ਵਰਿਆਮ ਸਿੰਘ ਸੇਖੋਂ - ਪੁਸ਼ਤਾਂ ਤੇ ਪਤਵੰਤੇ ਨਾਮਕ ਪੁਸਤਕ ਸ੍ਰ ਉਜਾਗਰ ਸਿੰਘ ਜੀ ਨੇ ਲਿਖੀ ਹੈ। ਇਹ ਪੁਸਤਕ ਲੋਕ-ਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ 2021 ਵਿੱਚ ਹੀ ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ਦੀ ਦਿੱਖ ਬਹੁਤ ਵਧੀਆ ਹੈ। ਇਸ ਦੇ ਕੁੱਲ ਪੰਨੇ 200 ਦੇ ਕਰੀਬ ਹਨ ਅਤੇ ਇਸ ਦੀ ਕੀਮਤ 495 ਰੁਪਏ ਹੈ।
ਸਭ ਤੋਂ ਪਹਿਲਾਂ ਇਹ ਪੁਸਤਕ ਲੇਖਕ ਨੇ ਕਿਉਂ ਲਿਖੀ? ਬਾਰੇ ਇਸ ਦੇ ਲੇਖਕ ਸ੍ਰ ਉਜਾਗਰ ਸਿੰਘ ਲਿਖਦੇ ਹਨ ਕਿ "ਜਦੋਂ ਮੈਂ ਆਪਣੇ ਦੋਸਤ ਗੁਰਮੀਤ ਸਿੰਘ ਭੰਗੂ, ਸਿਆਸੀ ਸਕੱਤਰ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ, ਬਾਰੇ ਪੁਸਤਕ ਲਿਖਣ ਲਈ ਸਮੱਗਰੀ ਇਕੱਤਰ ਕਰ ਰਿਹਾ ਸੀ, ਤਾਂ ਉਹਨਾਂ ਦੇ ਭਰਾ ਦਲਜੀਤ ਸਿੰਘ ਭੰਗੂ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਸੁਰਜੀਤ ਕੌਰ ਭੰਗੂ, ਦਾਖਾ ਪਿੰਡ ਦੇ ਸੇਖੋਂ ਪਰਿਵਾਰ ਨਾਲ ਸਬੰਧਤ ਸਨ। ਉਹ ਕਹਿਣ ਲੱਗੇ ਸੇਖੋਂ ਪਰਿਵਾਰ ਦਾ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਵਿੱਚ ਵੱਡਾ ਯੋਗਦਾਨ ਹੈ। ਉਹਨਾਂ ਨੇ ਮੈਨੂੰ ਸੇਖੋਂ ਪਰਿਵਾਰ ਦੇ ਮੁਖੀ ਵਰਿਆਮ ਸਿੰਘ ਸੇਖੋਂ ਅਤੇ ਗੁਲਾਬ ਕੌਰ ਸੇਖੋਂ ਬਾਰੇ ਕਾਫ਼ੀ ਦਿਲਚਸਪ ਗੱਲਾਂ ਦੱਸੀਆਂ। ਹਾਲਾਂ ਕਿ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ, ਪ੍ਰੰਤੂ ਉਨ੍ਹਾਂ ਦੇ ਕੰਮ ਬਹੁਤੇ ਪੜ੍ਹੇ ਲਿਖੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਪ੍ਰਸੰਸਾ ਯੋਗ ਹਨ। ------ ਅੱਡਾ ਦਾਖਾ ਵਸਾਉਣਾ, ਵਿਉਂਤ ਬੰਦੀ ਕਰਨੀ, 250 ਦੇ ਲਗਭਗ ਦੁਕਾਨਾਂ ਅਤੇ ਰਿਹਾਇਸ਼ੀ ਘਰ ਬਣਾ ਕੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਉਥੇ ਵਸਾਉਣਾ ਆਦਿ ਵਿਲੱਖਣ ਕੰਮ ਹਨ। ----- ਉਦੋਂ ਮੈਂ ਮਨ ਬਣਾ ਲਿਆ ਸੀ ਕਿ ਗੁਰਮੀਤ ਸਿੰਘ ਦੀ ਪੁਸਤਕ ਮੁਕੰਮਲ ਕਰਨ ਤੋਂ ਬਾਅਦ ਇਸ ਸੇਖੋਂ ਪਰਿਵਾਰ ਬਾਰੇ ਪੁਸਤਕ ਲਿਖਾਂਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ, ਆਪਣੇ ਬਜ਼ੁਰਗਾਂ ਦੀ ਯੋਗਤਾ ਅਤੇ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਮਿਲ ਸਕੇ, ਤਾਂ ਜੋ ਉਹ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਫ਼ਲਤਾ ਹਾਸਲ ਕਰ ਸਕਣ।"
ਇਹ ਪੁਸਤਕ ਪੜ੍ਹ ਕੇ ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਦੇ ਇਸ ਉੱਦਮ ਨਾਲ, ਇੱਕਲਾ ਸੇਖੋਂ ਪਰਿਵਾਰ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ, ਆਪਣੇ ਬਜ਼ੁਰਗਾਂ ਦੀ ਯੋਗਤਾ ਅਤੇ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਹੀ ਨਹੀਂ ਮਿਲੇਗੀ, ਸਗੋਂ ਅਨੇਕਾਂ ਲੋਕਾਂ ਨੂੰ ਆਪਣੀ ਵਿਰਾਸਤ, ਆਪਣੇ ਬਜ਼ੁਰਗਾਂ ਦੀ ਯੋਗਤਾ ਅਤੇ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਇੱਕਠੀ ਕਰਨ ਲਈ ਉਤਸ਼ਾਹ ਮਿਲੇਗਾ, ਤਾਂ ਜੋ ਉਹ ਵੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਫ਼ਲਤਾ ਹਾਸਲ ਕਰ ਸਕਣ, ਅਤੇ ਇਸ ਪੁਸਤਕ ਤੋਂ ਉਤਸ਼ਾਹਿਤ ਹੋ ਕੇ ਕੁੱਝ ਇਸ ਤਰ੍ਹਾਂ ਦਾ ਹੀ ਲਿਖਣ ਦਾ ਮੈਂ ਵੀ ਮਨ ਬਣਾਇਆ ਹੈ। ਇਸ ਪੁਸਤਕ ਦਾ ਮਹੱਤਵ ਇਸ ਪੱਖੋਂ ਹੋਰ ਵੀ ਵੱਧ ਹੈ ਕਿ ਇਸ ਨੂੰ ਲਿਖਣ ਦੀ ਲੇਖਕ ਦੇ ਮਨ ਅੰਦਰ ਉਤਸਕਤਾ ਪੈਦਾ ਕਰਨ ਵਾਲੇ ਸ੍ਰ ਦਲਜੀਤ ਸਿੰਘ ਭੰਗੂ ਹਨ, ਜਿਹੜੇ ਇਸ ਦੇ ਲੇਖਕ ਸ੍ਰ ਉਜਾਗਰ ਸਿੰਘ ਜੀ ਕੋਲੋਂ ਆਪਣੇ ਨਾਨਕਿਆਂ ਬਾਰੇ ਇਹੋ ਜਿਹੀ ਰਚਨਾ ਕਰਵਾਉਣ ਦੇ ਕਾਬਲ ਹੋਏ ਹਨ। ਪ੍ਰਸਿੱਧ ਕਹਾਣੀਕਾਰ ਸ੍ਰ ਗੁਲਜ਼ਾਰ ਸਿੰਘ ਸੰਧੂ ਜੀ ਵੱਲੋਂ ਇਸ ਪੁਸਤਕ ਦੇ ਅਖੀਰ ਵਿੱਚ ਛੱਪੀ ਇਸ ਟਿੱਪਣੀ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਉਹਨਾਂ ਨੇ ਆਪਣੀ ਟਿੱਪਣੀ ਵਿੱਚ ਲਿਖਿਆ ਹੈ, "ਕਾਸ਼! ਮੈਂ ਵੀ ਦਲਜੀਤ ਵਰਗਾ ਉਦਮੀ ਤੇ ਸਿਰੜੀ ਹੁੰਦਾ ਤੇ ਆਪਣੇ ਨਾਨਕਿਆਂ ਬਾਰੇ ਇਹੋ ਜਿਹੀ ਰਚਨਾ ਕਰ ਸਕਦਾ। ਦਲਜੀਤ ਸਿੰਘ ਨੂੰ ਉਸ ਦਾ ਉੱਦਮ, ਸਿਰੜ੍ਹ ਅਤੇ ਸਲੀਕਾ ਮੁਬਾਰਕ।"
ਇਸ ਪੁਸਤਕ ਦਾ ਮੁੱਖ ਬੰਦ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ। ਉਹਨਾਂ ਨੇ ਲਿਖਿਆ ਹੈ ਕਿ, "ਸ੍ਰ ਵਰਿਆਮ ਸਿੰਘ ਦੀ ਕੀਰਤੀ ਪੜ੍ਹਦਿਆਂ ਮਹਿਸੂਸ ਕੀਤਾ ਕਿ ਲਗਭਗ ਅੱਧੀ ਸਦੀ ਲੁਧਿਆਣਾ ਵਿੱਚ ਰਹਿਣ ਦੇ ਬਾਵਜੂਦ ਇਸ ਮਹਾਨ ਹਸਤੀ ਬਾਰੇ ਮੈਨੂੰ ਕਿਣਕਾ ਮਾਤਰ ਵੀ ਪਤਾ ਨਹੀਂ ਸੀ, ਜਦੋਂ ਕਿ ਉਨ੍ਹਾਂ ਦੇ ਪਰਿਵਾਰ ਦੇ ਲਗਭਗ ਦਸ-ਬਾਰਾਂ ਧੀਆਂ-ਪੁੱਤਰਾਂ ਨਾਲ ਮੇਰਾ ਨਿਕਟ-ਸਨੇਹ ਰਿਹਾ ਹੈ। ਇਸ ਹਿੰਮਤ ਲਈ ਮੈਂ ਸ੍ਰ ਦਲਜੀਤ ਸਿੰਘ ਭੰਗੂ ਨੂੰ ਮੁਬਾਰਕ ਦੇਣੀ ਚਾਹਾਂਗਾ, ਜਿਨ੍ਹਾਂ ਨੇ "ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨ" ਮੁਤਾਬਕ ਆਪਣੇ ਨਾਨਾ ਜੀ ਦੀ ਕੀਰਤੀ ਜੱਗ ਜ਼ਾਹਿਰ ਕਰਨ ਲਈ ਪਿਆਰੇ ਵੀਰ ਸ੍ਰ ਉਜਾਗਰ ਸਿੰਘ ਪਾਸੋਂ ਮਦਦ ਲਈ ਹੈ।
ਪਰਿਵਾਰ ਦਾ ਇੱਕਲਾ ਇੱਕਲਾ ਜੀਅ ਸ੍ਰ ਵਰਿਆਮ ਸਿੰਘ ਸੇਖੋਂ ਦੀ ਵਰਿਆਮਗੀ-ਜੋਤ ਲੈ ਕੇ ਆਪੋ-ਆਪਣੇ ਕਾਰਜ-ਖੇਤਰ ਵਿੱਚ ਰੌਸ਼ਨ ਮੀਨਾਰ ਵਾਂਗ ਜੱਗ ਰੁਸ਼ਨਾ ਰਿਹਾ ਹੈ। ਉਸ ਦੀ ਜੀਵਨ-ਸਾਥਣ ਸਰਦਾਰਨੀ ਗੁਲਾਬ ਕੌਰ ਜੀ ਦੀ ਸਿੱਖਿਆ-ਦੀਖਿਆ ਦਾ ਹੀ ਪ੍ਰਤਾਪ ਹੈ ਕਿ ਘਰ ਦੀਆਂ ਧੀਆਂ ਤੇ ਪੁੱਤਰ ਵੱਡਮੁੱਲਾ ਜੀਵਨ ਕਿਰਦਾਰ ਨਿਭਾ ਰਹੇ ਹਨ। ਆਪਣੇ ਪੁਰਖਿਆਂ ਦੀ ਮਸ਼ਾਲ ਲੈ ਕੇ ਤੁਰਨਾ ਏਨਾ ਆਸਾਨ ਨਹੀਂ, ਜਿਨ੍ਹਾਂ ਆਪਾਂ ਸਮਝਦੇ ਹਾਂ, ਪਰ ਸ੍ਰ ਵਰਿਆਮ ਸਿੰਘ ਸੇਖੋਂ ਅਤੇ ਮਾਤਾ ਗੁਲਾਬ ਕੌਰ ਜੀ ਦੇ ਪੋਤੇ-ਪੋਤਰੇ, ਧੀਆਂ, ਦੋਹਤਰੇ, ਪੋਤਰੀਆਂ, ਦੋਹਤਰੀਆ ਨਿਰੰਤਰ ਉਸ ਗੁਲਾਬ-ਵੰਨੀ ਮਹਿਕ ਨੂੰ, ਸਿਰਫ਼ ਆਪਣੇ ਟੱਬਰਾਂ ਵਿੱਚ ਹੀ ਨਹੀਂ, ਸਗੋਂ ਸਮਾਜਿਕ ਚੌਗਿਰਦੇ ਵਿੱਚ ਵੀ ਫੈਲਾ ਰਹੀਆਂ ਹਨ।" ਸੋ, "ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨ" ਮੁਤਾਬਕ ਸ੍ਰ ਵਰਿਆਮ ਸਿੰਘ ਸੇਖੋਂ ਵੱਲੋਂ ਆਪਣੇ ਸਮਾਜਕ ਜੀਵਨ ਵਿੱਚ ਪਾਏ ਯੋਗਦਾਨ ਬਾਰੇ ਇਸ ਪੁਸਤਕ ਦੇ ਛੱਪਣ ਤੋਂ ਬਿਨਾਂ ਸਾਨੂੰ ਕੁੱਝ ਵੀ ਪਤਾ ਨਹੀਂ ਸੀ ਲੱਗਣਾ।
ਇਸ ਪੁਸਤਕ ਨੂੰ ਲੇਖਕ ਨੇ ਚਾਰ ਭਾਗਾਂ ਵਿੱਚ ਵੰਡਿਆ ਹੈ।
ਭਾਗ ਪਹਿਲੇ ਵਿੱਚ ਸ੍ਰ ਵਰਿਆਮ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਲਾਬ ਕੌਰ ਸੇਖੋਂ, ਉਹਨਾਂ ਦੇ ਦੋ ਭਰਾਵਾਂ ਸ੍ਰ ਮਹਾਂ ਸਿੰਘ ਸੇਖੋਂ ਅਤੇ ਸ੍ਰ ਅਰਜਨ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਤਾਇਆ ਜੀ ਸ੍ਰ ਸੁਧਾ ਸਿੰਘ ਸੇਖੋਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸ੍ਰ ਵਰਿਆਮ ਸਿੰਘ ਸੇਖੋਂ ਦੇ ਜਨਮ ਦਿਨ ਦੀ ਸਹੀ ਜਾਣਕਾਰੀ ਤਾਂ ਨਹੀਂ ਹੈ, ਪਰ ਉਹਨਾਂ ਦਾ ਜਨਮ ਲਗਪਗ 1885 ਵਿੱਚ ਪਿੰਡ ਦਾਖਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਬੁੱਧ ਸਿੰਘ ਸੇਖੋਂ ਦੇ ਘਰ ਹੋਇਆ ਲਿਖਿਆ ਹੈ। ਉਹ ਤਿੰਨ ਭਰਾ ਸਨ। ਸਭ ਤੋਂ ਵੱਡੇ ਮਹਾਂ ਸਿੰਘ ਸੇਖੋਂ, ਉਹਨਾਂ ਤੋਂ ਛੋਟੇ ਵਰਿਆਮ ਸਿੰਘ ਸੇਖੋਂ ਅਤੇ ਸਭ ਤੋਂ ਛੋਟੇ ਅਰਜਨ ਸਿੰਘ ਸੇਖੋਂ ਸਨ। ਇਹਨਾਂ ਦੇ ਬਚਪਨ ਵਿੱਚ ਹੀ ਮਾਂ ਬਾਪ ਦੀ ਪਲੇਗ ਕਾਰਨ ਮੌਤ ਹੋ ਗਈ ਸੀ। ਪਿੰਡ ਵਿੱਚ ਪ੍ਰਾਇਮਰੀ ਸਕੂਲ ਹੋਣ ਕਾਰਨ ਉਨ੍ਹਾਂ ਪ੍ਰਾਇਮਰੀ ਤੱਕ ਦੀ ਪੜ੍ਹਾਈ ਕੀਤੀ। 