ਲੰਬੀ ਹੇਕ ਦੀ ਮਲਿਕਾ - ਗੁਰਮੀਤ ਬਾਵਾ
18 ਫਰਵਰੀ 1944 – 21 ਨਵੰਬਰ 2021)
ਗੁਰਮੀਤ ਬਾਵਾ 'ਲੰਬੀ ਹੇਕ ਦੀ ਮਲਿਕਾ' ਅਤੇ 'ਹੇਕ ਦੀ ਰਾਣੀ' ਵਜੋਂ ਪ੍ਰਸਿੱਧ ਸੀ । ਉਸ ਨੇ ਇਹ ਨਾਮ ਕਿਵੇਂ ਕਮਾਇਆ ਇਹ ਪ੍ਰਸ਼ੰਸਕਾਂ ਲਈ ਅਣਜਾਣ ਨਹੀਂ ਹੈ। ਉਸਦੀ ਗਾਇਕੀ ਦੀ ਪਹਿਚਾਣ ਹੀ ਲੰਮੀ ਹੇਕ ਸੀ । ਪੰਜਾਬੀ ਲੋਕ ਗੀਤ ਦੀ ਸਾਹਹੀਣ ਸ਼ੁਰੂਆਤ ਕਰਨ ਵਾਲੀ ਪਹਿਲੀ ਪੰਜਾਬੀ ਗਾਇਕਾ ਸੀ ਜੋ ਲਗਭਗ 45 ਸਕਿੰਟ ਤੱਕ ਸਾਹ ਰੋਕ ਗਾ ਸਕਦੀ ਸੀ ਉਸ ਦੀ ਸਹਿਜ ਸਾਹਾਂ ਵਾਲੀ ਗਾਇਕੀ ਜਿਸ ਨੂੰ ਪੰਜਾਬੀ ਵਿਚ 'ਹੇਕ' ਕਿਹਾ ਜਾਂਦਾ ਹੈ, ਉਸ ਨੇ ਇਹ ਤਾਜ ਆਪਣੇ ਨਾਮ ਕੀਤਾ। ਗਾਉਣ ਲਈ ਸਾਹ ਰੋਕਣ ਨੇ ਉਸ ਨੂੰ ਲੋਕਾ ਦੇ ਦਿਲਾਂ ਵਿਚ ਵਸਾਇਆ ਹੈ। । ਆਲਮ ਲੋਹਾਰ ਤੋਂ ਬਾਅਦ ਜੁਗਨੀ ਗਾਉਣ ਲਈ ਜਾਣੀ ਜਾਂਦੀ ਅਤੇ ਦੂਰਦਰਸ਼ਨ 'ਤੇ ਗਾਉਣ ਵਾਲੀ ਪਹਿਲੀ ਪੰਜਾਬੀ ਮਹਿਲਾ ਗਾਇਕਾ ਸੀ।
ਉੁਸ ਦਾ ਜਨਮ 18 ਫਰਵਰੀ 1944 ਵਿੱਚ ਬ੍ਰਿਟਿਸ਼ ਇੰਡੀਆ ਸਮੇ ਪੰਜਾਬ ਦੇ ਪਿੰਡ ਕੋਠੇ ਵਿੱਚ ਪਿਤਾ ਸ. ਉੱਤਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਹੋਇਆ ਸੀ। ਇਹ ਹੁਣ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਹੈ। ਜਦੋਂ ਦੋ ਸਾਲ ਦੀ ਸੀ ਤਾਂ ਉਸਦੀ ਮਾਂ ਦੀ ਮੌਤ ਹੋ ਗਈ। ਉਸ ਸਮੇਂ ਬਜ਼ੁਰਗਾਂ ਦੀ ਇਜਾਜ਼ਤ ਤੋਂ ਬਿਨਾਂ ਕੁੜੀਆਂ ਨੂੰ ਪੜ੍ਹਨ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਪਰ ਅਧਿਆਪਕ ਬਣਨ ਦਾ ਸੁਪਨਾ ਦੇਖਣ ਵਾਲੇ ਬਾਵਾ ਨੇ ਜੇ.ਬੀ.ਟੀ. ਪਾਸ ਕਰ ਅਤੇ ਇਲਾਕੇ ਦੀ ਪਹਿਲੀ ਅਧਿਆਪਕ ਬਣਨ ਵਾਲੀ ਲੜਕੀ ਬਣ ਗਈ। ਜੋ ਪ੍ਰੇਰਨਾ ਦੇ ਪੱਧਰ ਨੂੰ ਵਧਾਉਂਦਾ ਹੈ।
