ਦੇਸ਼ ਭਾਰਤ ਦੇ ਕੇਂਦਰੀ ਮੰਤਰੀ ਸਾਬਕਾ ਜਨਰਲ ਵੀ.ਕੇ. ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈਣ ਉਪਰੰਤ ਸਵਾਲ ਖੜਾ ਕੀਤਾ ਹੈ ਕਿ ਖੇਤੀ ਕਾਨੂੰਨਾਂ `ਚ ਸਿਵਾਏ ਕਾਲੀ ਸਿਆਹੀ ਦੇ ਕੀ ਕਾਲਾ ਸੀ? ਭਾਜਪਾ ਮੈਂਬਰ ਪਾਰਲੀਮੈਂਟ ਸਵਾਮੀ ਸਚਿਦਾਨੰਦ ਹਰੀ ਸਾਕਸ਼ੀ ਜੀ ਮਹਾਰਾਜ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਇੱਕ ਦਿਨ ਬਾਅਦ ਇੱਕ ਗੰਭੀਰ ਚਿੰਤਾਜਨਕ ਬਿਆਨ ਦਿੱਤਾ, “ਬਿੱਲ ਤਾਂ ਬਣਦੇ ਰਹਿੰਦੇ ਹਨ, ਵਿਗੜਦੇ ਰਹਿੰਦੇ ਹਨ, ਵਾਪਿਸ ਆ ਜਾਣਗੇ, ਦੋਬਾਰਾ ਬਣ ਜਾਣਗੇ, ਕੋਈ ਦੇਰ ਨਹੀਂ ਲਗਦੀ।" ਹੋਰ ਵੀ ਕਈ ਭਾਜਪਾ ਨੇਤਾਵਾਂ ਤੇ ਮੋਦੀ ਭਗਤਾਂ ਨੇ ਖੇਤੀ ਕਾਨੂੰਨਾਂ ਦੀ ਵਾਪਿਸੀ ਉਤੇ ਨਾਖੁਸ਼ੀ ਜ਼ਾਹਰ ਕੀਤੀ ਹੈ। ਪਰ ਮੁੱਢ ਤੋਂ ਕਿਸਾਨ ਹਿਮੈਤੀ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਿਕ ਨੇ ਇਨ੍ਹਾਂ ਕਾਨੂੰਨਾਂ ਦੀ ਵਾਪਿਸੀ ਨੂੰ ਪ੍ਰਧਾਨ ਮੰਤਰੀ ਦਾ ਸਿਆਣਪ ਭਰਿਆ ਫ਼ੈਸਲਾ ਕਰਾਰ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਅੱਗੋਂ ਕਦਮ ਵਧਾਕੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਕੀਮਤ ਨਿਰਧਾਰਤ ਕਰਨ ਅਤੇ ਹੋਰ ਮੰਗਾਂ ਮੰਨਣ ਦੀ ਸਲਾਹ ਦਿੱਤੀ ਹੈ।
ਕਿਸਾਨਾਂ ਦੇ ਖਿਲਾਫ਼ ਨਫ਼ਰਤ ਅਤੇ ਝੂਠੇ ਇਲਜ਼ਾਮ ਫੈਲਾਉਣ ਵਿੱਚ ਪ੍ਰਧਾਨ ਮੰਤਰੀ ਦੇ ਭਗਤਾਂ ਦੀ ਟੋਲੀ ਸਭ ਤੋਂ ਅੱਗੇ ਸੀ। ਕਿਸਾਨ ਅੰਦੋਲਨ ਨੂੰ ਲੈ ਕੇ ਜਿੰਨਾ ਜ਼ਹਿਰ ਭਗਤਾਂ ਨੇ ਉਗਲਿਆ, ਹੈਰਾਨੀਜਨਕ ਸੀ। ਇਸ ਭਗਤਾਂ ਦੀ ਟੋਲੀ ਵਿੱਚ ਉਹੀ ਚਿਹਰੇ ਗੋਦੀ ਮੀਡੀਆ ਉਤੇ, ਟੀ.