1903 ਵਿੱਚ ਉਹ ਫੌਜ ਵਿੱਚ ਭਰਤੀ ਹੋ ਗਏ ਅਤੇ ਦੂਸਰੇ ਮਹਾਂ ਯੁੱਧ ਤੋਂ ਬਾਅਦ ਜਮਾਂਦਾਰ (ਹੁਣ ਦੇ ਅਨੁਸਾਰ ਨਾਇਬ ਸੂਬੇਦਾਰ) ਦੀ ਤਰੱਕੀ ਹੋਣ ਤੋਂ ਬਾਅਦ ਸੇਵਾ-ਮੁਕਤੀ ਲੈ ਲਈ। ਉਹਨਾਂ ਦੀ ਸ਼ਾਦੀ ਲੁਧਿਆਣਾ ਜ਼ਿਲ੍ਹੇ ਦੇ ਰਾੜਾ ਸਾਹਿਬ ਨੇੜੇ ਪਿੰਡ ਬੁਟਾਹਰੀ ਦੇ ਹਜ਼ੂਰਾ ਸਿੰਘ ਅਤੇ ਮਾਨ ਕੌਰ ਦੀ ਬੇਟੀ ਸ਼੍ਰੀਮਤੀ ਗੁਲਾਬ ਕੌਰ ਨਾਲ ਹੋਈ। ਸ਼੍ਰੀਮਤੀ ਗੁਲਾਬ ਕੌਰ ਸੇਖੋਂ ਦੀ ਜਨਮ ਤਰੀਕ 1900 ਅਤੇ ਸਵਰਗਵਾਸ ਹੋਣ ਦਾ ਸਮਾਂ ਸਤੰਬਰ 1970 ਦਾ ਲਿਖਿਆ ਹੋਇਆ ਹੈ।
ਸੇਵਾ ਮੁਕਤੀ ਤੋਂ ਬਾਅਦ ਉਹ ਪਿੰਡ ਵਿੱਚ ਵੱਸ ਗਏ ਅਤੇ ਪਿੰਡ ਆ ਕੇ ਹੀ ਉਹਨਾਂ ਨੇ ਮਨ ਅੰਦਰ ਅੱਡਾ ਦਾਖਾ ਵਸਾਉਣ ਦਾ ਮਨ ਬਣਾਇਆ। ਉਹਨਾਂ ਦਾ ਪਿੰਡ ਦਾਖਾ ਲੁਧਿਆਣਾ ਤੋਂ ਉਸ ਵੇਲੇ 25 ਕਿਲੋਮੀਟਰ ਦੂਰ ਸੀ। ਉਹਨਾਂ ਨੇ ਆਪਣੀ ਦੂਰਅੰਦੇਸ਼ੀ ਨਾਲ ਮੌਜੂਦਾ ਅੱਡਾ ਦਾਖਾ ਵਾਲੀ ਸਾਰੀ ਜ਼ਮੀਨ ਖਰੀਦ ਲਈ ਅਤੇ ਅੱਡਾ ਦਾਖਾ ਵਸਾਇਆ। 1936 ਵਿੱਚ ਉਹਨਾਂ ਆਪਣੀ ਰਿਹਾਇਸ਼ ਵੀ ਅੱਡਾ ਦਾਖਾ ਵਿੱਚ ਹੀ ਬਣਾ ਲਈ। 26 ਜਨਵਰੀ 1950 ਨੂੰ ਉਹਨਾਂ ਦੀ ਮੌਤ ਹੋ ਗਈ।
ਪੁਸਤਕ ਦੇ ਦੂਸਰੇ ਭਾਗ ਵਿੱਚ ਸ੍ਰ ਵਰਿਆਮ ਸਿੰਘ ਸੇਖੋਂ ਦੇ ਛੇ ਪੁੱਤਰਾਂ ਅਤੇ ਚਾਰ ਧੀਆਂ ਦਾ ਵਰਨਣ ਬਹੁਤ ਵਿਸਥਾਰ ਨਾਲ ਕੀਤਾ ਗਿਆ ਹੈ। ਪੁੱਤਰਾਂ ਵਿੱਚ ਸ੍ਰ ਲਛਮਣ ਸਿੰਘ ਸੇਖੋਂ ਅਤੇ ਨੂੰਹ ਕੁਲਵੰਤ ਕੌਰ, ਕ੍ਰਿਸ਼ਨ ਸਿੰਘ ਸੇਖੋਂ ਅਤੇ ਨੂੰਹ ਨਾਹਰ ਕੌਰ, ਬਲਦੇਵ ਸਿੰਘ ਸੇਖੋਂ ਅਤੇ ਨੂੰਹ ਕਰਤਾਰ ਕੌਰ, ਅਮਰੀਕ ਸਿੰਘ ਸੇਖੋਂ ਅਤੇ ਨੂੰਹ ਰਜਿੰਦਰ ਕੌਰ, ਗੁਰਚਰਨ ਸਿੰਘ ਸੇਖੋਂ ਅਤੇ ਨੂੰਹ ਸੁਰਜੀਤ ਕੌਰ, ਅਨੋਖ ਸਿੰਘ ਸੇਖੋਂ ਅਤੇ ਨੂੰਹ ਸੁਰਜੀਤ ਕੌਰ ਦਾ ਵਰਨਣ ਹੈ ਅਤੇ ਉਹਨਾਂ ਦੀਆਂ ਧੀਆਂ ਵਿੱਚ ਸੁਖਦੇਵ ਕੌਰ ਪਤਨੀ ਨੱਥਾ ਸਿੰਘ ਮਾਂਗਟ, ਬਚਿੱਤਰ ਕੌਰ ਪਤਨੀ ਉਜਾਗਰ ਸਿੰਘ ਗਰੇਵਾਲ, ਨਛੱਤਰ ਕੌਰ ਪਤਨੀ ਦਰਸ਼ਨ ਸਿੰਘ ਭੰਗੂ, ਸੁਰਜੀਤ ਕੌਰ ਪਤਨੀ ਬਲਬੀਰ ਸਿੰਘ ਭੰਗੂ ਦੇ ਪਰਿਵਾਰ ਸ਼ਾਮਲ ਹਨ। ਇਸ ਭਾਗ ਅੰਦਰ ਹੀ ਮਹਿਤਾਬ ਸਿੰਘ ਮੀਰਾਂਕੋਟ ਦਾ ਪ੍ਰਸੰਗ ਵੀ ਦਿੱਤਾ ਗਿਆ ਹੈ।
ਪੁਸਤਕ ਦੇ ਤੀਸਰੇ ਭਾਗ ਵਿੱਚ ਉਹਨਾਂ ਦੇ ਪੋਤਰੇ, ਪੋਤਰੀਆਂ ਅਤੇ ਬੱਚਿਆਂ ਦਾ ਵਰਨਣ ਕੀਤਾ ਗਿਆ ਹੈ। ਪੁਸਤਕ ਦੇ ਭਾਗ ਚੌਥੇ ਅੰਦਰ ਉਹਨਾਂ ਦੇ ਦੋਹਤਰਿਆਂ, ਦੋਹਤਰੀਆਂ ਅਤੇ ਬੱਚਿਆਂ ਦਾ ਬਾਖੂਬੀ ਵਰਨਣ ਕੀਤਾ ਗਿਆ ਹੈ। ਸਮੁੱਚੇ ਤੌਰ ਤੇ ਇਹ ਪੁਸਤਕ ਪੜ੍ਹਨ, ਵਿਚਾਰਨ ਅਤੇ ਸਿੱਖਣਯੋਗ ਹੈ ਕਿਉਂਕਿ ਗੁਰਭਜਨ ਸਿੰਘ ਗਿੱਲ ਦੇ ਸ਼ਬਦਾਂ ਵਿੱਚ ,"ਇਸ ਪੁਸਤਕ ਵਿੱਚ ਇੱਕ ਨਹੀਂ, ਅਨੇਕਾਂ ਪੁਸਤਕਾਂ ਹਨ। ਹਰ ਜੀਅ ਦੀ ਪ੍ਰਾਪਤੀ ਪੜ੍ਹੋ, ਤਾਂ ਲੱਗਦੈ ਨਵਾਂ ਅਧਿਆਇ ਸ਼ੁਰੂ ਹੋ ਗਿਆ।"
ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਹਨਾਂ ਦੇ ਇਸ ਉੱਦਮ ਨਾਲ, ਇੱਕਲੇ ਸੇਖੋਂ ਪਰਿਵਾਰ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ, ਆਪਣੇ ਬਜ਼ੁਰਗਾਂ ਦੀ ਯੋਗਤਾ ਅਤੇ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਹੀ ਨਹੀਂ ਮਿਲੇਗੀ, ਸਗੋਂ ਅਨੇਕਾਂ ਲੋਕਾਂ ਨੂੰ ਆਪਣੀ ਵਿਰਾਸਤ, ਆਪਣੇ ਬਜ਼ੁਰਗਾਂ ਦੀ ਯੋਗਤਾ ਅਤੇ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਇੱਕਠੀ ਕਰਨ ਲਈ ਉਤਸ਼ਾਹ ਮਿਲੇਗਾ, ਤਾਂ ਜੋ ਉਹ ਵੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਫ਼ਲਤਾ ਹਾਸਲ ਕਰ ਸਕਣ।
-
ਪ੍ਰੋ ਸੁਖਵੰਤ ਸਿੰਘ ਗਿੱਲ, ਲੇਖਕ
*****************
94172-34744
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.