ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਦਾਖਾ ਦੀ ਸਪੁੱਤਰੀ ਅਤੇ ਜਲੰਧਰ ਦੀ ਨੂੰਹ ਬੀਬੀ ਗੁਰਜੀਤ ਸੋਂਧੂ ਨੇ ਆਸਟ੍ਰੇਲੀਆ ਵਿਚ ਖੇਤੀਬਾੜੀ ਉੱਦਮੀ ਦੇ ਤੌਰ ਤੇ ਸਫਲ ਹੋ ਕੇ ਪਰਵਾਸੀ ਪੰਜਾਬੀਆਂ ਲਈ ਮਾਰਗ ਦਰਸ਼ਨ ਕੀਤਾ ਹੈ। ਇਕ ਇਸਤਰੀ ਹੋ ਕੇ ਇਸ ਸਮੇਂ ਉਹ ਮੈਲਬਾਰਨ ਤੋਂ ਚਾਰ ਸੌ ਮੀਲ ਦੂਰ 5500 ਏਕੜ ਦੇ ਖੇਤੀਬਾੜੀ ਫਾਰਮ ਵਿਚ ਕਨੋਲਾ, ਕਣਕ ਅਤੇ ਜੌਂਆਂ ਦੀ ਕਾਸ਼ਤ ਕਰ ਰਹੀ ਹੈ। ਇਸ ਤੋਂ ਇਲਾਵਾ ਪਸ਼ੂਆਂ ਅਤੇ ਭੇਡਾਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਕਰ ਰਹੀ ਹੈ। ਖੇਤੀਬਾੜੀ ਨੂੰ ਆਮ ਤੌਰ ਤੇ ਮਰਦ ਪ੍ਰਧਾਨ ਕਿੱਤਾ ਕਿਹਾ ਜਾਂਦਾ ਹੈ ਪ੍ਰੰਤੂ ਗੁਰਜੀਤ ਸੋਂਧੂ ਨੇ ਆਪਣੀ ਕਾਰਜਕੁਸ਼ਲਤਾ ਨਾਲ ਇਸ ਖੇਤਰ ਵਿਚ ਵੀ ਨਾਮਣਾ ਖੱਟਕੇ ਆਪਣਾ ਨਾਮ ਪੈਦਾ ਕੀਤਾ ਹੈ। ਗੁਰਜੀਤ ਸੋਂਧੂ ਦੀ ਸਫ਼ਲਤਾ ਤੋਂ ਸਾਫ ਹੁੰਦਾ ਹੈ ਕਿ ਔਰਤਾਂ ਮਰਦਾਂ ਨਾਲੋਂ ਕਿਸੇ ਪੱਖ ਤੋਂ ਵੀ ਘੱਟ ਨਹੀਂ ਹਨ। ਹੌਸਲਾ, ਦ੍ਰਿੜ੍ਹਤਾ ਅਤੇ ਲਗਨ ਹੋਵੇ ਤਾਂ ਹਰ ਇਨਸਾਨ ਮਿਥੇ ਨਿਸ਼ਾਨੇ ਤੇ ਪਹੁੰਚ ਸਕਦਾ ਹੈ ਪ੍ਰੰਤੂ ਉਸਨੂੰ ਆਪਣਾ ਨਿਸ਼ਾਨਾ ਨਿਸਚਤ ਕਰਨਾ ਹੋਵੇਗਾ।
ਜੇਕਰ ਇਸਤਰੀਆਂ ਪੁਲਾੜ ਵਿਚ ਪਹੁੰਚਕੇ ਨਾਮਣਾ ਖੱਟ ਸਕਦੀਆਂ ਹਨ ਤਾਂ ਜ਼ਮੀਨ ਤੇ ਵੀ ਆਪਣੀ ਕਾਬਲੀਅਤ ਦਾ ਸਿੱਕਾ ਜਮਾ ਸਕਦੀਆਂ ਹਨ। ਇਸ ਦੀ ਮਿਸਾਲ ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਪਰਵਾਸ ਵਿਚ ਜਾ ਕੇ ਜਿੱਥੇ ਵਾਤਾਵਰਨ ਅਤੇ ਹਾਲਾਤ ਵੀ ਪੰਜਾਬ ਨਾਲੋਂ ਵੱਖਰੇ ਹਨ। ਉੱਥੇ ਗੁਰਜੀਤ ਸੋਂਧੂ ਨੇ ਆਪਣੀ ਯੋਗਤਾ ਦਾ ਝੰਡਾ ਗੋਰਿਆਂ ਵਿਚ ਗੱਡ ਦਿੱਤਾ ਹੈ। ਇਸਤਰੀ ਨੂੰ ਸੈਕੰਡ ਸੈਕਸ ਕਹਿਕੇ ਉਸਦੀ ਨਿਪੁੰਨਤਾ ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲਿਆਂ ਨੂੰ ਸੋਚਣਾ ਪਵੇਗਾ ਕਿ ਉਹ ਗੁਰਜੀਤ ਸੋਂਧੂ ਨੂੰ ਸੈਕੰਡ ਸੈਕਸ ਕਿਸ ਆਧਾਰ ਤੇ ਕਹਿਣਗੇ। ਇਹ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜੋ ਇਸਤਰੀ ਨੂੰ ਆਪਣੀ ਧੌਂਸ ਹੇਠ ਹੀ ਰੱਖਣਾ ਚਾਹੁੰਦਾ ਹੈ। ਪ੍ਰਵਾਸ ਵਿਚ ਜਾ ਕੇ ਪ੍ਰਵਾਸ ਦੀ ਜ਼ਿੰਦਗੀ ਨੂੰ ਜੱਦੋਜਹਿਦ ਅਤੇ ਬਹੁਤ ਹੀ ਔਖੀ ਕਹਿਣ ਵਾਲਿਆਂ ਨੂੰ ਗੁਰਜੀਤ ਸੋਂਧੂ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਖਾਸ ਤੌਰ ਤੇ ਨੌਜਵਾਨ ਲੜਕੀਆਂ ਨੂੰ ਗੁਰਜੀਤ ਸੋਂਧੂ ਦੀ ਜ਼ਿੰਦਗੀ ਦੀ ਜੱਦੋਜਹਿਦ ਤੋਂ ਕੁਝ ਸਿੱਖਣਾ ਬਣਦਾ ਹੈ।
ਪਰਿਵਾਰਿਕ ਪਿਛੋਕੜ....
ਗੁਰਜੀਤ ਕੌਰ ਸੋਂਧੂ (ਸੰਧੂ) ਦਾ ਜਨਮ ਆਪਣੇ ਨਾਨਕੇ ਪਿੰਡ ਬੋਹਨਾ ਨੇੜੇ ਮੋਗਾ ਵਿਖੇ 1959 ਵਿਚ ਪਿਤਾ ਗੁਰਚਰਨ ਸਿੰਘ ਸੇਖੋਂ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ ਸੀ। ਗੁਰਜੀਤ ਕੌਰ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦਾਖਾ ਤੋਂ ਹੀ ਪ੍ਰਾਪਤ ਕੀਤੀ। ਪੜ੍ਹਾਈ ਵਿਚ ਸ਼ੁਰੂ ਤੋਂ ਹੀ ਉਹ ਹੁਸ਼ਿਆਰ ਸਨ। ਉਨ੍ਹਾਂ ਨੇ ਉੱਚ ਵਿੱਦਿਆ ਸਿਧਵਾਂ ਕਾਲਜ ਤੋਂ ਪ੍ਰਾਪਤ ਕੀਤੀ। ਅਜੇ ਪੜ੍ਹਾਈ ਚੱਲ ਰਹੀ ਸੀ ਕਿ ਉਨ੍ਹਾਂ ਦੀ ਮੰਗਣੀ ਹੋ ਗਈ।
ਸ਼ਗਨਾਂ ਦੀ ਮਹਿੰਦੀ....
ਗੁਰਜੀਤ ਕੌਰ ਦਾ ਵਿਆਹ ਜਲੰਧਰ ਦੇ ਇਕ ਉੱਦਮੀ ਦੇ ਲੜਕੇ ਅਵਤਾਰ ਸਿੰਘ ਤਾਰੀ ਨਾਲ ਮਹਿਜ਼ 17 ਸਾਲ ਦੀ ਅੱਲ੍ਹੜ ਉਮਰ ਵਿੱਚ ਹੋ ਗਿਆ। ਮੁੱਲਾਂਪੁਰ ਦਾਖਾ ਦੇ ਸੇਖੋਂ ਪਰਿਵਾਰ ਦੀ ਹੋਣਹਾਰ ਧੀ ਗੁਰਜੀਤ ਕੌਰ ਅੱਲ੍ਹੜ ਉਮਰ ਵਿਚ ਵਿਆਹੇ ਜਾਣ ਤੋਂ ਤੁਰੰਤ ਬਾਅਦ 1976 ਵਿਚ ਆਪਣੇ ਪਤੀ ਅਵਤਾਰ ਸਿੰਘ ਤਾਰੀ ਨਾਲ ਆਸਟ੍ਰੇਲੀਆ ਚਲੇ ਗਏ ਸਨ। ਅਜੇ ਉਨ੍ਹਾਂ ਨੇ ਆਪਣੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਕੀਤੇ ਸਨ। ਹੱਥਾਂ ਤੇ ਸ਼ਗਨਾਂ ਦੀ ਮਹਿੰਦੀ, ਨਹੁੰਆਂ ‘ਤੇ ਨਹੁੰ ਪਾਲਿਸ਼ ਅਤੇ ਸੈਂਟ ਦੀ ਸੁਗੰਧ ਆ ਰਹੀ ਸੀ, ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਤਾਰੀ ਦੇ ਨਾਲ ਜਲੰਧਰ ਫਾਰਮ ਵਿਚ ਭੇਡਾਂ ਦੇ ਵਾੜੇ ਦਾ ਕਾਰੋਬਾਰ ਕਰਨ ਦਾ ਸਬੱਬ ਬਣਿਆਂ। ਨਵੀਂ ਵਿਆਹੀ ਲੜਕੀ ਦੇ ਮਹਿੰਦੀ ਵਾਲੇ ਹੱਥਾਂ ਨੂੰ ਭੇਡਾਂ ਦੇ ਵਾੜੇ ਅਤੇ ਖੇਤੀਬਾੜੀ ਦੇ ਕੰਮ ਕਰਨ ਨੂੰ ਕੋਈ ਮੁਸ਼ਕਲ ਨਹੀਂ ਹੋਈ। ਉਨ੍ਹਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ, ਭਾਵੇਂ ਉਨ੍ਹਾਂ ਦੇ ਮਨ ਵਿਚ ਨਵੀਆਂ ਵਿਆਹੀਆਂ ਲੜਕੀਆਂ ਦੀ ਤਰ੍ਹਾਂ ਰੰਗ ਬਰੰਗੇ ਪਹਿਰਾਵੇ ਅਤੇ ਆਪਣੇ ਪਤੀ ਨਾਲ ਸੈਰ ਸਪਾਟਾ ਕਰਨ ਦੇ ਚਾਅ ਉੱਸਲਵੱਟੇ ਲੈ ਰਹੇ ਸਨ
ਵੰਗਾਰ ਸਵੀਕਾਰ....
ਗੁਰਜੀਤ ਕੌਰ ਸੋਂਧੂ ਨੇ ਆਸਟ੍ਰੇਲੀਆ ਜਾ ਕੇ ਦ੍ਰਿੜ੍ਹਤਾ ਅਤੇ ਮਿਹਨਤ ਨਾਲ ਆਪਣਾ ਨਾਮ ਕਮਾਇਆ ਅਤੇ ਇਕ ਉੱਦਮੀ ਦੇ ਤੌਰ ਤੇ ਸਥਾਪਤ ਹੋ ਗਏ ਹਨ। ਬੀਬੀ ਗੁਰਜੀਤ ਕੌਰ ਸੋਂਧੂ ਨੇ ਆਸਟ੍ਰੇਲੀਆ ਵਿਚ ਖੇਤੀਬਾੜੀ ਉੱਦਮੀ ਦੇ ਤੌਰ ਤੇ ਸਫਲ ਹੋ ਕੇ ਸੇਖੋਂ ਪਰਿਵਾਰ ਦਾ ਮਾਣ ਵਧਾਇਆ ਹੈ ਅਤੇ ਇਕ ਇਸਤਰੀ ਹੋ ਕੇ ਇਸ ਸਮੇਂ ਉਹ ਮੈਲਬਾਰਨ ਤੋਂ ਚਾਰ ਸੌ ਮੀਲ ਦੂਰ ਪੱਛਵੀਂ ਵਿਕਟੋਰੀਆ ਵਿਚ 5500 ਏਕੜ ਦੇ ਖੇਤੀਬਾੜੀ ਫਾਰਮ ਵਿਚ ਕਨੋਲਾ, ਕਣਕ ਅਤੇ ਜੌਂਆਂ ਦੀ ਕਾਸ਼ਤ ਕਰ ਰਹੇ ਹਨ। ਇਸ ਤੋਂ ਇਲਾਵਾ ਪਸ਼ੂਆਂ ਅਤੇ ਭੇਡਾਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਕਰ ਰਹੇ ਹਨ। ਖੇਤੀਬਾੜੀ ਨੂੰ ਆਮ ਤੌਰ ਤੇ ਮਰਦ ਪ੍ਰਧਾਨ ਕਿੱਤਾ ਕਿਹਾ ਜਾਂਦਾ ਹੈ ਪ੍ਰੰਤੂ ਗੁਰਜੀਤ ਕੌਰ ਸੋਂਧੂ ਨੇ ਆਪਣੀ ਕਾਰਜਕੁਸ਼ਲਤਾ ਨਾਲ ਇਸ ਖੇਤਰ ਵਿਚ ਵੀ ਨਾਮਣਾ ਖੱਟਕੇ ਆਪਣਾ ਨਾਮ ਪੈਦਾ ਕੀਤਾ ਹੈ। ਉਹ ਖੇਤੀਬਾੜੀ ਨਾਲ ਸੰਬੰਧਤ ਸਾਰੇ ਔਜਾਰਾਂ ਅਤੇ ਸੰਦਾਂ ਦੀ ਵਰਤੋਂ ਕਰਨ ਜਾਣਦੇ ਹਨ। ਟਰੈਕਟਰ ਆਪ ਚਲਾ ਲੈਂਦੇ ਹਨ। ਆਪ ਹੀ ਫ਼ਸਲਾਂ ਉੱਪਰ ਸਪਰੇਅ ਕਰਦੇ ਹਨ। ਜਿਵੇਂ ਸੇਖੋਂ ਪਰਿਵਾਰ ਦੇ ਮਰਦਾਂ ਨੇ ਆਪੋ ਆਪਣੇ ਵਪਾਰ ਵਿਚ ਸਫਲਤਾਵਾਂ ਪ੍ਰਾਪਤ ਕਰਕੇ ਨਾਮ ਕਮਾਇਆ ਹੈ, ਉਸੇ ਤਰ੍ਹਾਂ ਗੁਰਜੀਤ ਕੌਰ ਨੇ ਵੀ ਪਰਵਾਸ ਵਿਚ ਜਾ ਕੇ ਸੇਖੋਂ ਪਰਿਵਾਰ ਨੂੰ ਮਾਨਤਾ ਦਿਵਾਈ ਹੈ। ਉਨ੍ਹਾਂ ਇਸ ਵੰਗਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਮਿਹਨਤ ਕਰਕੇ ਸਫ਼ਲਤਾ ਪ੍ਰਾਪਤ ਕਰਨ ਦਾ ਪ੍ਰਣ ਕਰ ਲਿਆ। ਉਹ ਇਕ ਖਾਂਦੇ ਪੀਂਦੇ ਚੰਗੇ ਉੱਦਮੀ ਟਰਾਂਸਪੋਰਟਰ ਪਰਿਵਾਰ ਦੀ ਧੀ ਸਨ। ਜਿਨ੍ਹਾਂ ਨੇ ਕਦੀ ਵੀ ਲੜਕੀਆਂ ਤੋਂ ਅਜਿਹਾ ਕੰਮ ਨਹੀਂ ਕਰਵਾਇਆ ਸੀ।
ਇਸਤਰੀ ਇਕ ਅਬਲਾ ਹੈ ਦਾ ਭਰਮ ਤੋੜਿਆ....