ਵੀ. ਚੈਨਲਾਂ ਉਤੇ ਦਿਖਾਈ ਦੇਂਦੇ ਹਨ। ਇਹਨਾਂ ਵਿੱਚ ਨਾ ਕੋਈ ਨਵਾਂ ਚਿਹਰਾ ਦਿਸਦਾ ਹੈ ਅਤੇ ਨਾ ਹੀ ਉਹਨਾਂ ਵਲੋਂ ਕੋਈ ਨਵੀਂ ਗੱਲ ਸੁਨਣ ਨੂੰ ਮਿਲਦੀ ਹੈ। ਬੱਸ ਸੁਣਾਈ ਦਿੰਦਾ ਹੈ, ਇੱਕ ਭੰਡੀ ਪ੍ਰਚਾਰ। ਕਿਸਾਨਾਂ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਅੰਦੋਲਨਜੀਵੀ ਆਖਿਆ। ਖੇਤੀ ਕਾਨੂੰਨਾਂ ਨੂੰ ਸਹੀ ਗਰਦਾਨਿਆ। ਪ੍ਰਧਾਨ ਮੰਤਰੀ ਦੀ ਪੂਰੀ ਟੀਮ ਨੇ “ਕਿਸਾਨ ਭੰਡ ਮੁਹਿੰਮ" ਨੂੰ ਇਲੈਕਟ੍ਰੋਨਿਕ ਮੀਡੀਆ, ਇੰਸਟਾਗ੍ਰਾਮ, ਫੇਸ ਬੁੱਕ, ਟਵਿੱਟਰ ਉਤੇ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰਿਆ।
ਪ੍ਰਧਾਨ ਮੰਤਰੀ ਦੇ ਭਗਤਾਂ ਵਿੱਚ ਕਈ ਇਹੋ ਜਿਹੇ ਲੋਕ ਹਨ, ਜਿਹਨਾਂ ਨੂੰ ਰਾਜਨੀਤੀ ਦੀ ਨਾ ਸਮਝ ਹੈ, ਨਾ ਆਰਥਿਕ ਮੁੱਦਿਆਂ ਦੀ। ਇਸ ਲਈ ਜਦ ਉਹ ਪ੍ਰਧਾਨ ਮੰਤਰੀ ਦੀ ਪ੍ਰਸੰਸਾ ਵੀ ਕਰਦੇ ਹਨ ਤਾਂ ਉਹ ਵੀ ਇਸ ਤਰ੍ਹਾਂ ਜਿਵੇਂ ਉਹਨਾਂ ਨੂੰ ਕਿਸੇ ਨੇ ਹੁਕਮ ਚਾੜ੍ਹਿਆ ਹੋਵੇ, ਉਪਰ ਤੋਂ ਢੰਡੋਰਾ ਪਿੱਟਣ ਦਾ। ਅਦਾਕਾਰ ਕੰਗਣਾ ਰਣੌਤ ਦੀ ਉਦਾਹਰਨ ਲੈ ਲੳ, ਉਹ ਨਿੱਤ ਨਵੇਂ ਵਿਵਾਦਤ ਬਿਆਨ ਦੇ ਰਹੀ ਹੈ, ਸਮਝ ਰਹੀ ਹੈ ਕਿ ਉਹ ਨਰੇਂਦਰ ਮੋਦੀ ਦੇ ਹੱਕ `ਚ ਖੜੀ ਹੈ, ਉਸਦੀ ਪ੍ਰਸੰਸਾ ਕਰਦੀ ਹੈ, ਪਰ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਉਹ ਨਰੇਂਦਰ ਮੋਦੀ ਤੇ ਭੜਕ ਪਈ ਅਤੇ ਉਸਦੀ ਅਲੋਚਨਾ ਕੀਤੀ। ਉਸਨੇ ਲਿਖਿਆ ਹੈ “ਇਹ ਕਾਨੂੰਨ ਵਾਪਿਸ ਲੈਣਾ ਦੁਖਦਾਈ ਹੈ, ਸ਼ਰਮਨਾਕ ਅਤੇ ਬਿਲਕੁਲ ਗੈਰਵਾਜਬ ਹੈ। ਜੇਕਰ ਸੰਸਦ ਵਿੱਚ ਚੁਣੀ ਹੋਈ ਸਰਕਾਰ ਦੇ ਬਦਲੇ ਸੜਕਾਂ ਉਤੇ ਲੋਕਾਂ ਨੇ ਕਾਨੂੰਨ ਬਨਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਇੱਕ ਜਿਹਾਦੀ ਰਾਸ਼ਟਰ ਹੈ। ਉਹਨਾਂ ਸਾਰਿਆਂ ਨੂੰ ਵਧਾਈ ਜੋ ਇੰਜ ਚਾਹੁੰਦੇ ਹਨ"।
