ਕਿਉਂ ਪੰਜਾਬ ਦੀ ਮਿੱਟੀ ਬਾਲ਼ ਰਹੇ ਹੋ,ਪੰਜਾਬ ਦੇ ਸਿਆਸਤਦਾਨੋ!
ਪੰਜਾਬ ਦਾ ਆਮ ਆਦਮੀ ਕੀ ਕਹਿੰਦਾ ਹੈ,ਸੁਣਿਆ ਕਦੇ ਪੰਜਾਬ ਦੇ ਸਿਆਸਤਦਾਨੋ? ਕਿ ਬੱਸ ਉਸਨੂੰ ਆਪਣੀ ਹੀ ਸੁਣਾਈ ਜਾਂਦੇ ਹੋ।ਘੁੱਗ ਵਸਦੇ,ਚਹਿਕਦੇ-ਦਹਿਕਦੇ-ਮਹਿਕਦੇ ਪੰਜਾਬ ਦੀ ਹਾਲਤ ਵੇਖੀ-ਸੁਣੀ ਹੈ ਕਦੇ ? ਕਿ ਆਪਣੇ ਮਹਿਲੀਂ ਅੰਦਰ ਵੜੀ ਬੱਸ ਆਪਣੇ ਸੁਪਨੇ ਸਾਕਾਰ ਕਰਨ ‘ਚ ਹੀ ਰੁਝੇ ਹੋਏ ਹੋ।
ਲਓ,ਸੁਣੋ ਪੰਜਾਬ ਦੇ ਆਮ ਆਦਮੀ ਦੀ ਆਵਾਜ਼! ਪੰਜਾਬ ਝੁਲਸ ਰਿਹਾ। ਪੰਜਾਬ ਦਾ ਵਾਤਾਵਰਨ ਖਰਾਬ ਹੋ ਗਿਆ।ਪੰਜਾਬ ਰੇਗਸਤਾਨ ਬਣ ਰਿਹਾ।ਪੰਜਾਬ ਲੁਟਿਆ ਜਾ ਰਿਹਾ।ਪੰਜਾਬ ਵੇਚਿਆ ਜਾ ਰਿਹਾ।ਪੰਜਾਬ ਦੀ ਜੁਆਨੀ ਗਾਲ਼ੀ ਜਾ ਰਹੀ ਹੈ।ਵਤਨੋਂ ਦੂਰ ਜਲਾਵਤਨ ਕੀਤੀ ਜਾ ਰਹੀ ਹੈ।ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ।ਪੰਜਾਬ ਦਾ ਮਜ਼ਦੂਰ ਖ਼ੂਨ ਦੇ ਅੱਥਰੂ ਰੋ ਰਿਹਾ।ਬੇਰੁਜ਼ਗਾਰ ਟੈਂਕੀਆਂ ਤੇ ਚੜ੍ਹ, ਸੜਕਾਂ ‘ਤੇ ਖੜ੍ਹ ਭੁੱਖੇ ਢਿੱਡੀਂ ਵਿਰਲਾਪ ਕਰ ਰਿਹਾ।ਪੰਜਾਬ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਪੰਜਾਬ ਦੇ ਸਿਅਸਤਦਾਨੋ! ਪੰਜਾਬੀਆਂ ਦਾ ਪੰਜਾਬ ‘ਚ ਜੀਅ ਲਗਣੋਂ ਹੱਟ ਗਿਆ ਹੈ।ਜੀਅ ਲੱਗੇ ਵੀ ਕਿਵੇਂ ਪੰਜਾਬ ‘ਚ ਸੇਵਕਾਂ ਦਾ ਰਾਜ-ਭਾਗ ਨਹੀਂ ਮਾਫ਼ੀਏ ਦੀ ਤੂਤੀ ਬੋਲਦੀ ਹੈ। ਨਿਧੜਕ ਪੰਜਾਬੀਆਂ ਦੇ ਮਨਾਂ ‘ਚ ਦਹਿਸ਼ਤ ਹੈ,ਖੌਫ਼ ਹੈ, ਔਲਾਦ ਲਈ ਚਿੰਤਾ ਹੈ।
ਸੁਣੋ ਪੰਜਾਬ ਦੇ ਪਿੰਡਾਂ ਦੀ ਦਾਸਤਾਨ, ਐ ਪਿਆਰੇ ਸਿਆਸਤਦਾਨੋ! ਪਿੰਡ ਧੜਿਆਂ ‘ਚ ਵੰਡਿਆ ਪਿਆ ਹੈ, ਅਸਲੀਅਤ ਤਾਂ ਇਹ ਹੈ ਕਿ ਸਿਆਸਤਦਾਨੋ ਆਪਣੀ ਵੋਟ ਦੀ ਖਾਤਰ ਪਿੰਡ ਨੂੰ ਤੁਸੀਂ ਵੰਡਿਆ ਹੈ। ਤੁਹਾਡੇ ਦਲਾਲ ਪਿੰਡ ‘ਚ ਨਸ਼ਾ ਵੇਚਦੇ ਹਨ, ਲੋਕਾਂ ਦੇ ਦਫ਼ਤਰੀਂ ਕੰਮ ਕਰਾਉਣ ਲਈ ਪੈਸੇ ਲੈਂਦੇ ਹਨ। ਆਪਣਿਆਂ ਨੂੰ ਰਿਆਇਤਾਂ,ਸਹੂਲਤਾਂ ਦੇਂਦੇ ਹਨ। ਵਿਰੋਧੀਆਂ ਨੂੰ ਨਿੱਤ-ਦਿਹਾੜੇ ਥਾਣੇ ਕਚਿਹਰੀਆਂ ਦੇ ਰਾਹ ਪਾਈ ਰੱਖਦੇ ਹਨ। ਵੋਟਾਂ ‘ਚ ਨਸ਼ੇ,ਵੋਟਰਾਂ ਦੀ ਖ਼ਰੀਦੋ-ਫ਼ਰੋਖਤ ਦਲਾਲਾਂ ਹੱਥ ਹੈ। ਧੌਂਸ,ਧੜਾ ਕਾਇਮ ਰੱਖਣ ਲਈ ਆਹ ਜਿਹੜੀਆਂ ਪਿੰਡ ਪੰਚੈਤਾਂ ਬਣੀਆਂ ਹੋਈਆਂ ਹਨ,ਉਹਨਾ ਨੂੰ ਗ੍ਰਾਂਟਾਂ ਦਾ ਲਾਲਚ ਦੇਕੇ ਆਪਣੇ ਨਾਲ ਤੋਰਿਆ ਜਾਂਦਾ। ਦਲਾਲ, ਬਾਬੂ, ਅਫਸਰ, ਗ੍ਰਾਂਟਾਂ ‘ਚੋਂ ਕਮਿਸ਼ਨ ਲੈਂਦੇ ਹਨ। ਆਮ ਆਦਮੀ ਦੇ ਹੱਕ ਡਕਾਰ ਜਾਂਦੇ ਹਨ। ਕੋਈ ਪੁੱਛਣ-ਦੱਸਣ, ਸਾਰ ਲੈਣ ਵਾਲਾ ਹੀ ਕੋਈ ਨਹੀਂ।
ਛੋਟੇ-ਛੋਟੇ ਖੇਤ ਹਨ। ਕਰਜ਼ੇ ਲੈ ਕੇ ਫਸਲਾਂ ਪਾਲੀਆਂ ਜਾਂਦੀਆਂ ਹਨ। ਕਰਜ਼ਿਆਂ ਦੀਆਂ ਲਿਮਟਾਂ ਬਣਾਈਆਂ ਜਾਂਦੀਆਂ ਹਨ। ਕਰਜ਼ੇ ਨਹੀਂ ਲੱਥਦੇ ਤਾਂ ਸ਼ਤੀਰਾਂ ਨੂੰ ਜੱਫੇ ਪਾਏ ਜਾਂਦੇ ਹਨ। ਧੀਆਂ, ਪੁੱਤਾਂ ਦੇ ਵਿਆਹ ਰਿਸ਼ਤੇ ਸ਼ਾਨੋ-ਸ਼ੌਕਤ ਨਾਲ ਕਰਨ ਦੀ ਹੋੜ ‘ਚ ਸਿਰ ਕਰਜ਼ੇ ਚੜ੍ਹਾਏ ਜਾਂਦੇ ਹਨ। ਬੇਰੁਜ਼ਗਾਰੀ ਦਾ ਦਰਦ ਹੰਢਾ ਰਹੇ, ਨਸ਼ਿਆਂ ਦੀ ਮਾਰ ਸਹਿ ਰਹੇ ਪੁੱਤਾਂ-ਧੀਆਂ ਨੂੰ ਬੇਗਾਨੇ ਦੇਸ਼ਾਂ 'ਚ ਭੇਜਣ ਲਈ ਆਪਣੇ ਖੇਤ ਵੇਚਣਾ ਤਾਂ ਉਹਨਾ ਦੀ ਮਜ਼ਬੂਰੀ ਬਣ ਚੁੱਕੀ ਹੈ। ਰਹੀ ਗੱਲ ਲਹਿੰਦੇ, ਚੜ੍ਹਦੇ, ਵਸੀਆਂ ਆਬਾਦੀਆਂ ਦੀ, ਉਹ ਸਿਆਸਤਦਾਨਾਂ ਵਲੋਂ ਲੋਕਾਂ ਨੂੰ ਮੰਗਤੇ ਬਨਾਉਣ ਦੀ ਸਾਜ਼ਿਸ਼ ਦਾ ਸ਼ਿਕਾਰ ਹਨ। ਮਹੀਨੇ ਦੇ ਪਹਿਲੇ ਹਫ਼ਤੇ ਜਾਂ ਤਿਮਾਹੀ ਦੇ ਪਹਿਲੇ ਹਫ਼ਤੇ ਇੱਕ ਰੁਪਏ ਕਿਲੋ ਰਾਸ਼ਨ ਕਣਕ, ਚਾਵਲ ਉਡੀਕਣ ਲਈ ਮਜ਼ਬੂਰ ਕਰ ਦਿੱਤੇ ਹਨ! ਇਹ ਮੰਗਤਾ ਸਭਿਆਚਾਰ ਤਾਂ ਪੰਜਾਬ ਦਾ ਕਦੇ ਵੀ ਨਹੀਂ ਸੀ, ਪੰਜਾਬ ਦੇ ਸਿਆਸਤਦਾਨੋ!