ਗੁਰਜੀਤ ਕੌਰ ਸੋਂਧੂ ਦੀ ਸਫ਼ਲਤਾ ਤੋਂ ਸਾਫ ਹੁੰਦਾ ਹੈ ਕਿ ਔਰਤਾਂ ਮਰਦਾਂ ਨਾਲੋਂ ਕਿਸੇ ਪੱਖ ਤੋਂ ਵੀ ਘੱਟ ਨਹੀਂ ਹਨ। ਜੇਕਰ ਇਸਤਰੀਆਂ ਪੁਲਾੜ ਵਿਚ ਪਹੁੰਚਕੇ ਨਾਮਣਾ ਖੱਟ ਸਕਦੀਆਂ ਹਨ ਤਾਂ ਜ਼ਮੀਨ ‘ਤੇ ਵੀ ਆਪਣੀ ਕਾਬਲੀਅਤ ਦਾ ਸਿੱਕਾ ਜਮਾ ਸਕਦੀਆਂ ਹਨ। ਇਸਤਰੀ ਦੀ ਨਿਪੁੰਨਤਾ ਤੇ ਸਵਾਲੀਆ ਜਮ੍ਹਾ ਲਗਾਉਣ ਵਾਲਿਆਂ ਨੂੰ ਸੋਚਣਾ ਪਵੇਗਾ ਕਿ ਉਹ ਗੁਰਜੀਤ ਕੌਰ ਸੋਂਧੂ ਦੀ ਕਾਰਜਕੁਸ਼ਲਤਾ ਨੂੰ ਕਿਸ ਆਧਾਰ ‘ਤੇ ਮਰਦਾਂ ਨਾਲੋਂ ਘੱਟ ਕਹਿਣਗੇ। ਇਸ ਦੀ ਪ੍ਰੇਰਨਾਦਾਇਕ ਮਿਸਾਲ ਗੁਰਜੀਤ ਕੌਰ ਸੋਂਧੂ ਦੇ ਜੀਵਨ ਤੋਂ ਮਿਲ ਸਕਦੀ ਹੈ। ਅਜੋਕੇ ਸਮੇਂ ਵਿਚ ਜਦੋਂ ਪੰਜਾਬੀ ਨੌਜਵਾਨ ਲੜਕੇ ਅਤੇ ਲੜਕੀਆਂ ਬੇਰੋਜ਼ਗਾਰੀ ਕਰਕੇ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ। ਉਨ੍ਹਾਂ ਨੂੰ ਗੁਰਜੀਤ ਸੋਂਧੂ ਦੀ ਜ਼ਿੰਦਗੀ ਨੂੰ ਪ੍ਰੇਰਨਾ ਸਰੋਤ ਦੇ ਤੌਰ ਤੇ ਲੈ ਕੇ ਸਫਲਤਾ ਦੀਆਂ ਪੌੜੀਆਂ ਚੜ੍ਹਨ ਦੇ ਗੁਰ ਸਿੱਖ ਲੈਣੇ ਚਾਹੀਦੇ ਹਨ।
ਗੋਰਿਆਂ ਵਿੱਚ ਸਫਲਤਾ ਦੇ ਝੰਡੇ....
ਪ੍ਰਵਾਸ ਵਿਚ ਜਾ ਕੇ ਪ੍ਰਵਾਸ ਦੀ ਜ਼ਿੰਦਗੀ ਨੂੰ ਜੱਦੋਜਹਿਦ ਅਤੇ ਬਹੁਤ ਹੀ ਔਖੀ ਕਹਿਣ ਵਾਲਿਆਂ ਨੂੰ ਗੁਰਜੀਤ ਕੌਰ ਸੋਂਧੂ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ। ਖਾਸ ਤੌਰ ਤੇ ਨੌਜਵਾਨ ਲੜਕੀਆਂ ਨੂੰ ਗੁਰਜੀਤ ਕੌਰ ਸੋਂਧੂ ਦੀ ਜ਼ਿੰਦਗੀ ਦੀ ਜੱਦੋਜਹਿਦ ਤੋਂ ਕੁਝ ਸਿੱਖਣਾ ਬਣਦਾ ਹੈ ਕਿਉਂਕਿ ਗੁਰਜੀਤ ਕੌਰ ਸੋਂਧੂ ਨੇ ਆਪਣੀ ਯੋਗਤਾ ਦਾ ਝੰਡਾ ਗੋਰਿਆਂ ਵਿਚ ਗੱਡ ਦਿੱਤਾ ਹੈ। ਉਨ੍ਹਾਂ ਨੇ ਪ੍ਰਵਾਸ ਦੀ ਜ਼ਿੰਦਗੀ ਨੂੰ ਇਕ ਵੰਗਾਰ ਦੀ ਤਰ੍ਹਾਂ ਪ੍ਰਵਾਨ ਕੀਤਾ ਅਤੇ ਉਹ ਇਸ ਕਿੱਤੇ ਦੀਆਂ ਬਾਰੀਕੀਆਂ ਨੂੰ ਸਮਝਕੇ, ਇਸ ਵਿਚ ਸਫਲਤਾ ਪ੍ਰਾਪਤ ਕੀਤੀ।
ਬੇਬੇ ਦੀ ਸੋਨ ਚਿੜੀ....