ਪਿਛਲੇ ਲੰਬੇ ਅਰਸੇ ਤੋਂ ਮੋਦੀ ਭਗਤਾਂ ਨੇ ਕਦੇ ਨਰੇਂਦਰ ਮੋਦੀ ਨੂੰ ਦੇਸ਼ ਲਈ ਅੱਛਾ ਅਤੇ ਅਤਿ-ਲਾਭਦਾਇਕ ਸੁਝਾਅ ਨਹੀਂ ਦਿੱਤਾ। ਉਹਨਾਂ ਦਾ ਬਿਆਨ ਤਾਂ “ਹਿੰਦੂਤਵ" ਬਚਾਉਣ ਅਤੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਹਰੇ ਤੱਕ ਸੀਮਤ ਸੀ। ਨਰੇਂਦਰ ਮੋਦੀ ਨੇ ਨੋਟ ਬੰਦੀ ਕੀਤੀ, ਮੋਦੀ ਭਗਤਾਂ ਨੇ ਉਹਨਾਂ ਦੇ ਗੁਣ ਗਾਏ, ਗੋਦੀ ਮੀਡੀਆ ਨੇ ਇਸਦੇ ਫ਼ਾਇਦੇ ਗਿਨਣ `ਚ ਕਸਰ ਨਹੀਂ ਛੱਡੀ। ਕਸ਼ਮੀਰ `ਚ 370 ਧਾਰਾ ਲਾਗੂ ਕਰਨ ਦੇ ਕਸ਼ਮੀਰੀਆਂ ਵਿਰੋਧੀ ਕੰਮ ਨੂੰ ਉਹਨਾ ਪ੍ਰਚਾਰਿਆ। ਜੀ.ਐਸ.ਟੀ. ਕਾਹਲੀ ਨਾਲ ਲਾਗੂ ਕੀਤੀ, ਜਿਸ `ਚ ਬਾਅਦ `ਚ ਸੈਂਕੜੇ ਸੋਧਾਂ ਹੋਈਆਂ, ਨੂੰ ਸਟੀਕ ਕਾਨੂੰਨ ਗਰਦਾਨਿਆ। ਕਰੋਨਾ ਕਾਲ 'ਚ ਮੋਦੀ ਹੈ ਤਾਂ ਮੁਮਕਿਨ ਹੈ ਦਾ ਨਾਹਰਾ ਲਾਇਆ, ਹਾਲਾਂਕਿ ਇਸ ਸਮੇਂ ਦੇਸ਼ ਵਾਸੀਆਂ ਦੀ ਜੋ ਹਾਲਤ ਹੋਈ ਕਿਸੇ ਤੋਂ ਲੁਕੀ-ਛੁਪੀ ਨਹੀਂ। ਖੇਤੀ ਕਾਨੂੰਨਾਂ ਦੇ ਹੱਕ `ਚ ਤਾਂ ਇਸ ਟੀਮ ਨੇ ਕਿਸਾਨਾਂ ਨੂੰ ਖਾਲਿਸਤਾਨੀ, ਨਕਸਲੀ, ਅੰਦੋਲਨਜੀਵੀ ਤੱਕ ਕਹਿਣ `ਚ ਕੋਈ ਕਸਰ ਨਹੀਂ ਛੱਡੀ।
ਜਦੋਂ ਭਾਜਪਾ ਖੇਤੀ ਅੰਦੋਲਨ ਦੌਰਾਨ ਪੱਛਮੀ ਬੰਗਾਲ ਹਾਰੀ, ਹਰਿਆਣਾ, ਹਿਮਾਚਲ ਤੇ ਹੋਰ ਰਾਜਾਂ 'ਚ ਖਾਲੀ ਵਿਧਾਨ ਸਭਾ ਚੋਣਾਂ 'ਚ ਉਸਦੀ ਹਾਰ ਹੋਈ ਤਾਂ ਆਉਂਦੀਆਂ ਪੰਜ ਰਾਜ ਵਿਧਾਨ ਸਭਾਈ ਚੋਣਾਂ `ਚ ਉਸਨੂੰ ਆਪਣੀ ਹਾਰ ਦਿਸਣ ਲੱਗੀ। ਅਤਿ ਗੁਪਤ ਪ੍ਰਾਪਤ ਸੂਚਨਾਵਾਂ ਅਨੁਸਾਰ ਜਦੋਂ ਸੁਪਰੀਮ ਕੋਰਟ ਵਲੋਂ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਸੰਬੰਧੀ ਕਿਸਾਨਾਂ ਦੇ ਹੱਕ 'ਚ ਫ਼ੈਸਲੇ ਦਾ ਭੇਦ ਕੇਂਦਰ ਸਰਕਾਰ ਦੇ ਧਿਆਨ ਵਿੱਚ ਆਇਆ ਤਾਂ ਨਰੇਂਦਰ ਮੋਦੀ ਨੂੰ, ਜਿਹੜਾ ਅੱਜ ਤੱਕ ਦਾ ਸਭ ਤੋਂ ਵੱਡਾ ਜ਼ਿੱਦੀ, ਹੈਂਕੜਬਾਜ, ਡਿਕਟੇਟਰਾਨਾ ਰੁਚੀਆਂ ਵਾਲਾ ਪ੍ਰਧਾਨ ਮੰਤਰੀ ਸੀ, ਉਸਨੂੰ ਕਿਸਾਨਾਂ ਦੀ ਮੰਗ ਅੱਗੇ ਗੋਡੇ ਟੇਕਣੇ ਪਏ, ਉਹਨਾ ਤੋਂ ਮੁਆਫ਼ੀ ਮੰਗਣੀ ਪਈ। ਪ੍ਰਧਾਨ ਮੰਤਰੀ ਦੇ ਉਹ ਆਲੋਚਕ, ਜੋ ਆਪਣੇ ਵਲੋਂ ਵਾਰ-ਵਾਰ ਪ੍ਰਧਾਨ ਮੰਤਰੀ ਵਲੋਂ ਕੀਤੀਆਂ ਜਾ ਰਹੀਆਂ ਗਲਤੀਆਂ `ਚ ਉਹਨਾਂ ਦਾ ਧਿਆਨ ਖਿੱਚਦੇ ਰਹੇ, ਪਰ ਉਹਨਾਂ ਦੀ ਗੱਲ ਵੱਲ ਕਿਸੇ ਧਿਆਨ ਨਹੀਂ ਦਿੱਤਾ। ਆਲੋਚਕ ਬਹੁਤ ਪਹਿਲਾਂ ਤੋਂ ਹੀ ਕਹਿੰਦੇ ਆਏ ਹਨ ਕਿ ਜੇਕਰ ਕਿਸਾਨ ਮਹੀਨਿਆਂ ਤੋਂ ਉਹਨਾਂ ਦਾ ਵਿਰੋਧ ਕਰਦੇ ਆ ਰਹੇ ਹਨ ਤਾਂ ਉਹਨਾਂ ਦੀ ਗੱਲ `ਚ ਦਮ ਹੋਏਗਾ। ਪਰ ਉਹਨਾਂ ਦੀ ਸੁਨਣ ਦੀ ਵਿਜਾਏ ਪ੍ਰਧਾਨ ਮੰਤਰੀ ਨੇ ਭਗਤਾਂ ਤੇ ਗੋਦੀ ਮੀਡੀਆ ਦੀ ਸੁਣੀ ਜੋ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਦੇ ਰਹੇ। ਪ੍ਰਧਾਨ ਮੰਤਰੀ ਇਹ ਸਮਝ ਹੀ ਨਹੀਂ ਸਕੇ ਕਿ ਉਹਨਾਂ ਦੇ ਦੁਸ਼ਮਣ ਕੌਣ ਹਨ ਅਤੇ ਦੋਸਤ ਕੌਣ ਹਨ।
ਉਦੋਂ ਜਦੋਂ ਪੰਜਾਬ `ਚ ਭਾਜਪਾ ਦੀ ਸਫ ਵਲੇਟੀ ਗਈ। ਹਰਿਆਣਾ ਵਿੱਚ ਭਾਜਪਾ ਦਾ ਬੋਰੀਆ ਬਿਸਤਰਾ ਗੋਲ ਹੋਣ ‘ਤੇ ਆ ਗਿਆ।ਪੱਛਮੀ ਯੂਪੀ ‘ਚ ਖ਼ਾਸ ਕਰਕੇ ਭਾਜਪਾ ਦੀ ਯੋਗੀ ਸਰਕਾਰ ਨੂੰ ਸੇਕ ਲੱਗਿਆ ਅਤੇ ਅੰਤਰ ਰਾਸ਼ਟਰੀ ਪੱਧਰ ਉਤੇ ਮੋਦੀ ਸਰਕਾਰ ਦੀ ਭਰਪੂਰ ਬਦਨਾਮੀ ਹੋ ਗਈ ਤਾਂ ਉਸਨੂੰ “ਕਿਸਾਨ ਅੰਦੋਲਨ” ਆਪਣੀ ਹਾਰ ਦਿਸਣ ਲੱਗਾ।ਉਸਨੂੰ ਆਪਣਾ ਸੁਭਾਅ, ਜ਼ਿੱਦ ਅਤੇ ਵਤੀਰਾ ਬਦਲਣ ਲਈ ਮਜ਼ਬੂਰ ਹੋਣਾ ਪਿਆ ਹੈ।
ਪ੍ਰਧਾਨ ਮੰਤਰੀ ਆਪਣੇ ਰਾਸ਼ਟਰੀ ਪੱਧਰ ‘ਤੇ ਡਿੱਗ ਰਹੇ ਗ੍ਰਾਫ਼ ਨੂੰ ਥਾਂ ਸਿਰ ਕਰਨ ਲਈ ਕਦਮ ਚੁਕਣ ਲੱਗੇ ਹਨ। ਦੇਸ਼ ਦੇ ਵਿਕਾਸ ਦੀ ਗੱਲ ਕਰਨ ਲੱਗੇ ਹਨ। ਉਹਨਾ ਦੇ ਬਿਆਨ ਦਰਸਾਉਣ ਲਗੇ ਹਨ ਕਿ ਉਹ ਚਾਹੁੰਦੇ ਹਨ ਵਿਕਾਸ ਦੀ ਰਫ਼ਤਾਰ ਵਧੇ ਤੇ ਇਸ ਵਿੱਚ ਜੋ ਅਟਕਲਾਂ ਹਨ,ਉਹਨਾ ਨੂੰ ਉਹ ਦੂਰ ਕਰਨਗੇ।ਸ਼ਾਇਦ ਕਿਸਾਨਾਂ ਦੀ ਨਰਾਜ਼ਗੀ ਦੀ ਇਸ ਅਟਕਲ ਦੂਰ ਕਰਨ ਲਈ ਇਹ ਵੱਡਾ ਕਦਮ ਚੁੱਕਦਿਆਂ ਉਹਨਾ ਕਿਸਾਨਾਂ ਨੂੰ ਖੁਸ਼ ਕਰਨ ਦਾ ਰਾਹ ਚੁਣਿਆ ਹੈ।