ਉਸਨੇ 1968 ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਉਸਦਾ ਵਿਆਹ ਡੇਰਾ ਬਾਬਾ ਨਾਨਕ ਦੇ ਇੱਕ ਪੰਜਾਬੀ ਲੋਕ ਗਾਇਕ ਕਿਰਪਾਲ ਬਾਵਾ ਨਾਲ ਹੋਇਆ ਉਹਨਾਂ ਦੀਆਂ ਤਿੰਨ ਧੀਆਂ ਜਿਹਨਾਂ ਵਿੱਚੋਂ ਦੋ ਲਾਚੀ ਬਾਵਾ ਅਤੇ ਗਲੋਰੀ ਬਾਵਾ, ਗਾਇਕਾ ਹਨ । ਦੁਨੀਆ ਨੂੰ ਲੋਕ ਸਾਜ਼ਾਂ ਨਾਲ ਜਾਣੂ ਕਰਵਾਉਣ ਵਿੱਚ ਗਇਕ ਪਤੀ ਕਿਰਪਾਲ ਸਿੰਘ ਬਾਵਾ ਨੇ ਕੋਈ ਕਸਰ ਨਾ ਛੱਡੀ । ਜਿਸ ਸਦਕਾ ਅਲਗੋਜ਼ੇ, ਚਿਮਟਾ, ਢੋਲਕੀ ਅਤੇ ਤੁੰਬੀ ਵਰਗੇ ਪੰਜਾਬੀ ਲੋਕ ਸਾਜ਼ਾਂ ਨਾਲ ਗਾਇਆ। ਪੰਜਾਬ ਐਸੋਸੀਏਸ਼ਨ ਦੁਆਰਾ ਮੁੰਬਈ ਵਿੱਚ ਇੱਕ ਸਮਾਗਮ ਦੌਰਾਨ ਅਜਿਹਾ ਰੰਗ ਬੰਨਿਆ ਕਿ ਗਾਇਕੀ ਦਾ ਸਨਮਾਨ ਕਰਦਿਆ ਪ੍ਰੇਮ ਚੋਪੜਾ, ਪ੍ਰਾਣ ਅਤੇ ਖਾਸ ਤੌਰ 'ਤੇ ਰਾਜ ਕਪੂਰ ਵਰਗੇ ਬਾਲੀਵੁੱਡ ਸਿਤਾਰਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆ । ਜਿਨ੍ਹਾਂ ਨੇ ਵਾਰ-ਵਾਰ ਇੱਕ ਬੋਲੀ, “ਮੈਂ ਜੱਟੀ ਪੰਜਾਬ ਦੀ, ਮੇਰੀ ਨਰਗਿਸ ਵਾਰਗੀ ਅੱਖ” ਦੀ ਗੁਜਾਰਿਸ ਵੀ ਕੀਤੀ । ਉਸ ਦੇ ਗਾਏ ਗੀਤ ਲਿਆਦੇ ਚੰਬਾ ਲਾਵਾਂ ਘਰੇ ਦੇ ਕੋਲ ,ਕਹਾਰੋ ਡੋਲੀ ਨਾ ਚਾਇਓ, ਮੇਰਾ ਬਾਬਲ ਆਇਆ ਨੀ', 'ਘੋੜੀਆ' (ਇੱਕ ਆਦਮੀ ਦੇ ਵਿਆਹ 'ਤੇ ਗਾਏ ਜਾਣ ਵਾਲਾ ਗੀਤ) ਅਤੇ 'ਮਿਰਜ਼ਾ' ਮਸ਼ਹੂਰ ਹੋਏ।
1987 ਵਿੱਚ ਉਸ ਨੇ ਸਯੁੰਕਤ ਸੋਵੀਅਤ ਸੰਘ ਅਤੇ 1988 ਵਿੱਚ ਜਾਪਾਨ ਵਿੱਚ ਆਯੋਜਿਤ ਭਾਰਤ ਦੇ ਤਿਉਹਾਰ ਦੌਰਾਨ ਭਾਰਤ ਦੀ ਪ੍ਰਤੀਨਿਧਤਾ ਕੀਤੀ।1988 ਬੈਂਕਾਕ ਵਿੱਚ ਥਾਈਲੈਂਡ ਕਲਚਰ ਸੈਂਟਰ ਵਿੱਚ ਵੀ ਪ੍ਰਦਰਸ਼ਨ ਕੀਤਾ ਅਤੇ 1989 ਵਿੱਚ ਬੋਸਰਾ ਤਿਉਹਾਰ ਅਤੇ ਤ੍ਰਿਪੋਲੀ (ਲੀਬੀਆ) ਵਿੱਚ 25ਵੇਂ ਜਸ਼ਨ-ਏ-ਆਜ਼ਾਦੀ ਤਿਉਹਾਰ ਵਿੱਚ ਵੀ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਸੰਸਾਰ ਨੂੰ ਪੰਜਾਬੀ ਗਾਇਕੀ ਦੇ ਨਾਲੋ-ਨਾਲ ਮਾਂ-ਬੋਲੀ ਨੂੰ ਰੂਬਰੂ ਕਰਵਾਇਆ । ਉਘੇ ਪੰਜਾਬੀ ਲੇਖਕ ਅਤੇ ਕਵੀ ਗੁਰਭਜਨ ਗਿੱਲ, ਜੋ ਬਾਵਾ ਪਰਿਵਾਰ ਦੇ ਨਜ਼ਦੀਕ ਸਨ, ਨੇ ਕਿਹਾ, “ਉਹ ਸਾਡੇ ਪਿੰਡ ਅਲੀਵਾਲ ਦੇ ਨੇੜੇ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ। ਉਸ ਸਮੇਂ ਇਲਾਕੇ ਵਿੱਚ ਰੇਡੀਓ ਗਾਇਕਾ ਵਜੋਂ ਜਾਣੀ ਜਾਂਦੀ ਸੀ। ਕੋਈ ਵੀ ਗਾਇਕ ਇੰਨੀ ਦੇਰ ਤੱਕ ਸਾਹ ਰੋਕ ਕੇ ਰੱਖਣ ਵਿੱਚ ਉਸਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਉਹ ਉਨ੍ਹਾਂ ਕੁਝ ਗਾਇਕਾਂ ਵਿੱਚੋਂ ਸੀ ਜਿਨ੍ਹਾਂ ਨੇ ਪੰਜਾਬੀ ਲੋਕ ਸੰਗੀਤ ਨੂੰ ਜਿਉਂਦਾ ਰੱਖਿਆ।"ਉਸਨੇ 'ਅਲਗੋਜ਼ਾ' ਦੀ ਧੁਨ 'ਤੇ ਗਾਇਆ, ਜੋ ਕਿ ਪੰਜਾਬ ਦਾ ਰਵਾਇਤੀ ਲੋਕ ਸਾਜ਼ ਹੈ" । ਵਿਆਹ ਦੇ ਗੀਤ ਅਤੇ ਲੋਕ ਗੀਤ ਤੇ ਵਿਰਾਸਤੀ ਸਾਜਾਂ ਨੂੰ ਆਪਣੀ ਗਰਜਵੀ ਆਵਾਜ ਨਾਲ ਲੈਅ ਬੱਧ ਕਰ ਵੱਖਰੇ ਮੁਕਾਮ ਉਪਰ ਪਹੁੰਚਾਇਆ ।
ਪੁਰਸਕਾਰਾਂ ਵਿੱਚ ਪੰਜਾਬ ਸਰਕਾਰ ਦੁਆਰਾ 1991 ਵਿੱਚ ਰਾਜ ਪੁਰਸਕਾਰ, ਪੰਜਾਬ ਨਾਟਕ ਅਕਾਦਮੀ ਦੁਆਰਾ ਸੰਗੀਤ ਪੁਰਸਕਾਰ, 2002 ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਅਤੇ 2008 ਵਿੱਚ ਪੰਜਾਬੀ ਭਾਸ਼ਾ ਵਿਭਾਗ ਦੁਆਰਾ ਹਾਲ ਹੀ ਵਿੱਚ ਸ੍ਰੋਮਣੀ ਗਾਇਕਾ ਪੁਰਸਕਾਰ ਸ਼ਾਮਲ ਹਨ। ਉਸ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਦੁਆਰਾ 'ਰਾਸ਼ਟਰਪਤੀ ਪੁਰਸਕਾਰ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 21 ਨਵੰਬਰ 2021 ਨੂੰ 77 ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਦੇ ਇੱਕ ਹਸਪਤਾਲ ਸੰਗੀਤਮਈ ਦੁਨੀਆ ਨੂੰ ਅਲਵਿਦਾ ਆਖ ਗਏ । ਪੰਜਾਬੀ ਲੋਕ ਸੰਗੀਤ ਵਿੱਚ 'ਲੰਬੀ ਹੇਕ ਦੀ ਮਲਿਕਾ' ਦਾ ਯੋਗਦਾਨ ਅਮਿੱਟ ਰਹੇਗਾ ।
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਐਡਵੋਕੈਟ, ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ
adv.dhaliwal@gmail.com
78374-90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.