ਉਹ ਜਲਦੀ ਹੀ ਪ੍ਰਵਾਸ ਦੇ ਸਭਿਆਚਾਰ ਨੂੰ ਸਮਝਦਿਆਂ ਉਨ੍ਹਾਂ ਲੋਕਾਂ ਵਿਚ ਰਚ ਮਿਚ ਗਈ। ਉਹ ਆਪਣੇ ਪਤੀ ਨਾਲ 5500 ਏਕੜ ਦੇ ਖੇਤੀਬਾੜੀ, ਪਸ਼ੂਆਂ ਅਤੇ ਭੇਡਾਂ ਦੇ ਕਾਰੋਬਾਰ ਵਿਚ ਮਦਦ ਹੀ ਨਹੀਂ ਸਗੋਂ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਨੇ ਇਤਨੀ ਮਿਹਨਤ ਕੀਤੀ ਕਿ ਜਲਦੀ ਹੀ ਉਨ੍ਹਾਂ ਦਾ ਸਹੁਰਾ ਪਰਿਵਾਰ ਗੁਰਜੀਤ ਕੌਰ ਸੋਂਧੂ ਦੀ ਕਾਰਜਕੁਸ਼ਲਤਾ ਤੇ ਨਿਰਭਰ ਹੋ ਗਿਆ। ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਮੈਲਬਾਰਨ ਏਅਰਪੋਰਟ ਤੋਂ ਰਾਤ ਨੂੰ ਉਹ ਫਾਰਮ ਤੇ ਜਾ ਰਹੇ ਸਨ ਤਾਂ ਸੁੰਨ ਸਾਨ ਇਲਾਕਾ ਸੀ, ਕਿਤੇ ਕਿਤੇ ਰੌਸ਼ਨੀ ਦਿਸਦੀ ਸੀ। ਸਵੇਰ ਨੂੰ ਜਦੋਂ ਉਹ ਸੁੱਤੀ ਉੱਠੀ ਤਾਂ ਚਾਰੇ ਪਾਸੇ ਫ਼ਸਲਾਂ ਲਹਿਰਾ ਰਹੀਆਂ ਸਨ। ਦੂਰ ਦੂਰ ਤੱਕ ਕੋਈ ਆਂਢ ਗੁਆਂਢ ਨਹੀਂ ਸੀ। ਗੁਰਜੀਤ ਕੌਰ ਸੋਂਧੂ ਪਰਿਵਾਰਿਕ ਵਪਾਰ ਵਿਚ ਅਜਿਹਾ ਅਡਜਸਟ ਕਰ ਗਈ ਕਿ ਉਲਟਾ ਸੋਂਧੂ ਪਰਿਵਾਰ ਉਸ ਉੱਪਰ ਫਖ਼ਰ ਕਰਨ ਲੱਗ ਪਿਆ। ਉਨ੍ਹਾਂ ਦੇ ਪਤੀ ਅਵਤਾਰ ਸਿੰਘ ਤਾਰੀ ਦੀ ਮੌਤ ਤੋਂ ਬਾਅਦ ਖੇਤੀਬਾੜੀ ਅਤੇ ਵਪਾਰ ਦੀ ਸਾਰੀ ਜ਼ਿੰਮੇਵਾਰੀ ਗੁਰਜੀਤ ਕੌਰ ਸੋਂਧੂ ਦੇ ਸਿਰ ਪੈ ਗਈ। ਫਿਰ ਉਨ੍ਹਾਂ ਬੇਬੇ ਦੀ ਸੋਨ ਚਿੜੀ ਬਣਕੇ ਸਾਰਾ ਕਾਰੋਬਾਰ ਸਾਂਭ ਲਿਆ। ਆਧੁਨਿਕ ਸਮੇਂ ਵਪਾਰ ਵਿਚ ਵਰਤੀਆਂ ਜਾਣ ਵਾਲੀਆਂ ਇਨਫਰਮੇਸ਼ਨ ਟੈਕਨਾਲੋਜੀ ਦੀਆਂ ਬਾਰੀਕੀਆਂ ਬਾਰੇ ਉਨ੍ਹਾਂ ਦੇ ਦੋਵੇਂ ਲੜਕੇ ਅਤੇ ਲੜਕੀ ਮਦਦ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਵੱਡਾ ਲੜਕਾ ਜੇਸਨ ਹੁਣ ਉਨ੍ਹਾਂ ਦੇ ਨਾਲ ਖੇਤੀਬਾੜੀ ਦਾ ਕੰਮ ਕਰਦਾ ਹੈ। ਗੁਰਜੀਤ ਕੌਰ ਸੋਂਧੂ ਹੁਣ ਵਪਾਰ ਦੀ ਨਿਗਰਾਨੀ ਦਾ ਕੰਮ ਕਰਦੇ ਹਨ। ਗੁਰਜੀਤ ਸੋਂਧੂ ਦੀ ਦਾਦੀ ਗੁਲਾਬ ਕੌਰ ਆਪਣੀਆਂ ਪੋਤਰੀਆਂ ਨੂੰ ‘ਸੋਨ ਚਿੜੀਆਂ’ ਕਹਿੰਦੇ ਸਨ। ਵਾਕਈ ਉਨ੍ਹਾਂ ਦੀਆਂ ਪੋਤਰੀਆਂ ਨੇ ‘ਸੋਨ ਚਿੜੀਆਂ’ ਬਣਕੇ ਵਿਖਾ ਦਿੱਤਾ ਹੈ।
ਪਤੀ ਗੁਰਜੀਤ ਦੀ ਕਾਬਲੀਅਤ ਦਾ ਕਾਇਲ....