ਇਸੇ ਕਰਕੇ ਅਟਕਲਾਂ ਅਤੇ ਫੈਲਾਈਆਂ ਜਾਂ ਰਹੀਆਂ ਗਲਤਫਹਿਮੀਆਂ ਨੂੰ ਵਿਰਾਮ ਦੇਣ ਲਈ ਕੇਂਦਰੀ ਮੰਤਰੀ ਮੰਡਲ ਵਲੋਂ 24 ਨਵੰਬਰ 2021 ਨੂੰ ਖੇਤੀ ਕਾਨੂੰਨ ਵਾਪਿਸੀ ਉਤੇ ਮੋਹਰ ਲੱਗੇਗੀ। 29 ਨਵੰਬਰ 2021 ਨੂੰ ਸ਼ੁਰੂ ਹੋ ਕੇ ਸੰਸਦ ਇਜਲਾਜ਼ ਵਿੱਚ ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਿਕ ਖੇਤੀ ਕਾਨੂੰਨ ਵਾਪਿਸ ਲੈਣ ਦੀ ਪ੍ਰਕਿਰਿਆ ਪੂਰੀ ਹੋ ਜਾਏਗੀ।
ਇਸੇ ਦੌਰਾਨ ਭਾਵੇਂ ਕਿਸਾਨ ਜਥੇਬੰਦੀਆਂ ਨੇ ਨਰੇਂਦਰ ਮੋਦੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ,ਪਰ ਉਦੋਂ ਤੱਕ ਦਿੱਲੀ ਦੀਆਂ ਬਰੂਹਾਂ ਤੋਂ ਵਾਪਿਸੀ,ਅਤੇ ਪਹਿਲਾਂ ਨਿਰਧਾਰਤ ਐਲਾਨੇ ਸੰਘਰਸ਼ ਨੂੰ ਲਾਗੂ ਰੱਖਣ ਦਾ ਫ਼ੈਸਲਾ ਲਿਆ ਹੈ,ਜਿਸ ਵਿੱਚ ਲਖਨਊ ਵਿਖੇ ਮਹਾਂ ਪੰਚੈਤ ਅਤੇ ਪਾਰਲੀਮੈਂਟ ਤੱਕ 29 ਨਵੰਬਰ ਦਾ ਟਰੈਕਟਰ ਮਾਰਚ ਸ਼ਾਮਾਲ ਹੈ। ਇਸੇ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਕੇ ਭੇਜੀਆਂ ਹਨ ਅਤੇ ਗੱਲਬਾਤ ਕਰਨ ਦੀ ਮੰਗ ਰੱਖੀ ਹੈ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ
ਪਹਿਲਾ:- ਖੇਤੀ ਦੀ ਸੰਪੂਰਨ ਲਾਗਤ ਉਤੇ ਅਧਾਰਿਤ ਘੱਟੋ-ਘੱਟ ਸਮਰਥਨ ਮੁੱਲ ਨੂੰ ਸਾਰੀ ਖੇਤੀ ਉਤੇ ਸਾਰੇ ਕਿਸਾਨਾਂ ਦਾ ਕਾਨੂੰਨੀ ਹੱਕ ਬਣਾ ਦਿੱਤਾ ਜਾਏ ਤਾਂ ਕਿ ਦੇਸ਼ ਦੇ ਹਰ ਕਿਸਾਨ ਨੂੰ ਆਪਣੀ ਪੂਰੀ ਫ਼ਸਲ ਉਤੇ ਘੱਟੋ-ਘੱਟ ਸਰਕਾਰ ਵਲੋਂ ਘੋਸ਼ਿਤ ਘੱਟੋ-ਘੱਟ ਮੁੱਲ ਉਤੇ ਖ਼ਰੀਦ ਦੀ ਗਰੰਟੀ ਹੋ ਸਕੇ।
ਦੂਜਾ:- ਸਰਕਾਰ ਵਲੋਂ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2020/2021 ਵਾਪਿਸ ਲਿਆ ਜਾਵੇ।
ਤੀਜਾ:- ਰਾਸ਼ਟਰੀ ਰਾਜਧਾਨੀ ਦੇ ਖੇਤਰ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਹਵਾ ਗੁਣਵਤਾ ਦੇ ਲਈ ਆਯੋਗ ਅਧਿਨਿਯਮ 2021 ਵਿੱਚ ਜੋ ਕਿਸਾਨਾਂ ਨੂੰ ਸਜ਼ਾ ਦੇਣ ਦਾ ਪ੍ਰਵਾਧਾਨ ਕੀਤਾ ਹੈ, ਉਸਨੂੰ ਹਟਾਇਆ ਜਾਵੇ।
