ਮਦਨ ਲਾਲ ਜਲਾਲਪੁਰ ਜੀ, ਪੰਜਾਬੀ ਜਗਤ ਆਪ ਨੂੰ ਲਾਹਨਤਾਂ ਪਾ ਰਿਹਾ ਹੈ। ਅੱਗੇ ਤੋਂ ਐਸੀ ਭੁੱਲ ਨਾ ਕਰਿਓ! ਨਹੀਂ ਤੇ ਸਮਾਂ ਆਪ ਨੂੰ ਮਾਫੀ ਨਹੀਂ ਦੇਵੇਗਾ। ਮੁੱਖ ਮੰਤਰੀ ਤੇ ਮੀਡੀਆ ਦੇ ਸਾਹਮਣੇ ਆਪ ਨੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ ਅਰਵਿੰਦ ਜੀ ਨੂੰ ਆਪਣੇ ਸ਼ਬਦੀ ਹਮਲੇ ਨਾਲ ਨੀਂਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਦੀ ਨਿੰਦਾ ਹੋ ਰਹੀ ਹੈ। ਪਹਿਲੀ ਗੱਲ ਕਿ ਆਪ ਨੇ ਵਿਧਾਇਕ ਹੁੰਦਿਆਂ ਪ੍ਰੋਟੋਕੋਲ ਤੋੜਿਆ, ਤੇ ਕਿਓ? ਆਪ ਬਿਨਾਂ ਬੁਲਾਏ ਹੀ ਯੂਨੀਵਰਸਿਟੀ ਦੇ ਮੰਚਾਂ ਉਤੇ ਚੜਦੇ ਫਿਰਦੇ ਓ? ਤੇ ਕਿਓਂ? ਕੀ ਆਪ ਜੀ ਨੂੰ ਆਪਣੇ ਨਾਂ " ਮਦਨ" ਦੇ ਅਰਥਾਂ ਦਾ ਇਲਮ ਹੈ? ਜੇਕਰ ਨਹੀਂ ਹੈ, ਤਾਂ ਕੋਈ 'ਕੋਸ਼' ਫਰੋਲੋ। ਹਰ ਸਮੇਂ ਕੀਤੀ 'ਹਰਲ ਹਰਲ' ਚੰਗੀ ਗੱਲ ਨਹੀਂ। ਬਾਕੀ ਆਪ ਬਾਬਤ ਮੈਂ ਬਹੁਤਾ ਲਿਖਾਂ, ਲਗਦੈ ਕਿ ਮੇਰੀ ਕਲਮ ਵਕਤ ਖਰਾਬ ਕਰ ਰਹੀ ਹੋਵੇਗੀ।
ਸਾਇੰਸ (ਫਿਜ਼ਿਕਸ) ਦੇ ਵਿਦਵਾਨ ਡਾ ਅਰਵਿੰਦ ਦਾ ਦੇਸ਼ਾਂ ਬਦੇਸ਼ਾਂ ਵਿਚ ਨਾਂ ਹੈ। ਆਪਣੇ ਖੇਤਰ ਵਿਚ ਮੰਨੇ ਹੋਏ ਤੇ ਪੰਜਾਬੀ ਜਗਤ ਦੀ ਸੂਝਵਾਨ ਸ਼ਖਸੀਅਤ ਨੇ। ਪੰਜਾਬੀਅਤ ਦਾ ਮਾਣ ਹਨ। ਜਦੋਂ ਤੋਂ ਉਹ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬਣੇ ਨੇ, ਉਦੋਂ ਤੋਂ ਯੂਨੀਵਰਸਟੀ ਨੂੰ ਥੋੜੀ ਸੁਰਤ ਆਉਣ ਲੱਗੀ ਹੈ। ਮੁੱਖ ਮੰਤਰੀ ਜੀ ਦਾ ਯੂਨੀਵਰਸਿਟੀ ਆਉਣਾ ਤੇ ਡੇਢ ਸੌ ਕਰੋੜ ਰੁਪਏ ਦਾ ਕਰਜ ਸਰਕਾਰ ਦੇ ਜਿੰਮੇ ਓਟਣਾ ਤੇ ਹੋਰ ਗ੍ਰਾਂਟਾਂ ਆਦਿ ਜਾਰੀ ਕਰਵਾਉਣੀਆਂ ਵਾਈਸ ਚਾਂਸਲਰ ਸਾਹਬ ਡਾ ਅਰਵਿੰਦ ਦੇ ਹੀ ਨਿੱਗਰ ਯਤਨ ਹਨ। ਆਪ ਵਿਧਾਇਕ ਹੁੰਦੇ ਹੋਏ ਇਕ ਵਾਰ ਵੀ ਕੈਪਟਨ ਸਾਹਿਬ ਕੋਲ ਯੂਨੀਵਰਸਿਟੀ ਦਾ ਰੋਣਾ ਰੋਣ ਨਹੀਂ ਗਏ? ਤੇ ਕਿਓਂ?
ਅੱਜ ਏਨਾ ਹੀ ਬੜਾ, ਬਾਕੀ ਫੇਰ ਸਹੀ। ਅੱਜ ਦਾ ਡਾਇਰੀ ਪੰਨਾ ਲਿਖਦਿਆਂ ਇਹ ਆਸ ਕਰਦੇ ਹਾਂ ਡਾ ਅਰਵਿੰਦ ਦਾ ਪੰਜਾਬੀ ਮਾਂ ਬੋਲੀ, ਸਭਿਆਚਾਰ ਤੇ ਸਾਹਿਤ ਨਾਲ ਨਾਤਾ ਹੋਰ ਵੀ ਗੂੜਾ ਹੋਵੇਗਾ, ਤੇ ਯੂਨੀਵਰਸਿਟੀ ਦੀ ਹਮੇਸ਼ਾ ਵਾਂਗ ਬੱਲੇ ਬੱਲੇ ਹੋਵੇਗੀ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.