ਅਵਤਾਰ ਸਿੰਘ ਤਾਰੀ ਦੇ ਦਾਦਾ ਇੰਦਰ ਸਿੰਘ ਸੰਧੂ 1898 ਵਿਚ ਆਸਟ੍ਰੇਲੀਆ ਗਏ ਸਨ। ਉਨ੍ਹਾਂ ਨੇ 1938 ਵਿਚ ਹਾਰੋ ਦੇ ਇਲਾਕੇ ਵਿਚ ਮੁਲਾਗਰ ਵਿਖੇ ਖੇਤੀਬਾੜੀ ਫਾਰਮ ਖ੍ਰੀਦ ਲਿਆ ਸੀ। ਅਵਤਾਰ ਸਿੰਘ ਤਾਰੀ 7 ਸਾਲ ਦੀ ਉਮਰ ਵਿਚ ਆਸਟ੍ਰੇਲੀਆ ਚਲੇ ਗਏ ਸਨ। ਇਸ ਲਈ ਉਹ ਪੂਰੇ ਆਸਟਰੇਲੀਅਨ ਬਣ ਗਏ ਸਨ। ਉਨ੍ਹਾਂ ਦੇ ਮਾਤਾ ਪਿਤਾ ਉਸਦਾ ਵਿਆਹ ਪੰਜਾਬਣ ਲੜਕੀ ਨਾਲ ਕਰਨਾ ਚਾਹੁੰਦੇ ਸਨ। ਅਵਤਾਰ ਸਿੰਘ ਤਾਰੀ ਦਾ ਵਿਆਹ ਗੁਰਜੀਤ ਕੌਰ ਨਾਲ ਕਰ ਦਿੱਤਾ ਗਿਆ। ਗੁਰਜੀਤ ਕੌਰ ਸੋਂਧੂ ਨੇ ਆਪਣੇ ਪਤੀ ਅਵਤਾਰ ਸਿੰਘ ਤਾਰੀ ਦੀ ਆਸਟਰੇਲੀਅਨ ਲੜਕੀ ਨਾਲ ਵਿਆਹ ਕਰਵਾਉਣ ਦੀ ਚਾਹਤ ਨੂੰ ਪੂਰੀ ਤਰ੍ਹਾਂ ਬਦਲਕੇ ਰੱਖ ਦਿੱਤਾ। ਤਾਰੀ ਵੀ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਜੇਕਰ ਉਹ ਆਸਟਰੇਲੀਅਨ ਲੜਕੀ ਨਾਲ ਵਿਆਹ ਕਰਵਾ ਲੈਂਦੇ, ਇਕ ਤਾਂ ਉਹ ਆਪਣੇ ਮਾਪਿਆਂ ਨੂੰ ਨਾਰਾਜ਼ ਕਰ ਲੈਂਦੇ, ਦੂਜੇ ਉਸਨੇ ਉਨ੍ਹਾਂ ਦੇ ਪਰਿਵਾਰਿਕ ਵਪਾਰ ਵਿਚ ਉਨ੍ਹਾਂ ਦੀ ਸਹਾਈ ਨਹੀਂ ਹੋ ਸਕਣਾ ਸੀ। ਉਹ ਆਪਣੀ ਵਿਰਾਸਤ ਨਾਲੋਂ ਵੀ ਟੁੱਟ ਜਾਂਦਾ। ਅਵਤਾਰ ਸਿੰਘ ਤਾਰੀ ਮੁੱਖ ਤੌਰ ਤੇ ਜਲੰਧਰ ਫਾਰਮ ਦੇ ਕਾਰੋਬਾਰ ਦੀ ਮਾਰਕੀਟਿੰਗ ਦਾ ਕੰਮ ਕਰਦੇ ਸਨ।
ਫਿਲਿਪ ਸੋਂਧੂ....