ਪੁੱਛਦੇ ਰਹਿੰਦੇ ਨੇ ਪੇਂਡੂ ਭਾਈ, ਸਾਨੂੰ ਕੋਈ ਕੰਮ ਕਾਰ ਦੇ ਦਿਓ। ਰੁਜ਼ਗਾਰ ਸਾਡੇ ਬੱਚਿਆਂ ਨੂੰ ਦੇ ਦਿਓ। ਪੜ੍ਹਾਈ ਤੇ ਸਿਹਤ ਸਹੂਲਤਾਂ ਸਾਡੇ ਪੱਲੇ ਪਾ ਦਿਓ। ਸਾਡੇ ਪਿੰਡਾਂ ਦਾ ਵਾਤਾਵਰਨ ਸੁਧਾਰ ਦਿਓ! ਤੁਸੀਂ ਰੁਜ਼ਗਾਰ ਦੇ ਨਾਮ ਉਤੇ ਖੈਰਾਤਾਂ, ਪੜ੍ਹਾਈ ਉਹਨਾ ਸਕੂਲਾਂ 'ਚ ਜਿਥੋਂ ਟੀਚਰ ਤੇ ਬੁਨਿਆਦੀ ਢਾਂਚੇ ਦੀ ਕਮੀ ਹੈ, ਪਾਉਂਦੇ ਹੋ। ਸਿਹਤ ਸਹੂਲਤਾਂ ਦਾ ਤਾਂ ਤੁਸੀਂ ਸੋਚਣਾ ਹੀ ਛੱਡ ਦਿੱਤਾ। ਸਰਕਾਰੀ ਹਸਪਤਾਲ 'ਚ ਨਾ ਸਿਹਤ ਅਮਲਾ ਨਾ ਦਵਾਈਆਂ। ਬੱਚਾ ਜੰਮਣ ਲਈ ਔਰਤਾਂ ਕਰਾਹੁੰਦੀਆਂ ਹਨ, ਮਜ਼ਬੂਰੀ ਵੱਸ ਸਰਕਾਰੀ ਦੀ ਥਾਂ ਪ੍ਰਾਈਵੇਟ ਹਸਪਤਾਲ ਦੇ ਵੱਡੇ ਖ਼ਰਚਿਆਂ ਦਾ ਸ਼ਿਕਾਰ ਹੁੰਦੀਆਂ ਹਨ। ਜਿਹਨਾ ਕੋਲ ਕੁਝ ਨਹੀਂ ਬੱਸ ਉਹ ਕੁਦਰਤ ਆਸਰੇ! ਗਰੀਬ ਲਈ ਆਹ ਜਾਰੀ ਬੀਮਾ ਕਾਰਡ ਉਹਨਾ ਦੇ ਕਿਸੇ ਕੰਮ ਨਹੀਂ ਆਉਂਦੇ। ਸੱਤ ਦਹਾਕਿਆਂ 'ਚ ਪਿੰਡ ਦਾ ਵਿਕਾਸ ਨਾਲੀਆਂ ਦੇ ਗੰਦੇ ਪਾਣੀ ਅਤੇ ਗਲੀਆਂ ਪੱਕੀਆਂ ਕਰਨ ਤੋਂ ਅੱਗੇ ਨਹੀਂ ਹੋ ਸਕਿਆ। ਮੁਹੱਲਿਆਂ 'ਚ ਗੰਦਗੀ, ਘਰਾਂ 'ਚ ਕੂੜੇ ਦੇ ਢੇਰ! ਘਰਾਂ ਦੀਆਂ ਬਰੂਹਾਂ 'ਚ ਬੁੱਢੇ ਪਤੀ, ਪਤਨੀ ਦੇ ਕੰਬਦੇ ਹੱਥ ਅਤੇ ਸਾਂਭਣ ਵਾਲਾ ਕੋਈ ਨਹੀਂ, ਕਿਥੇ ਹੈ ਸਿਆਸਤਦਾਨੋ ਤੁਹਾਡੀ ਕਲਿਆਣਕਾਰੀ ਸਰਕਾਰ, ਜਿਹੜੀ ਬੁੱਢਿਆਂ ਨੂੰ ਬੁਢਾਪੇ ਦੇ ਸਹਾਰੇ ਲਈ ਸਿਰਫ਼ 750 ਰੁਪਏ ਤੋਂ 1500 ਰੁਪਏ ਤੱਕ ਪੈਨਸ਼ਨ ਦੇਕੇ ਸੁਰਖ਼ੁਰੂ ਹੋ ਗਿਆ ਸਮਝਦੀ ਹੈ। ਕਦੇ ਸੋਚਿਆ ਸਿਆਸਤਦਾਨ ਜੀ, ਹੁਣ ਤਾਂ ਗੈਸ ਸਿਲੰਡਰ ਦੀ ਕੀਮਤ ਵੀ 1000 ਰੁਪਿਆ ਹੋ ਗਈ ਹੈ ਤੇ ਸਰ੍ਹੋਂ ਦਾ ਤੇਲ 225 ਰੁਪਏ ਲਿਟਰ ਹੋ ਗਿਆ ਹੈ, ਦਾਲਾਂ, ਸਬਜੀਆਂ ਦੀ ਤਾਂ ਗੱਲ ਹੀ ਛੱਡੋ। ਕਦੇ ਸੋਚਿਆ ਸਿਆਸਤਦਾਨੋ ਇਹ ਪੇਂਡੂ ਪਰਿਵਾਰ ਕਿਵੇਂ ਜੀਊਂਦੇ ਹਨ? ਪਿੰਡ 'ਚ ਫੈਲੀ ਆਫ਼ਤ ਸਮੇਂ, ਫੈਲੀਆਂ ਬੀਮਾਰੀਆਂ ਸਮੇਂ ਕਿਵੇਂ ਬੀਮਾਰੀਆਂ ਦਾ ਮੁਕਾਬਲਾ ਕਰਦੇ ਹਨ। ਇਹ ਇੱਕ ਪਿੰਡ ਦੀ ਨਹੀਂ ਇੱਕ ਘਰ ਦੀ ਨਹੀਂ ਘਰ-ਘਰ ਦੀ ਕਹਾਣੀ ਹੈ। ਉਸ ਘਰ ਦੀ ਵੀ ਜਿਹੜਾ ਥੋੜ੍ਹੀ ਵੱਧ ਆਮਦਨ ਵਾਲਾ ਟੱਬਰ ਹੈ, ਜਿਸਨੇ ਆਪਣੀ ਚਾਦਰ ਨਾਲੋਂ ਵੱਧ ਪੈਰ ਪਸਾਰਣ ਦਾ ਢੋਂਗ ਰਚਿਆ ਹੋਇਐ।
ਸਿਆਸਤਦਾਨੋ, ਪੰਜਾਬ '47 'ਚ ਤੁਹਾਡੀਆਂ ਮਿਹਰਬਾਨੀਆਂ ਨਾਲ ਵੰਡਿਆ ਗਿਆ। ਯਾਦ ਹੈ ਨਾ? ਲੱਖਾਂ ਮਰੇ, ਲੱਖਾਂ ਜ਼ਖ਼ਮੀ ਹੋਏ, ਲੱਖਾਂ ਉਜੜੇ, ਲੱਖਾਂ ਔਰਤਾਂ ਦੀਆਂ ਇੱਜਤਾਂ ਨਾਲ ਖਿਲਵਾੜ ਹੋਇਆ। ਪੰਜਾਬ ਤਾਰ-ਤਾਰ ਹੋਇਆ। ਪੰਜਾਬੀਆਂ ਦੇ ਦਿਲ ਵਲੂੰਦੜੇ ਗਏ। ਸਮਾਂ ਪਾਕੇ ਬਹਾਦਰ ਸਿਰੜੀ, ਹੌਂਸਲੇ ਵਾਲੇ ਪੰਜਾਬੀ ਥਾਂ ਸਿਰ ਹੋਏ! ਦੇਸ਼ ਦੀਆਂ ਸਰਹੱਦਾਂ ਤੇ ਲੜੇ। ਦੇਸ਼ ਨੂੰ ਅੰਨ ਦੀ ਤੋਟ ਆਈ ਤਾਂ ਆਪਣੀ ਜ਼ਮੀਨ ਦੀ ਕੁੱਖੋਂ ਪਾਣੀ ਕੱਢ ਪੂਰੇ ਦੇਸ਼ ਦੇ ਅੰਨ ਦਾਤਾ ਬਣੇ, ਆਪਣਾ ਜਿਸਮ ਸਾੜਿਆ, ਆਪਣੀ ਜ਼ਮੀਨ ਨਸ਼ੀਲੀ ਕਰ ਲਈ, ਆਪਣਾ ਵਾਤਾਵਰਨ ਕੀੜੇ ਮਾਰ ਦਵਾਈਆਂ, ਖਾਦਾਂ ਪਾ-ਪਾ ਦੂਸ਼ਿਤ ਕਰ ਲਿਆ। ਜਾਨ ਲੇਵਾ ਬਿਮਾਰੀਆਂ ਸਹੇੜ ਲਈਆਂ ਅਤੇ "ਮਾਂ ਵਰਗੀ ਜ਼ਮੀਨ" ਦੀ ਕੁੱਖ 'ਚੋਂ ਪਾਣੀ ਕੱਢ-ਕੱਢ ਇਸਨੂੰ ਬੰਜ਼ਰ ਬਣਾ ਲਿਆ। ਪੱਲੇ ਕੀ ਪਿਆ? ਘਾਟੇ ਦੀ ਖੇਤੀ!!
ਇਕੱਲੇ ਪਿੰਡ ਦੀ ਨਹੀਂ, ਪੰਜਾਬ ਦੇ ਸ਼ਹਿਰ ਦੀ ਹਾਲਾਤ ਵੀ ਵੱਖਰੀ ਨਹੀਂ! ਕਦੇ ਵੇਖੇ ਹਨ ਸਿਆਸਤਦਾਨੋ, ਸ਼ਹਿਰਾਂ ਦੇ ਸਲੱਮ ਖੇਤਰ ਦੇ ਲੋਕ! ਕਦੇ ਵੇਖੇ ਹਨ ਝੁੱਗੀਆਂ, ਝੋਪੜੀਆਂ, ਬਸਤੀਆਂ 'ਚ ਇੱਕ-ਇੱਕ, ਦੋ-ਦੋ ਮਰਲੇ ਘਰਾਂ 'ਚ ਰਹਿੰਦੇ ਲੋਕ! ਲੁਧਿਆਣਾ ਵਰਗੇ ਦੂਸ਼ਿਤ ਸ਼ਹਿਰ 'ਚ ਰਹਿੰਦੇ ਲੋਕਾਂ ਬਾਰੇ ਕਦੇ ਜਾਣਿਆ ਹੈ? ਕਦੇ ਉਹਨਾ ਦਾ ਫ਼ਿਕਰ ਕੀਤਾ ਹੈ? ਬੁੱਢਾ ਨਾਲਾ ਜੋ ਸਾਫ਼-ਸੁਥਰੇ ਪਾਣੀ ਦਾ ਸਰੋਤ ਸੀ, ਹੁਣ ਸ਼ਹਿਰ ਦੀ ਗੰਦਗੀ ਦਾ ਸਰੋਤ ਹੈ! ਹੁਣ ਤਾਂ ਹਰ ਸ਼ਹਿਰ ਲੁਧਿਆਣਾ ਬਣਦਾ ਜਾ ਰਿਹਾ ਹੈ। ਕਦੇ ਮੁਰਝਾਏ, ਕਮਲਾਏ, ਮਜ਼ਦੂਰਾਂ ਦੇ ਚਿਹਰੇ ਪਛਾਨਣ ਦਾ ਕਦੇ ਯਤਨ ਕੀਤਾ ਹੈ ਤੁਸਾਂ। ਇਹਨਾ 'ਚ ਉਹ ਪੰਜਾਬੀ ਕਿਸਾਨ ਵੀ ਹਨ, ਜਿਹੜੇ ਪਿੰਡਾਂ 'ਚੋਂ ਥੋੜ੍ਹੀ-ਬਹੁਤੀ ਹਿੱਸੇ ਆਉਂਦੀ ਜ਼ਮੀਨ ਵੇਚ ਵੱਟ ਕੇ ਸ਼ਹਿਰ ਆ ਮਜ਼ਦੂਰੀ ਕਰ ਰਹੇ ਹਨ! ਰਿਕਸ਼ਾ ਚਲਾ ਰਹੇ ਹਨ। ਲੇਬਰ ਚੌਂਕਾਂ 'ਚ ਖੜ ਮਜ਼ਦੂਰੀ ਵੇਚਣ ਲਈ ਮਜ਼ਬੂਰ ਹਨ। ਉਹਨਾ ਦੇ ਬੱਚਿਆਂ ਦਾ ਕੀ ਭਵਿੱਖ ਹੈ? ਉਹਨਾ ਦੇ ਬੁਢਾਪੇ ਦਾ ਸਹਾਰਾ ਕੌਣ ਹੈ? ਉਹਨਾ ਦੇ ਦੁੱਖ-ਦਰਦ ਸੁਨਣ ਜਾਨਣ ਵਾਲਾ ਕੌਣ ਹੈ? ਸਿਆਸਤਦਾਨਾ, ਤੂੰ ਤਾਂ ਸੁਆਰਥੀ ਹੋ ਗਿਆ ਹੈਂ। ਤੈਨੂੰ ਇਹ ਲੋਕ ਨਹੀਂ, ਸਿਰਫ਼ ਵੋਟਰ ਵਿਖਾਈ ਦਿੰਦੇ ਹਨ, ਜਿਹਨਾ ਨੂੰ ਪੰਜੀਂ ਸਾਲੀਂ ਤੂੰ ਵਰਤਦਾ ਹੈਂ ਅਤੇ ਆਪਣੇ ਰਾਹ ਪੈਂਦਾ ਹੈਂ। ਇਹ ਲੋਕ ਪ੍ਰੇਸ਼ਾਨ ਹਨ, ਕਿਉਂਕਿ ਇਹਨਾ ਤੇ ਇਹਨਾ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ। ਇਹ ਲੋਕ ਪ੍ਰੇਸ਼ਾਨ ਹਨ, ਕਿਉਂਕਿ ਇਹਨਾ ਪੱਲੇ ਧੇਲਾ ਨਹੀਂ ਅਤੇ ਸਰਕਾਰੀ ਸਕੀਮਾਂ ਇਹਨਾ ਦੀ ਪਹੁੰਚ 'ਚ ਨਹੀਂ।
ਕਦੇ ਪੰਜਾਬ ਖੁਸ਼ਹਾਲ ਸੀ ਸਿਆਸਤਦਾਨੋ। ਅੱਜ ਪੰਜਾਬ ਦਾ ਪੋਟਾ-ਪੋਟਾ ਕਰਜ਼ਾਈ ਹੈ। ਪੰਜਾਬ ਸੁਖੀ ਸੀ ਸਿਆਸਤਦਾਨੋ! ਅੱਜ '84, ਨਸ਼ੇ, ਮਾਫੀਏ ਦਾ ਭੰਨਿਆ ਕਰਾਹ ਰਿਹਾ ਹੈ। ਪੰਜਾਬ 'ਚ ਚੱਲੀਆਂ ਤੱਤੀਆਂ ਲਹਿਰਾਂ ਸਮੇਂ ਸਿਆਸਤਦਾਨੋ ਤੁਹਾਡੀ ਚੁੱਪੀ, ਕੀ ਕਿਸੇ ਸਾਜ਼ਿਸ਼ ਤੋਂ ਘੱਟ ਸੀ? ਹਜ਼ਾਰਾਂ ਨੌਜਵਾਨ ਸ਼ਹੀਦ ਕੀਤੇ ਗਏ। ਹਜ਼ਾਰਾਂ ਨੌਜਵਾਨ ਗਾਇਬ ਕੀਤੇ ਗਏ, ਹਜ਼ਾਰਾਂ ਘਰ ਤਬਾਹ ਹੋਏ, ਪਰ ਤੁਹਾਡੇ ਸੰਘੋਂ ਹਮਦਰਦੀ ਦੇ ਦੋ ਬੋਲ ਵੀ ਨਾ ਥਿਆਏ! ਪੰਜਾਬ ਅਣਖੀ ਸੀ ਸਿਆਸਤਦਾਨੋ, ਪਰ ਦਲਾਲਾਂ ਨੇ, ਆਪਣੇ ਪੰਜਾਬੀ ਦਲਾਲਾਂ ਨੇ, ਇਸਦੀ ਸਿਆਸਤ, ਇਸਦੀ ਆਰਥਿਕਤਾ ਦਿੱਲੀ ਕੋਲ ਗਿਰਵੀ ਰੱਖ ਦਿੱਤੀ। ਅੱਜ ਪੰਜਾਬ ਦਿੱਲੀ ਵੱਲ ਝਾਕਦਾ ਹੈ, ਕਦੇ ਦਿੱਲੀ ਪੰਜਾਬ ਵੱਲ ਝਾਕਦੀ ਸੀ। ਕਿਹੋ ਜਿਹੀ ਹਾਲਾਤ ਬਣਾ ਦਿੱਤੀ ਹੈ ਸੋਹਣੇ, ਰੰਗਲੇ, ਜੌਸ਼ੀਲੇ,ਅਣਖੀ ਪੰਜਾਬ ਦੀ ਐ ਪਿਆਰੇ ਪੰਜਾਬ ਦੇ ਸਵਾਰਥੀ ਸਿਆਸਤਦਾਨੋ!!
ਸਿਆਸਤਦਾਨੋ, ਚੋਣਾਂ ਲੜਦੇ ਹੋ ਤਾਂ ਲੜੋ! ਇਹ ਸਭ ਦਾ ਸੰਵਾਧਾਨਿਕ ਹੱਕ ਹੈ। ਪਰ ਜਿਸ ਢੰਗ ਨਾਲ ਪੈਸਾ, ਨਸ਼ਾ ਚੋਣਾਂ 'ਚ ਪਾਣੀ ਦੀ ਤਰ੍ਹਾਂ ਵਹਾਉਂਦੇ ਹੋ। ਲੋਕਾਂ ਦੇ ਟੈਕਸਾਂ ਨਾਲ ਇਕੱਠੇ ਹੋਏ ਪੈਸੇ ਉਤੇ ਐਸ਼ਾਂ ਕਰਦੇ ਹੋ ਅਤੇ ਵੋਟਾਂ ਵਟੋਰਨ ਲਈ ਰਿਆਇਤਾਂ ਦੀ ਬੁਰਕੀ ਗਰੀਬਾਂ ਦੇ ਪੱਲੇ ਪਾਉਂਦੇ ਹੋ, ਇਹ ਕਿਹੜਾ ਪੰਜਾਬ ਦਾ ਭਲਾ ਕਰਦੇ ਹੋ? ਕਿਸ ਦੇ ਹਿੱਤ ਪੂਰਦੇ ਹੋ! ਜੇਕਰ ਪੰਜਾਬ ਲਈ ਰਤਾ ਕੁ ਵੀ ਦਰਦ ਹੈ ਤੁਹਾਡੇ ਮਨਾਂ 'ਚ, ਤਾਂ ਉਜੱੜ ਰਹੇ ਪੰਜਾਬ ਨੂੰ ਬਚਾ ਲਓ! ਬਚਾ ਲਓ, ਪੰਜਾਬ ਦੀ ਜੁਆਨੀ!! ਬਚਾ ਲਓ ਪੰਜਾਬ ਦੀ ਕਿਰਸਾਨੀ!!
ਜੇਕਰ ਤੁਹਾਡਾ ਮਨ, ਸੱਚੀਂ-ਮੁੱਚੀਂ ਪੰਜਾਬ ਲਈ ਕੁਝ ਕਰਨਾ ਲੋਚਦਾ ਹੈ, ਜੇਕਰ ਤੁਸੀਂ ਸੱਚੇ-ਸੁੱਚੇ ਪੰਜਾਬੀ ਹੋ, ਜੇਕਰ ਤੁਹਾਡੇ ਮਨਾਂ 'ਚ ਪੰਜਾਬ ਦੇ ਲੋਕਾਂ ਲਈ ਕੁਝ ਕਰਨ ਦੀ ਲਾਲਸਾ ਹੈ ਤਾਂ ਪਹਿਲਾ ਪੰਜਾਬ ਦੀ ਬੇਰੁਜ਼ਗਾਰੀ ਖ਼ਤਮ ਕਰੋ। ਨੌਜਵਾਨਾਂ ਨੂੰ ਵਿਦੇਸ਼ਾਂ ਦੇ ਔਝੜੇ ਪਏ ਰਾਹਾਂ ਤੋਂ ਰੋਕੋ। ਉਹਨਾ ਲਈ ਚੰਗੀ ਪੜ੍ਹਾਈ ਦਾ ਪ੍ਰਬੰਧ ਪੰਜਾਬ 'ਚ ਕਰੋ! ਖੇਤੀ-ਅਧਾਰਤ ਉਦਯੋਗ ਲਗਾਓ! ਪਿੰਡਾਂ 'ਚ ਫਸਲੀ ਸਟੋਰੇਜ਼ ਮੰਡੀਕਰਨ ਦੀਆਂ ਸਹੂਲਤਾਂ ਪੈਦਾ ਕਰੋ। ਪੰਜਾਬ 'ਚ ਵੱਡੇ ਉਦਯੋਗ ਲਗਾਓ।
ਦੂਜਾ, ਖੇਤੀ ਨੂੰ ਲਾਹੇਵੰਦ ਕਿੱਤਾ ਬਨਾਉਣ ਲਈ ਅਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਥਾਂ ਨਹਿਰੀ ਪਾਣੀਆਂ ਦਾ ਖੇਤ-ਸਿੰਚਾਈ ਲਈ ਵਿਆਪਕ ਪ੍ਰਬੰਧ ਕਰੋ। ਇਸਰਾਈਲੀ ਤੁਪਕਾ ਸਿੰਚਾਈ ਸਕੀਮ ਕਾਰਗਰ ਸਾਬਤ ਹੋ ਸਕਦੀ ਹੈ। ਖੇਤੀ ਨਾਲ ਸਬੰਧਤ ਹੋਰ ਕਿੱਤਿਆਂ ਨੂੰ ਉਤਸ਼ਾਹਿਤ ਕਰੋ।
ਤੀਜਾ, ਪੰਜਾਬ 'ਚ ਹੱਥੀਂ-ਕਿੱਤਾ ਸਿਖਲਾਈ ਦਾ ਵਿਆਪਕ ਪ੍ਰਬੰਧ ਕਰਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰਤ ਹੋਣ ਦੇ ਮੌਕੇ ਦਿਓ।
ਚੌਥਾ, ਪੰਜਾਬ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਟੈਕਸ ਚੋਰੀ ਰੋਕਣਾ ਜ਼ਿਆਦਾ ਜ਼ਰੂਰੀ ਹੈ। ਵੱਡੇ ਉਦਯੋਗ ਅਤੇ ਆਈ ਟੀ ਕਾਰੋਬਾਰ ਖੋਲ੍ਹਣੇ ਸਮੇਂ ਦੀ ਮੰਗ ਹੈ।
ਪੰਜਵਾਂ, ਪੰਜਾਬ ਦੇ ਪਾਣੀਆਂ ਉਤੇ ਜੋ ਡਾਕਾ ਪਿਆ ਹੈ, ਉਸਦਾ ਹੱਲ ਰਿਪੇਰੀਅਨ ਕਾਨੂੰਨ ਅਨੁਸਾਰ ਹੋਵੇ ਤਾਂ ਕਿ ਸੂਬੇ ਨੂੰ ਪਾਣੀਆਂ ਦਾ ਮੁੱਲ ਮਿਲ ਸਕੇ ਅਤੇ ਇਸਦੀ ਆਰਥਿਕਤਾ 'ਚ ਸੁਧਾਰ ਹੋਵੇ।
ਛੇਵਾਂ, 1966 'ਚ ਪੰਜਾਬੀ ਸੂਬੇ ਦੀ ਸਥਾਪਨਾ ਸਮੇਂ ਸਾਜ਼ਿਸ਼ਾਨਾਂ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬੋਂ ਬਾਹਰ ਕਰ ਦਿੱਤੇ ਗਏ ਸਨ। ਇਹ ਇਲਾਕੇ ਪੰਜਾਬ ਲਈ ਪ੍ਰਾਪਤ ਕਰਨ ਹਿੱਤ ਵਿਆਪਕ ਯਤਨ ਹੋਣ।
ਸੱਤਵਾਂ, ਪੰਜਾਬੀ, ਪੰਜਾਬ ਦੀ ਮਾਤ ਭਾਸ਼ਾ ਹੈ। ਇਸਦਾ ਸਕੂਲਾਂ, ਕਾਲਜਾਂ, ਦਫ਼ਤਰਾਂ, ਕਚਿਹਰੀਆਂ, ਕਾਰੋਬਾਰਾਂ 'ਚ ਚਲਣ ਜ਼ਰੂਰੀ ਹੋਵੇ।
ਅੱਠਵਾਂ, ਭ੍ਰਿਸ਼ਟਾਚਾਰ, ਮਾਫੀਆ ਅਤੇ ਨਸ਼ੇ ਨੇ ਪੰਜਾਬ ਭੰਨ ਸੁੱਟਿਆ ਹੈ, ਇਹ ਲੋਕਾਂ ਦੇ ਰਗ-ਰਗ 'ਚ ਫੈਲਾ ਦਿੱਤਾ ਗਿਆ ਹੈ। ਇਹਨਾ ਤੋਂ ਮੁਕਤੀ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੋਏਗੀ।
ਨੌਵਾਂ, ਪੰਜਾਬ 'ਚ ਪੰਜਾਬੀਆਂ ਲਈ ਚੰਗੀ ਪੜ੍ਹਾਈ, ਚੰਗੀਆਂ ਸਿਹਤ ਸਹੂਲਤਾਂ, ਚੰਗਾ ਵਾਤਾਵਰਨ ਉਸਾਰਨ ਲਈ ਵਿਆਪਕ ਪ੍ਰਬੰਧ ਹੋਣ।
ਦਸਵਾਂ, ਸੂਬਿਆਂ ਲਈ ਵੱਧ ਅਧਿਕਾਰ ਪ੍ਰਾਪਤ ਕਰਨੇ ਜ਼ਰੂਰੀ ਹਨ ਤਾਂ ਕਿ ਸਥਾਨਕ ਪੱਧਰ ਉਤੇ ਫ਼ੈਸਲੇ ਹੋਣ ਅਤੇ ਸਥਾਨਕ ਸਰਕਾਰਾਂ ਵੀ ਸਹੀ ਕੰਮ ਕਰ ਸਕਣ।
ਸਿਆਸਤਦਾਨੋ! ਗੱਲਾਂ ਤਾਂ ਹੋਰ ਵੀ ਬਥੇਰੀਆਂ ਹਨ। ਪੰਜਾਬ 'ਚ ਚੋਣਾਂ ਦਾ ਵਿਗਲ ਵੱਜ ਗਿਆ ਹੈ। ਤੁਹਾਡੇ ਵਲੋਂ ਰੈਲੀਆਂ ਦਾ ਦੌਰ ਚੱਲ ਪਿਆ ਹੈ। ਭੀੜਾਂ ਇਕੱਠੀਆਂ ਕੀਤੀਆਂ ਜਾਣ ਲੱਗ ਪਈਆਂ ਹਨ।ਮਾਫੀਆ, ਅਪਰਾਧਿਕ ਪਿਛੋਕੜ ਵਾਲੇ ਅਤੇ ਤਿਕੜਮ ਲੜਾਉਣ ਵਾਲੇ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਉਹਨਾ ਢੁੱਠਾਂ ਨੂੰ ਤੇਲ ਲਾ ਲਏ ਹਨ। ਇੱਕ ਵੇਰ ਫੇਰ ਉਹ ਪੰਜਾਬੀਆਂ ਨੂੰ ਠੱਗਣ ਅਤੇ ਮਾਤ ਦੇਣ ਦੀ ਤਿਆਰੀ 'ਚ ਹਨ। ਦਿਲੀਓਂ ਨਿੱਤ ਸਿਆਸੀ ਸੁਨੇਹੇ ਆ ਰਹੇ ਹਨ। ਪੰਜਾਬੀਆਂ ਨੂੰ ਕਾਬੂ ਕਰਨ ਦੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ। ਇੱਕ ਦੂਜੇ ਦੀਆਂ ਪਾਰਟੀਆਂ ਦੇ ਨੇਤਾਵਾਂ ਦੀ ਖ਼ਰੀਦੋ-ਫ਼ਰੋਖਤ ਸ਼ੁਰੂ ਹੋ ਗਈ ਹੈ। ਸਿਆਸਤਦਾਨੋ! ਕਿਥੇ ਗਈ ਅਸੂਲਾਂ ਦੀ ਰਾਜਨੀਤੀ, ਜਿਸ ਉਤੇ ਪੰਜਾਬੀ ਰਸ਼ਕ ਕਰਦੇ ਸਨ? ਕੀ ਭੁੱਲ ਗਏ ਹੋ ਲੋਕ ਸਰੋਕਾਰ? ਕੀ ਕੁਰਸੀ ਪ੍ਰਾਪਤੀ ਹੀ ਤੁਹਾਡਾ ਮੁਖ ਨਿਸ਼ਾਨਾ ਹੈ ਜਾਂ ਲੋਕ ਹਿੱਤ ਵੀ ਕਿਧਰੇ ਤੁਹਾਡੇ ਸਿਆਸੀ ਕਿਤਾਬਚੇ 'ਚ ਹਨ?
