ਜਨਮ ਦਿਨ ਤੇ ਵਿਸ਼ੇਸ਼: ਨਿਰਸੁਆਰਥ ਸੇਵਾ ਨੂੰ ਸਮਰਪਿਤ ਬਾਬਾ ਬੁੱਧ ਸਿੰਘ ਢਾਹਾਂ
ਬਾਬਾ ਬੁੱਧ ਸਿੰਘ ਢਾਹਾਂ, ਸੇਵਾ, ਸਿਮਰਨ, ਸਾਧਨਾ ਸਮਰਪਣ ਅਤੇ ਸੁਕਿਰਤ ਦੀ ਸਾਕਾਰ ਮੂਰਤ ਸਨ। ਉਹਨਾਂ ਦਾ ਜਨਮ 5 ਦਸੰਬਰ, 1925 ਨੂੰ ਮਾਤਾ ਨੰਦ ਕੌਰ ਤੇ ਪਿਤਾ ਸ੍ਰ: ਸ਼ੇਰ ਸਿੰਘ ਦੇ ਘਰ ਪਿੰਡ ਢਾਹਾਂ ਜਿਲ੍ਹਾ ਨਵਾਸ਼ਹਿਰ ਵਿਖੇ ਹੋਇਆ ਤੇ ਉਹਨਾਂ ਨੇ ਆਪਣੀ ਸਾਰੀ ਜਿੰਦਗੀ ਸਮਾਜ ਸੇਵਾ ਨੂੰ ਸਮਰਪਿਤ ਕੀਤੀ। ਬਾਬਾ ਜੀ ਦਾ ਪਰਿਵਾਰ ਗਦਰੀ ਬਾਬਿਆਂ ਤੇ ਦੇਸ਼ ਭਗਤਾਂ ਨਾਲ ਸਬੰਧਿਤ ਪਰਿਵਾਰ ਸੀ। ਉਨ੍ਹਾਂ ਦੇ ਚਾਚਾ ਜੀ ਸ੍ਰ: ਬਾਵਾ ਸਿੰਘ ਜੀ ਉੱਘੇ ਸਮਾਜ ਸੇਵੀ ਤੇ ਦੇਸ਼ ਭਗਤ ਸਨ ਜਿਨ੍ਹਾਂ ਦਾ ਉਂਨ੍ਹਾਂ ਤੇ ਬਹੁਤ ਜਿਆਦਾ ਪ੍ਰਭਾਵ ਸੀ। ਉਸ ਵਕਤ ਦੇਸ਼ ਦਾ ਮਾਹੌਲ ਆਜ਼ਾਦੀ ਪ੍ਰਾਪਤੀ ਦੀ ਰੰਗਤ ਵਿੱਚ ਰੰਗਿਆ ਪਿਆ ਸੀ। ਕੌਮੀ ਤੇ ਧਾਰਮਿਕ ਲਹਿਰਾਂ ਸਿਖਰ ਉਪਰ ਸਨ। ਬਾਬਾ ਬੁੱਧ ਸਿੰਘ ਦਾ ਬਚਪਨ ਇਸੇ ਮਾਹੌਲ ਵਿੱਚ ਗੁਜਰਿਆਂ ਤੇ ਸੇਵਾ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਵਿੱਚੋਂ ਪ੍ਰਾਪਤ ਹੋਈ।
ਬਚਪਨ ਵਿੱਚ ਹੀ ਬਾਬਾ ਬੁੱਧ ਸਿੰਘ ਨੇ ਧਾਰਮਿਕ ਜੋੜ ਮੇਲਿਆ ਤੇ ਕਾਨਫਰੰਸਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਸੀ। 14 ਸਾਲ ਦੀ ਉਮਰ ਵਿੱਚ ਬਾਬਾ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਸਮੁੱਚੇ ਪੰਜਾਬ ਦੇ ਧਾਰਮਿਕ ਤੇ ਰਜਿਨੀਤਿਕ ਮਸਲਿਆਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਰਾਜਨੀਤਿਕ ਖੇਤਰ ਵਿੱਚ ਇਸ ਸਿਰਲੱਥ ਤੇ ਸਿਰਕੱਢ ਸਖਸ਼ੀਅਤ ਨੇ ਖੂਬ ਮੱਲਾਂ ਮਾਰੀਆਂ। ਪੰਜਾਬੀ ਸੂਬੇ ਅਤੇ ਹੋਰ ਅਕਾਲੀ ਮੋਰਚਿਆਂ ਸਮੇਤ ਉਹ ਕਈ ਵਾਰ ਜੇਲ ਗਏ ਤੇ ਲੰਬਾ ਸਮਾਂ ਜੇਲ੍ਹ ਵੀ ਕਟੀ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਮੁੱਖ ਰਖਦੇ ਉਹਨਾਂ ਨੂੰ ਪੰਜਾਬ ਅਮਨ ਕੌਂਸਲ ਦਾ ਮੀਤ ਚੇਅਰਮੈਨ, ਜਿਲ੍ਹਾ ਅਕਾਲੀ ਜਥੇ ਦਾ ਪ੍ਰਧਾਨ ਅਤੇ ਸਟੇਟ ਅਕਾਲੀ ਦਲ ਕੌਂਸਿਲ ਦੇ ਕਾਰਜਕਾਰਨੀ ਦੇ ਮੈਂਬਰ ਹੋਣ ਦਾ ਮਾਣ ਪ੍ਰਾਪਤ ਸੀ। ਉਨ੍ਹਾਂ ਨੇ ਆਪਣੀ ਪ੍ਰਤਿਭਾ ਸਦਕੇ ਸਰਕਾਰੇ ਦਰਬਾਰੇ ਆਪਣੀ ਚੰਗੀ ਪਹੁੰਚ ਬਣਾ ਲਈ ਸੀ। ਜਿਸ ਸਦਕੇ ਉਨ੍ਹਾਂ ਆਪਣੇ ਇਲਾਕੇ ਅਤੇ ਪਿੰਡ ਢਾਹਾਂ ਦੇ ਬਹੁਤ ਸਾਰੇ ਕੰਮ ਜਿਨ੍ਹਾਂ ਵਿੱਚ ਪਿੰਡ ਵਿੱਚ ਪ੍ਰਇਮਰੀ ਸਕੂਲ , ਬੱਸ ਅੱਡਾ ਅਤੇ ਡਾਕਖਾਨਾ ਆਦਿ ਬਣਵਾਏ ਤੇ ਹੋਰ ਬਹੁਤ ਸਾਰੇ ਕਾਰਜ ਜੋ ਲੋਕਾਂ ਨੂੰ ਰਾਹਤ ਦਿਵਾਉਂਦੇ ਸਨ ਉਹ ਕਰਵਾਉਂਦੇ ਰਹੇ।
ਆਪਣੀ ਉੱਚ ਵਿਦਿਆਂ ਦੀ ਘਾਟ ਉਨ੍ਹਾਂ ਨੂੰ ਹਮੇਸ਼ਾਂ ਰੜਕਦੀ ਸੀ ਤੇ ਇਹ ਘਾਟ ਉਹ ਆਪਣੇ ਬੱਚਿਆਂ ਰਾਹੀਂ ਪੂਰੀ ਕਰਨਾ ਚਾਹੁੰਦੇ ਸਨ। 1960 ਵਿੱਚ ਬਾਬਾ ਬੁੱਧ ਸਿੰਘ ਜੀ ਕੈਨੇਡਾ ਜਾ ਵਸੇ, 18-18 ਘੰਟੇ ਹੱਡ ਭੰਨਵੀਂ ਮਿਹਨਤ ਕਰਕੇ ਜਿਥੇ ਪਰਿਵਾਰਕ ਜੁੰਮੇਵਾਰੀਆਂ ਨੂੰ ਸੰਭਾਲਿਆ ਉਥੇ ਆਪਣੇ ਬੱਚਿਆਂ ਨੂੰ ਉੱਚ ਪਾਏ ਦੀ ਵਿਦਿਆ ਦਵਾਈ ਅਤੇ ਨਾਲ ਹੀ ਆਪਣੇ ਸਮਾਜਿਕ ਤੇ ਧਾਰਮਿਕ ਫਰਜ ਨੂੰ ਸਮਝਦਿਆਂ ਬੱਚਿਆ ਨੂੰ ਗੁਰਮਿਤ ਤੇ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ। ਪੰਜਾਬੀ ਦੇ ਸਕੂਲ ਖੋਲੇ੍ਹ ਤੇ ਪੰਜਾਬੀ ਦਾ ਪਹਿਲਾ ਮੈਗਜ਼ੀਨ ‘ਦ ਸਿੱਖ ਸਮਾਚਾਰ’ ਕੱਢਿਆ। ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਪੋਰਟ ਐਲਬਰਨੀ (ਭ.ਛ.) ਸਾਅ ਮਿੱਲ ਤੇ ਪਲਾਈਵੁੱਡ ਮਿਲ ਵਿੱਚ ਮਜਦੂਰੀ ਕਰਕੇ ਆਪਣੇ ਬੱਚੇ ਕੈਨੇਡਾ ਵੈਨਕੂਵਰ ਵਿੱਚ ਸੈਟਲ ਕੀਤੇ। ਬਾਬਾ ਜੀ ਦੀ ਬਦੌਲਤ ਹੀ ਅੱਜ ਸਾਰਾ ਪਰਿਵਾਰ ਅੱਜ ਕੈਨੇਡਾ ਵਿੱਚ ਖੁਸ਼ਹਾਲ ਜੀਵਨ ਜੀਅ ਰਿਹਾ ਹੈ।
ਬਾਬਾ ਬੁੱਧ ਸਿੰਘ ਲੰਬਾ ਸਮਾਂ ਕੈਨੇਡਾ ਵਿਚ ਰਹੇ, ਉੱਥੇ ਰਹਿੰਦਿਆਂ ਆਪਣੇ ਵਤਨ, ਕੌਮ ਦੀ ਤੜਪ ਹਮੇਸ਼ਾ ਉਨ੍ਹਾਂ ਦੇ ਅੰਦਰ ਰਹੀ। ਉਨ੍ਹਾਂ ਨੇ ਪੰਜਾਬ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਸਥਾਪਤੀ ਲਈ, ਹਰ ਕੁਦਰਤੀ ਆਫਤ ਅਤੇ ਵਿਦੇਸ਼ੀ ਹਮਲਿਆਂ ਵੇਲੇ ਲੱਖਾਂ-ਲੱਖਾਂ ਰੁਪਇਆ ਕੈਨੇਡਾ ਦੀਆਂ ਸੰਗਤਾਂ ਤੋਂ ਆਪਣੇ ਪ੍ਰਭਾਵ ਨਾਲ ਇਕੱਠਾ ਕਰਕੇ ਭਾਰਤ ਉਪਰੋਕਤ ਕਾਰਜਾਂ ਲਈ ਭੇਜਿਆ।1976 ਵਿੱਚ ਉਹ ਆਪਣੇ ਦੇਸ਼ ਆਪਣੀਆਂ ਬੇਟੀਆਂ ਲਈ ਵਰ ਲੱਭਣ ਆਏ ਤਾਂ ਉਨ੍ਹਾਂ ਨੂੰ ਉੱਚ ਸਿਖਿਆ ਪ੍ਰਾਪਤ ਲੜਕੇ ਲੱਭਣ ਵਿੱਚ ਬਹੁਤ ਮੁਸ਼ਕਿਲ ਹੋਈ । ਉਨ੍ਹਾਂ ਬਹੁਤ ਹੀ ਸੰਜੀਦਾ ਹੋ ਕੇ ਆਪਣੇ ਦੇਸ਼ ਖਾਸ ਕਰਕੇ ਦੁਆਬੇ ਵਿੱਚ ਵਿਦਿਅਕ ਅਦਾਰਿਆਂ ਦੀ ਘਾਟ ਨੂੰ ਮਹਿਸੂਸ ਕੀਤਾ।ਇਹ ਇੱਕ ਵੱਡਾ ਕਾਰਨ ਸੀ ਕਿ ਉਨ੍ਹਾਂ ਆਪਣੇ ਵਤਨ ਵਾਪਸ ਪਰਤ ਕੇ ਸਮਾਜ ਸੇਵਾ ਕਰਨ ਦਾ ਮਨ ਬਣਾਇਆ। ਉਹਨਾਂ ਦਾ ਮਨ ਤਾਂ ਪੰਜਾਬ ਅਤੇ ਪੰਜਾਬੀਅਤ ਲਈ ਪਹਿਲਾਂ ਹੀ ਤੜਪ ਰਿਹਾ ਸੀ। ਉਨ੍ਹਾਂ ਮਨ ਬਣਾਇਆ ਕਿ ਆਪਣੇ ਫ਼ਰਜਾਂ ਤੋਂ ਵਿਹਲੇ ਹੋ ਕੇ ਵਤਨ ਵਾਪਿਸ ਆਇਆ ਜਾਏ ਤੇ ਏਥੇ ਪੇਂਡੂ ਏਰੀਏ ਵਿੱਚ ਬੱਚਿਆਂ ਨੂੰ ਸਮੇਂ ਦੇ ਹਾਣ ਦੀ ਉੱਚ ਵਿਦਿਆ ਮੁਹੱਇਆ ਕਰਵਾਈ ਜਾਏ। ਇਹ ਵੱਡੀ ਸੋਚ ਮਨ ਵਿੱਚ ਲੈ ਕੇ ਉਹ ਵਾਪਿਸ ਕੈਨੇਡਾ ਪਰਤ ਗਏ।
ਬਾਬਾ ਜੀ ਵਿਚਾਰਾਂ ਕਰਨ ਵਿੱਚ ਹੀ ਯੋਗ ਫੈਸਲਾ ਨਹੀਂ ਸੀ ਕਰਦੇ ਉਨ੍ਹਾਂ ਦੇ ਵਿਚਾਰਾਂ ਅਤੇ ਅਮਲਾਂ ਵਿਚ ਬਹੁਤ ਘੱਟ ਫਾਸਲਾ ਰਿਹਾ। ਸਾਰੀ ਉਮਰ ਸ਼ੁਭ ਅਮਲਾਂ ਤੇ ਉਨ੍ਹਾਂ ਡੱਟ ਕੇ ਪਹਿਰਾ ਦਿੱਤਾ।ਬਾਬਾ ਜੀ ਪੂਰਨ ਗੁਰਸਿੱਖ ਅਤੇ ਸਿੱਖੀ ਦੇ ਸੱਚੇ ਅਰਥਾਂ ਵਿੱਚ ਆਚਾਰੀਆ ਸਨ।