ਚੌਥਾ:- ਦਿੱਲੀ ਹਰਿਆਣਾ, ਚੰਡੀਗੜ, ਉਤਰ ਪ੍ਰਦੇਸ਼ ਅਤੇ ਹੋਰ ਅਨੇਕਾਂ ਰਾਜਾਂ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ (ਜੂਨ 2020 ਤੋਂ ਹੁਣ ਤੱਕ) ਸੈਂਕੜੇ ਮੁਕੱਦਮਿਆਂ `ਚ ਫਸਾਇਆ ਗਿਆ ਹੈ, ਇਹਨਾਂ ਕੇਸਾਂ ਨੂੰ ਤੁਰੰਤ ਵਾਪਿਸ ਲਿਆ ਜਾਵੇ।
ਪੰਜਵਾਂ:- ਲਖੀਮਪੁਰ ਖੀਰ ਹਤਿਆਕਾਂਡ ਦੇ ਸੂਤਰਧਾਰ ਅਤੇ ਸੈਕਸ਼ਨ 120 ਬੀ ਦੇ ਅਭਿਯੁਕਤ ਅਜੈ ਮਿਸ਼ਰਾ ਅੱਜ ਵੀ ਖੁਲ੍ਹੇ ਆਮ ਘੁੰਮ ਰਹੇ ਹਨ ਅਤੇ ਕੇਂਦਰ ਸਰਕਾਰ `ਚ ਮੰਤਰੀ ਬਣੇ ਹੋਏ ਹਨ। ਉਹਨਾਂ ਨੂੰ ਬਰਖਾਸਤ ਅਤੇ ਗ੍ਰਿਫਤਾਰ ਕੀਤਾ ਜਾਵੇ।
ਛੇਵਾਂ:- ਇਸ ਅੰਦੋਲਨ ਦੌਰਾਨ ਹੁਣ ਤੱਕ ਲਗਭਗ 700 ਕਿਸਾਨ ਸ਼ਹਾਦਤ ਦੇ ਚੁੱਕੇ ਹਨ। ਉਹਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਅਤੇ ਪੁਨਰਵਾਸ ਦੀ ਵਿਵਸਥਾ ਹੋਵੇ। ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਇੱਕ ਸ਼ਹੀਦ ਸਮਾਰਕ ਬਨਾਉਣ ਲਈ ਸਿੰਘੂ ਬਾਰਡਰ `ਤੇ ਜ਼ਮੀਨ ਦਿੱਤੀ ਜਾਵੇ।
ਕਿਸਾਨ ਅੰਦੋਲਨ ਨੇ ਪੜਾਅ ਦਰ ਪੜਾਅ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬ ਤੋਂ ਇਹ ਅੰਦੋਲਨ ਉਠਿਆ, ਦਿੱਲੀ ਵੱਲ ਕਿਸਾਨਾਂ ਕੂਚ ਕੀਤਾ, ਪੁਲਿਸ ਨਾਲ ਟੱਕਰ ਲਈ। ਕੇਂਦਰ ਸਰਕਾਰ ਨਾਲ ਗੱਲਬਾਤ ਦੇ ਗਿਆਰਾਂ ਨਾਕਾਮ ਗੇੜ੍ਹ ਹੋਏ। 26 ਜਨਵਰੀ 2021 ਦੀ ਟਰੈਕਟਰ ਪਰੇਡ ਸਮੇਂ ਹਿੰਸਾ ਦਾ ਅੰਦੋਲਨ ਨੇ ਸਾਹਮਣਾ ਕੀਤਾ। ਬਦਨਾਮੀ ਝੱਲੀ। ਅੰਦੋਲਨ ਖ਼ਤਮ ਹੁੰਦਾ ਹੁੰਦਾ ਰਕੇਸ਼ ਟਿਕੈਤ ਨੇ ਆਪਣੇ ਹੰਝੂਆਂ ਨਾਲ ਮੁੜ ਥੰਮ ਲਿਆ। ਸਰਕਾਰ ਦੇ ਜ਼ਿੱਦੀ ਰਵੱਈਏ ਕਾਰਨ ਕਿਸਾਨ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਏ। ਉਹਨਾਂ ਕਿਸਾਨ ਪੰਚਾਇਤਾਂ ਅਤੇ ਭਾਜਪਾ ਦੀ ਵੋਟ ਉਤੇ ਚੋਟ ਦਾ ਰਾਹ ਫੜਿਆ। ਭਾਜਪਾ ਤੇ ਉਸਦੇ ਸਾਥੀਆਂ ਦਾ ਵਿਰੋਧ ਕੀਤਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਤਿੰਨ ਕਿਸਾਨ ਕਾਨੂੰਨ `ਤੇ ਯੂ ਟਰਨ ਲੈਣਾ ਪਿਆ। ਲਖੀਮਪੁਰ ਖੀਰੀ ਤੇ ਸਿੰਘੂ ਬਾਰਡਰ ਨਿਹੰਗ ਕਾਂਡ ਨੇ ਇਸ ਅੰਦੋਲਨ `ਚ ਵੱਖਰਾ ਮੋੜ ਲਿਆਂਦਾ।
ਇਸ ਸਭ ਕੁਝ ਦੌਰਾਨ ਕੇਂਦਰ ਸਰਕਾਰ ਦੀ ਨੀਂਦ ਕਿਸਾਨ ਅੰਦੋਲਨ ਨੇ ਹਰਾਮ ਕੀਤੀ ਰੱਖੀ। ਸੰਗਠਿਤ ਸੰਯੁਕਤ ਮੋਰਚੇ ਦੀ ਇਹ ਵੱਡੀ ਪ੍ਰਾਪਤੀ ਸੀ। ਸਭ ਤੋਂ ਵੱਡੀ ਗੱਲ ਇਹ ਕਿ ਕਿਸਾਨ ਹਿਮਾਇਤੀ ਸ਼ੋਸ਼ਲ ਮੀਡੀਆ, ਟੀ.ਵੀ. ਅਤੇ ਅਖਬਾਰਾਂ ਨੇ ਕਿਸਾਨ ਅੰਦੋਲਨ ਦਾ ਪੱਖ ਰੱਖਣ ਲਈ ਵੱਡੀ ਭੂਮਿਕਾ ਨਿਭਾਈ ਅਤੇ ਇਸ ਤੋਂ ਵੀ ਵੱਡੀ ਭੂਮਿਕਾ ਪ੍ਰਵਾਸੀ ਪੰਜਾਬੀਆਂ ਅਤੇ ਅੰਤਰਰਾਸ਼ਟਰੀ ਮੀਡੀਆ ਨੇ ਨਿਭਾਈ।
ਪੰਜਾਬ ਵਿੱਚ ਵੱਡੇ ਕਈ ਕਿਸਾਨੀ ਅੰਦੋਲਨ, ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੁਣ ਤੱਕ ਲੜੇ ਗਏ। ਜਿਹਨਾਂ ਵਿੱਚ ਮੁਜਾਰਾ ਅੰਦੋਲਨ, ਵਿਸ਼ਵੇਦਾਰਾਂ ਤੋਂ ਜ਼ਮੀਨ ਦੇ ਹੱਕ ਦੀ ਮਾਲਕੀ ਪ੍ਰਾਪਤ ਕਰਨ ਦਾ ਸੀ। ਮੁਜ਼ਾਰਿਆ ਇਹ ਅੰਦੋਲਨ ਜਿੱਤਿਆ।
1960 ਵਿਆਂ `ਚ ਖੁਸ਼ ਹੈਸੀਅਤ ਟੈਕਸ ਖਿਲਾਫ ਵੱਡਾ ਅੰਦੋਲਨ ਚੱਲਿਆ। ਉਦੋਂ ਮੁਖ ਮੰਤਰੀ ਕਾਂਗਰਸੀ ਪ੍ਰਾਪਤ ਕੈਂਰੋ ਸੀ। ਕਿਸਾਨਾਂ ਨੂੰ ਜੇਲ੍ਹ ਜਾਣਾ ਪਿਆ। ਪਰ ਕਿਸਾਨ ਜੇਤੂ ਰਹੇ।
1980 ਵਿਆਂ `ਚ ਹਰੀ ਕ੍ਰਾਂਤੀ ਤੋਂ ਬਾਅਦ 40 ਹਜ਼ਾਰ ਅੰਦੋਲਨਕਾਰੀ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਰਾਜਪਾਲ ਦਾ ਘਿਰਾਓ ਕੀਤਾ। ਇਸ ਤੋਂ ਬਾਅਦ ਕਿਸਾਨਾਂ ਦੇ ਹੱਕ `ਚ ਫੈਸਲੇ ਹੋਏ ਅਤੇ ਰਿਆਇਤਾਂ ਮਿਲੀਆਂ। ਪਰ 2020 `ਚ ਤਿੰਨ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਆਰੰਭਿਆ ਕਿਸਾਨ ਅੰਦੋਲਨ, ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਅਤੇ ਕਾਰਪੋਰੇਟਾਂ ਵਲੋਂ ਸਰਕਾਰ ਦੀ ਮਿਲੀ ਭਗਤ ਕਾਰਨ ਕਿਸਾਨੀ ਜ਼ਮੀਨੀ ਹਥਿਆਉਣ ਦੀ ਕੋਸ਼ਿਸ਼ ਨੂੰ ਅਸਫਲ ਬਣਾ ਗਿਆ।
