੜ ਹੈ।ਵਿਆਹ-ਸ਼ਾਦੀਆਂ ਜਾਂ ਪਾਰਟੀਆਂ ਮੌਕੇ ਪੱਤਲ,ਪੇਪਰ ਜਾਂ ਸਟੀਲ ਦੇ ਭਾਂਡੇ ਹੀ ਵਰਤਣੇ ਚਾਹੀਦੇ ਹਨ।ਸਰਕਾਰ ਨੂੰ ਪਲਾਸਟਿਕ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪ੍ਰਭਾਵਸ਼ਾਲੀ ਉਪਾਅ ਕਰਨੇ ਚਾਹੀਦੇ ਹਨ ਅਤੇ ਪੋਲੀਥੀਨ ਦੀ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣੀ ਚਾਹੀਦੀ ਹੈ,ਸਮਾਜਸੇਵੀ ਸੰਸਥਾਵਾਂ ਨੂੰ ਸਰਕਾਰੀ ਵਿਭਾਗਾਂ ਦੀਆਂ ਟੀਮਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ,ਜਲੰਧਰ ਨਗਰ ਨਿਗਮ ਵੱਲੋਂ ਪਲਾਸਟਿਕ ਲਿਫਾਫੇ ਨਾ ਵਰਤੋਂ ਕਰਨ ਹਿਤ ਪ੍ਰੇਰਿਤ ਕਰਨ ਲਈ ਦਿੱਤਾ ਨਾਹਰਾ “ਮੇਰਾ ਥੈਲਾ ਮੇਰੀ ਸ਼ਾਨ” ਨੂੰ ਮੰਨਦੇ ਹੋਏ ਅੱਜ ਤੋਂ ਹੀ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਬਜ਼ਾਰ ਸਬਜ਼ੀ-ਫਰੂਟ ਆਦਿ ਖ੍ਰੀਦਣ ਜਾਣ ਸਮੇਂ ਘਰੋਂ ਹੀ ਆਪਣਾ ਕਪੜੇ ਦਾ ਥੈਲਾ ਲੈ ਕੇ ਜਾਣਾ ਚਾਹੀਦਾ ਹੈ।ਸਕੂਲੀ ਪੱਧਰ ਤੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੋਲੀਥਿਨ ਦੇ ਨੁਕਸਾਨਾਂ ਪ੍ਰਤੀ ਸੁਚੇਤ ਕਰਨ ਨਾਲ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।
-
ਡਾ.ਪ੍ਰਭਦੀਪ ਸਿੰਘ ਚਾਵਲਾ, ਬਲਾਕ ਐਕਸਟੈਂਸ਼ਨ ਐਜੂਕੇਟਰ,ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਫਰੀਦਕੋਟ
kandhariprince@gmail.com
9814656257
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.