ਉਨ੍ਹਾਂ ਦੀ ਘਾਲਣਾ ਅਦੁੱਤੀ ਹੈ। ਉਹ ਉਨ੍ਹਾਂ ਰਾਹਾਂ ਦੇ ਪਾਂਧੀ ਸਨ ਜਿਸ ਦੀ ਵਾਟ ਨਹੀਂ ਸੀ ਨਾਪੀ ਜਾਂਦੀ ਸਗੋਂ ਮੀਲ ਪੱਥਰ ਗੱਡੇ ਜਾਂਦੇ ਸਨ।1977 ਵਿੱਚ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਉਹ ਵਾਪਿਸ ਜਾ ਕੇ ਇੰਗਲੈਂਡ, ਕੈਨੇਡਾ ਨਿੱਕਲ ਤੁਰੇ ਤੇ ਆਪਣੇ ਭਾਈਚਾਰੇ ਤੇ ਮਾਇਕ ਤੌਰ ਤੇ ਮੱਲਾਂ ਮਾਰ ਚੁੱਕੇ ਸਾਥੀਆਂ ਨਾਲ ਆਪਣਾ ਮਿਸ਼ਨ ਸਾਂਝਾ ਕੀਤਾ ਕਿ ਕਿਵੇ ਉਹ ਹੁਣ ਦੇਸ਼ ਜਾ ਕੇ ਆਪਣੇ ਵਤਨ ਦੀ ਮਿੱਟੀ ਦਾ ਕਰਜਾ ਲਾਹੁਣਾ ਚਾਹੁੰਦੇ ਹਨ ਤੇ ਪੇਂਡੂ ਏਰੀਆ ਵਿੱਚ ਸਿਹਤ ਤੇ ਸਿੱਖਿਆ ਦੇ ਅਦਾਰੇ ਬਣਾਉਣੇ ਚਾਹੁੰਦੇ ਹਨ। ਸਭ ਉਨ੍ਹਾਂ ਦੇ ਨਾਲ ਸਨ ਤੇ ਉਨ੍ਹਾਂ ਸਾਰਿਆਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ।
ਆਪਣੇ ਪਰਿਵਾਰਕ ਫਰਜ਼ ਨਿਬੇੜਦਿਆਂ ਤੇ ਆਪਣਾ ਕਾਰੋਬਾਰ ਸਮੇਟਦਿਆਂ ਬਾਬਾ ਜੀ ਨੇ 1979 ਈ. ਵਿੱਚ ਆਪਣੇ ਪਿੰਡ ਢਾਹਾਂ ਆਣ ਡੇਰੇ ਲਾਏ ਜਿੱਥੇ ਉਹਨਾਂ ਨੇ ਆਪਣੇ ਸਾਥੀਆ ਨੂੰ ਨਾਲ ਲੈ ਕੇ ਦ੍ਰਿੜਤਾ ਨਾਲ ਕਾਰਜ ਕੀਤੇ। ਪਿੰਡਾਂ (ਢਾਹਾਂ ਕਲੇਰਾਂ) ਦੀਆਂ ਪੰਚਾਇਤਾਂ ਤੋਂ ਤੀਹ ਏਕੜ ਜ਼ਮੀਨ ਦਾਨ ਵਜੋਂ ਲੈ ਕੇ ਗੁਰੁ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਟਰੱਸਟ ਰਜਿ. ਕਰਵਾਇਆ। ਸੇਵਾ ਦੀ ਮੂਰਤ ਭਗਤ ਪੂਰਨ ਸਿੰਘ ਜੀ ਤੋਂ ਇਸ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ। 1984 ਵਿੱਚ ਗਵਰਨਰ ਬੀ. ਡੀ. ਪਾਂਡੇ ਤੋਂ ਹਸਪਤਾਲ ਦਾ ਉਦਘਾਟਨ ਕਰਵਾਇਆ। ਬਾਬਾ ਜੀ ਨੇ ਸਮੁੱਚੇ ਟਰਸਟ ਮੈਂਬਰਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀਆਂ ਸੇਵਾਵਾਂ ਸਦਕਾ ਦਸ ਬਿਸਤਰਿਆਂ ਦੀਆਂ ਸੇਵਾਵਾਂ ਤੋਂ ਸ਼ੁਰੂ ਹੋ ਕੇ ਢਾਈ ਸੌ ਬਿਸਤਰਿਆਂ ਦਾ ਮਲਟੀ ਸਪੈਸ਼ਲਟੀ ਹਸਪਤਾਲ, ਨਰਸਿੰਗ ਸਕੂਲ, ਨਰਸਿੰਗ ਕਾਲਿਜ, ਪਬਲਿਕ ਸਕੂਲ, ਡੀ, ਅਡਿਕਸ਼ਨ ਸੈਂਟਰ ਸਥਾਪਿਤ ਕੀਤੇ ਜੋ ਵੱਡੀ ਪੱਧਰ ਤੇ ਚੱਲ ਰਹੇ ਹਨ।ਸਮਾਜ ਦੇ ਭਲੇ ਲਈ ਸੁਪਨੇ ਲੈਣੇ ਤੇ ਫਿਰ ਲੱਖਾਂ ਮੁਸੀਬਤਾਂ ਦੇ ਬਾਵਜੂਦ ਉਨ੍ਹਾਂ ਨੂੰ ਪੂਰਿਆਂ ਕਰਨਾ ਇਹ ਬਾਬਾ ਬੁੱਧ ਸਿੰਘ ਜੀ ਦੀ ਸਮੁੱਚੀ ਸਖਸ਼ੀਅਤ ਦਾ ਸਾਰ ਸਮਝਿਆ ਜਾ ਸਕਦਾ ਹੈ। ਇਨ੍ਹਾਂ ਸੁਪਨਿਆਂ ਨੂੰ ਸ਼ਾਨ ਨਾਲ ਪੂਰਾ ਕਰਨ ਲਈ ਸਮੁੱਚੇ ਸਿੱਖ ਤੇ ਪੰਜਾਬੀ ਜਗਤ ਨੇ ਉਨ੍ਹਾਂ ਦਾ ਸਾਥ ਦਿੱਤਾ।
ਢਾਹਾਂ ਕਲੇਰਾਂ ਦੀ ਕੱਲਰੀ ਧਰਤੀ ਨੂੰ ਜਰਖੇਜ਼ ਬਣਾ ਸੇਵਾ ਦੇ ਵੱਡੇ ਸਤੰਭ ਖੜੇ ਕਰਨ ਉਪਰੰਤ ਬਾਬਾ ਬੁੱਧ ਸਿੰਘ ਜੀ ਦੀ ਅਗਵਾਈ ਹੇਠ ਬੀਤ ਅਤੇ ਕੰਢੀ ਦੇ ਲੋੜਵੰਦ ਇਲਾਕੇ ਵਿੱਚ ਸ਼ੁਰੂ ਹੋਈ ਸੇਵਾ ਨਿਵੇਕਲੀ ਪਹਿਲ ਕਦਮੀ ਇੱਕ ਨਵੇਂ ਇਤਿਹਾਸ ਦੀ ਗਵਾਹ ਬਣੀ ਜੋ ਕਿ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਨਵਾਂਗਰਾਂ ਕੁੱਲਪੁਰ ਰਾਹੀਂ ਰੂਪਮਾਨ ਹੈ। ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਤੇ ਨੌਵੇਂ ਕਿਲੋਮੀਟਰ ਤੇ ਸਥਿਤ ਸੇਵਾ ਦਾ ਇਹ ਕੇਂਦਰ ਦੇਸ਼ ਵਿਦੇਸ਼ ਦੀਆਂ ਦਾਨੀ ਸੰਗਤਾਂ ਦੇ ਸਹਿਯੋਗ ਸਦਕਾ ਇਸ ਖੇਤਰ ਦੇ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। 25 ਬਿਸਤਰਿਆਂ ਦੇ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਮੈਡੀਸਨ, ਜਨਰਲ ਅਤੇ ਲੈਪ੍ਰੋਸਕੋਪਿਕ ਸਰਜਰੀ, ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ, ਦੰਦਾਂ ਦੇ ਮਾਹਰ, ਅੱਖਾਂ ਦੇ ਮਰੀਜ਼ਾਂ ਲਈ ਹਰ ਤਰਾਂ ਦੀਆਂ ਸਹੂਲਤਾਂ ਅਤੇ ਡਾਇਲਸਿਸ ਵਿਭਾਗ ਰਾਹੀਂ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਬੱਚਿਆਂ ਨੂੰ ਸਸਤੀ ਅਤੇ ਉੱਚਪਾਏ ਦੀ ਸਿੱਖਿਆ ਦੇਣ ਵੱਲ ਕਦਮ ਪੁੱਟਦਿਆਂ ਕੇਂਦਰ ਸਰਕਾਰ ਦੀ ਮੱੱਦਦ ਨਾਲ ਸਕਿੱਲ ਡਿਵੈਲਪਮੈਂਟ ਵਿਭਾਗ ਰਾਹੀਂ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਤਹਿਤ ਹੁਣ ਤੱਕ ਬੱਚੇ ਲੈਬੌਰੇਟਰੀ ਟੈਕਨੀਸ਼ਨ, ਡਾਟਾ ਨੈਟਵਰਕਿੰਗ ਆਦਿ ਕੋਰਸਾਂ ਦੀ ਮੁਫਤ ਸਿਖਿਆ ਲੈ ਚੁੱਕੇ ਹਨ ਅਤੇ ਹੋਰ ਪੈਰਾਮੈਡੀਕਲ ਨਾਲ ਸਬੰਧਿਤ ਕੋਰਸਿਸ ਚੱਲ ਰਹੇ ਹਨ।
ਪੇਂਡੂ ਖੇਤਰ ਵਿੱਚ ਸਿਹਤ ਅਤੇ ਸਿਖਿਆ ਆਮ ਲੋਕਾਂ ਤੱਕ ਪਹੁੰਚਾਉਣ ਲਈ ਬਾਬਾ ਬੁੱਧ ਸਿੰਘ ਢਾਹਾਂ ਜੀ ਵੱਲੋਂ ਜਨ ਸਮਾਜ ਨੂੰ ਨਾਲ ਲੈ ਕੇ ਕੀਤੀਆਂ ਸੇਵਾਵਾਂ ਕਿਸੇ ਵੀ ਦੇਸ਼ ਵਿਦੇਸ਼ ਦੇ ਪੰਜਾਬੀਆਂ ਤੋਂ ਗੁਝੀਆਂ ਨਹੀਂ ਹਨ। 20 ਅਪ੍ਰੈਲ 2018 ਨੂੰ ਬਾਬਾ ਬੁੱਧ ਸਿੰਘ ਜੀ ਢਾਹਾਂ ਸਦੀਵੀ ਵਿਛੋੜਾ ਦੇ ਗਏ। ਆਪਣਾ ਸਾਰਾ ਜੀਵਨ ਇਨ੍ਹਾਂ ਸੇਵਾਵਾਂ ਨੂੰ ਨਿਭਾਉਦਿਆਂ ਜਿੱਥੇ ਉਨ੍ਹਾਂ ਆਪਣੇ ਮਿਸ਼ਨ ਦੇ ਸਾਰੇ ਕੰਮਾਂ ਨੂੰ ਬੜੀ ਸ਼ਾਨ ਨਾਲ ਪੂਰਿਆਂ ਕੀਤਾ ੳੁੱਥੇ ਉਨ੍ਹਾਂ ਨੇ ਇਨ੍ਹਾਂ ਸੇਵਾਵਾਂ ਨੂੰ ਨਿਤੰਤਰਤਾ ਦੇਣ ਲਈ ਉਨ੍ਹਾਂ ਸਖਸ਼ੀਅਤਾਂ ਦੀ ਚੋਣ ਕੀਤੀ ਜਿਨ੍ਹਾਂ ਨੇ ਉਨ੍ਹਾਂ ਨਾਲ ਹਰ ਔਖ ਸੌਖ ਵਿੱਚ ਕੰਮ ਕੀਤਾ। ਸੇਵਾ ਦੇ ਮਾਰਗ ਤੇ ਚੱਲਣ ਲਈ ਉਨ੍ਹਾਂ ਲੰਬਾ ਸਮਾਂ ਆਪਣੀ ਨਿਗਰਾਨੀ ਹੇਠ ਟਰਸਟ ਮੈਂਬਰ ਚੁਣ ਕੇ ਨਵੇਂ ਅਦਾਰੇ ਨੂੰ ਅੱਗੇ ਤੋਰਨ ਦਾ ਵੱਡਾ ਫੈਸਲਾ ਲਿਆ।ਬੀਬੀ ਸੁਸ਼ੀਲ ਕੌਰ ਜਿਨ੍ਹਾਂ ਨੇ ਲੰਬਾ ਸਮਾਂ ਬਾਬਾ ਬੁੱਧ ਸਿੰਘ ਜੀ ਨਾਲ ਦ੍ਰਿੜਤਾ, ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਉਨ੍ਹਾਂ ਨੂੰ ਇਸ ਟਰਸਟ ਦੀ ਵਾਗਡੋਰ ਸ ਬਲਬੀਰ ਸਿੰਘ ਬੈਂਸ, ਮਹਿੰਦਰ ਸਿੰਘ ਭਾਟੀਆ, ਰਘਬੀਰ ਸਿੰਘ, ਦੀਪਕ ਬਾਲੀ ਅਤੇ ਬਾਬਾ ਸਤਪਾਲ ਸਿੰਘ ਜੀ ਦੇ ਸਹਿਯੋਗ ਨਾਲ ਸੰਭਾਲੀ। ਇਹ ਸਾਰੇ ਟਰਸਟ ਮੈਂਬਰ ਉਨ੍ਹਾਂ ਵੱਲੋਂ ਪਾਏ ਪੂਰਨਿਆਂ ਤੇ ਚੱਲ ਕੇ ਸੱਚ ਮੁੱਚ ਸਮਾਜ ਸੇਵਾ ਨੂੰ ਸਮਰਪਿਤ ਹਨ ਅਤੇ ਵਾਹਿਗੁਰੂ ਜੀ ਦੀ ਓਟ ਆਸਰੇ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਜਲਦ ਸੇਵਾ ਦੇ ਵੱਡੇ ਅਦਾਰੇ ਸਥਾਪਿਤ ਕਰਨ ਲਈ ਸਰਗਰਮ ਹਨ। ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਸੰਗਤਾਂ ਦੇ ਸਾਥ ਸਦਕਾ ਬਾਬਾ ਜੀ ਵੱਲੋਂ ਲਏ ਸੁਪਨੇ ਬਹੁਤ ਜਲਦ ਪੂਰੇ ਹੋਣਗੇ।ਅੱਜ 5 ਦਸੰਬਰ, 2021 ਨੂੰ ਅਸੀਂ ਸਾਰੇ ਬਾਬਾ ਜੀ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਵਾਹਿਗੁਰੂ ਪਾਸੋਂ ਸਮੱਰਥਾ ਮੰਗਦੇ ਹਾਂ ਤੇ ਇਸ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਤੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ।
ਉਨ੍ਹਾਂ ਨੇ ਆਪਣੇ ਵਲੋਂ ਸ਼ੁਰੂ ਕੀਤੇ ਅਦਾਰੇ ਤੇ ਸਮਾਜ ਸੇਵਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣੀ ਸੋਚ ਤੇ ਪਹਿਰਾ ਦੇਣ ਵਾਲੇ ਸਾਥੀ ਬੀਬੀ ਸੁਸ਼ੀਲ ਕੌਰ, ਸ੍ਰ ਰਘਬੀਰ ਸਿੰਘ, ਸ੍ਰ, ਬਲਬੀਰ ਸਿੰਘ ਬੈਂਸ ਤੇ ਸ੍ਰ ਮਹਿੰਦਰ ਸਿੰਘ ਜੀ ਭਾਟੀਆ ਵਰਗੇ ਸੇਵਾ ਪ੍ਰੇਮੀ ਤਿਆਰ ਕੀਤੇ ਜਿਨ੍ਹਾਂ ਨੇ ਬਾਬਾ ਜੀ ਦਾ ਖੁੱਲ ਕੇ ਸਾਥ ਦਿੱਤਾ ਤੇ ਅੱਜ ਵੀ ਉਹ ਇਸ ਕਾਰਜ ਲਈ ਦਿੱਲੋਂ ਜੁੱਟੇ ਹੋਏ ਹਨ।
ਬਾਬਾ ਬੁੱਧ ਸਿੰਘ ਨੇ ਢਾਹਾਂ ਕਲੇਰਾਂ ਹਸਪਤਾਲ ਦੇ ਕਾਰਜਾਂ ਤੋਂ ਬਾਅਦ ਸੰਗਤਾਂ ਦੇ ਹੁਕਮ ਅਨੁਸਾਰ ਤੇ ਗੁਰੁ ਨਾਨਕ ਸਾਹਿਬ ਦੀ ਸਾਖੀ ਉਜੜ ਉਜੜ ਕੇ ਵਸੋਂ ਵਾਲੀ ਵੀ ਸੱਚ ਕਰ ਵਿਖਾਈ ਤੇ 88 ਸਾਲ ਦੀ ਉਮਰ ਵਿੱਚ ਆਪਣੇ ਸਾਥੀਆਂ ਸਮੇਤ ਗੜ੍ਹਸ਼ੰਕਰ ਤੋਂ ਨੌਂ ਕਿਲੋਮੀਟਰ ਦੂਰ ਅਨੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ਤੇ ਕੁੱਕੜ ਮਜਾਰਾ ਵਿਖੇ ਆਣ ਡੇਰਾ ਲਾਇਆ ਤੇ ਆਪਣੀ ਸਾਰੀ ਉਮਰ ਦੀ ਕਮਾਈ ਜਾਇਦਾਦ ਵੇਚ ਕੇ ਸੰਗਤਾਂ ਦੇ ਭਰਪੂਰ ਸਾਥ ਨਾਲ ਤੀਹ ਬਿਸਤਰਿਆਂ ਦਾ ਮਲਟੀ ਸਪੈਸ਼ਲਟੀ ਹਸਪਤਾਲ ਬਣਾ ਕੇ ਚਾਲੂ ਕਰ ਦਿੱਤਾ ਤੇ ਇਨ੍ਹਾਂ ਸੇਵਾਵਾ ਦੀ ਵਾਗਡੋਰ ਆਪਣੇ ਸੁਹਿਰਦ ਸਾਥੀਆਂ ਨੂੰ ਸੌਂਪ 20 ਅਪੈ੍ਰਲ, 2018 ਨੂੰ ਸਰੀਰਿਕ ਤੌਰ ਤੇ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਜੋ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਬਾਬਾ ਜੀ ਵੱਲੋਂ ਬੀਜੇ ਸੁਪਨੇ ਹੁਣ ਸਾਕਾਰ ਹੋ ਰਹੇ ਹਨ। ਬਾਬਾ ਜੀ ਵੱਲੋਂ ਸ਼ੁਰੂ ਕੀਤੇ ਹਸਪਤਾਲ ਵਿੱਚ ਗਰੀਬ ਤੇ ਲੋੜਵੰਦ ਮਰੀਜਾਂ ਨੂੰ ਸਿਹਤ ਸਹੂਲਤਾਂ ਬਹੁਤ ਹੀ ਸੁਚੱਜੇ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ। ਬਾਬਾ ਜੀ ਇੱਕ ਯੁੱਗ ਪੁਰਸ਼ ਸਨ ਜਿਨ੍ਹਾਂ ਦੇ ਰਹਿਂਦੇ ਕਾਰਜ ਸੰਗਤਾਂ ਨੇ ਤੇ ਟਰੱਸਟ ਮੈਂਬਰਾਂ ਨੇ ਪੂਰੇ ਕਰਨੇ ਹਨ।ਗੁਰੁ ਸਾਹਿਬ ਦਾ, ਸੰਗਤਾਂ ਦਾ ਹੱਥ ਹਮੇਸ਼ਾਂ ਇਸ ਚਲਦੇ ਮਿਸ਼ਨ ਤੇ ਹੈ ਲੋੜ ਹੈ ਤੁਹਾਡੇ ਪਿਆਰ ਅਤੇ ਉਮਾਹ ਦੀ । ਸ਼ੁਰੂ ਕੀਤੀ ਸੇਵਾ ਨਿਰੰਤਰ ਚਲ ਰਹੀ ਹੈ। ਆਪ ਸਭ ਸੰਗਤਾਂ ਦਾ ਸਾਥ ਹਮੇਸ਼ਾਂ ਵਾਂਗ ਇਸ ਸੰਸਥਾ ਨੂੰ ਲੋੜੀਂਦਾ ਹੈ। ਅੱਜ 5 ਦਸੰਬਰ, 2021 ਨੂੰ ਅਸੀਂ ਸਾਰੇ ਬਾਬਾ ਜੀ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਵਾਹਿਗੁਰੂ ਪਾਸੋਂ ਸਮੱਰਥਾ ਮੰਗਦੇ ਹਾਂ ਤੇ ਇਸ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਤੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ।
-
ਰਜਨੀਸ਼ ਸਰੀਨ, ਲੇਖਕ
rajnishsareen@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.