ਭਾਵੇਂ ਕਿ ਦੇਸ਼ ਭਰ ਵਿੱਚ ਆਜ਼ਾਦੀ ਤੋਂ ਪਹਿਲਾਂ ਕਈ ਕਿਸਾਨੀ ਸੰਘਰਸ਼ ਲੜੇ ਗਏ। ਪੰਜਾਬ ਤੋਂ ਉਠਿਆ ਪਹਿਲਾਂ ਆਧੁਨਿਕ ਸੰਘਰਸ਼ “ਪਗੜੀ ਸੰਭਾਲ ਜੱਟਾ" ਸੀ। ਇਸ ਤੋਂ ਬਾਅਦ ਚੰਧਾਰਨ ਸਤਿਆਗ੍ਰਹਿ, ਤੇਲੰਗਾਨਾ ਦਾ ਖੇਤੀ ਸੰਘਰਸ਼ ਵਿੱਢੇ ਜਾਂਦੇ ਰਹੇ ਪਰ ਮੌਜੂਦਾ ਕਿਸਾਨੀ ਸੰਘਰਸ਼ ਸਟੇਟ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਹੈ। ਜਿਹੜਾ ਕਿਸਾਨਾਂ ਜਥੇਬੰਦੀਆਂ ਨੇ ਇੱਕਮੁੱਠ ਹੋਕੇ ਗੋਦੀ ਮੀਡੀਆ ਦੇ ਕੂੜ ਪ੍ਰਚਾਰ, ਮੋਦੀ ਭਗਤਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਜਿੱਤਿਆ ਹੈ।
ਗੋਦੀ ਮੀਡੀਆ ਅਤੇ ਮੋਦੀ ਭਗਤ ਪ੍ਰਧਾਨ ਮੰਤਰੀ ਦਾ ਪ੍ਰਚਾਰ ਸੰਭਾਲਦੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਦੁਨੀਆ ਉਹਨਾਂ ਨੂੰ ਚੰਗੀਆਂ, ਸੁਵੱਲੀਆਂ ਨਜ਼ਰਾਂ ਨਾਲ ਵੇਖੇ, ਉਹਨਾਂ ਨੂੰ ਵਿਸ਼ਵ ਗੁਰੂ ਸਮਝੇ। ਪਿਛਲੇ ਸਮੇਂ `ਚ ਇਹ ਦਿਖਣ ਲੱਗ ਪਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਭਗਤ ਜਨਤਾ ਦੀ ਕਥਿਤ ਸੇਵਾ ਬਦਲੇ ਵਿੱਚ ਮੋਦੀ ਨੂੰ ਇੱਕ ਸਮਰਾਟ ਦੇ ਰੂਪ `ਚ ਪੇਸ਼ ਕਰਨਾ ਚਾਹੁੰਦੇ ਸਨ। ਇਸੇ ਕਰਕੇ ਪ੍ਰਧਾਨ ਮੰਤਰੀ ਦੀ ਛਵੀ, ਸ਼ਖਸ਼ੀਅਤ ਇਕ ਰਾਜਨੇਤਾ ਦੀ ਨਹੀਂ ਇੱਕ ਮਹਾਰਾਜਾ ਦੀ ਬਣ ਗਈ ਸੀ, ਜੋ ਦੇਸ਼ ਲਈ ਵੱਡਾ ਵਿਗਾੜ ਸਾਬਤ ਹੋਈ ਹੈ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
98158-02070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.