ਗੁਰਜੀਤ ਕੌਰ ਸੋਂਧੂ ਦਾ ਸਪੁੱਤਰ ਫਿਲਿਪ ਸੋਂਧੂ ਆਪਣੀ ਮਾਤਾ ਦੇ ਖੇਤੀਬਾੜੀ ਦੇ ਕਾਰੋਬਾਰ ਵਿਚ ਮਦਦ ਕਰ ਰਹੇ ਹਨ। ਉਹ ਮੁੱਖ ਤੌਰ ਤੇ ਮਾਰਕੀਟਿੰਗ ਦਾ ਕੰਮ ਵੇਖਦੇ ਹਨ। ਗੁਰਜੀਤ ਕੌਰ ਸੋਂਧੂ ਦੇ ਬੱਚੇ ਆਸਟ੍ਰੇਲੀਆ ਵਿਚ ਪੈਦਾ ਹੋਏ ਅਤੇ ਉੱਥੇ ਹੀ ਪੜ੍ਹੇ ਲਿਖੇ ਹਨ, ਇਸ ਲਈ ਭਾਵੇਂ ਉਹ ਆਸਟਰੇਲੀਅਨ ਸਭਿਆਚਾਰ ਵਿਚ ਗੜੂੰਦ ਹਨ ਪ੍ਰੰਤੂ ਗੁਰਜੀਤ ਕੌਰ ਸੋਂਧੂ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਨਾਲ ਵੀ ਜੋੜਨ ਦੀ ਕੋਸਿਸ਼ ਕਰਦੇ ਰਹਿੰਦੇ ਹਨ। ਗੁਰਜੀਤ ਸੋਂਧੂ ਦੇ ਦੋ ਲੜਕੇ ਜੇਸਨ ਅਤੇ ਫਿਲਿਪ ਹਨ। ਇਕ ਲੜਕੀ ਬੇਲੀਂਡਾ ਹੈ। ਵੱਡੇ ਬੇਟੇ ਜੈਸਨ (Jason) ਦੀ ਪਤਨੀ ਕੈਰੀ(Kerry) ਹੈ, ਉਨ੍ਹਾਂ ਦੀਆਂ ਦੋ ਸਪੁੱਤਰੀਆਂ ਵੇਰਾ ਗਰੇਸ ਕੌਰ (Vera 7race Kaur) ਅਤੇ ਇਰੀਸ ਗਰੇਸ ਕੌਰ (9ris 7race Kaur) ਹੈ। ਜੈਸਨ ਨੇ ਮਕੈਨੀਕਲ ਇੰਜਿਨੀਅਰਿੰਗ ਦੀ ਡਿਗਰੀ ਕੀਤੀ ਹੋਈ ਹੈ। ਉਸਤੋਂ ਬਾਅਦ ਉਸਨੇ ਮਾਸਟਰਜ਼ ਇਨ ਬਿਜਨਸ ਇੰਜਿਨੀਅਰਿੰਗ ਕੀਤੀ ਹ। ਬੇਟੀ ਬੇਲੀਂਡਾ ਕੌਰ ਸੋਂਧੂ (2elinda Kaur Sondhu) ਨੇ ਜਿਔਲੋਜੀ (7eology) ਵਿੱਚ ਇੰਜਿਨੀਅਰਿੰਗ ਕੀਤੀ ਹੋਈ ਹੈ। ਬੇਟੇ ਫਿਲਿਪ ਦੀ ਪਤਨੀ ਮਿੰਲਾਨੀ ਕੋਇੰਗ ਹੈ, ਉਨ੍ਹਾਂ ਦੇ ਤਿੰਨ ਬੱਚੇ ਰਵੀ ਰੈਬੇਕਾ ਸੋਂਧੂ, ਇੰਦਰਾ ਸੋਂਧੂ ਅਤੇ ਬੈਨਜੋ ਸੋਂਧੂ ਹਨ। ਫਿਲਿਪਸ ਨੇ ਐਰੋਸਪੇਸ ਵਿੱਚ ਡਿਗਰੀ ਕੀਤੀ ਹੋਈ ਹੈ। ਸੰਸਥਾ ਦਾ ਪਿ੍ਰੰਸੀਪਲ ਹੈ। ਉਸਨੇ ਜੋਬ ਛੱਡਕੇ ਆਪਣੀ ਮਾਤਾ ਨਾਲ ਖੇਤੀਬਾੜੀ ਦਾ ਕਾਰੋਬਾਰ ਸ਼ੁਰੂ ਕੀਤਾ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.