ਯਾਦ ਰੱਖਿਓ, ਪੰਜਾਬ ਦੇ ਲੋਕ ਬਹੁਤ ਸਿਆਣੇ ਹਨ। ਉਹਨਾ ਨੂੰ ਆਪਣੇ ਭਲੇ-ਬੁਰੇ ਦੀ ਪਛਾਣ ਹੈ। ਇਹ ਵੱਖਰੀ ਗੱਲ ਹੈ ਕਿ ਕਦੇ ਕਦਾਈ ਉਹ ਉਤੇਜਿਤ ਹੋਕੇ, ਭਾਵੁਕ ਹੋਕੇ ਉਲਾਰ ਹੋ ਜਾਂਦੇ ਹਨ। ਪਰ ਉਹ ਭੈੜੇ ਸਿਆਸਤਦਾਨਾਂ ਦੀਆਂ ਭੈੜੀਆਂ ਲੂੰਬੜ ਚਾਲਾਂ ਤੋਂ ਜਾਣੂ ਹਨ।
ਸਿਆਸਤਦਾਨੋ! ਤੁਸੀਂ ਆਪਸ ਵਿੱਚ ਲੜਦੇ ਹੋ! ਅਸੰਬਲੀ 'ਚ ਗਾਲੀ-ਗਲੋਚ ਕਰਦੇ ਹੋ। ਇੱਕ ਦੂਜੇ ਉਤੇ ਦੂਸ਼ਣਬਾਜੀ ਕਰਦੇ ਹੋ। ਆਪਣੇ ਆਪ ਨੂੰ ਚੰਗਾ, ਦੂਜੇ ਨੂੰ ਮਾੜਾ ਕਹਿੰਦੇ ਹੋ। ਤੁਹਾਨੂੰ ਪੰਜਾਬ ਨਹੀਂ, ਪੰਜਾਬ ਦੇ ਮੁੱਦੇ ਨਹੀਂ, ਸਿਰਫ਼ ਕੁਰਸੀ ਪਿਆਰੀ ਹੈ। ਦਿੱਲੀ ਦੇ ਇਸ਼ਾਰਿਆਂ ਉਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਂਦੇ ਹੋ, ਭੁਚਲਾਉਂਦੇ ਹੋ, ਬਰਾਉਂਦੇ ਹੋ, ਚੰਗਾ ਨਹੀਂ ਕਰਦੇ! ਕਦੇ ਇਕੱਲੇ ਬੈਠਕੇ ਸੋਚੋ ਤਾਂ ਸਹੀ ਪੰਜਾਬ ਤੁਹਾਡਾ ਹੈ? ਕਦੇ ਸੋਚੋ ਤਾਂ ਸਹੀ ਪੰਜਾਬੀ ਤੁਹਾਡੇ ਹਨ?
ਆਖ਼ਰੀ ਗੱਲ, ਪੰਜਾਬ ਦਾ ਕਿਸਾਨ, ਦਿੱਲੀ ਹਾਕਮਾਂ ਨਾਲ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ। ਪੰਜਾਬੀ ਸਿਆਸਤਦਾਨੋ ਮਨੋਂ, ਧਨੋਂ, ਤਨੋਂ ਉਹਨਾ ਨਾਲ ਖੜਨਾ ਤੁਹਾਡਾ ਇਖ਼ਲਾਕੀ ਫ਼ਰਜ਼ ਹੈ। ਉਹ ਲੋਕਾਂ ਦੀ ਲੜਾਈ ਲੜ ਰਹੇ ਹਨ। ਉਹ ਕਾਰਪੋਰੇਟਾਂ ਵਿਰੁੱਧ, ਜਿਹੜੇ ਲੋਕਾਂ ਦਾ ਸਭ ਕੁਝ ਹੜੱਪਣ ਦੇ ਰਾਹ ਹਨ,ਵਿਰੁੱਧ ਡਟ ਕੇ ਖੜੇ ਹਨ। ਉਹ ਕੇਂਦਰੀ ਹਾਕਮਾਂ ਦੀ ਬਦਨੀਤੀ ਵਿਰੁੱਧ ਹੋਕਾ ਦੇ ਰਹੇ ਹਨ। ਪੰਜਾਬੀ ਸਿਆਸਤਦਾਨੋ! ਤੁਹਾਡੇ ਕਿਸੇ ਵਲੋਂ ਕੀਤੀ ਗਈ ਦਲਾਲੀ-ਰਾਜਨੀਤੀ, ਸਿਆਸੀ ਸੌੜੀ ਕੌਤਾਹੀ ਪੰਜਾਬ ਤੇ ਪੰਜਾਬੀਆਂ ਦੇ ਇਸ ਸਮੇਂ ਲਿਖੇ ਜਾ ਰਹੇ ਇਤਹਾਸ ਵਿੱਚ ਤੁਹਾਨੂੰ ਕਾਲਾ ਦਾਗ ਦੇਵੇਗੀ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.